ਹਰਜੀਤ ਬੇਦੀ
ਆਮ ਲੋਕ ਗੱਲਾਂ ਕਰਦੇ ਸਮੇਂ ਅਕਸਰ ਇਹ ਕਹਿੰਦੇ ਹਨ ਬਈ ਇਹ ਤਾਂ ਭਲੇ ਸਮਿਆਂ ਦੀ ਗੱਲ ਆ। ਪਰ ਸੱਚ ਇਹ ਹੈ ਕਿ ਸਮਾਂ ਕਦੇ ਵੀ ਭਲਾ ਨਹੀਂ ਰਿਹਾ । ਹਰ ਸਮੇਂ ਅਤੇ ਕਾਲ ਵਿੱਚ ਮਨੁੱਖ ਨੂੰ ਭੈੜੀਆਂ ਹਾਲਤਾਂ ਨਾਲ ਦੋ ਹੱਥ ਕਰਨੇ ਪਏ ਹਨ। ਜੇ ਮਨੁੱਖ ਦੇ ਵਿਕਾਸ ਨੂੰ ਥੋੜਾ ਜਿਹਾ ਵੀ ਧਿਆਨ ਨਾਲ ਵਾਚਿਆ ਜਾਵੇ ਤਾਂ ਇਹ ਗੱਲ ਸਹਿਜੇ ਹੀ ਸਮਝ ਆ ਜਾਂਦੀ ਹੈ। ਅੱਜ ਦੇ ਸਮੇਂ ਨੂੰ ਭਿਆਨਕ ਕਹਿਣਾ ਉਹਨਾਂ ਮੁਸਕਲ਼ਾ ਦੇ ਹੱਲ ਲਈ ਯਤਨਾਂ ਤੋਂ ਭੱਜਣਾ ਹੈ ਜਿੰਨ੍ਹਾਂ ਕਾਰਣ ਇਹ ਸਮਾਂ ਭਿਆਨਕ ਲਗਦਾ ਹੈ। ਸਾਡੇ ਪੂਰਵਜ ਜਿੰਨ੍ਹਾ ਕੋਲ ਨਾਂ ਸਿਰ ਤੇ ਛੱਤ ਸੀ ਨਾ ਪਹਿਨਣ ਲਈ ਕੱਪੜੇ ਤੇ ਨਾ ਹੀ ਖਾਣ ਵਾਸਤੇ ਭੋਜਨ ਪਕਾਉਣ ਦਾ ਕੋਈ ਸਾਧਨ। ਉਹਂਨ੍ਹਾ ਨੇ ਘਾਲਣਾਂ ਘਾਲੀਆਂ ਤੇ ਹੌਲੀ ਹੌਲੀ ਬਹੁਤ ਹੀ ਲੰਬੇ ਸਮੇਂ ਵਿੱਚ ਇਹ ਪ੍ਰਾਪਤੀਆਂ ਕੀਤੀਆਂ।
ਮਨੁੱਖ ਅੜਤਲਾ ਬਣਾ ਕੇ ਰਹਿਣ ਲੱਗਾ। ਤਨ ਢਕਣ ਲੱਗਾ ਤੇ ਖਾਣਾ ਪਕਾ ਕੇ ਖਾਣ ਲੱਗਾ। ਪਰ ਉਸਦੀਆਂ ਮੁਸ਼ਕਲਾਂ ਦਾ ਅੰਤ ਨਹੀਂ ਹੋਇਆ। ਛੋਟੇ ਛੋਟੇ ਕਬੀਲੇ ਬਣੇ । ਕਿਸੇ ਸ਼ਕਤੀਸ਼ਾਲੀ ਮਨੁੱਖ ਨੂੰ ਕਬੀਲੇ ਦੇ ਲੋਕ ਆਪਣਾ ਸਰਦਾਰ ਮੰਨ ਲੈਂਦੇ ਤੇ ਕਬੀਲੇ ਦਾ ਸਭ ਕੁੱਝ ਸਾਂਝਾਂ ਹੁੰਦਾ। ਫਿਰ ਨਿਜੀ ਜਾਇਦਾਦ ਦਾ ਯੁਗ ਆਇਆ ਅਤੇ ਕਬੀਲਿਆਂ ਦੇ ਸਰਦਾਰ ਬਾਕੀ ਲੋਕਾਂਂ ਤੇ ਭਾਰੂ ਹੋ ਗਏ। ਉਹ ਆਪ ਆਨੰਦਮਈ ਜਿੰਦਗੀ ਜਿਉਂਦੇ ਤੇ ਬਾਕੀ ਲੋਕ ਮਿਹਨਤ ਮੁਸ਼ੱਕਤਾਂ ਕਰਦੇ। ਇਹਨਾਂ ਹੀ ਸਰਦਾਰਾਂ ਨੇ ਆਪਣੇ ਆਪਣੇ ਸਾਮਰਾਜ ਸਥਾਪਤ ਕਰ ਲਏ ਜਿੱਥੇ ਇਹਨਂਾ ਦਾ ਸਿੱਕਾਂ ਸਾਇਆ ਚਲਦਾ ਸੀ । ਸਮਾਂ ਪੈਣ ਤੇ ਰਾਜੇ ਹੋਂਦ ਵਿੱਚ ਆਏ ਤੇ ਇੱਕ ਪੁਰਖੀ ਰਾਜ ਕਾਇਮ ਹੋ ਗਿਆ ਤੇ ਰਾਜੇ ਦੀ ਅਗਲੀ ਪੀੜ੍ਹੀ ਰਾਜ ਗੱਦੀ ਤੇ ਬਹਿ ਜਾਂਦੀ। ਰਾਜਿਆਂ ਵਿੱਚ ਆਪਣੀ ਪਰਜਾ ਵਧਾਉਣ ਤੇ ਰਾਜ ਦੀਆਂ ਹੱਦਾਂ ਵਧਾਉਣ ਲਈ ਲੜਾਈਆਂ ਹੁੰਦੀਆਂ ਜਿਸ ਵਿੱਚ ਆਮ ਤੌਰ ਤੇ ਸਾਧਾਰਣ ਸਿਪਾਂਹੀ ਜੋ ਪੇਟ ਪੂਰਤੀ ਲਈ ਉਹਨਂਾਂ ਦੀ ਫੌਜ ਵਿੱਚ ਭਰਤੀ ਹੁੰਦੇ ਮਾਰੇ ਜਾਂਦੇ। ਦੂਜੇ ਪਾਸੇ ਰਾਜੇ ਤੇ ਉਸ ਦੇ ਅਹਿਲਕਾਰ ਲੋਕਾਂ ਦੀ ਕਿਰਤ ਤੇ ਐਸੋ-ਆਰਾਮ ਦੀ ਜਿੰਦਗੀ ਮਾਣਦੇ । ਸਮੇਂ ਸਮੇਂ ਮਨੁੱਖਤਾਵਾਦੀ ਇਨਸਾਨ ਅਜਿਹੇ ਲੋਕ ਵਿਰੋਧੀ ਪਰਬੰਧਂਾ ਵਿਰੁੱਧ ਆਵਾਜ ਉਠਾਕੇ ਭਿਆਨਕ ਸਮੇਂ ਨੂੰ ਸੁਖਾਵੇਂ ਸਮੇਂ ਵਿੱਚ ਬਦਲਣ ਲਈ ਆਵਾਜ ਉਠਾਂਉਂਦੇ ਰਹੇ ਅਤੇ ਕੁਰਬਾਨੀਆ ਕਰਦੇ ਰਹੇ। ਇਸ ਦੇ ਨਾਲ ਹੀ ਪੁਜਾਰੀ ਅਤੇ ਧਾਰਮਿਕ ਸ਼ਖਸ਼ੀਅਤਾਂ ਲੋਕਾਂ ਦੀ ਭੈੜੀ ਹਾਲਤ ਨੂੰ ਕਰਮਾਂ ਦਾ ਫਲ ਕਹਿ ਕੇ ਰਾਜੇ ਮਹਾਰਾਜਿਆਂ ਦੀ ਲੁਕਵੇਂ ਢੰਗ ਨਾਲ ਸਹਾਇਤਾ ਕਰ ਕੇ ਉਹਨਾਂ ਤੋਂ ਗੱਫੇ ਪ੍ਰਾਪਤ ਕਰਦੇ । ਇਹ ਸਿਲਸਿਲਾ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੈ। ਸਮੇਂ ਦੀ ਚਾਲ ਚਲਦੀ ਗਈ।ਪਿਛਲੇ ਸਮੇਂ ਵਿੱਚ ਸਾਮਰਾਜ ਸਥਾਪਤ ਹੋ ਗਏ ਜਿਨ੍ਹਂਾ ਵਿੱਚ ਬ੍ਰਿਟਸ਼ ਸਾਮਰਾਜ ਅਜਿਹਾ ਸੀ ਜਿਸਦੇ ਰਾਜ ਵਿੱਚ ਸੂਰਜ ਨਹੀਂ ਸੀ ਛਿੱਪਦਾ। ਸਾਮਰਾਜੀਆਂ ਦੀ ਆਪਸੀ ਖਿੱਚੋਤਾਣ ਕਾਰਣ ਦੋ ਸੰਸਾਰ ਜੰਗਾਂ ਹੋਈਆਂ ਜਿੰਨ੍ਹਾਂ ਵਿੱਚ ਲੱਖਾਂ-ਕਰੋੜਾਂ ਉਹ ਮਨੁੱਖ ਬਲੀ ਚੜ੍ਹੇ ਜਿੰਂਨ੍ਹਾ ਨੂੰ ਉਸ ਸਾਮਰਾਜ ਦਾ ਭੋਰਾ ਭਰ ਵੀ ਲਾਂਭ ਨਹੀਂ ਸੀ। ਫਰਾਂਸ ਦੀ ਕਰਾਂਤੀ , ਰੂਸ ਦਾ ਇਨਕਲਾਬ ,ਸਾਮਰਾਜ ਦਾ ਢਹਿ ਢੇਰੀ ਹੋਣਾ ਸਮੇਂ ਦੀਆਂ ਪੈੜਾਂ ਵਿੱਚ ਬੀਤਿਆ । ਭਾਰਤ ਵਿੱਚ ਸਾਮਰਾਜ ਦਾ ਜੂਲਾ ਗਲੋਂ ਲਾਹੁਣ ਲਈ ਭਾਰੀ ਗਿਣਤੀ ਵਿੱਚ ਗਦਰੀ ਬਾਬਿਆਂ , ਕੂਕਿਆਂ ,ਇਨਕਲਾਬੀ ਨੌਜਵਾਨਾਂ ਨੇ ਸ਼ਹੀਦੀਆਂ ਦਿੱਤੀਆਂ ਅਤੇ ਤਸੀਹੇ ਝੱਲੇ। ਪਰ ਆਜ਼ਾਦੀ ਦਾ ਆਨੰਦ ਉਹ ਲੋਕ ਹੀ ਮਾਣ ਰਹੇ ਹਨ ਜਿਹੜੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਅੰਗਰੇਜਾਂ ਦੇ ਪਿੱਠੂ ਸਨ। ਅੱਜ ਲੀਡਰਾਂ ਅਤੇ ਧਾਰਮਿਕ ਕਹਾਉਂਦੇ ਲੋਕਾਂ ਕਾਰਣ ਲੋਕਾਂ ਦਾ ਅਤੀ ਮਾੜਾ ਹਾਲ ਹੈ। ਦੁਨੀਆਂ ਵਿੱਚ ਵੱਡੇ ਵੱਡੇ ਫਿਲਾਸਫਰ ਅਤੇ ਵਿਗਿਆਨੀ ਪੈਦਾ ਹੋਏ । ਉਹਨਾਂ ਨੂੰ ਸੱਚ ਦੀ ਖਾਤਰ ਆਪਣੀਆਂ ਜਾਨਾਂ ਵੀ ਵਾਰਨੀਆਂ ਪਈਆਂ ਤਾ ਕਿ ਭਿਆਨਕ ਸਮੇਂ ਨੂੰ ਸੁਹਾਵਣੇ ਸਮੇਂ ਵਿੱਚ ਬਦਲ ਕੇ ਮਨੁੱਖਤਾ ਦਾ ਭਲਾ ਹੋ ਸਕੇ। ਇਸੇ ਤਰ੍ਹਾਂ ਵਿਗਿਆਨੀਆਂ ਨੇ ਅਥਾਹ ਮਿਹਨਤਾਂ ਕਰਕੇ ਮਨੁੱਖਤਾ ਦੀ ਭਲਾਈ ਲਈ ਨਵੀਂਆਂ ਨਵੀਂਆਂ ਕਾਢਾਂ ਕੱਢੀਆਂ ਪਰ ਰਾਜ ਗੱਦੀਆਂ ਤੇ ਬੈਠੇ ਅਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੁੱਟ ਰਹੇ ਅਖੌਤੀ ਆਗੂਆਂ ਨੂੰ ਇਹ ਸਭ ਗਵਾਰਾ ਨਹੀਂ ਸੀ। ਅਨੇਕਾਂ ਵਿਗਿਆਨੀਆਂ ਜਿੰਨ੍ਹਾਂ ਵਿੱਚ ਗਲੈਲੀਓ, ਕੂਪਰਨਿਕਸ ਅਤੇ ਬਰੂਨੋ ਵਰਗੇ ਲੋਕ ਸ਼ਾਮਲ ਸਨ ਨੂੰ ਤਸੀਹੇ ਝੱਲਣੇ ਪਏ ਤੇ ਜਾਨਾਂ ਗਵਾਉਣੀਆਂ ਪਈਆਂ।
ਮੌਜੂਦਾ ਸਮੇਂ ਵਿੱਚ ਅਸਲ ਵਿੱਚ ਦੁਨੀਆਂ ਵਿਚੱ ਦੋ ਵੱਖੋ ਵੱਖਰੇ ਧੜੇ ਹਨ । ਜਿੰਨਾਂ ਵਿੱਚ ਕੁਦਰਤੀ ਟਕਰਾਅ ਹੋਣਾ ਲਾਜਮੀ ਹੈ । ਉਹਨਾਂ ਵਿੱਚੋਂ ਇੱਕ ਧੜਾ ਲੋਕਾਂ ਦਾ ਤੇ ਦੂਜਾ ਧੜਾਂ ਜੋਕਾਂ ਦਾ ਹੈ । ਪਰ ਜੋਕਾਂ ਦੇ ਧੜੇ ਨੇ ਲੋਕਾਂ ਦੇ ਧੜੇ ਨੂੰ ਜਾਤ ,ਧਰਮ ,ਰੰਗ ,ਇਲਾਕੇ ਵਿੱਚ ਵੰਡਣ ਤੋਂ ਬਾਦ ਹੋਰ ਵੀ ਕਈ ਹਿੱਸਿਆਂ ਵਿੱਚ ਖੰਡਿਤ ਕੀਤਾ ਹੋਇਆ ਹੈ। ਇਸ ਨਾਲ ਬਹੁ-ਗਿਣਤੀ ਲੋਕਾਂ ਦਾ ਵੱਡਾ ਭਾਗ ਆਪਣੀ ਬੇਸਮਝੀ ਤੇ ਜੋਕਾਂ ਦੇ ਧੜੇ ਦੀ ਚੁਸਤੀ ਤੇ ਮੱਕਾਰੀ ਕਾਰਨ ਮਾਰ ਖਾ ਰਿਹਾ ਹੈ। ਜਿਸ ਕਰਕੇ ਮੁੱਠੀ ਭਰ ਲੋਕਾਂ ਨੇ ਆਪਣਾ ਸਰਮਾਏਦਾਰੀ ਸਾਮਰਾਜ ਉਸਾਰਿਆ ਹੋਇਆ ਹੈ ਤੇ ਉਹ ਆਪਣੀ ਮਰਜੀ ਦੀਆਂ ਸਰਕਾਰਾਂ ਬਣਾ ਕੇ ਲੋਕਾਂ ਨੂੰ ਆਪਣੀ ਹੀ ਮਰਜੀ ਮੁਤਾਬਕ ਜਿਉਣ ਲਈ ਮਜਬੂਰ ਕਰ ਰਹੇ ਹਨ। ਜਿੰਨੀ ੳਜਰਤ ਉਹ ਆਪਣੇ ਵਰਕਰਾਂ ਨੂੰ ਦਿੰਦੇ ਹਨ ਉੰਨੀ ਨਾਲ ਉਹ ਸਾਰੀ ਉਮਰ ਕੰਮ ਕਰਕੇ ਵੀ ਆਪਣਾ ਕੁੱਝ ਨਹੀਂ ਬਣਾ ਸਕਦੇ । ਦੂਜੇ ਬੰਨੇ ਕਾਰਪੋਰੇਟ ਸੈਕਟਰ ਕੋਲ ਸਰਮਾਏ ਦੇ ਅੰਬਾਰ ਲੱਗ ਰਹੇ ਹਨ । ਜਦੋਂ ਕਦੇ ਵੀ ਮੰਦੇ ਦਾ ਦੌਰ ਆਉਂਦਾ ਹੈ ਤਾ ਸਾਧਰਣ ਵਰਕਰਾਂ ਦੀ ਲੇਅ-ਆਫ ਹੋ ਜਾਂਦੀ ਹੈ। ਉਹਨਾਂ ਦੇ ਘਰ ਤੱਕ ਵਿਕ ਜਾਂਦੇ ਹਨ। ਪਿੱਛੇ ਜਿਹੇ ਅਮਰੀਕਾ ਵਿੱਚ ਇਹੋ ਕੁੱਝ ਹੋਇਆ ਸੀ ਜਦੋਂ ਕਿ ਵੱਡੀਆਂ ਕੰਪਨੀਆਂ ਦਾ ਸਭ ਕੁੱਝ ਸੁਰੱਖਿਅਤ ਰਿਹਾ ।
ਸਮਾਂ ਇਸ ਲਈ ਵੀ ਭਿਆਨਕ ਹੈ ਕਿ ਰਾਜ ਕਰ ਰਹੇ ਲੀਡਰ ਧਰਮ ਦੇ ਨਾਂ ਤੇ ਬਹੁਤ ਹੀ ਜਿਆਦਾ ਗਿਣਤੀ ਵਿੱਚ ਡੇਰੇ ਤੇ ਸੰਸਥਾਵਾਂ ਬਣਾ ਕੇ ਲੋਕਾਂ ਦੀ ਸ਼ਰਧਾ ਦਾ ਨਾਜਾਇਜ ਲਾਭ ਉਠਾ ਰਹੇ ਹਨ । ਉਹਨਾਂ ਨੁੰ ਕਿਸਮਤ ਦੇ ਸਹਾਰੇ ਰਹਿਣ ਲਈ ਸਿੱਖਿਆ ਦਿੱਤੀ ਜਾਂਦੀ ਹੈ। ਇਹ ਲੋਕ ਜਿੱਥੇ ਆਮ ਲੋਕਾਂ ਦਾ ਆਰਥਿਕ ਸ਼ੌਸ਼ਣ ਕਰਦੇ ਹਨ ਉੱਥੇ ਉਹਨਾਂ ਦੁਆਰਾਂ ਔਰਤਾਂ ਦਾ ਸਰੀਰਕ ਸ਼ੋਸ਼ਣ ਦੀਆਂ ਖਬਰਾਂ ਵੀ ਅਸੀਂ ਆਏ ਦਿਨ ਸੁਣਦੇ ਹਾਂ। ਇਸ ਦਾ ਮਤਲਬ ਇਹ ਨਹੀਂ ਕਿ ਇਹ ਸਮਾਂ ਸਦਾ ਰਹੇਗਾ । ਮਨੁੱਖ ਆਪਣੀ ਹੋਣੀ ਘੜਨ ਲਈ ਅਤੇ ਸਮੇਂ ਨੂੰ ਸੁਹਾਵਣਾ ਬਣਾਉਣ ਲਈ ਲਗਾਤਾਰ ਯਤਨ ਕਰਦਾ ਰਿਹਾ ਹੈ ਤੇ ਕਰਦਾ ਰਹੇਗਾ। ਅੱਜ ਦੇ ਸਮੇਂ ਨੂੰ ਚੰਗੇ ਸਮੇਂ ਵਿੱਚ ਬਦਲਣ ਲਈ ਲੋਕਾਂ ਦੇ ਵਿਚਾਰਾਂ ਨੂੰ ਬਦਲਣ ਦੀ ਸਖਤ ਜਰੂਰਤ ਹੈ ।ਇਸ ਕੰਮ ਲਈ ਬਹੁਤ ਸਾਰੀਆਂ ਸੁਹਿਰਦ ਸੰਸਥਾਵਾਂ ਅਤੇ ਲੋਕ ਅੱਗੇ ਆ ਰਹੇ ਹਨ । ਜਿਸਦਾ ਸਾਰਥਕ ਨਤੀਜਾ ਵੀ ਜਰੂਰ ਨਿਕਲੇਗਾ । ਦੁਜੇ ਪਾਸੇ ਜੋਕਾਂ ਦਾ ਇਸ ਕੰਮ ਲਈ ਜੋਰ ਲੱਗਿਆ ਹੋਇਆ ਹੈ ਕਿ ਬੰਦੇ ਤੋਂ ਬੰਦੇ ਨੂੰ ਦੂਰ ਰੱਖਿਆ ਜਾਵੇ। ਉਹਨਾਂ ਵਿੱਚ ਵੱਖ ਵੱਖ ਢੰਗਾਂ ਰਾਹੀਂ ਪਾੜਾ ਪਾਉਣ ਲਈ ਮੀਡੀਆ ਵਰਤਿਆ ਜਾ ਰਿਹਾ ਹੈ ਅਤੇ ਥਾਪੜੀ ਦੇ ਕੇ ਬਾਬੇ ਪਾਲੇ ਜਾ ਰਹੇ ਹਨ ਅਤੇ ਡੇਰੇ ਉਸਾਰੇ ਜਾ ਰਹੇ ਹਨ। ਉਹ ਲੋਕਾਂ ਨੂੰ ਅੰਧ ਵਿਸ਼ਵਾਸ਼ ਦੀ ਦਲਦਲ ਵਿੱਚ ਧੱਕ ਕੇ ਉਹਨਾਂ ਦੀ ਸੋਚ ਨੂੰ ਖੂੰਢਾ ਕਰਕੇ ਜੋਕਾਂ ਦੀ ਸੇਵਾ ਕਰ ਰਹੇ ਹਨ।
ਅੱਜ ਦੇ ਸਮੇਂ ਵਿੱਚ ਅੰਨ੍ਹੇ ਮੁਨਾਫੇ ਦੀ ਖਾਤਰ ਵਾਤਾਵਰਣ ਨੂੰ ਭਿਅੰਕਰ ਰੂਪ ਵਿੱਚ ਗੰਧਲਾ ਕੀਤਾ ਜਾ ਰਿਹਾ ਹੈ। ਕੁਦਰਤ ਦਾ ਵਰਦਾਨ ਸ਼ੁੱਧ ਹਵਾ ਤੇ ਸਾਫ ਪਾਣੀ ਜੋ ਮਨੁੱਖੀ ਜ਼ਿੰਦਗੀ ਦਾ ਆਧਾਰ ਹਨ ਅੱਜ ਮਨੁੱਖ ਦੀ ਪਹੁੰਚ ਤੋਂ ਦੂਰ ਹੋ ਰਹੇ ਹਨ। ਖਾਸ ਤੌਰ ‘ਤੇ ਪਾਣੀ ਦਾ ਵਪਾਰੀਕਰਨ ਹੋ ਰਿਹਾ ਹੈ। ਜੇ ਅਜਿਹੇ ਰੁਝਾਨ ਨੁੰ ਠੱਲ੍ਹ ਨਾ ਪਾਈ ਗਈ ਤਾਂ ਹਵਾ ਤੇ ਵੀ ਵਪਾਰੀਆਂ ਦਾ ਕੰਟਰੋਲ ਹੋ ਜਾਵੇਗਾ। ਇਸ ਦਾ ਇੱਕੋ ਇੱਕ ਹੱਲ ਹੈ ਮਨੁੱਖਾਂ ਦਾ ਚੇਤਨ ਹੋਣਾ ਨਹੀਂ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਸੁਰੱਖਿਅਤ ਨਹੀਂ ਹੋਵੇਗੀ ਤੇ ਸਾਨੂੰ ਕਦੇ ਮੁਆਫ ਨਹੀਂ ਕਰੇਗੀ। ਚੇਤਨ ਲੋਕ ਹੀ ਸਮੇਂ ਦੀ ਭਿਆਨਕਤਾ ਨੂੰ ਖਤਮ ਕਰ ਸਕਦੇ ਹਨ ਤੇ ਆਉਣ ਵਾਲੇ ਸਮੇਂ ਨੂੰ ਹੋਰ ਭਿਆਨਕ ਹੋਣ ਤੋਂ ਬਚਾ ਸਕਦੇ ਹਨ। 647-924 9087