Breaking News
Home / ਪੰਜਾਬ / ਪੰਜਾਬ ਦੇ ਸਰਕਾਰੀ ਅਦਾਰਿਆਂ ਉਤੇ ਹਾਲੇ ਵੀ ਅਕਾਲੀ ਦਲ ਦਾ ਕਬਜ਼ਾ

ਪੰਜਾਬ ਦੇ ਸਰਕਾਰੀ ਅਦਾਰਿਆਂ ਉਤੇ ਹਾਲੇ ਵੀ ਅਕਾਲੀ ਦਲ ਦਾ ਕਬਜ਼ਾ

ਸਿਆਸੀ ਸਾਂਝੇਦਾਰੀਆਂ ਦੀ ਹੋਣ ਲੱਗੀ ਚਰਚਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਸੱਤਾ ਤਬਦੀਲੀ ਦੇ ਨੌਂ ਮਹੀਨਿਆਂ ਬਾਅਦ ਵੀ ਸਰਕਾਰ ਦੇ ਕਈ ਮਹੱਤਵਪੂਰਨ ਅਦਾਰਿਆਂ ‘ਤੇ ਅਕਾਲੀ ਦਲ ਦੇ ਆਗੂਆਂ ਦਾ ਕਬਜ਼ਾ ਬਰਕਰਾਰ ਰਹਿਣ ਨਾਲ ਰਾਜਸੀ ਹਲਕਿਆਂ ਵਿੱਚ ‘ਸਿਆਸੀ ਸਾਂਝੇਦਾਰੀਆਂ’ ਦੀ ਚਰਚਾ ਭਾਰੂ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਵਿਚਲੇ ਵੱਡੇ ਅਹੁਦਿਆਂ ‘ਤੇ ਬੈਠੇ ਅਧਿਕਾਰੀਆਂ ਦੇ ਰੁਤਬੇ ਹੀ ਬਰਕਾਰ ਨਹੀਂ ਰੱਖੇ, ਸਗੋਂ ਸਿਆਸੀ ਅਹੁਦੇਦਾਰਾਂ ਨੂੰ ਲਾਹੁਣ ਦਾ ਵੀ ਫੈਸਲਾ ਨਹੀਂ ਲਿਆ। ਇਨ੍ਹਾਂ ਅਦਾਰਿਆਂ ਵਿੱਚ ਅਹਿਮ ਸੰਸਥਾ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (ਐਸ.ਐਸ.ਬੋਰਡ) ਹੈ। ਇਸ ਬੋਰਡ ਦੇ ਚੇਅਰਮੈਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਮੀਤ ਸਿੰਘ ਦਾਦੂਵਾਲ ਹਨ। ਪੰਜਾਬ ਦੇ ਸਮੂਹ ਵਿਭਾਗਾਂ ਵਿੱਚ ਮੁਲਾਜ਼ਮਾਂ ਦੀ ਭਰਤੀ ਲਈ ਕਾਇਮ ਕੀਤੀ ਇਸ ਸੰਸਥਾ ਵੱਲੋਂ ਕੈਪਟਨ ਸਰਕਾਰ ਦੇ ਹੋਂਦ ਵਿਚ ਆਉਣ ਤੋਂ ਬਾਅਦ ਭਰਤੀ ਦਾ ਕੰਮ ਵੀ ਅਰੰਭ ਦਿੱਤਾ ਗਿਆ ਹੈ। ਐਸ.ਐਸ. ਬੋਰਡ ਵੱਲੋਂ ਇਨ੍ਹੀਂ ਦਿਨੀ ਕਲਰਕਾਂ, ਡਰਾਈਵਰਾਂ ਅਤੇ ਕਰ ਤੇ ਆਬਕਾਰੀ ਵਿਭਾਗ ਦੇ ਇੰਸਪੈਕਟਰਾਂ ਸਮੇਤ ਕੁੱਝ ਹੋਰ ਵਰਗ ਦੇ ਮੁਲਾਜ਼ਮਾਂ ਦੀ ਭਰਤੀ ਪ੍ਰਕਿਰਿਆ ਅਰੰਭੀ ਗਈ ਹੈ।
ਪੰਜਾਬ ਵਿੱਚ ਆਮ ਤੌਰ ‘ਤੇ ਇਹੀ ਰਵਾਇਤ ਰਹੀ ਹੈ ਕਿ ਪੁਰਾਣੀ ਸਰਕਾਰ ਵੱਲੋਂ ਕਾਇਮ ਕੀਤੇ ਬੋਰਡਾਂ ਅਤੇ ਨਿਗਮਾਂ ਨੂੰ ਭੰਗ ਕਰਕੇ ਨਵੇਂ ਸਿਰੇ ਤੋਂ ਗਠਿਤ ਕੀਤਾ ਜਾਂਦਾ ਹੈ ਤੇ ਹਾਕਮ ਪਾਰਟੀ ਆਪਣੇ ਆਗੂਆਂ ਦੀਆਂ ਨਿਯੁਕਤੀਆਂ ਕਰਦੀ ਹੈ। ਇਥੋਂ ਤੱਕ ਕਿ ਡੀ.ਜੀ.ਪੀ. ਤੇ ਮੁੱਖ ਸਕੱਤਰ ਵੀ ਬਦਲ ਦਿੱਤੇ ਜਾਂਦੇ ਹਨ। ਪੰਜਾਬ ਵਿੱਚ 16 ਮਾਰਚ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਹੋਂਦ ਵਿੱਚ ਆਈ। ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਜੋ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਮੰਨੇ ਜਾਂਦੇ ਸਨ ਨੂੰ ਕਾਂਗਰਸ ਸਰਕਾਰ ਨੇ ਕਾਇਮ ਰੱਖਿਆ। ਇਸ ਤੋਂ ਬਾਅਦ ਬੋਰਡਾਂ ਅਤੇ ਨਿਗਮਾਂ ਨੂੰ ਭੰਗ ਕਰਨ ਦੀ ਕਾਰਵਾਈ ਨੂੰ ਵੀ ਇੱਕ ਤਰ੍ਹਾਂ ਨਾਲ ਠੰਡੇ ਬਸਤੇ ਵਿੱਚ ਹੀ ਪਾ ਦਿੱਤਾ ਗਿਆ ਹੈ। ਐਸ.ਐਸ.ਬੋਰਡ ਨੂੰ ਭੰਗ ਨਾ ਕਰਨਾ ਰਾਜਸੀ ਤੇ ਪ੍ਰਸ਼ਾਸਕੀ ਹਲਕਿਆਂ ਅੰਦਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਸੂਤਰਾਂ ਅਨੁਸਾਰ ਐਸ.ਐਸ.ਬੋਰਡ ਨੇ ਸਰਕਾਰੀ ਪਹਿਲਕਦਮੀ ਦੀ ਭਿਣਕ ਲੈਣ ਲਈ ਭਰਤੀ ਦਾ ਸ਼ਡਿਊਲ ਪ੍ਰਸੋਨਲ ਵਿਭਾਗ ਨੂੰ ਜਾਣਕਾਰੀ ਹਿਤ ਕੁੱਝ ਮਹੀਨੇ ਪਹਿਲਾਂ ਭੇਜਿਆ ਸੀ। ਇਹ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਹੈ ਤੇ ਇਸ ਵਿਭਾਗ ਨੇ ਅਕਾਲੀਆਂ ਦੇ ਬੋਰਡ ਵੱਲੋਂ ਭਰਤੀ ਕੀਤੇ ਜਾਣ ਵਾਲੇ ਸ਼ਡਿਊਲ ਨੂੰ ਮਾਨਤਾ ਦੇ ਦਿੱਤੀ ਹੈ। ਪੰਜਾਬ ਸਰਕਾਰ ਦੇ ਰਿਕਾਰਡ ਮੁਤਾਬਕ ਐਸ.ਐਸ. ਬੋਰਡ ਦੇ ਚੇਅਰਮੈਨ ਗੁਰਮੀਤ ਸਿੰਘ ਦਾਦੂਵਾਲ ਹਨ ਤੇ ਮੈਂਬਰਾਂ ਵਿੱਚ ਜੀਵਨ ਧਵਨ, ਦਰਸ਼ਨ ਲਾਲ ਜੇਠੂਮਜਾਰਾ, ਰਾਜਿੰਦਰ ਸਿੰਘ ਦਾਲਮ, ਗੁਰਚਰਨ ਸਿੰਘ ਗਰੇਵਾਲ, ਅਨਵਰ ਮਸੀਹ, ਸ੍ਰੀਮਤੀ ਸੁਰਿੰਦਰ ਕੌਰ ਦਿਆਲ, ਨਰਿੰਦਰ ਪਰਮਾਰ, ਅਸ਼ੋਕ ਲੂੰਬਾ, ਜਤਿੰਦਰ ਕਾਲਰਾ ਅਤੇ ਡਾ.ਰਚਨਾ ਸ਼ਰਮਾ ਸ਼ਾਮਲ ਹਨ। ਇਹ ਸਾਰੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਹਨ।
ਮੁੱਦਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਵਾਂਗਾ: ਜਾਖੜ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਐਸ.ਐਸ.ਬੋਰਡ ਵਰਗੇ ਅਦਾਰੇ ‘ਤੇ ਅਕਾਲੀ-ਭਾਜਪਾ ਨਾਲ ਸਬੰਧਤ ਵਿਅਕਤੀਆਂ ਦੀ ਨਿਯੁਕਤੀ ਬਰਕਾਰ ਰਹਿਣ ਦਾ ਮਾਮਲਾ ਫਿਲਹਾਲ ਮੇਰੇ ਧਿਆਨ ਵਿੱਚ ਨਹੀਂ ਹੈ। ਫਿਰ ਵੀ ਜੇਕਰ ਕਾਂਗਰਸ ਸਰਕਾਰ ਨੇ ਬੋਰਡ ਭੰਗ ਨਹੀਂ ਕੀਤਾ ਤਾਂ ਇਸ ਮਾਮਲੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਾਂਗਾ।

Check Also

ਸੁਖਬੀਰ ਬਾਦਲ ਨੇ ਕੇਂਦਰੀ ਸਿਆਸੀ ਪਾਰਟੀਆਂ ’ਤੇ ਲਗਾਏ ਆਰੋਪ

ਕਿਹਾ : ਦਿੱਲੀ ਵਾਲੇ ਪੰਜਾਬ ’ਚ ਆਉਂਦੇ ਹਨ ਲੁੱਟਣ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ …