ਕਿਹਾ, ਵਿਧਾਨ ਸਭਾ ਚੋਣਾਂ ਮੌਕੇ ‘ਆਪ’ ਆਗੂਆਂ ਨੇ ਔਰਤਾਂ ਦਾ ਕੀਤਾ ਸ਼ੋਸ਼ਣ
ਤਲਵੰਡੀ ਸਾਬੋ : ਆਮ ਆਦਮੀ ਪਾਰਟੀ ਵਿਚੋਂ ਬਾਗੀ ਹੋਏ ਸੁਖਪਾਲ ਸਿੰਘ ਖਹਿਰਾ ਨੇ ਵਰਕਰਾਂ ਨਾਲ ਕਨਵੈਨਸ਼ਨਾਂ ਦੀ ਮੁਹਿੰਮ ਵਿੱਢੀ ਹੋਈ ਹੈ। ਇਸੇ ਤਹਿਤ ਤਲਵੰਡੀ ਸਾਬੋ ਵਿਖੇ ਵੀ ਲੰਘੇ ਕੱਲ੍ਹ ਵਰਕਰ ਕਨਵੈਨਸ਼ਨ ਕੀਤੀ ਗਈ। ਇਸ ਮੌਕੇ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਆਗੂਆਂ ‘ਤੇ ਜ਼ੋਰਦਾਰ ਸਿਆਸੀ ਹਮਲੇ ਕੀਤੇ।
ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਏ ਕਿ ਵਿਧਾਨ ਸਭਾ ਚੋਣਾਂ ਮੌਕੇ ‘ਆਪ’ ਆਗੂਆਂ ਵਲੋਂ ਔਰਤਾਂ ਦਾ ਸ਼ੋਸ਼ਣ ਕੀਤਾ ਗਿਆ ਸੀ ਤੇ ਉਹ ਮਾਮਲੇ ਹੁਣ ਸਾਡੇ ਸਾਹਮਣੇ ਆ ਰਹੇ ਹਨ। ਅਜਿਹੇ ਮਾਮਲਿਆਂ ਦਾ ਉਹ ਜਲਦੀ ਹੀ ਪਰਦਾਫਾਸ਼ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਵਲੋਂ ਅਪਣਾਏ ਸਵਰਾਜ ਦੇ ਸੰਵਿਧਾਨ ਦੇ ਮਗਰ ਲੱਗ ਕੇ ਪਾਰਟੀ ਨੂੰ ਸੱਤਾ ਸੌਂਪਣ ਦਾ ਮਨ ਵੀ ਬਣਾ ਚੁੱਕੇ ਸਨ ਪਰ ਪੰਜਾਬ ਦੇ ਆਗੂਆਂ ਦੀਆਂ ਗਲਤ ਨੀਤੀਆਂ ਕਾਰਨ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਪਹਿਲੀ ਪਾਰਟੀ ਦੇਖੀ ਜਿਸ ਨੇ ਅੱਜ ਤੱਕ ਹਾਰ ਦੇ ਕਾਰਨਾਂ ਬਾਰੇ ਕੋਈ ਮੀਟਿੰਗ ਨਹੀਂ ਬੁਲਾਈ।
ਆਮ ਆਦਮੀ ਪਾਰਟੀ ਰੁੱਸੇ ਆਗੂਆਂ ਨੂੰ ਮਨਾਏਗੀ
ਚੰਡੀਗੜ੍ਹ : ਆਮ ਆਦਮੀ ਪਾਰਟੀ ਹੁਣ ਰੁੱਸੇ ਹੋਏ ਆਗੂਆਂ ਨੂੰ ਮਨਾਉਣ ਲੱਗੀ ਹੈ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਮੋਗਾ ‘ਚ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਹੁਕਮਾਂ ‘ਤੇ ਪਾਰਟੀ ਨਾਲ ਨਾਰਾਜ਼ ਚੱਲ ਰਹੇ ਸੁੱਚਾ ਸਿੰਘ ਛੋਟੇਪੁਰ, ਧਰਮਵੀਰ ਗਾਂਧੀ ਤੇ ਸੁਖਪਾਲ ਸਿੰਘ ਖਹਿਰਾ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਚੀਮਾ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ‘ਆਪ’ ਆਪਣੇ ਦਮ ‘ਤੇ ਲੜੇਗੀ ਤੇ ਕਾਂਗਰਸ ਨਾਲ ਕਿਸੇ ਪ੍ਰਕਾਰ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਫੂਲਕਾ ਨੂੰ ਮਨਾਉਣ ਲਈ ਡਟੇ ਆਗੂ
ਆਮ ਆਦਮੀ ਪਾਰਟੀ ਦੇ ਵਿਧਾਇਕ ਐਚ ਐਸ ਫੂਲਕਾ ਨੇ ਮੰਗ ਕੀਤੀ ਹੈ ਕਿ ਬਾਦਲ ਅਤੇ ਸਾਬਕਾ ਡੀਜੀਪੀ ਸੈਣੀ ਖਿਲਾਫ ਬੋਲਣ ਵਾਲੇ ਕਾਂਗਰਸ ਦੇ ਪੰਜ ਕੈਬਨਿਟ ਮੰਤਰੀਆਂ ਨੇ ਉਨ੍ਹਾਂ ‘ਤੇ ਜੇਕਰ 15 ਸਤੰਬਰ ਤੱਕ ਕੇਸ ਦਰਜ ਨਹੀਂ ਕੀਤਾ ਤਾਂ ਉਕਤ ਮੰਤਰੀ ਆਪਣਾ ਅਸਤੀਫ਼ਾ ਦੇਣ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹ ਖੁਦ 16 ਸਤੰਬਰ ਨੂੰ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਫੂਲਕਾ ਵੱਲੋਂ ਇਸ ਤਰ੍ਹਾਂ ਅਚਾਨਕ ਅਸਤੀਫ਼ਾ ਦੇਣ ਦੇ ਐਲਾਨ ਕਰਨ ਦੇ ਨਾਲ ਉਨ੍ਹਾਂ ਦੀ ਪਾਰਟੀ ਦੇ ਆਗੂ ਹੀ ਸਕਤੇ ‘ਚ ਆ ਗਏ ਅਤੇ ਉਨ੍ਹਾਂ ਨੂੰ ਮਨਾਉਣ ‘ਚ ਲੱਗੇ ਹੋਏ ਹਨ। ਇਸ ਦਾ ਕਾਰਨ ਇਹ ਹੈ ਕਿ ਪਾਰਟੀ ਦੇ ਕਈ ਆਗੂ ਪਹਿਲੀ ਵਾਰ ਵਿਧਾਇਕ ਬਣੇ ਹਨ। ਅਜਿਹੇ ‘ਚ ਉਹ ਫੂਲਕਾ ਦਾ ਸਾਥ ਦ ਕੇ ਆਪਣੇ ਅਹੁਦੇ ਤੋਂ ਵੀ ਅਸਤੀਫ਼ਾ ਦੇਣ ਦਾ ਐਲਾਨ ਕਰਕੇ ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੇ।
Check Also
ਪੰਜਾਬ ਵਿਚ ਬਦਲੀਆਂ ਦੇ ਹੁਕਮ ਪੰਜਾਬੀ ਭਾਸ਼ਾ ’ਚ ਹੋਣ ਲੱਗੇ ਜਾਰੀ
ਪਹਿਲਾਂ ਬਦਲੀਆਂ ਦੇ ਹੁਕਮ ਜਾਰੀ ਹੁੰਦੇ ਸਨ ਅੰਗਰੇਜ਼ੀ ਭਾਸ਼ਾ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …