ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੇ ਵੀ ਚੁੱਕੀ ਵਿਧਾਇਕ ਦੇ ਅਹੁਦੇ ਦੀ ਸਹੁੰ
ਚੰਡੀਗੜ੍ਹ : ਕਾਂਗਰਸੀ ਵਿਧਾਇਕ ਰਾਣਾ ਕੇਪੀ ਸਿੰਘ ਨੂੰ ਪੰਜਾਬ ਵਿਧਾਨ ਸਭਾ ਦਾ ਸਪੀਕਰ ਚੁਣਿਆ ਗਿਆ ਹੈ। ਕੇਪੀ ਰਾਣਾ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਹਨ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਕਿ ਰਾਣਾ ਕੇ.ਪੀ ਸਿੰਘ ਆਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਉਣਗੇ। ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅੱਜ ਵਿਧਾਇਕ ਅਹੁਦੇ ਦੀ ਸਹੁੰ ਚੁੱਕ ਲਈ। ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਦੋਵਾਂ ਨੇ ਸਪੀਕਰ ਦੇ ਚੈਂਬਰ ‘ਚ ਆਪਣੇ ਅਹੁਦੇ ਦੀ ਸਹੁੰ ਚੁੱਕੀ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿਹਤ ਠੀਕ ਨਾ ਹੋਣ ਦੇ ਚੱਲਦੇ ਵਿਧਾਨ ਸਭਾ ਦੀ ਕਾਰਵਾਈ ‘ਚ ਸ਼ਾਮਿਲ ਨਾ ਹੋਣ ਦੀ ਸਪੀਕਰ ਤੋਂ ਇਜਾਜ਼ਤ ਮੰਗੀ ਜਿਸ ਨੂੰ ਸਪੀਕਰ ਵਲੋਂ ਸਵੀਕਾਰ ਕਰ ਲਿਆ ਗਿਆ।ઠਨਾਲ ਹੀ ਸੁਖਬੀਰ ਬਾਦਲ ਨੇ ਵੀ ਕਿਹਾ ਕਿ ਉਹ ਅੱਜ ਵਿਧਾਨ ਸਭਾ ਦੀ ਕਾਰਵਾਈ ‘ਚ ਹਿੱਸਾ ਨਹੀਂ ਲੈ ਸਕਣਗੇ ਪਰ ਵਿਧਾਨ ਸਭਾ ਦੀ ਅਗਲੀ ਕਾਰਵਾਈ ‘ਚ ਜ਼ਰੂਰ ਹਿੱਸਾ ਲੈਣਗੇ।
ਆਈਏਐਸ ਅਫਸਰ ਹੋਵੇਗਾ ਪਾਵਰਕੌਮ ਦਾ ਮੁਖੀ
ਚੰਡੀਗੜ੍ਹ : ਪੰਜਾਬ ਵਜ਼ਾਰਤ ਨੇ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਕੰਮ-ਕਾਜ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਨਿਯੁਕਤੀਆਂ ਦਰੁਸਤ ਕਰਨ ਲਈ ઠਖਰੜਾ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਕਾਰਪੋਰੇਸ਼ਨ ਦੇ ਚੇਅਰਮੈਨ-ਕਮ-ਪ੍ਰਬੰਧਕੀ ਡਾਇਰੈਕਟਰ (ਸੀ.ਐੱਮ.ਡੀ) ਦੇ ਅਹੁਦੇ ਲਈ ਯੋਗਤਾ ਤੇ ਤਜਰਬੇ ਵਾਸਤੇ ਕੁੰਜੀਵਤ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਗਈ। ਵਿਧਾਨ ਸਭਾ ਸੈਸ਼ਨ ਦੌਰਾਨ ‘ਦਿ ਪੰਜਾਬ ਲਾਅ ਆਫੀਸਰਜ਼ (ਐਂਗੇਜਮੈਂਟ) ਐਕਟ 2017’ ਪੇਸ਼ ਕੀਤਾ ਜਾਵੇਗਾ ਜਿਸ ਦੇ ਖਰੜੇ ਨੂੰ ਮੰਤਰੀ ਮੰਡਲ ਦੀ ਦੂਜੀ ਮੀਟਿੰਗ ਵਿਚ ਪ੍ਰਵਾਨਗੀ ਦੇ ਦਿੱਤੀ ਗਈ। ਇਸ ਬਿੱਲ ਦਾ ਉਦੇਸ਼ ਐਡਵੋਕੇਟ ਜਨਰਲ ਦੇ ਦਫ਼ਤਰ ਲਈ ਲਾਅ ਅਫ਼ਸਰਾਂ ਦੀਆਂ ਸੇਵਾਵਾਂ ਮੈਰਿਟ ਦੇ ਆਧਾਰ ‘ਤੇ ਕਰਨ ਵਾਸਤੇ ઠਵਿਧੀ ਵਿਧਾਨ ਤਿਆਰ ਕਰਨਾ ਹੈ। ਇਸ ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ ਸੀਨੀਅਰ ਐਡਵੋਕੇਟ ਜਨਰਲ, ਵਧੀਕ ਐਡਵੋਕੇਟ ਜਨਰਲ, ਸੀਨੀਅਰ ਡਿਪਟੀ ਐਡਵੋਕੇਟ ਜਨਰਲ, ਡਿਪਟੀ ਐਡਵੋਕੇਟ ਜਨਰਲ, ਸਹਾਇਕ ਐਡਵੋਕੇਟ ਜਨਰਲ ਤੇ ਐਡਵੋਕੇਟ ਆਨ ਰਿਕਾਰਡ ਦੀ ਨਿਯੁਕਤੀ ਵਿੱਚ ਪਾਰਦਰਸ਼ਤਾ ਆਵੇਗੀ। ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਸੀ.ਐੱਮ.ਡੀ. ਇੱਕ ਆਈ.ਏ.ਐਸ ਅਧਿਕਾਰੀ ਹੋਵੇਗਾ ਜੋ ਪ੍ਰਮੁੱਖ ਸਕੱਤਰ ਜਾਂ ਇਸ ਤੋਂ ਉਪਰਲੇ ਰੈਂਕ ਦਾ ਅਧਿਕਾਰੀ ਹੋਵੇਗਾ ਜਿਸ ਲਈ ਬਿਜਲੀ ਸੈਕਟਰ ਵਿੱਚ ਕੰਮ ਕਰਨ ਦਾ ਤਜਰਬਾ ਜ਼ਰੂਰੀ ਹੋਵੇਗਾ। ਫਿਲਹਾਲ ਵਿਭਾਗ ਦੇ ਪ੍ਰਮੁੱਖ ਸਕੱਤਰ ਏ.ਵੇਣੂ. ਪ੍ਰਸਾਦ ਹੀ ਇਹ ਕੰਮ ਵੇਖਣਗੇ। ਮੰਤਰੀ ਮੰਡਲ ਨੇ ਇਸ ਆਸਾਮੀ ਲਈ ਯੋਗਤਾ ਤੇ ਤਜਰਬੇ ਦੇ ਨਾਲ ਸ਼ਰਤਾਂ ਵਿੱਚ ਸੋਧ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਵਾਸਤੇ ਮੁਢਲੀ ਯੋਗਤਾ ਸਿਵਲ ਇੰਜੀਨੀਅਰਿੰਗ, ਇਲੈਕਟ੍ਰਾਨਿਕ ਤੇ ਕਮਿਊਨਿਕੇਸ਼ਨ ਇੰਜੀਨੀਅਰਿੰਗ, ਇੰਸਟਰੂਮੈਂਟਲ ਇੰਜੀਨੀਅਰਿੰਗ ਤੇ ਇਨਫਰਮੇਸ਼ਨ ਤਕਨਾਲੋਜੀ ਹੋਵੇਗੀ ਤੇ ਸੈਂਟਰਲ ਇਲੈਕਟ੍ਰੀਸਿਟੀ ਅਥਾਰਿਟੀ ਦਾ ਤਜਰਬਾ ਪ੍ਰਵਾਨਯੋਗ ਹੋਵੇਗਾ। ਮੰਤਰੀ ਮੰਡਲ ਨੇ ਆਈ.ਜੀ. (ਸੇਵਾਮੁਕਤ) ਖੂਬੀ ਰਾਮ ਦੇ ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਵਜੋਂ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ ਦੇ ਰੈਂਕ ਵਿੱਚ ਸੇਵਾਵਾਂ ਪ੍ਰਾਪਤ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।

