Breaking News
Home / ਨਜ਼ਰੀਆ / ਪਹਿਲਾਂ ਮੁਰਗੀ ਜਾਂ ਆਂਡਾ?

ਪਹਿਲਾਂ ਮੁਰਗੀ ਜਾਂ ਆਂਡਾ?

ਮੇਘ ਰਾਜ ਮਿੱਤਰ
1984 ਵਿਚ ਜਦੋਂ ਅਸੀਂ ਤਰਕਸ਼ੀਲ ਸੁਸਾਇਟੀ ਦੀ ਸ਼ੁਰੂਆਤ ਕੀਤੀ ਸੀ ਉਸ ਸਮੇਂ ਤੋਂ ਲੈ ਕੇ ਸਾਡੇ ਸਾਹਮਣੇ ਇਹ ਸੁਆਲ ਵਾਰ-ਵਾਰ ਆਉਂਦਾ ਰਿਹਾ ਹੈ। ਹੁਣ ਬਾਬਾ ਰਾਮ ਦੇਵ ਨੇ ਵੀ ਇਹੀ ਸੁਆਲ ਖੜ੍ਹਾ ਕੀਤਾ ਹੈ ਕਿ ਵਿਗਿਆਨਕਾਂ ਨੂੰ ਇਹ ਵੀ ਨਹੀਂ ਪਤਾ ਕਿ ਪਹਿਲਾਂ ਮੁਰਗੀ ਆਈ ਜਾਂ ਆਂਡਾ? ਇਹ ਸੁਆਲ ਸਿਰਫ਼ ਸਾਡੇ ਸਾਹਮਣੇ ਹੀ ਨਹੀਂ ਆਇਆ ਸਗੋਂ ਪ੍ਰਸਿੱਧ ਵਿਦਵਾਨ ਅਰਸਤੂ (384 B. C to 322 B.C) ਨੂੰ ਵੀ ਉਸ ਸਮੇਂ ਦੇ ਲੋਕਾਂ ਨੇ ਪੁੱਛਿਆ ਸੀ। ਉਸਦਾ ਜੁਆਬ ਸੀ ਕਿ ਇਹ ਸਦਾ ਸਨ। ਇਸ ਸੁਆਲ ਬਾਰੇ ਧਾਰਮਿਕ ਵਿਦਵਾਨਾਂ ਦਾ ਵਿਚਾਰ ਹੈ ਕਿ ਪਹਿਲਾਂ ਮੁਰਗੀ ਆਈ ਸੀ ਉਸ ਤੋਂ ਬਾਅਦ ਆਂਡਾ ਆਇਆ। ਪਰ ਅੱਜ ਦੇ ਵਿਗਿਆਨਕ ਇਸ ਵਿਚਾਰ ਨਾਲ ਸਹਿਮਤ ਨਹੀਂ ਹਨ।
ਨੁਕਤੇ ਤੇ ਆਉਣ ਤੋਂ ਪਹਿਲਾ ਸਾਡੇ ਲਈ ਇਹ ਜ਼ਰੂਰੀ ਹੈ ਕਿ ਇਹ ਜਾਣ ਲਿਆ ਜਾਵੇ ਕਿ ਕੁਦਰਤ ਵਿਚ ਜੀਵਾਂ ਦੀਆਂ ਨਸਲਾਂ ਦੀ ਉਤਪਤੀ ਕਿਵੇਂ ਹੁੰਦੀ ਹੈ? ਧਰਤੀ ਅੱਜ ਤੋਂ 457 ਕਰੋੜ ਵਰ੍ਹੇ ਪਹਿਲਾਂ ਸੂਰਜ ਤੋਂ ਅਲੱਗ ਹੋਈਆਂ ਗੈਸਾਂ ਦੇ ਇਕੱਠੇ ਹੋਣ ਕਾਰਨ ਹੋਂਦ ਵਿੱਚ ਆ ਗਈ ਸੀ। ਉਸ ਸਮੇਂ ਧਰਤੀ ਐਨੀ ਗਰਮ ਸੀ ਕਿ ਕਿਸੇ ਕਿਸਮ ਦੇ ਜੀਵਾਂ ਦੀ ਕਲਪਨਾ ਕਰਨੀ ਅਸੰਭਵ ਸੀ। ਲਗਭਗ 350 ਕਰੋੜ ਵਰ੍ਹੇ ਪਹਿਲਾਂ ਇੱਕ ਸੈੱਲਾ ਜੀਵ ਹੋਂਦ ਵਿਚ ਆਇਆ। ਲਗਭਗ ਦੋ ਸੋ ਨੱਬੇ ਕਰੋੜ ਵਰ੍ਹੇ ਇਹ ਇੱਕ ਸੈੱਲਾ ਜੀਵ ਹੀ ਧਰਤੀ ਦੇ ਸਮੁੰਦਰਾਂ ਤੇ ਰਾਜ ਕਰਦਾ ਰਿਹਾ। ਅੱਜ ਤੋਂ 60 ਕਰੋੜ ਵਰ੍ਹੇ ਪਹਿਲਾਂ ਇਹਨਾਂ ਇੱਕ ਸੈੱਲੇ ਜੀਵਾਂ ਨੇ ਵਧ ਕੇ ਵਿਚਾਲਿਓ ਟੁੱਟਣ ਦਾ ਵੱਲ ਸਿੱਖ ਲਿਆ ਇਸ ਤਰ੍ਹਾਂ ਬਹੁ ਸੈੱਲੇ ਜੀਵ ਹੋਂਦ ਵਿਚ ਆਉਣ ਲੱਗ ਪਏ। ਆਪਣੀ ਖੁਰਾਕ ਦੀ ਭਾਲ ਵਿਚ ਕੀਤੇ ਗਏ ਲਗਾਤਾਰ ਸੰਘਰਸ਼ ਨੇ ਇਹਨਾਂ ਜੀਵਾਂ ਨੂੰ ਆਪਣੇ ਆਲੇ-ਦੁਆਲੇ ਦੇ ਮੌਸਮਾਂ ਦਾ ਟਾਕਰਾ ਕਰਨਾ ਸਿਖਾ ਦਿੱਤਾ। ਸਿੱਟੇ ਵਜੋਂ ਹੋਰ ਗੁੰਝਲਦਾਰ ਜੀਵ ਹੋਂਦ ਵਿਚ ਆਉਣ ਲੱਗ ਪਏ। ਮੱਛੀ ਜਾਂ ਸਮੁੰਦਰੀ ਜੀਵਾਂ ਨੇ ਵੀ ਆਪਣੇ ਜਣਨ ਢੰਗਾਂ ਵਿੱਚ ਵਿਕਾਸ ਕੀਤਾ। ਪਹਿਲਾਂ ਪਹਿਲ ਤਾਂ ਜੀਵਾਂ ਦਾ ਆਪਣੇ ਵਰਗੇ ਹੋਰ ਜੀਵਾਂ ਨੂੰ ਪੈਦਾ ਕਰਨ ਦਾ ਢੰਗ ਸਿਰਫ਼ ਵਧ ਕੇ ਦੋ ਵਿਚ ਟੁੱਟ ਜਾਣਾ ਹੀ ਹੁੰਦਾ ਸੀ। ਹੌਲੀ-ਹੌਲੀ ਇਹਨਾਂ ਜੀਵਾਂ ਵਿਚੋਂ ਕੁਝ ਨੇ ਬੱਚਿਆਂ ਨੂੰ ਜਨਮ ਦੇਣ ਦਾ ਢੰਗ ਸਿੱਖ ਲਿਆ। ਕੁਝ ਸਮੁੰਦਰੀ ਜੀਵਾਂ ਦੇ ਜਨਮ ਸਮੇਂ ਉਪਰਲੀ ਤੈਅ ਨਰਮ ਹੁੰਦੀ ਸੀ ਪਰ ਕੁਝ ਨੇ ਚੂਨੇ ਪੱਥਰ ਨੂੰ ਖਾਣਾ ਸ਼ੁਰੂ ਕਰ ਦਿੱਤਾ, ਅਜਿਹੇ ਜੀਵਾਂ ਦੇ ਬੱਚਿਆਂ ਦੇ ਜਨਮ ਸਮੇਂ ਉਹਨਾਂ ਦੀ ਉਪਰਲੀ ਤੈਅ ਸਖ਼ਤ ਹੋਣ ਲੱਗ ਪਈ। ਇਸ ਤਰ੍ਹਾਂ ਅੱਜ ਤੋਂ 25 ਕਰੋੜ ਵਰ੍ਹੇ ਪਹਿਲਾਂ ਜਦੋਂ ਜੀਵਨ ਸਮੁੰਦਰ ਤੋਂ ਜ਼ਮੀਨ ਵੱਲ ਆਉਣਾ ਸ਼ੁਰੂ ਹੋਇਆ ਤਾਂ ਕੁਝ ਮੱਛੀਆਂ ਨੇ ਆਂਡੇ ਦੇਣੇ ਸ਼ੁਰੂ ਕਰ ਦਿੱਤੇ। ਇਸ ਸਮੇਂ ਤੱਕ ਉੱਡਣ ਵਾਲੇ ਪੰਛੀਆਂ ਦੀ ਕੋਈ ਹੋਂਦ ਨਹੀਂ ਸੀ ਹੋਈ। ਪੰਛੀਆਂ ਦਾ ਯੁੱਗ ਤਾਂ ਡਾਇਨਾਸੋਰਾਂ ਦੇ ਖਾਤਮੇ ਸਮੇਂ ਦਾ ਕਾਲ ਹੈ।
ਬਹੁਤ ਸਾਰੇ ਬੁੱਧੀਜੀਵੀ ਵਿਅਕਤੀ ਇਹ ਗੱਲ ਭਲੀਭਾਂਤ ਜਾਣਦੇ ਹਨ ਕਿ ਧਰਤੀ ਦੀ ਸਤ੍ਹਾ ਵਿਚ ਮਿਲਣ ਵਾਲੇ ਜੀਵਾਂ ਦੇ ਪਿੰਜਰ ਹੀ ਜੀਵਾਂ ਵਿਚ ਹੋਏ ਵਿਕਾਸ ਦਾ ਸਭ ਤੋਂ ਵੱਡਾ ਸਬੂਤ ਹਨ। ਕਰੋੜਾਂ ਵਰ੍ਹੇ ਪਹਿਲਾਂ ਮਰੇ ਹੋਏ ਜੀਵਾਂ ਵਾਲੀਆਂ ਚਟਾਨਾਂ ਵਿਚ ਯੂਰੇਨੀਅਮ ਦੇ ਦੋ ਆਈਸੋਟੋਪ ਉਪਲਬਧ ਹੁੰਦੇ ਹਨ। ਇਹਨਾਂ ਆਈਸੋਟੋਪਾਂ ਵਿਚ ਅਨੁਪਾਤ ਵਿਗਿਆਨਕਾਂ ਨੂੰ ਉਹਨਾਂ ਚਟਾਨਾਂ ਦੀ ਉਮਰ ਤੇ ਉਹਨਾਂ ਦੀ ਹੋਂਦ ਸਮੇਂ ਮਰੇ ਜੀਵਾਂ ਦੀ ਉਮਰ ਦਰਸਾਉਂਦਾ ਹੈ। ਸਾਰੀ ਦੁਨੀਆਂ ਦੇ ਵਿਗਿਆਨਕ ਇਸ ਗੱਲ ਨਾਲ ਸਹਿਮਤ ਹਨ ਕਿ ਆਂਡੇ ਮੁਰਗੀਆਂ ਨਾਲੋਂ ਪੱਚੀ ਕਰੋੜ ਵਰ੍ਹੇ ਪਹਿਲਾਂ ਮੌਜੂਦ ਸਨ। ਅੱਜ ਵੀ ਬਹੁਤ ਸਾਰੇ ਵਿਅਕਤੀਆਂ ਨੂੰ ਧਰਤੀ ਦੀਆਂ ਤੈਆਂ ਵਿੱਚੋਂ ਡਾਇਨਾਸੋਰਾਂ ਦੇ ਆਂਡੇ ਮਿਲ ਜਾਂਦੇ ਹਨ। ਕਈ ਵਾਰੀ ਇਹ ਗਰਭਵਤੀ ਡਾਇਨਾਸੋਰਾਂ ਦੇ ਪਿੰਜਰਾਂ ਵਿੱਚੋਂ ਵੀ ਮਿਲ ਜਾਂਦੇ ਹਨ। ਸੋ ਉਪਰੋਕਤ ਸਬੂਤ ਇਹ ਸਿੱਧ ਕਰਨ ਲਈ ਕਾਫੀ ਹਨ ਕਿ ਆਂਡੇ ਦੀ ਹੋਂਦ ਮੁਰਗ਼ੀ ਤੋਂ ਪਹਿਲਾਂ ਦੀ ਹੈ।
ਡਾਇਨਾਸੋਰਾਂ ਦੇ ਖਾਤਮੇ ਵਾਲੇ ਯੁੱਗ ਸਮੇਂ ਦੇ ਫਾਸਿਲਾਂ ਵਿਚ ਕਈ ਵਾਰ ਅਜਿਹੇ ਜੀਵਾਂ ਦੇ ਪਥਰਾਟ ਵੀ ਮਿਲ ਜਾਂਦੇ ਹਨ ਜਿਨ੍ਹਾਂ ਦੇ ਫਰ ਵੀ ਹੁੰਦੇ ਹਨ। ਇਸ ਜੀਵ ਨੂੰ ਵਿਗਿਆਨਕ ਸ਼ਬਦਾਬਲੀ ਵਿਚ ਆਰਕੀਓਪੈਟਰਿਕਸ ਦਾ ਨਾਂ ਦਿੱਤਾ ਗਿਆ ਹੈ। ਸਬੂਤਾਂ ਦੇ ਆਧਾਰ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਜਾਨਵਰ ਇਸ ਗੱਲ ਦਾ ਸਬੂਤ ਹੈ ਕਿ ਉੱਡਣ ਵਾਲੇ ਪੰਛੀਆਂ ਦਾ ਵਿਕਾਸ ਡਾਇਨਾਸੋਰਾਂ ਤੋਂ ਹੋਇਆ ਸੀ। ਪਰ ਮੇਰਾ ਖਿਆਲ ਹੈ ਪਾਠਕਾਂ ਦਾ ਸੁਆਲ ਇਹ ਨਹੀਂ ਕਿ ਪਹਿਲਾਂ ਆਂਡਾ ਹੋਂਦ ਵਿਚ ਆਇਆ ਜਾਂ ਮੁਰਗੀ। ਬਲਕਿ ਉਹਨਾਂ ਦਾ ਸੁਆਲ ਤਾਂ ਇਹ ਹੈ ਕਿ ਪਹਿਲਾਂ ਉਹ ਆਂਡਾ ਹੋਂਦ ਵਿਚ ਆਇਆ ਜਿਸ ਵਿਚ ਚੂਚਾ ਸੀ ਜਾਂ ਪਹਿਲਾ ਅਜਿਹੀ ਮੁਰਗੀ ਹੋਂਦ ਵਿਚ ਆਈ ਜਿਸ ਦੇ ਗਰਭ ਵਿਚ ਆਂਡਾ ਸੀ?
ਇਸ ਸੁਆਲ ਦਾ ਜੁਆਬ ਜਾਣਨ ਵਾਸਤੇ ਸਾਡੇ ਲਈ ਇਹ ਜਾਣਨਾ ਅਤੀ ਜ਼ਰੂਰੀ ਹੈ ਕਿ ਅੱਜ ਦੀ ਮੁਰਗੀ ਕਿਵੇਂ ਹੋਂਦ ਵਿਚ ਆਈ। ਅੱਜ ਭਾਵੇਂ ਧਰਤੀ ਉੱਤੇ ਜੀਵਾਂ ਦੀਆਂ ਦਸ ਲੱਖ ਪ੍ਰਜਾਤੀਆਂ ਮੌਜੂਦ ਹਨ ਪਰ ਕਿਸੇ ਸਮੇਂ ਇਹਨਾਂ ਦੀ ਗਿਣਤੀ ਧਰਤੀ ਤੇ 500 ਤੋਂ ਵੱਧ ਨਹੀਂ ਸੀ। ਧਰਤੀ ਦੀਆਂ ਪ੍ਰਾਚੀਨ ਸਭਿਆਤਾਵਾਂ ਦੀ ਖੁਦਾਈਂ ਕਰਦਿਆਂ ਵਿਗਿਆਨੀਆਂ ਨੂੰ 8000 ਕੁ ਹਜ਼ਾਰ ਸਾਲ ਪਹਿਲਾਂ ਘਰੇਲੂ ਮੁਰਗਿਆਂ ਦੀ ਹੋਂਦ ਦੇ ਸਬੂਤ ਸਿੰਧ ਘਾਟੀ ਦੀਆਂ ਸਭਿਆਤਾਵਾਂ ਵਿੱਚੋਂ ਮਿਲੇ ਹਨ, ਜੋ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਹਨਾਂ ਲੋਕਾਂ ਨੇ ਮੁਰਗਿਆਂ ਦੀ ਲੜਾਈ ਵੇਖਣ ਲਈ ਮੁਰਗੇ ਨੂੰ ਪਾਲਤੂ ਬਣਾਉਣਾ ਸਿੱਖ ਲਿਆ ਸੀ।
ਡਾਇਨਾਸੋਰਾਂ ਦਾ ਯੁੱਗ ਧਰਤੀ ਤੋਂ ਸਾਢੇ ਛੇ ਕਰੋੜ ਵਰ੍ਹੇ ਪਹਿਲਾਂ ਖਤਮ ਹੋ ਗਿਆ ਸੀ। ਪਰ ਇਸ ਸਮੇਂ ਕੁਝ ਪਹਾੜਾਂ ਦੀਆਂ ਟੀਸੀਆਂ ‘ਤੇ ਰਹਿਣ ਵਾਲੇ ਡਾਇਨਾਸੋਰਾਂ ਨੇ ਛਾਲਾਂ ਮਾਰਨੀਆਂ ਸਿੱਖ ਲਈਆਂ ਸਨ। ਹੌਲੀ-ਹੌਲੀ ਉਹਨਾਂ ਨੇ ਇਹਨਾਂ ਛਾਲਾਂ ਸਮੇਂ ਆਪਣੀ ਰਫਤਾਰ ਨੂੰ ਘਟਾਉਣ ਦੇ ਢੰਗ ਵੀ ਵਿਕਸਤ ਕਰ ਲਏ। ਇਸ ਤਰ੍ਹਾਂ ਪਹਿਲੇ ਉੱਡਣ ਵਾਲੇ ਪੰਛੀਆਂ ਦੀਆਂ ਵੱਖ-ਵੱਖ ਜਾਤੀਆਂ ਪੈਦਾ ਹੋਣ ਲੱਗ ਪਈਆਂ। ਹੌਲੀ-ਹੌਲੀ ਇਹਨਾਂ ਉੱਡਣ ਵਾਲੇ ਪੰਛੀਆਂ ਵਿੱਚੋਂ ਜੰਗਲੀ ਮੁਰਗਾਬੀਆਂ ਦੀ ਇੱਕ ਅਜਿਹੀ ਕਿਸਮ ਵਿਕਾਸ ਕਰ ਗਈ ਜਿਸਨੇ ਕੁਝ ਯਤਨਾਂ ਨਾਲ ਪਾਲਤੂ ਹੋਣ ਦਾ ਵੱਲ ਸਿੱਖ ਲਿਆ। ਜੰਗਲੀ ਮੁਰਾਗਾਬੀਆਂ ਦੀਆਂ ਬਹੁਤ ਸਾਰੀਆਂ ਗੱਲਾਂ ਘਰੇਲੂ ਮੁਰਗੇ ਮੁਰਗੀਆਂ ਨਾਲ ਮਿਲਦੀਆਂ ਜੁਲਦੀਆਂ ਹਨ। ਜੰਗਲੀ ਮੁਰਗਾਬੀਆਂ ਦੇ ਦੋ ਟੰਗਾਂ ਅਤੇ ਚਾਰ-ਚਾਰ ਉਂਗਲੀਆਂ ਵਾਲੇ ਪੰਜੇ ਹੁੰਦੇ। ਆਕਾਰ ਪੱਖੋਂ ਵੀ ਇਹਨਾਂ ਦਾ ਆਕਾਰ ਮਾਦਾ ਵਿੱਚ ਅੱਧਾ ਕਿੱਲੋ ਤੋਂ ਲੈ ਕੇ ਇੱਕ ਕਿੱਲੋ ਤੱਕ ਹੁੰਦਾ ਹੈ ਤੇ ਨਰ ਵਿੱਚ ਇਹ ਛੇ ਸੌ ਗ੍ਰਾਮ ਤੋਂ ਲੈ ਕੇ ਡੇਢ ਕਿਲੋ ਤੱਕ ਹੁੰਦਾ ਹੈ। ਨਰ ਦੀ ਲੰਬਾਈ ਢਾਈ ਫੁੱਟ ਤੇ ਮਾਦਾ ਦੀ ਡੇਢ ਫੁੱਟ ਹੁੰਦੀ ਹੈ। ਆਪਣੀ ਚੌਧਰ ਵਿਖਾਉਣ ਲਈ ਇਹ ਵੀ ਸਵੇਰੇ ਸਵੇਰੇ ਵਾਂਗ ਦੇਣ ਦੇ ਆਦੀ ਹੁੰਦੇ ਹਨ। ਕੁਝ ਹਾਲਤਾਂ ਵਿਚ ਇਹ ਥੋੜੀ ਬਹੁਤ ਉਡਾਣ ਵੀ ਭਰ ਸਕਦੇ ਹਨ।
ਸਮੁੱਚੀ ਦੁਨੀਆਂ ਦੇ ਜੀਵ ਵਿਗਿਆਨੀ ਇਸ ਗੱਲ ਨਾਲ ਸਹਿਮਤ ਹਨ ਕਿ ਕਿਸੇ ਵੀ ਜੀਵ ਦਾ ਵਿਕਾਸ ਇੱਕ ਮੁੱਢਲੇ ਸੈੱਲ ਤੋਂ ਹੁੰਦਾ ਹੈ। ਇਹ ਸੈੱਲ ਵੰਡ ਰਾਹੀਂ ਹੀ ਵੱਡਾ ਹੁੰਦਾ ਰਹਿੰਦਾ ਹੈ। ਇੱਕ ਸੈੱਲ ਦੋ ਵਿੱਚ ਅਤੇ ਦੋ ਸੈੱਲ ਚਾਰ ਵਿੱਚ ਟੁੱਟਦੇ ਰਹਿੰਦੇ ਹਨ। ਇਹ ਸਾਰੇ ਸੈੱਲ ਉਸ ਮੁੱਢਲੇ ਸੈੱਲ ਦੀ ਹੀ ਹੂ-ਬ-ਹੂ ਨਕਲ ਹੁੰਦੇ ਹਨ ਜਿਸਤੋਂ ਇਹਨਾਂ ਦਾ ਮੁੱਢ ਬੱਝਿਆ ਸੀ। ਸੋ ਜੋ ਵੀ ਤਬਦੀਲੀਆਂ ਹੋਣੀਆਂ ਹੁੰਦੀਆਂ ਹਨ ਉਸ ਮੁੱਢਲੇ ਸੈੱਲ ਵਿਚ ਹੀ ਹੋ ਸਕਦੀਆਂ ਹਨ। ਹੁਣ ਸੁਆਲ ਇਹ ਪੈਦਾ ਹੁੰਦਾ ਹੈ ਕਿ ਇਹ ਮੁੱਢਲਾ ਸੱੈਲ ਹੋਂਦ ਵਿਚ ਕਿਵੇਂ ਆਉਂਦਾ ਹੈ?
ਨਰ ਸੈੱਲ ਦਾ ਡੀ. ਐਨ.ਏ.ਅਤੇ ਮਾਦਾ ਸੈੱਲ ਦੇ ਡੀ.ਐਨ.ਏ. ਦੇ ਮਿਲਾਣ ਨਾਲੀ ਮੁੱਢਲਾ ਸੈੱਲ ਬਣਦਾ ਹੈ ਜਿਸਨੂੰ ਵਿਗਿਆਨਕ ਭਾਸ਼ਾ ਵਿਚ ਜਾਈਗੋਟ ਕਿਹਾ ਜਾਂਦਾ ਹੈ। ਸੋ ਜੋ ਵੀ ਤਬਦੀਲੀਆਂ ਹੋ ਸਕਦੀਆਂ ਹਨ ਉਹ ਇਸ ਮੁੱਢਲੇ ਸੈੱਲ ਦੇ ਹੋਂਦ ਵਿਚ ਆਉਣ ਸਮੇਂ ਹੀ ਹੋ ਸਕਦੀਆਂ ਹਨ। ਇਹ ਸੈੱਲ ਆਂਡੇ ਦੇ ਵਿਚ ਹੀ ਹੁੰਦਾ ਹੈ। ਇਸ ਲਈ ਇਹਨਾਂ ਤੱਥਾਂ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਆਂਡਾ ਚੂਚੇ ਨਾਲੋਂ ਪਹਿਲਾਂ ਹੋਂਦ ਵਿਚ ਆਇਆ। ਇਹਨਾਂ ਗੱਲਾਂ ਨੂੰ ਵਿਗਿਆਨਕਾਂ ਨੇ ਪ੍ਰਯੋਗਸ਼ਾਲਾਂ ਵਿੱਚ ਵੀ ਅਮਲ ਵਿੱਚ ਲਿਆਉਣਾ ਸ਼ੁਰੂ ਕੀਤਾ ਹੋਇਆ ਹੈ। ਅੱਜ ਦੁਨੀਆਂ ਦੇ ਵੱਖ-ਵੱਖ ਭਾਗਾਂ ਵਿੱਚ ਉਪਲੱਬਧ ਮੁਰਗੀਆਂ ਦੀਆਂ ਵੱਖ-ਵੱਖ 175 ਨਸਲਾਂ ਸਭ ਮੁੱਢਲੇ ਸੈੱਲ ਵਿਚ ਕੀਤੀਆਂ ਤਬਦੀਲੀਆਂ ਕਰਕੇ ਸੰਭਵ ਹੋਈਆਂ ਹਨ।
ਮੋਬਾਇਲ ਨੰ. 98887-87440

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …