ਪ੍ਰਿੰਸੀਪਲ ਪਾਖਰ ਸਿੰਘ ਡਰੋਲੀ
ਭਾਰਤ ਦੀ ਅਜ਼ਾਦੀ ਦੇ ਸਰਵੇਖਣ ਕੀਤਿਆਂ ਇਹ ਗੱਲ ਸਾਡੇ ਸਨਮੁੱਖ ਉੱਭਰ ਕੇ ਆਉਂਦੀ ਹੈ ਕਿ ਭਾਰਤ ਵਾਸੀਆਂ ਦੇ ਗਲੋਂ ਅੰਗਰੇਜ਼ੀ ਸਲਤਨਤ ਦਾ ਜੂਲਾ ਲਾਹੁਣ ਲਈ ਵੱਖ-ਵੱਖ ਲਹਿਰਾਂ ਦੌਰਾਨ ਹਜ਼ਾਰਾਂ ਸਿਰ-ਲੱਥ ਯੋਧਿਆਂ ਵਲੋਂ ਆਪਣੀ ਜਵਾਨੀ ਦੀ ਭੇਂਟਾ ਦਿੱਤੀ ਗਈ। ਬਾਕੀ ਅੰਦੋਲਨਾਂ ਵਾਂਗ ਬੱਬਰ ਅਕਾਲੀ ਲਹਿਰ ਦੇ ਰੋਲ ਨੂੰ ਕੁਰਬਾਨੀਆਂ ਦੇ ਖੇਤਰ ਵਿੱਚ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਭਾਵੇਂ ਇਹ ਲਹਿਰ ਮੁੱਖ ਤੌਰ ‘ਤੇ ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ਦੇ ਜ਼ਿਲਿਆਂ ਤੱਕ ਹੀ ਸੀਮਤ ਸੀ ਪਰੰਤੂ ਇਸ ਜ਼ਬਰਦਸਤ ਲਹਿਰ ਤੋਂ ਲੰਡਨ ਬੈਠੇ ਅੰਗਰੇਜ਼ੀ ਹੁਕਮਰਾਨ ਵੀ ਭੈ-ਭੀਤ ਹੁੰਦੇ ਸਨ। ਦਹਿਸ਼ਤ ਏਨੀਂ ਸੀ ਕਿ ਪੁਲਿਸ ਕਰਮਚਾਰੀਆਂ ਵਿੱਚ ਬੱਬਰਾਂ ਨਾਲ ਮੁਕਾਬਲਾ ਕਰਨ ਦੀ ਹਿੰਮਤ ਨਹੀਂ ਸੀ ਪੈਂਦੀ। ਇਸੇ ਲਹਿਰ ਵਿੱਚ ਸਰਗਰਮੀ ਨਾਲ ਭਾਗ ਲੈਣ ਵਾਲੇ ਨਿਡਰ ਸੂਰਮੇਂ ਬੱਬਰ ਨੰਦ ਸਿੰਘ ਦਾ ਨਾਂ ਉੱਭਰਵਾਂ ਹੈ, ਜਿਹਨਾਂ ਨੇਂ ਵਤਨਪ੍ਰਸਤੀ ਦੀ ਭਾਵਨਾ ਅਧੀਨ ਫਾਂਸੀ ਦੇ ਰੱਸੇ ਨੂੰ ਖਿੜੇ ਮੱਥੇ ਸਵੀਕਾਰਿਆ। ਲੇਖਕ ਦੇ ਪਿੰਡ ਡਰੋਲੀ ਕਲ੍ਹਾਂ, ਜ਼ਿਲ੍ਹਾ ਜਲੰਧਰ ਤੋਂ ਤਿਨੰ ਕਿਲੋਮੀਟਰ ਦੇ ਫਾਸਲੇ ਤੇ ਸੰਘਣੀਂ ਵਸੋਂ ਵਾਲਾ ਪਿੰਡ ਘੁੜਿਆਲ ਹੈ। ਬੱਬਰ ਨੰਦ ਸਿੰਘ ਦਾ ਜਨਮ ਇਸ ਪਿੰਡ ਵਿੱਚ 12 ਅਕਤੂਬਰ, 1895 ਈਸਵੀ ਨੂੰ ਹੋਇਆ। ਆਪ ਦੇ ਪਿਤਾ ਦਾ ਨਾਂ ਸਰਦਾਰ ਰੰਗਾ ਸਿੰਘ ਅਤੇ ਮਾਤਾ ਦਾ ਨਾਂ ਨਿਹਾਲੀ ਸੀ। ਬਚਪਨ ਤੋਂ ਹੀ ਆਪ ਵਿੱਚ ਦੇਸ਼-ਪਿਆਰ ਦਾ ਜਜ਼ਬਾ ਠਾਠਾਂ ਮਾਰਦਾ ਸੀ। ਆਪ ਨੇ ਮੁੱਢਲੀ ਵਿੱਦਿਆ ਪਿੰਡ ਦੀ ਧਰਮਸ਼ਾਲਾ ਵਿੱਚੋਂ ਪ੍ਰਾਪਤ ਕੀਤੀ। ਰਾਮਗੜ੍ਹੀਆ ਸ਼ੇਣੀ ਨਾਲ ਸਬੰਧਿਤ ਹੋਣ ਕਰਕੇ ਉਦਰਪੂਰਤੀ ਲਈ ਜੱਦੀ ਕਿੱਤਾ ਤਰਖਾਣਾਂ ਕੰਮ ਪਿੰਡ ਵਿੱਚ ਹੀ ਸ਼ੁਰੂ ਕੀਤਾ। 22 ਸਾਲ ਦੀ ਉਮਰ ਵਿੱਚ ਭਰਤੀ ਹੋ ਕੇ ਆਪ ਬਸਰੇ ਚਲੇ ਗਏ।
ਵਾਪਸ ਪੰਜਾਬ ਆਏ ਅਤੇ ਆਉਂਦੇ ਹੋਏ 6 ਗੋਲੀ ਦਾ ਪਿਸਤੌਲ ਆਪਣੇਂ ਨਾਲ ਲੈ ਆਏ ਜੋ ਉਹਨਾਂ ਨੇ ਸ਼ਹਿਤੀਰ ਨੂੰ ਖੋਦ ਕੇ ਛੁਪਾ ਦਿੱਤਾ ਤਾਂ ਜੋ ਕਿਸੇ ਨੂੰ ਪਤਾ ਨਾਂ ਲੱਗੇ। ਭਾਰਤ ਵਾਪਿਸ ਆਉਣ ਤੇ ਆਪ ਨੇਂ ਜੈਤੋਂ ਦੇ ਮੋਰਚੇ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ, ਜਿਸ ਕਾਰਣ ਆਪ ਨੇ 6 ਮਹੀਨੇਂ ਦੀ ਸਜ਼ਾ ਭੁਗਤੀ। ਜੇਲ੍ਹ ਤੋਂ ਵਾਪਿਸ ਆਉਣ ਤੇ ਆਪ ਦੇ ਵਿਚਾਰ ਕ੍ਰਾਂਤੀਕਾਰੀ ਬਣ ਚੁੱਕੇ ਸਨ। ਪਿੰਡ ਵਿੱਚ ਆਪ ਅਜ਼ਾਦੀ ਪ੍ਰਵਾਨਿਆਂ ਦੀ ਪੁਸਤਕਾਂ ਪੜ੍ਹਦੇ ਤੇ ਲੋਕਾਂ ਨੂੰ ਸੁਣਾਉਂਦੇ ਰਹੇ। ਘੁੜਿਆਲ ਪਿੰਡ ਵਿੱਚ ਅੰਗਰੇਜ਼ੀ ਸਰਕਾਰ ਦੇ ਪੰਜ ਝੋਲੀ ਚੁੱਕ ਸਨ ਜੋ ਸਾਰੀ ਸੂਚਨਾਂ ਆਦਮਪੁਰ ਥਾਣੇਂ ਦਿੰਦੇ ਸਨ। ਉਹਨਾਂ ਟੋਡੀਆਂ ਦੇ ਨਾਮ ਸਨ-
1 ਰਾਮ ਰਤਨ ਬ੍ਰਾਹਮਣ 2 ਸੂਬੇਦਾਰ ਗੇਂਦਾ ਸਿੰਘ 3 ਮੰਗਲ ਚੌਧਰੀ 4 ਅਤਰ ਸਿੰਘ 5 ਲੰਬਰਦਾਰ ਗੇਂਦਾ ਸਿੰਘ । ਇਹਨਾਂ ਟੋਡੀਆਂ ਦਾ ਮੁੱਖ ਕੰਮ ਮੁਖਬਰੀ ਕਰਨਾ ਸੀ। ਨੰਦ ਸਿੰਘ ਨੇ ਇਹਨਾਂ ਨੂੰ ਕਈ ਵਾਰ ਸਮਝਾਇਆ ਕਿ ਭਰਾਵਾਂ ਨਾਲ ਧਰੋਹ ਨਹੀਂ ਕਰਨਾ ਚਾਹੀਦਾ ਪ੍ਰੰਤੂ ਇਹ ਭੱਦਰਪੁਰਸ਼ ਆਪਣੇਂ ਕੰਮ ਤੋਂ ਬਾਜ਼ ਨਾਂ ਆਏ। ਇਹਨਾਂ ਮੁਖਬਰਾਂ ਦਾ ਲੀਡਰ ਪਿੰਡ ਦੀ ਸਭਾ ਦਾ ਪ੍ਰਧਾਨ ਸੂਬੇਦਾਰ ਗੇਂਦਾ ਸਿੰਘ ਸੀ ਜੋ ਹਰ ਸਮੇਂ ਵਿਰੋਧਤਾ ਕਰਦਾ ਰਹਿੰਦਾ ਸੀ। ਉਸਨੂੰ ਸਰਕਾਰ ਵਲੋਂ ਬੰਦੂਕ ਵੀ ਮਿਲੀ ਹੋਈ ਸੀ। ਪਿੰਡ ਵਿੱਚ ਪੁਲਿਸ ਚੌਂਕੀ ਪਵਾਉਣਾਂ ਵੀ ਉਸ ਦਾ ਹੀ ਕੰਮ ਸੀ। ਉਹ ਅਕਸਰ ਕਿਹਾ ਕਰਦਾ ਸੀ,”ਬੱਬਰਾਂ ਨੇ ਮੇਰਾ ਕੀ ਵਿਗਾੜ ਦੇਣਾਂ ਹੈ ਮੈਂ ਵੀ ਫੋਜੀ ਹਾਂ ਅਤੇ ਮੈਨੂੰ ਇਹਨਾਂ ਦੀ ਰੱਤੀ ਭਰ ਵੀ ਪ੍ਰਵਾਹ ਨਹੀ।”
ਦੂਜੇ ਪਾਸੇ ਦੇਸ਼ ਧਰੋਹੀ ਹੋਣ ਕਾਰਨ ਬੱਬਰ ਵੀ ਇਸ ਤੇ ਨਿਗ੍ਹਾ ਰੱਖਦੇ ਸਨ। ਅੰਤ ਬੱਬਰਾਂ ਨੇ ਰਾਜੋਵਾਲ ਪਿੰਡ ਨੇੜੇ, ਨਸਰਾਲਾ ਚੋਅ ਦੇ ਕੰਢੇ ਸੰਤ ਠਾਕਰ ਸਿੰਘ ਦੀ ਕੁਟੀਆ ਵਿੱਚ 16 ਅਪ੍ਰੈਲ,1923 ਨੂੰ ਮੀਟਿੰਗ ਕਰਕੇ ਸੂਬੇਦਾਰ ਗੇਂਦਾ ਸਿੰਘ ਨੂੰ ਸੋਧਣ ਦਾ ਮਤਾ ਪਾਸ ਕੀਤਾ। ਇਸ ਮਕਸਦ ਦੀ ਪੂਰਤੀ ਲਈ ਬੱਬਰ ਨੰਦ ਸਿੰਘ ਦੀ ਡਿਊਟੀ ਲਗਾਈ ਗਈ ਕਿ ਉਹ ਸੂਬੇਦਾਰ ਦੇ ਟਿਕਾਣੇ ਦਾ ਪਤਾ ਕਰੇ। ਉਸ ਨੇ ਉਸੇ ਦਿਨ ਬੱਬਰਾਂ ਨੂੰ ਦਸਿੱਆ ਕਿ ਸੂਬੇਦਾਰ ਪਿੰਡ ਡਰੋਲੀ ਕਲਾਂ ਵਾਲੇ ਪਾਸੇ ਜੱਬੜ ਨੇੜੇ ਮੱਝਾਂ ਚਰਾ ਰਿਹਾ ਹੈ। ਜਦੋਂ ਬੱਬਰਾਂ ਨੇਂ ਉਸ ਦਾ ਪਿੱਛਾ ਕੀਤਾ ਤਾਂ ਦੱਸੇ ਹੋਏ ਟਿਕਾਣੇਂ ਤੇ ਸੂਬੇਦਾਰ ਉਹਨਾਂ ਨੂੰ ਨਾਂ ਮਿਲਿਆ। ਦੂਜੇ ਦਿਨ ਭਾਵ 17 ਅਪ੍ਰੈਲ,1923 ਨੂੰ ਸੂਬੇਦਾਰ ਪਿੰਡ ਘੁੜਿਆਲ ਵਿਖੇ ਕੁੱਝ ਆਦਮੀਆਂ ਸਮੇਤ ਮੰਜੇ ਤੇ ਬੈਠਾ ਸੀ। ਪਤਾ ਲੱਗਣ ‘ਤੇ ਬੱਬਰ ਉੱਥੇ ਪੁੱਜ ਗਏ ਤੇ ਉਸ ਨੂੰ ਕਿਹਾ, ”ਜਾ ਆਪਣੀਂ ਬੰਦੂਕ ਲੈ ਆ, ਜਿਹੜੀ ਤੈਨੂੰ ਆਦਮਪੁਰ ਥਾਣੇਂ ‘ਚੋਂ ਮਿਲੀ ਹੈ।” ਉਸੇ ਸਮੇਂ ਬੱਬਰਾਂ ਨੇ ਸੂਬੇਦਾਰ ਨੂੰ ਥਾਂ ਤੇ ਹੀ ਗੋਲੀਆਂ ਮਾਰ ਖਤਮ ਕਰ ਦਿੱਤਾ ਤੇ ਕਿਹਾ, ”ਤੈਨੂੰ ਮੁਰੱਬੇ ਦੇ ਦਿੱਤੇ ਹਨ।” ਬੱਬਰਾਂ ਨੇ ਉਸਦੀ ਪਤਨੀ ਨੂੰ ਕੁੱਝ ਨਹੀਂ ਕਿਹਾ। ਸਾਰੇ ਪਾਸੇ ਰੌਲਾ ਪੈ ਗਿਆ। ਪੁਲਿਸ ਨੇਂ ਪੁੱਛ ਗਿੱਛ ਆਰੰਭ ਕਰ ਦਿੱਤੀ ਤੇ ਅੱਠਾਂ ਦਿਨਾਂ ਬਾਅਦ ਬੱਬਰ ਨੰਦ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਆਦਮਪੁਰ ਥਾਣੇਂ ਲਿਜਾ ਕੇ ਉਸਨੂੰ ਤਸੀਹੇ ਦਿੱਤੇ ਗਏ। ਕੁੱਝ ਦਿਨਾਂ ਬਾਅਦ ਆਦਮਪੁਰ ਥਾਣੇਂ ਤੋਂ ਲਾਹੌਰ ਤਬਦੀਲ ਕਰ ਦਿੱਤਾ।
ਮੁਕੱਦਮਾਂ ਚਲਿੱਆ ਤੇ 28 ਫਰਵਰੀ, 1925 ਦੇ ਫੈਸਲੇ ਅਨੁਸਾਰ ਆਪ ਨੂੰ ਫਾਂਸੀ ਦੀ ਸਜਾ ਦਿੱਤੀ ਗਈ। ਆਪ ਦੇ ਨਾਲ ਪੰਜ ਹੋਰ ਬੱਬਰਾਂ ਜਥੇਦਾਰ ਕਿਸ਼ਨ ਸਿੰਘ, ਬਾਬੂ ਸੰਤਾ ਸਿੰਘ, ਦਲੀਪਾ ਧਾਮੀਆਂ, ਧਰਮ ਸਿੰਘ ਹਯਾਤਪੂਰ ਤੇ ਕਰਮ ਸਿੰਘ ਹਰੀਪੁਰ ਨੂੰ ਵੀ ਫਾਂਸੀ ‘ਤੇ ਲਟਕਾ ਦਿੱਤਾ ਗਿਆ। ਜਥੇਦਾਰ ਕਿਸ਼ਨ ਸਿੰਘ ਨੇ ਇਸ ਮੌਕੇ ਧੜੱਲੇਦਾਰ ਭਾਸ਼ਣ ਦਿੰਦਿਆਂ ਕਿਹਾ, ”ਸਾਡੀ ਆਖਰੀ ਇੱਛਾ ਹੈ ਕਿ ਸਾਡਾ ਦੇਸ਼ ਸਾਡੇ ਨਾਲ ਦੇ ਜਿਉਂਦੇ ਰਹਿਣ ਵਾਲੇ ਬੱਬਰਾਂ ਦੀਆਂ ਅੱਖਾਂ ਸਾਹਮਣੇਂ ਮੁਕੰਮਲ ਤੌਰ ਤੇ ਅਜ਼ਾਦ ਹੋ ਜਾਵੇ। ਸਾਨੂੰ ਵਿਸ਼ਵਾਸ਼ ਹੈ ਕਿ ਅਜਿਹਾ ਹੋ ਕੇ ਰਹੇਗਾ।” ਪ੍ਰਣਾਮ ਹੈ ਇਸ ਮਹਾਨ ਯੋਧੇ ਨੰਦ ਸਿੰਘ ਘੁੜਿਆਲ ਨੂੰ ਜਿਸਦਾ ਨਾਂ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ।ਆਪ ਦੀ ਸ਼ਹਾਦਤ ਆਉਣ ਵਾਲੀਆਂ ਨਸਲਾਂ ਵਿੱਚ ਪ੍ਰੇਰਣਾ ਧੜਕਾਉਂਦੀ ਰਹੇਗੀ। ਲੋੜ ਹੈ ਅਜਿਹੇ ਸੂਰਮੇਂ ਦੀ ਯਾਦਗਾਰ ਕਾਇਮ ਕਰਨ ਦੀ ਜਿਸਨੇਂ ਕੰਡਿਆਲੇ ਰਾਹਾਂ ਦਾ ਪਾਂਧੀ ਬਣ ਕੇ ਸ਼ਹਾਦਤ ਦਾ ਜਾਮ ਪੀਤਾ।