22.4 C
Toronto
Sunday, September 14, 2025
spot_img
Homeਪੰਜਾਬਬਰਗਾੜੀ ਮੋਰਚਾ ਮੰਤਰੀਆਂ ਦੇ ਭਰੋਸੇ ਪਿੱਛੋਂ ਹੋਇਆ ਸੰਪੰਨ

ਬਰਗਾੜੀ ਮੋਰਚਾ ਮੰਤਰੀਆਂ ਦੇ ਭਰੋਸੇ ਪਿੱਛੋਂ ਹੋਇਆ ਸੰਪੰਨ

ਜਥੇਦਾਰ ਧਿਆਨ ਸਿੰਘ ਮੰਡ ਨੇ ਮੋਰਚੇ ਦੀ ਸਮਾਪਤੀ ਦਾ ਕੀਤਾ ਐਲਾਨ
ਜੈਤੋ/ਬਿਊਰੋ ਨਿਊਜ਼ : ਪਹਿਲੀ ਜੂਨ ਤੋਂ ਬਰਗਾੜੀ ਵਿੱਚ ਚੱਲ ਰਿਹਾ ‘ਇਨਸਾਫ਼ ਮੋਰਚਾ’ ਪੰਜਾਬ ਸਰਕਾਰ ਵੱਲੋਂ ‘ਮੰਗਾਂ ਮੰਨ’ ਲਏ ਜਾਣ ਪਿੱਛੋਂ ਆਪਣੇ ਮੁਕਾਮ ਨੂੰ ਛੂਹ ਗਿਆ। ਸਰਕਾਰ ਦਾ ਸੁਨੇਹਾ ਲੈ ਕੇ ਪਹੁੰਚੇ ਦੋ ਵਜ਼ੀਰਾਂ ਅਤੇ ਮੋਰਚੇ ਨਾਲ ਜੁੜੇ ਆਗੂਆਂ ਨੇ ਆਪਣੀਆਂ ਤਕਰੀਰਾਂ ਰਾਹੀਂ ਮੰਗਾਂ ਮੰਨੇ ਜਾਣ ‘ਤੇ ਸਹੀ ਪਾਈ। ਇਸ ਮਗਰੋਂ ਜਥੇਦਾਰ ਧਿਆਨ ਸਿੰਘ ਮੰਡ ਨੇ ਮੋਰਚੇ ਦੀ ਸਮਾਪਤੀ ਦਾ ਐਲਾਨ ਕੀਤਾ।
ਮੋਰਚਾ ਸਥਾਨ ‘ਤੇ ਪਹੁੰਚੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੰਗਾਂ ਮੰਨੇ ਜਾਣ ਦਾ ਜ਼ਿਕਰ ਕਰਦਿਆਂ ਆਖਿਆ ਕਿ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਿਚ ਬਣੀ ‘ਸਿੱਟ’ ਦੀ ਪੜਤਾਲ ਦੇ ਆਧਾਰ ‘ਤੇ ਬੇਅਦਬੀ ਨਾਲ ਸਬੰਧਤ 23 ਮੁਲਜ਼ਮ ਫੜੇ ਗਏ ਹਨ। ਉਨ੍ਹਾਂ ਕਿਹਾ ਕਿ ਬਹਿਬਲ ਗੋਲੀ ਕਾਂਡ ਲਈ ਦੋਸ਼ੀ ਬਾਦਲਾਂ ਦੀ ‘ਅਣਪਛਾਤੀ ਪੁਲਿਸ’ ਉਪਰ ਐਫਆਈਆਰ ਦਰਜ ਕਰ ਕੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਵਿਚੋਂ ਇੱਕ ਦੀ ਰਿਹਾਈ ਕਰ ਦਿੱਤੀ ਗਈ ਹੈ ਜਦਕਿ ਬਾਕੀਆਂ ਲਈ ਹੋਰਨਾਂ ਰਾਜਾਂ ਨਾਲ ਸੰਪਰਕ ਕਰਨ ਸਮੇਤ ਆਗ਼ਾਮੀ ਵਿਧਾਨ ਸਭਾ ਸੈਸ਼ਨ ਵਿੱਚ ਠੋਸ ਕਾਨੂੰਨੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾਵੇਗੀ। ਰੰਧਾਵਾ ਨੇ ਸ਼੍ਰੋਮਣੀ ਕਮੇਟੀ ਅਤੇ ਬਾਦਲਾਂ ਨੂੰ ‘ਨਰੈਣੂ ਮਹੰਤ’ ਦੱਸਦਿਆਂ ਉਨ੍ਹਾਂ ਵੱਲੋਂ ਭੁੱਲਾਂ ਬਖ਼ਸ਼ਵਾਉਣ ਦੀ ਕਵਾਇਦ ‘ਤੇ ਤਨਜ਼ ਕਸੇ।
ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਐਲਾਨ ਦੀ ਪ੍ਰੋੜ੍ਹਤਾ ਕਰਦਿਆਂ ਬਰਗਾੜੀ ਦਾ ਨਾਮ ‘ਬਰਗਾੜੀ ਸਾਹਿਬ’ ਰੱਖੇ ਜਾਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਲੋਕ ਬਾਦਲਾਂ ਨੂੰ ਬੂਟ ਪਾਲਿਸ਼ ਕਰਦੇ ਨਹੀਂ, ਸਗੋਂ ਜੇਲ੍ਹ ਵਿਚ ਵੇਖਣਾ ਚਾਹੁੰਦੇ ਹਨ। ਵਿਧਾਇਕ ਹਰਿਮੰਦਰ ਸਿੰਘ ਗਿੱਲ ਨੇ ਸ਼ਾਂਤੀ ਅਤੇ ਤਹੱਮਲ ਨਾਲ ਮੋਰਚੇ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਪ੍ਰਬੰਧਕਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਬਰਗਾੜੀ ਦੇ ਪਵਿੱਤਰ ਸਥਾਨ ਨੂੰ ਮੱਕਾ ਬਣਾ ਦਿੱਤਾ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਵਾਲ ਉਠਾਇਆ ਕਿ ਦੇਸ਼ ਵਿਚ ਆਮ ਨਾਗਰਿਕਾਂ ਅਤੇ ਪਹੁੰਚ ਵਾਲਿਆਂ ਲਈ ਕਾਨੂੰਨ ਵੱਖੋ-ਵੱਖਰੇ ਕਿਉਂ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਰਵਾਇਤੀ ਪਾਰਟੀਆਂ ਦੇ ਚੱਕਰਵਿਊ ਵਿਚੋਂ ਨਿਕਲ ਕੇ ਅਗਲੀ ਵਾਰ ਪੰਥਕ ਆਗੂਆਂ ਨੂੰ ਸਿਆਸੀ ਅਤੇ ਧਾਰਮਿਕ ਚੋਣਾਂ ਵਿੱਚ ਸਫ਼ਲ ਬਣਾਇਆ ਜਾਵੇ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਬਾਦਲ ਪਿਉ-ਪੁੱਤਰ ਅਤੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚੇ ਦੇ ਦਬਾਅ ਕਾਰਨ ਹਿੰਦ-ਪਾਕਿ ਸਰਕਾਰਾਂ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦਾ ਫ਼ੈਸਲਾ ਲੈਣ ਲਈ ਮਜਬੂਰ ਹੋਣ ਪਿਆ। ਭਾਈ ਮੋਹਕਮ ਸਿੰਘ, ਹਰਪਾਲ ਸਿੰਘ ਚੀਮਾ, ਪਰਮਜੀਤ ਸਿੰਘ ਸਹੌਲੀ, ਬੂਟਾ ਸਿੰਘ ਰਣਸੀਂਹ ਅਤੇ ਬਾਬਾ ਫੌਜਾ ਸਿੰਘ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।
ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਝੂਠੀਆਂ ਇਲਜ਼ਾਮ ਤਰਾਸ਼ੀਆਂ ਦਰਮਿਆਨ ਇਨਸਾਫ਼ ਮੋਰਚਾ ਚੜ੍ਹਦੀ ਕਲਾ ਵਿਚ ਰਹਿ ਕੇ ਸਫ਼ਲ ਹੋਇਆ ਹੈ। ਪ੍ਰਬੰਧਕਾਂ ‘ਤੇ ਮਾਇਆ ਦੀ ਦੁਰਵਰਤੋਂ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਮੋਰਚੇ ਦੌਰਾਨ 1.48 ਕਰੋੜ ਰੁਪਏ ਮਿਲੇ ਅਤੇ ਇਨ੍ਹਾਂ ਵਿੱਚੋਂ ਸਾਰੇ ਖ਼ਰਚੇ ਕੱਢ ਕੇ ਬਾਕੀ 22 ਲੱਖ ਰੁਪਏ ਸੰਗਤ ਆਪਣੀ ਇੱਛਾ ਨਾਲ ਜਿੱਥੇ ਮਰਜ਼ੀ ਵਰਤ ਸਕਦੀ ਹੈ। ਜਥੇਦਾਰ ਮੰਡ ਨੇ ਸੰਗਤ ਦੀ ਭਾਵਨਾ ਨੂੰ ਧਿਆਨ ਵਿਚ ਰੱਖਦਿਆਂ ਮੋਰਚੇ ਨੂੰ ਸਮੇਟਣ ਦੀ ਬਜਾਏ ਐਲਾਨ ਕੀਤਾ, ”ਮੋਰਚੇ ਦਾ ਪਹਿਲਾ ਪੜਾਅ ਖ਼ਤਮ ਹੋਵੇਗਾ ਅਤੇ ਅਗਲੇ ਪੜਾਅ ਬਾਰੇ ਜਲਦੀ ਐਲਾਨ ਕੀਤਾ ਜਾਵੇਗਾ।” ਇਸ ਮੌਕੇ ਤਖ਼ਤ ਕੇਸਗੜ੍ਹ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਅਜਨਾਲਾ, ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਵੱਸਣ ਸਿੰਘ ਜ਼ੱਫ਼ਰਵਾਲ, ਅਮਰ ਸਿੰਘ ਚਾਹਲ ਸਮੇਤ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ।

ਭਾਈ ਧਿਆਨ ਸਿੰਘ ਮੰਡ ਅਤੇ ਭਾਈ ਦਾਦੂਵਾਲ ‘ਚ ਮਤਭੇਦ
ਅੰਮ੍ਰਿਤਸਰ : ਬਰਗਾੜੀ ਮੋਰਚੇ ਦੀ ਸਮਾਪਤੀ ਦੇ ਫ਼ੈਸਲੇ ਨੂੰ ਲੈ ਕੇ ਮੁਤਵਾਜ਼ੀ ਜਥੇਦਾਰਾਂ ਵਿਚਾਲੇ ਮੰਗਲਵਾਰ ਨੂੰ ਉਸ ਵੇਲੇ ਮਤਭੇਦ ਸਾਹਮਣੇ ਆਏ, ਜਦੋਂ ਭਾਈ ਧਿਆਨ ਸਿੰਘ ਮੰਡ ਤੇ ਹੋਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ, ਜਦੋਂਕਿ ਦੂਜੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵੱਖਰੇ ਤੌਰ ‘ਤੇ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਭਾਈ ਮੰਡ ਨੇ ਮੋਰਚੇ ਦੇ ਦੂਜੇ ਪੜਾਅ ਦੀ ਰੂਪ-ਰੇਖਾ ਉਲੀਕਣ ਲਈ 20 ਦਸੰਬਰ ਨੂੰ ਫਤਹਿਗੜ੍ਹ ਸਾਹਿਬ ਵਿਖੇ ਮੀਟਿੰਗ ਸੱਦ ਲਈ ਹੈ, ਜਿਸ ਮਗਰੋਂ ਸੰਘਰਸ਼ ਨੂੰ ਸੱਥਾਂ ਤੇ ਗਲੀਆਂ ਵਿਚ ਲਿਜਾਇਆ ਜਾਵੇਗਾ। ਦੇਰ ਸ਼ਾਮ ਵੱਖਰੇ ਤੌਰ ‘ਤੇ ਪੁੱਜੇ ਭਾਈ ਦਾਦੂਵਾਲ ਨੇ ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਬਰਗਾੜੀ ਮੋਰਚੇ ਦੀ ਸਮਾਪਤੀ ਦੇ ਫ਼ੈਸਲੇ ‘ਤੇ ਇਤਰਾਜ਼ ਕੀਤਾ ਹੈ। ਉਨ੍ਹਾਂ ਆਖਿਆ ਕਿ ਇਹ ਫ਼ੈਸਲਾ ਆਪਸੀ ਸਹਿਮਤੀ ਨਾਲ ਨਹੀਂ ਕੀਤਾ ਗਿਆ, ਸਗੋਂ ਫ਼ੈਸਲਾ ਲੈਣ ਵਿਚ ਕਾਹਲੀ ਕੀਤੀ ਗਈ ਹੈ। ਇਹ ਮੋਰਚਾ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਚੱਲਣਾ ਚਾਹੀਦਾ ਸੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਭਾਈ ਮੰਡ ਦੇ ਇਸ ਫ਼ੈਸਲੇ ਨੂੰ ਆਪੇ ਲਿਆ ਨਾਦਰਸ਼ਾਹੀ ਫ਼ੈਸਲਾ ਕਰਾਰ ਦਿੱਤਾ ਤੇ ਆਖਿਆ ਕਿ ਉਹ ਹੁਣ ਭਾਈ ਮੰਡ ਨਾਲ ਸੰਘਰਸ਼ ਵਿਚ ਸ਼ਾਮਲ ਨਹੀਂ ਹੋਣਗੇ ਤੇ 20 ਦਸੰਬਰ ਨੂੰ ਸੱਦੀ ਮੀਟਿੰਗ ਵਿਚ ਸ਼ਾਮਲ ਹੋਣ ਬਾਰੇ ਵੀ ਮੁੜ ਵਿਚਾਰ ਕਰਨਗੇ।

RELATED ARTICLES
POPULAR POSTS