-14.6 C
Toronto
Saturday, January 31, 2026
spot_img
Homeਨਜ਼ਰੀਆਨਸ਼ਿਆਂ ਨੇ ਵਿਗਾੜਿਆ ਪੰਜਾਬ ਦਾ ਮਾਹੌਲ

ਨਸ਼ਿਆਂ ਨੇ ਵਿਗਾੜਿਆ ਪੰਜਾਬ ਦਾ ਮਾਹੌਲ

ਮੋਹਨ ਸ਼ਰਮਾ
ਕਰੀਬ 65 ਸਾਲ ਪਹਿਲਾਂ ਪੰਜਾਬੀ ਸ਼ਾਇਰ ਪ੍ਰੋ. ਮੋਹਨ ਸਿੰਘ ਨੇ ‘ਰੰਗਲੇ ਪੰਜਾਬ’ ਦੀ ਉਸਤਤ ਕਰਦਿਆਂ ਲਿਖਿਆ ਸੀ, ‘ਭਾਰਤ ਹੈ ਵਾਂਗ ਮੁੰਦਰੀ, ਵਿੱਚ ਨਗ ਪੰਜਾਬ ਦਾ, ‘ਪਰ ਵਰਤਮਾਨ ਸਥਿਤੀ ਬਦਲ ਗਈ ਹੈ। ਪੰਜਾਬ ਰੂਪੀ ਨਗ ਧੁਆਂਖ਼ ਗਿਆ ਹੈ। ਜਿਥੇ ਬਹੁਤ ਸਾਰੇ ਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਹਨ, ਉਥੇ ਉਨ੍ਹਾਂ ਨੌਜਵਾਨਾਂ ਦੀ ਵੀ ਕਮੀ ਨਹੀਂ ਜਿਨ੍ਹਾਂ ਨੇ ਹੱਥਾਂ ਵਿੱਚ ਮਾਰੂ ਹਥਿਆਰ ਲੈ ਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ। ਹਥਿਆਰਾਂ ਅਤੇ ਨਸ਼ਿਆਂ ਦੇ ਵਧਦੇ ਰੁਝਾਨ ਨੇ ਪੰਜਾਬੀਆਂ ਦੇ ਵੱਡੇ ਹਿੱਸੇ ਨੂੰ ਨੈਤਿਕਤਾ, ਸਦਾਚਾਰ, ਉੱਚ ਆਦਰਸ਼ਾਂ ਅਤੇ ਸਹਿਣਸ਼ੀਲਤਾ ਤੋਂ ਸੱਖਣੇ ਅਤੇ ਰੂਹਾਨੀਅਤ ਪੱਖੋਂ ਖੋਖਲੇ ਕਰ ਦਿੱਤਾ ਹੈ। ਬਰਬਾਦੀ ਦੇ ਰਾਹ ਪਏ ਇਹ ਨੌਜਵਾਨ ਮਾਪਿਆਂ ਤੇ ਸਮਾਜ ਲਈ ਵੱਡੀ ਸਿਰਦਰਦੀ ਬਣਦੇ ਜਾ ਰਹੇ ਹਨ।
ਪ੍ਰਾਪਤ ਅੰਕੜਿਆਂ ਅਨੁਸਾਰ ਇਸ ਵੇਲੇ ਪੰਜਾਬ ਵਿੱਚ ਰੋਜ਼ਾਨਾ ਔਸਤਨ 2 ਕਤਲ, ਦੋ ਕਾਤਲਾਨਾ ਹਮਲੇ, ਚੋਰੀ ਦੀਆਂ 11 ਵਾਰਦਾਤਾਂ, 18 ਲੜਾਈ ਝਗੜੇ, ਹਰ ਦੋ ਦਿਨਾਂ ਬਾਅਦ ਇੱਕ ਵਿਅਕਤੀ ਅਗਵਾ, ਦੋ ਦਿਨਾਂ ਵਿੱਚ ਪੰਜ ਔਰਤਾਂ ਦਾ ਬਲਾਤਕਾਰ, ਦੋ ਦਿਨਾਂ ਵਿੱਚ ਸੱਤ ਵਿਅਕਤੀ ਝਪਟਮਾਰਾਂ ਦਾ ਸ਼ਿਕਾਰ ਹੋ ਰਹੇ ਹਨ। ઠਪੰਜਾਬ ਦੀ ਇਹ ਸਥਿਤੀ ਉਸ ਗੁਬਾਰੇ ਵਾਂਗ ਹੈ, ਜਿਹੜਾ ਅਣਗਿਣਤ ਸੂਈਆਂ ਦੀ ਨੋਕ ‘ਤੇ ਖੜ੍ਹਾ ਹੋਵੇ।
ਕਿਸੇ ਸਮੇਂ ਪਿੰਡ ਦੇ ਹਰ ਮੁਹੱਲੇ ਦੀ ਆਪਣੀ ਕਬੱਡੀ ਦੀ ਟੀਮ ਹੁੰਦੀ ਸੀ ਜੋ ਦੂਜੇ ਮੁੱਹਲੇ ਦੇ ਖਿਡਾਰੀਆਂ ਨਾਲ ਕਬੱਡੀ ਖੇਡ ਕੇ ਵਰਜ਼ਿਸ ਕਰਦੇ ਸਨ। ਪਰ ਹੁਣ ਨਸ਼ਿਆਂ ਦੀ ਮਾਰੂ ਹਨੇਰੀ ਨੇ ਨੌਜਵਾਨ ਵਰਗ ਦੇ ਜੁੱਸਿਆਂ ਨੂੰ ਝੰਬ ਕੇ ਰੱਖ ਦਿੱਤਾ ਹੈ। ਕਈ ਪਿੰਡਾਂ ਦੇ ਨੌਜਵਾਨਾਂ ਨੂੰ ਰਲਾ ਕੇ ਵੀ ਚੱਜ ਦੀ ਕਬੱਡੀ ਟੀਮ ਨਹੀਂ ਬਣਦੀ। ਇਸ ਵੇਲੇ ਖੇਡ ਗਰਾਊਂਡਾਂ ਅਤੇ ਸਟੇਡੀਅਮ ਨਸ਼ੱਈਆਂ ਦੇ ਅੱਡੇ ਬਣੇ ਹੋਏ ਹਨ। ਐਨੀਆਂ ਨਸ਼ੀਲੀਆਂ ਦਵਾਈਆਂ ਦੇ ਪੱਤੇ ਅਤੇ ਖਾਲੀ ਸ਼ੀਸ਼ੀਆਂ ਹਸਪਤਾਲ ਦੇ ਨੇੜਿਉਂ ਨਹੀਂ ਮਿਲਦੀਆਂ ਜਿੰਨੀਆਂ ਖੇਡ ਸਟੇਡੀਅਮਾਂ ਨੇੜਿਉਂ ਮਿਲਦੀਆਂ ਹਨ। ਉਦੋਂ ਹੋਰ ਵੀ ਦੁੱਖ ਹੁੰਦਾ ਜਦੋਂ ਕਿਸੇ ਪਿੰਡ ਨੂੰ ‘ਨਸ਼ੇ ਵੇਚਣ ਵਾਲਿਆਂ ਦਾ ਪਿੰਡ’ ਕਹਿ ਕੇ ਪੁਕਾਰਿਆ ਜਾਂਦਾ ਹੈ। ਇਹ ਬਿਮਾਰ ਸਮਾਜ ਦੀ ਨਿਸ਼ਾਨੀ ਹੈ। ਬਿਮਾਰ ਸਮਾਜ ਦਾ ਭਵਿੱਖ ਕਦੇ ਵੀ ਸੁਰੱਖਿਅਤ ਨਹੀਂ ਹੁੰਦਾ। ਨਸ਼ਿਆਂ ਦੇ ਕਹਿਰ ਨੇ ਘਰਾਂ ਦੀ ਬਰਕਤ ਖੋਹ ਲਈ ਹੈ ਤੇ ਚੁੱਲ੍ਹੇ ਠੰਢੇ ਕਰ ਦਿੱਤੇ ਹਨ। ਇਥੋਂ ਤਕ ਕਿ ਪੰਜਾਬੀਆਂ ਨੂੰ ‘ਜ਼ਮੀਰ ਵਿਹੂਣੇ’ ਅਤੇ ‘ਦਿਸ਼ਾਹੀਣ’ ਵੀ ਕਿਹਾ ਜਾਣ ਲਗ ਪਿਆ ਹੈ।
ਪੰਜਾਬ ਬਾਰੇ ਹੋਏ ਨਵੇਂ ਸਰਵੇਖਣਾਂ ਅਨੁਸਾਰ ਰਾਜ ਦੇ 76.47% ਲੋਕ ਸ਼ਰਾਬ, 20.41% ਨਸ਼ੇ ਦੀਆਂ ਗੋਲੀਆਂ, 15.87% ਕੈਪਸੂਲ, 8.65% ਟੀਕੇ ਅਤੇ 4.85% ਗਾਂਜਾ ਤੇ ਚਰਸ ਦੀ ਵਰਤੋਂ ਕਰ ਰਹੇ ਹਨ। ਪਹਿਲਾਂ ਵੱਡੇ ਸ਼ਹਿਰਾਂ ਵਿੱਚ ਪਹੁੰਚੇ ‘ਚਿੱਟੇ’ ਨੇ ਹੁਣ ਪਿੰਡਾਂ ਵਿੱਚ ਵੀ ਘੁਸਪੈਠ ਕਰ ਲਈ ਹੈ। ਸਮਾਜ ਉਪਰ ਨਸ਼ਿਆਂ ਦੇ ਪੈ ਰਹੇ ਮਾਰੂ ਅਸਰ ਕਾਰਨ ਸੱਥਾਂ ਵਿੱਚ ਇਹ ਸੁਆਲ ਧੁਖ਼ ਰਹੇ ਹਨ ਕਿ ਇਹ ਕਿਹੋ ਜਿਹਾ ਵਿਕਾਸ ਹੈ ਜਿਸਨੇ ਸਮਾਜਿਕ ਚੂਲਾਂ ਹੀ ਹਿਲਾ ਕੇ ਰੱਖ ਦਿੱਤੀਆਂ। ਸਰਵੇਖਣ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਨਸ਼ਿਆਂ ਕਾਰਨ ਵੱਧ ਰਹੀਆਂ ਬਿਮਾਰੀਆਂ ਨੂੰ ਰੋਕਣ ਲਈ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ, ਇਸ ਦੇ ਸੇਵਨ ਕਾਰਨ ਹੋਈਆਂ ਮੌਤਾਂ ਦੇ ਮੁਆਵਜ਼ੇ ਅਤੇ ਨਸ਼ਿਆਂ ਕਾਰਨ ਪੈਦਾ ਹੋਣ ਵਾਲੇ ਅਪਰਾਧਾਂ ਨੂੰ ਰੋਕਣ ਉਪਰ ਹੋਣ ਵਾਲੇ ਖ਼ਰਚ ਦਾ ਕੁਝ ਹਿੱਸਾ ਹੀ ਜੇ ਨਸ਼ਿਆਂ ਦੀ ਰੋਕਥਾਮ ‘ਤੇ ਖ਼ਰਚ ਕੀਤਾ ਜਾਵੇ ਤਾਂ ਇਸ ਬੁਰਾਈ ਨੂੰ ਠੱਲਿਆ ਜਾ ਸਕਦਾ ਹੈ। ਜਵਾਨੀ ਦੇ ਹੋ ਰਹੇ ਘਾਣ ਨੂੰ ਠੱਲ ਪਾਈ ਜਾ ਸਕਦੀ ਹੈ। ਪਰ ਜਦੋਂ ਸੁਰੱਖਿਆ ਕਰਨ ਵਾਲਿਆਂ ਦੇ ਹੱਥ ਮੁਜ਼ਰਮਾਂ ਨਾਲ ਮਿਲ ਜਾਣ, ਦਰਬਾਨਾਂ ਦੀ ਅੱਖ ਚੋਰਾਂ ਨਾਲ ਮਿਲ ਜਾਵੇ ਅਤੇ ਮਾਲੀ ਦਗ਼ਾਬਾਜ਼ ਹੋ ਜਾਣ, ਜਿੱਥੇ ਮਹਿਲਾਂ ਦੀ ਪੱਤ ਰੁਲ ਜਾਂਦੀ ਉਥੇ ਵਸਦੇ ਆਮ ਘਰਾਂ ਦੀਆਂ ਖੁਸ਼ੀਆਂ ਨੂੰ ਵੀ ਗ੍ਰਹਿਣ ਲੱਗ ਜਾਂਦਾ ਹੈ। ਨਸ਼ਿਆਂ ਨੇ ਪੰਜਾਬੀਆਂ ਨੂੰ ਸਿਰਫ ਆਰਥਿਕ ਪੱਖੋਂ ਹੀ ਨੁਕਸਾਨ ਨਹੀਂ ਪਹੁੰਚਾਇਆ ਸਗੋਂ ਇਨ੍ਹਾਂ ਕਾਰਨ ਘਰੇਲੂ ਕਲੇਸ਼ ਵੀ ਵਧੇ ਹਨ। ਬੱਚਿਆਂ ਦਾ ਕੋਈ ਭਵਿੱਖ ਨਹੀਂ ਰਹਿ ਜਾਂਦਾ। ਪੁੱਤਾਂ, ਧੀਆਂ ਲਈ ਢੁਕਵੇਂ ਰਿਸ਼ਤੇ ਲੱਭਣੇ ਮੁਸ਼ਕਲ ਹੋ ਜਾਂਦੇ ਹਨ। ਭਾਈਚਾਰਕ ਤਰੇੜਾਂ ਵਧਦੀਆਂ ਹਨ। ਸਾਂਝੀਵਾਲਤਾ, ਸਹਿਜਤਾ, ਨਿਮਰਤਾ ਵਰਗੀਆਂ ਪੰਜਾਬੀਆਂ ਦੀਆਂ ਸ਼ਾਨਦਾਰ ਰਵਾਇਤਾਂ ਮਲੀਆਮੇਟ ਹੋ ਰਹੀਆਂ ਹਨ। ਪਿਛਲੇ ਸਤਾਰਾਂ ਸਾਲਾਂ ਵਿੱਚ ਬੀਅਰ ਦੀ ਖ਼ਪਤ ਵਿੱਚ 209%, ਅੰਗਰੇਜ਼ੀ ਸ਼ਰਾਬ ਦੀ ਖ਼ਪਤ ਵਿੱਚ 131% ਅਤੇ ਦੇਸੀ ਸ਼ਰਾਬ ਦੀ ਖਪਤ ਵਿੱਚ 67% ਵਾਧਾ ਹੋਇਆ ਹੈ। ਇਹ ਚਿੰਤਾ ਦਾ ਵਿਸ਼ਾ ਹੈ।
ਜਿਹੜੇ ਹੱਥ ਕਿਰਤ ਦੇ ਸੰਕਲਪ ਨਾਲ ਜੁੜੇ ਹੋਣੇ ਚਾਹੀਦੇ ਹਨ, ਹੱਥਾਂ ਵਿੱਚ ਉਸਾਰੂ ਸਾਹਿਤ ਹੋਣਾ ਚਾਹੀਦਾ ਅਤੇ ઠਲੋੜਵੰਦਾਂ ਲਈ ਮੱਦਦਗਾਰ ਬਣਨੇ ਚਾਹੀਦੇ ਹਨ, ਉਨ੍ਹਾਂ ਹੱਥਾਂ ਵਿੱਚ ਆਏ ਮਾਰੂ ਹਥਿਆਰਾਂ ਨੇ ਨਿਪੱਤਿਆਂ ਦੀ ਪੱਤ ਰੱਖਣ, ਨਿਆਸਰਿਆਂ ਨੂੰ ਆਸਰਾ ਦੇਣ ਅਤੇ ਗਰੀਬ ਦੀ ਰਾਖੀ ਕਰਨ ਦੀ ਮਰਿਆਦਾ ਨੂੰ ਬੁਰੀ ਤਰ੍ਹਾਂ ਦਾਗ਼ੀ ਕੀਤਾ ਹੈ। ਨੌਜਵਾਨ ਪਰੰਪਰਾਵਾਂ ਤੇ ਕਦਰਾਂ ਕੀਮਤਾਂ ਨੂੰ ਭੁੱਲ ਗਏ ਹਨ। ਸੂਰਬੀਰਾਂ ਅਤੇ ਗੈਂਗਸਟਰਾਂ ਵਿਚਲਾ ਅੰਤਰ ਹੀ ਮਿਟਾ ਦਿੱਤਾ ਹੈ। ਸਰਵੇਖਣਾਂ ਅਨੁਸਾਰ ਜੁਰਮ ਕਰਨ ਸਮੇਂ ਜ਼ਿਆਦਾਤਰ ਨੌਜਵਾਨਾਂ ਨੇ ਨਸ਼ਾ ਕੀਤਾ ਹੁੰਦਾ ਹੈ। ਉਹ ਅਪਰਾਧ ਕਰਨ ਸਮੇਂ ਨਾ ਕਿਸੇ ਦੀ ਸੁਣਦੇ ਤੇ ਨਾ ਹੀ ਕੁਝ ਸੋਚਦੇ ਹਨ। ਨਸ਼ਿਆਂ ਤੇ ਹਥਿਆਰਾਂ ਦਾ ਸੁਮੇਲ ਕਈ ਵਾਰ ਮੈਰਿਜ ਪੈਲਿਸਾਂ ਵਿੱਚ ਖੁਸ਼ੀ ਦੇ ਮਾਹੌਲ ਨੂੰ ਮਾਤਮ ਵਿੱਚ ਬਦਲ ਦਿੰਦਾ ਹੈ। ਕੁਝ ਸਮਾਂ ਪਹਿਲਾਂ ਅਜਿਹੇ ਲੋਕਾਂ ਦਾ ਸਾਹਮਣਾ ਇਕ ਪੁਲਿਸ ਅਧਿਕਾਰੀ ਨੂੰ ਵੀ ਕਰਨਾ ਪਿਆ ਸੀ ਜਦੋਂ ਉਹ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਹੋਇਆ ਜਾਨ ਤੋਂ ਹੱਥ ਧੋ ਬੈਠਾ ਸੀ। ਕਿਤੇ ਕਾਨੂੰਨ ਦੀ ਰੱਖਿਆ ਕਰ ਰਹੇ ਹੌਲਦਾਰ ਦੀ ਪਹਿਲਾਂ ਕੁੱਟਮਾਰ ਅਤੇ ਫਿਰ ਨਿਰਵਸਤਰ ਕਰਕੇ ਪਿੰਡ ਵਿੱਚ ਘੁੰਮਾਉਣ ઠਦੀ ਸ਼ਰਮਨਾਕ ਘਟਨਾ ਵੀ ਵਾਪਰੀ ਹੈ। ਕਿਤੇ ਮਾਸੂਮ ਲੜਕੀ ਦੇ ਉਧਾਲੇ ਸਮੇਂ ਦਹਿਸ਼ਤ ਦਾ ਨੰਗਾ ਨਾਚ ਹੋਇਆ ਅਤੇ ਕਿਤੇ ਗੈਂਗਸਟਰਾਂ ਨੇ ਵਿਰੋਧੀ ਗਰੁੱਪ ਦੇ ਗੈਂਗਸਟਰ ਨੂੰ ਪੇਸ਼ੀ ‘ਤੇ ਲਿਜਾਏ ਜਾਣ ਸਮੇਂ ਦਿਨ ਦਿਹਾੜੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਤੇ ਇਹ ਕਾਰਾ ਕਰਕੇ ਸੜਕ ਉਪਰ ਭੰਗੜਾ ਪਾਇਆ। ਕਿਤੇ ਬੇਹੱਦ ਸੁਰੱਖ਼ਿਅਤ ਜੇਲ੍ਹ ਵਿੱਚ ਦਾਖ਼ਲ ਹੋ ਕੇ 100 ਤੋਂ ਵੱਧ ਫ਼ਾਇਰ ਕੀਤੇ ਤੇ ਚਿੱਟੇ ਦਿਨ ਆਪਣੇ ਗੈਂਗਸਟਰ ਸਾਥੀਆਂ ਨੂੰ ਭਜਾ ਕੇ ਲੈ ਗਏ। ਅਜਿਹੀਆਂ ਅਕਸਰ ਵਾਪਰ ਰਹੀਆਂ ਘਟਨਾਵਾਂ ਬਹੁਤ ਹਨ ਜਿਨ੍ਹਾਂ ਦਾ ਇਥੇ ਵਰਨਣ ਕਰਨਾ ਸੰਭਵ ਨਹੀਂ। ਭੂਤਰੇ ਗੁੰਡਿਆਂ ਵਲੋਂ ਧਾਂਕ ਜਮਾਉਣ ਲਈ ਬਗ਼ੈਰ ਰੋਕ- ਟੋਕ ਹਵਾਈ ਫ਼ਾਇਰ ਕਰਨ ਦੀਆਂ ਵਧ ਰਹੀਆਂ ਘਟਨਾਵਾਂ ਨੇ ਅਮਨ ਪਸੰਦ ਸ਼ਹਿਰੀਆਂ ਲਈ ਪ੍ਰੇਸ਼ਾਨੀ ਪੈਦਾ ਕੀਤੀ ਹੋਈ ਹੈ। ਪਾਬੰਦੀਆਂ ਦੇ ਬਾਵਜੂਦ ਮੈਰਿਜ ਪੈਲਿਸਾਂ ਵਿੱਚ ਹਥਿਆਰਾਂ ਦੀ ਨੁਮਾਇਸ਼ ਅਤੇ ਗੀਤ-ਸੰਗੀਤ ਵਿੱਚ ਹਿੰਸਾ ਦੀ ਵਡਿਆਈ ਜਾਰੀ ਹੈ। ਲੋਕ ਸ਼ਗਨ ਦੇਣ ਉਪ੍ਰੰਤ ਸੁੱਖ-ਸਾਂਦ ਨਾਲ ਘਰ ਪਰਤਣ ਨੂੰ ਹੀ ਤਰਜੀਹ ਦੇਣ ਲੱਗ ਪਏ ਹਨ। ਅਜਿਹੇ ਵਰਤਾਰੇ ਨੇ ਰਵਾਇਤੀ ਰਸਮਾਂ ਰਿਵਾਜਾਂ ਨੂੰ ਹਾਸ਼ੀਏ ‘ਤੇ ਪਹੁੰਚਾ ਦਿੱਤਾ ਹੈ।
ਪਿਛਲੇ ਕੁਝ ਸਮੇਂ ਵਿੱਚ ਸਿਆਸਤਦਾਨਾਂ ઠਦੀ ਸਿਫਾਰਸ਼ ‘ਤੇ ਪੰਜਾਬ ਦੇ ਵੱਖ-ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰਸ਼ਾਸਨ ਨੇ ਵੱਡੀ ਪੱਧਰ ‘ਤੇ ਹਥਿਆਰਾਂ ਦੇ ਲਾਇਸੈਂਸ ਜਾਰੀ ਕੀਤੇ ਹਨ। ਇਸ ਵੇਲੇ ਪੰਜਾਬ ਵਿੱਚ ਲੋਕਾਂ ਕੋਲ ਨਿੱਜੀ ਹਥਿਆਰਾਂ ਲਈ ਅੰਦਾਜ਼ਨ 4.5 ਲੱਖ ਲਾਇਸੈਂਸ ਹਨ ਅਤੇ ਇਕ ਲਾਇਸੈਂਸ ਉਪਰ ਤਿੰਨ ਹਥਿਆਰ ਰੱਖੇ ਜਾ ਸਕਦੇ ਹਨ। ਦੂਜੇ ਪਾਸੇ ਪੰਜਾਬ ਪੁਲਿਸ ਕੋਲ ਅੰਦਾਜ਼ਨ 80,000 ਹਥਿਆਰ ਹਨ। ਗ੍ਰਹਿ ਮੰਤਰਾਲੇ ਦਾ ਸਾਰੀਆਂ ਰਾਜ ਸਰਕਾਰਾਂ ਨੂੰ ਸਪੱਸ਼ਟ ਆਦੇਸ਼ ਹੈ ਕਿ ਕੋਈ ਵੀ ਰਾਜ ਸਰਕਾਰ ਆਪਣੀ ਪੁਲਿਸ ਨਫ਼ਰੀ ਦੇ ਹਥਿਆਰਾਂ ਤੋਂ ਢਾਈ ਗੁਣਾਂ ਤੋਂ ਵੱਧ ਲੋਕਾਂ ਨੂੰ ਹਥਿਆਰ ਜਾਰੀ ਨਹੀਂ ਕਰ ਸਕਦੀ ਜਦੋਂ ਕਿ ਪੰਜਾਬ ਵਿੱਚ ਇਹ ਅੰਕੜਾ 7% ਦੇ ਨੇੜੇ ਪੁਜ ਗਿਆ ਹੈ। ਹਥਿਆਰਾਂ ਦੇ ਇਸ ਅਵੱਲੜੇ ਸ਼ੌਕ ਨੇ ਹੀ ਗੈਂਗਸਟਰ ਅਤੇ ਮਾਫ਼ੀਆ ਟੋਲਿਆਂ ਨੂੰ ਜਨਮ ਦਿੱਤਾ ਹੈ। ਇਸ ਵੇਲੇ ਪੰਜਾਬ ਵਿੱਚ 400 ਤੋਂ ਵੱਧ ਅਪਰਾਧੀਆਂ ਦੇ ਕਰੀਬ 57 ਟੋਲੇ ਸਰਗਰਮ ਹਨ। ਇਨ੍ਹਾਂ ਤੋਂ ਬਗ਼ੈਰ ਸਾਲ 2000 ਤੋਂ ਬਾਅਦ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚੋਂ ਪੈਰੋਲ ‘ਤੇ ਆਏ ਅਪਰਾਧੀਆਂ ਵਿੱਚੋਂ ਵੀ ਬਹੁਤ ਸਾਰੇ ਭਗੌੜੇ ਹੋ ਕੇ ਅਮਨ ਕਾਨੂੰਨ ਲਈ ਖ਼ਤਰਾ ਬਣੇ ਹੋਏ ਹਨ। ਸਿਆਸੀ ਸਰਪ੍ਰਸਤੀ ਅਤੇ ਪੁਸ਼ਤਪਨਾਹੀ ਕਾਰਨ ਹੀ ਇਹ ਗਰੋਹ ਅਗਵਾ, ਫਿਰੌਤੀਆਂ, ਲੁੱਟਾਂ-ਖੋਹਾਂ, ਕਤਲ, ਜ਼ਮੀਨਾਂ ਦੇ ਨਜਾਇਜ਼ ਕਬਜ਼ੇ ਬੇਖ਼ੌਫ਼ ਹੋ ਕੇ ਕਰ ਰਹੇ ਹਨ। ਹੋਰ ਤਾਂ ਹੋਰ, ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਸਮੇਂ-ਸਮੇਂ ਆਪਣੇ ਸੌੜੇ ਸਿਆਸੀ ਮੰਤਵਾਂ ਅਤੇ ਕੁਰਸੀ ਨੂੰ ਸਲਾਮਤ ਰੱਖਣ ਲਈ, ਉਨ੍ਹਾਂ ਨੂੰ ‘ਸਮਾਜ ਸੇਵਕ’ ਅਤੇ ‘ਪਤਵੰਤੇ ਸ਼ਹਿਰੀਆਂ’ ਵਾਂਗ ਸਟੇਜ ਉੱਤੇ ਪੇਸ਼ ਕਰਨ ਦੇ ਇਲਜ਼ਾਮਾਂ ਤੋਂ ਸਿਆਸੀ ਆਗੂਆਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ।
ਦੁਖਾਂਤਕ ਪੱਖ ਇਹ ਵੀ ਹੈ ਕਿ ਪੰਜਾਬ ਵਿੱਚ ਜਿੱਥੇ ਪੜ੍ਹਿਆਂ ਲਿਖਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ, ਉਥੇ ਨਸ਼ਿਆਂ ਅਤੇ ਹਥਿਆਰਾਂ ਦੀ ਅੰਨ੍ਹੀ ਦੌੜ ਨੇ ਅਪਰਾਧ ਗਰਾਫ਼ ਵਿੱਚ ਵਾਧਾ ਕੀਤਾ ਹੈ। 1999-2000 ਵਿੱਚ ਜੇਲ੍ਹਾਂ ਵਿੱਚ ਪੜ੍ਹੇ-ਲਿਖੇ 2295 ਮਰਦ ਅਤੇ 105 ਔਰਤਾਂ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਕੈਦ ਸਨ। ਹੁਣ ਪੜ੍ਹੇ-ਲਿਖੇ ਮੁਜਰਿਮਾਂ ਦੀ ਗਿਣਤੀ 19365 ਅਤੇ ਪੜ੍ਹੀਆਂ-ਲਿਖੀਆਂ ਔਰਤਾਂ ਦੀ ਗਿਣਤੀ 1265 ‘ਤੇ ਪਹੁੰਚ ਗਈ ਹੈ। ਨਸ਼ਿਆਂ ਅਤੇ ਮਾਰੂ ਹਥਿਆਰਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਠੀਕ ਨਹੀਂ ਹੈ। ਖ਼ੂਨ ਦੇ ਅੱਥਰੂ ਕੇਰਦੇ ਹੱਡੀਆਂ ਦੀ ਮੁੱਠ ਬਣੇ ਬੇਵੱਸ ਮਾਪਿਆਂ, ਚਿੱਟੀਆਂ ਚੁੰਨੀਆਂ ਪਹਿਨੀ ਮੋਏ ਸੁਪਨਿਆਂ ਦੀ ਕਬਰ ਆਪਣੇ ਅੰਦਰ ਬਣਾਈ ਬੈਠੀਆਂ ਔਰਤਾਂ ਅਤੇ ਬਾਪ ਹੀਣ ਹੋਏ ਮਾਸੂਮ ਬੱਚਿਆਂ ਦੇ ਹੰਝੂ ਪੂੰਝਣ ਲਈ ਸਦਬੁੱਧੀ ਸਿਆਸਤਦਾਨਾਂ, ਲੇਖਕਾਂ, ਪੱਤਰਕਾਰਾਂ ਅਤੇ ਸਮਾਜ ਸੇਵਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਨ੍ਹਾਂ ਸਮੱਸਿਆਵਾਂ ਦੇ ਹੱਲ ਪ੍ਰਸ਼ਾਸਕੀ ਤੇ ਸਮਾਜਿਕ, ਦੋਵਾਂ ਪੱਧਰਾਂ ਉਪਰ ਹੋਣੇ ਚਾਹੀਦੇ ਹਨ। ਇੱਕ ਉਸਾਰੂ ਜਨਤਕ ਲਹਿਰ ਉਸਾਰਨੀ ਵੀ ਅਤਿਅੰਤ ਜ਼ਰੂਰੀ ਹੈ।

 

 

RELATED ARTICLES

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

POPULAR POSTS