-18.5 C
Toronto
Monday, February 9, 2026
spot_img
Homeਨਜ਼ਰੀਆਨਿੰਮ ਦਾ ਦਰੱਖਤ

ਨਿੰਮ ਦਾ ਦਰੱਖਤ

ਕਲਵੰਤ ਸਿੰਘ ਸਹੋਤਾ
604-589-5919
ਹਜ਼ਾਰਾਂ ਕਿਸਮ ਦੇ ਦਰੱਖ਼ਤ ਧਰਤੀ ‘ਤੇ ਮੌਜ਼ੂਦ ਹਨ। ਜਿਨ੍ਹਾਂ ‘ਚੋਂ ਇੱਕ ਨਿੰਮ ਦਾ ਦਰੱਖ਼ਤ ਵੀ ਹੈ। ਮੇਰਾ ਇਸ ਵਾਰੇ ਖਾਸ ਲਗਾਓ ਤੇ ਖਿੱਚ ਹੈ, ਕਿਉਂਕਿ ਇਹ ਸਾਡੇ ਘਰ ਦੇ ਵਿਹੜੇ ਵਿੱਚ ਹੁੰਦਾ ਸੀ। ਇਹ ਇੱਕ ਬਹੁੱਤ ਭਾਰੀ ਤੇ ਸੰਘਣੀ ਛਾਂ ਵਾਲਾ ਸੀ। ਗਰਮੀਆਂ ਨੂੰ ਅਸੀਂ ਸਾਰਾ ਟੱਬਰ ਇਸ ਦੇ ਥੱਲੇ, ਇਸ ਦੀ ਸੰਘਣੀ ਛਾਂ ਦਾ ਅਨੰਦ ਮਾਣਦੇ ਸਾਂ। ਤਾਜ਼ਾ ਪੈ ਕੇ ਹਟੇ ਮੀਂਹ ਉਪਰੰਤ ਜਦ ਮੰਜੇ ਡਾਹ ਕੇ ਨਿੰਮ ਥੱਲੇ ਬੈਠਣਾ ਤਾਂ ਇਹ ਏਅਰ ਕੰਡੀਸ਼ਨ ਦਾ ਵੀ ਕੰਮ ਕਰਦਾ ਸੀ। ਸਾਰਾ ਸਾਲ ਇਸ ਤੇ ਤਰ੍ਹਾਂ ਤਰ੍ਹਾਂ ਦੇ ਪੰਛੀਆਂ ਜਿਵੇਂ ਤੋਤੇ, ਕੋਇਲ, ਉੱਲੂ, ਚਿੜੀਆਂ ਕਾਂ ਆਦਿ ਦਾ ਆਉਂਦੇ ਜਾਂਦੇ ਰਹਿਣਾ ਤੇ ਟਿਕਾਣਾ ਕਰਨਾ ਸਾਡੇ ਪਰਿਵਾਰਕ ਜੀਵਨ ਦਾ ਅੰਗ ਸੀ। ਇਹ ਦਰੱਖਤ ਬਹੁਤ ਵੱਡਾ, ਉੱਚਾ ਤੇ ਭਾਰੀ ਛਤਰੀ ਵਾਲਾ ਹੋਣ ਕਰਕੇ ਇਥੇ ਮੋਰਾਂ ਦਾ ਬਸੇਰਾ ਵੀ ਹੁੰਦਾ ਸੀ। ਹਰ ਰੋਜ਼ ਸਵੇਰ ਨੂੰ ਮੋਰਾਂ ਦਾ ਨਿੰਮ ਤੇ ਆ ਕੇ ਬੈਠਣਾ ਸਾਡੇ ਲਈ ਇਕ ਦਿਲਚਸਪ ਮਨੋਰੰਜਨ ਸੀ, ਜਿਸ ਦਾ ਵੱਡਾ ਕਾਰਨ ਇਹ ਸੀ ਕਿ ਮੇਰੇ ਬੀਬੀ ਜੀ ( ਮਾਤਾ ਜੀ) ਨੇਮ ਨਾਲ ਮੋਰਾਂ ਨੂੰ ਸਾਡੇ ਬਹੁਤ ਵੱਡੇ ਦਲਾਨ ਅਤੇ ਕੋਠੜੀ ਦੀ ਛੱਤ ਤੇ ਦਾਣੇ ਪਾਇਆ ਕਰਦੇ ਸਨ; ਇਸੇ ਕਰਕੇ ਸਵੇਰੇ ਹੀ ਮੋਰ ਨਿੰਮ ਤੇ ਆ ਕੇ ਬੈਠ ਜਾਂਦੇ ਅਤੇ ਚੋਗੇ ਦਾ ਇੰਤਜ਼ਾਰ ਕਰਨ ਲੱਗਦੇ। ਚੋਗਾ ਖਾ ਕੇ ਸ਼ਾਇਦ ਇਸ ਦੇ ਇਵਜ਼ ਵਜੋਂ, ਜਾਂਦੇ ਜਾਂਦੇ ਇੱਕ ਦੋ ਖੰਭ ਵੀ ਸੁੱਟ ਜਾਂਦੇ ਨਿੰਮ ਥੱਲੇ, ਜਿਸ ਦੀ ਮੈਨੂੰ ਬੜੀ ਹੀ ਉਤਸੁਕਤਾ ਨਾਲ ਹਰ ਰੋਜ਼ ਉਡੀਕ ਰਹਿੰਦੀ। ਮੈਂ ਉਹਨਾਂ ਸ਼ਾਨਦਾਰ ਰੰਗ ਬਰੰਗੇ ਖੰਭਾਂ ਨੂੰ ਸਾਂਭ ਸਾਂਭ ਰੱਖਦਾ। ਇਹ ਮੇਰੇ ਬਚਪਨ ਦਾ ਇੱਕ ਰੌਚਕ ਪੱਖ ਸੀ ਜਿਹੜਾ ਮੋਰਾਂ ਦੀ ਆਮਦ ਨਾਲ ਹੋਰ ਵੀ ਰੌਚਕ ਬਣਦਾ।
ਗਰਮੀਆਂ ਨੂੰ ਅਸੀਂ ਸਾਰੇ ਨਿਆਣਿਆਂ ਇਕੱਠੇ ਹੋ ਕੇ, ਨਿੰਮ ਤੋਂ ਡਿੱਗੀਆਂ ਪੱਕੀਆਂ ਨਮੋਲੀਆਂ ਨੂੰ ਖਾਣਾਂ ਜਿਨ੍ਹਾਂ ਦਾ ਸੁਆਦ ਕੁਸੈਲਾ ਤੇ ਖੱਟਮਿਠਾ ਜਿਹਾ ਲੱਗਣਾ ਪਰ ਫਿਰ ਵੀ ਅਸੀਂ ਰੀਸੋ ਰੀਸੀ ਚੁਗ ਚੁਗ ਕੇ ਖਾਣੀਆਂ। ਪੱਕੀਆਂ ਨਮੋਲੀਆਂ ਇਕੱਠੀਆਂ ਕਰਕੇ ਉਹਨਾਂ ਦੀਆਂ ਗਿੱਟਕਾਂ ਨੂੰ ਕੁੱਟ ਕੇ ਘਰੇ ਹੀ ਉਹਨਾਂ ਤੋਂ ਸਾਬਣ ਬਣਾਇਆ ਜਾਂਦਾ ਜਿਹੜਾ ਕਈ ਮਹੀਨੇ ਕੱਪੜੇ ਧੋਣ ਤੇ ਨਹਾਉਣ ਲਈ ਕੰਮ ਆਉਂਦਾ ਤੇ ਇੰਜ ਬਜ਼ਾਰੋਂ ਸਾਬਣ ਖਰੀਦਣ ਦੀ ਲੋੜ ਨਾਂ ਰਹਿੰਦੀ। ਕਿਸੇ ਘਰ ਦੇ ਜੀਅ ਦੇ ਸਿਰ ‘ਚ ਜੂੰਆਂ ਪੈ ਜਾਣੀਆਂ ਤਾਂ ਨਿੰਮ ਦੇ ਸਾਬਣ ਨਾਲ ਸਿਰ ਮਲ਼ ਮਲ਼ ਕੇ ਨਹਾਉਣਾ ਤਾਂ ਕਿ ਜੂੰਆਂ ਮਰ ਜਾਣ, ਸਾਰੀਆਂ ਮਰਦੀਆਂ ਵੀ ਸਨ ਜਾਂ ਨਹੀਂ ਇਸ ਦਾ ਕੋਈ ਯਾਦ ਨਹੀਂ। ਨਿੰਮ ਦਾ ਇਕ ਹੋਰ ਬਹੁੱਤ ਵੱਡਾ ਗੁਣ, ਜਿਹੜਾ ਮੇਰੇ ਤਾਂ ਬੜਾ ਹੀ ਰਾਸ ਆਉਂਦਾ ਸੀ, ਉਹ ਇਹ ਕਿ ਬਰਸਾਤਾਂ ਸਮੇਂ ਸਰੀਰ ਤੇ ਫੋੜੇ ਫਿੰਸੀਆਂ ਬੜੀਆਂ ਨਿਕਲਣੀਆਂ, ਕਾਰਨ ਇਸ ਦਾ ਇਹ ਸਮਝੀਦਾ ਸੀ ਕਿ ਗੁੜ ਬਹੁਤਾ ਖਾਈ ਜਾਣ ਕਰਕੇ ਖੂਨ ਮਿੱਠਾ ਹੋ ਜਾਂਦਾ ਹੈ ਤੇ ਇੰਝ ਪਿੰਡੇ ਤੇ ਫੋੜੇ ਨਿਕਲ ਆਉਂਦੇ ਹਨ। ਅੱਗੇ ਜਿਹੜੀ ਗੱਲ ਮੈਂ ਕਰਨ ਲੱਗਿਆਂ ਉਸ ਦਾ ਵਿਗਿਆਨਕ ਸਬੂਤ ਤਾਂ ਮੇਰੇ ਕੋਲ ਹੈ ਨਹੀਂ, ਪਰ ਮੈਂ ਜੋ ਪ੍ਰਤੱਖ ਅਜਮਾਇਆ ਉਹ ਜ਼ਰੂਰ ਸਾਂਝਾ ਕਰ ਰਿਹਾਂ। ਸੁਣੋਂ ਗੱਲ, ਜਦੋਂ ਫੋੜਿਆਂ ਦੀ ਬਿਪਤਾ ਹੱਦੋਂ ਬਾਹਰ ਹੋ ਜਾਣੀਂ ਤਾਂ ਮੇਰੇ ਬੀਬੀ ਜੀ ਰਾਤ ਨੂੰ ਤਾਗੀਦ ਕਰ ਕੇ ਪੈਣਾਂ ਕਿ ਪੁੱਤਰ ਸਵੇਰੇ ਉੱਠਦਿਆਂ ਹੀ ਨਿਰਨੇ ਕਾਲਜੇ ਨਿੰਮ ਰਗੜ ਕੇ ਪੀਵੀਂ, ਤਦੇ ਫੋੜੇ ਹਟਣਗੇ। ਇਹ ਗੱਲ ਸੁਣ ਕੇ ਇੱਕ ਪਾਸੇ ਤਾਂ ਸਰੀਰ ਤੇ ਨਿਕਲੇ ਫੋੜਿਆਂ ਨੇ ਚੀਸਾਂ ਕਢਾਉਣੀਆਂ ਤੇ ਦੂਸਰੇ ਪਾਸੇ ਸਵੇਰ ਨੂੰ ਉੱਠ ਕੇ ਰਗੜੇ ਨਿੰਮ ਦੇ ਪੱਤਿਆਂ ਦਾ ਪੀਣਾਂ ਯਾਦ ਆ ਕੇ ਰਾਤ ਨੂੰ ਸੌਣਾਂ ਦੁੱਭਰ ਹੋ ਜਾਣਾਂ ਕਿ ਕੌੜੀ ਨਿੰਮ ਦੀਆਂ ਘੁੱਟਾਂ ਕਿਵੇ ਅੰਦਰ ਲੰਘਣਗੀਆਂ? ਖੈਰ ਸਵੇਰੇ ਉਠਦਿਆਂ ਹੀ ਬੀਬੀ ਜੀ ਨੇ ਪੱਤੇ ਕੂੰਡੀ ‘ਚ ਰਗੜ ਕੇ, ਪਾਣੀ ਪਾ ਘੋਲ਼ੂ ਜਿਹਾ ਬਣਾ ਕੇ ਗਲਾਸ ਮੂਹਰੇ ਧਰ ਦੇਣਾਂ ਤੇ ਆਖਣਾਂ ਕਿ ਕਾਕਾ ਅੱਖਾਂ ਮੀਟ ਕੇ ਦਬਾ ਦਬ ਅੰਦਰ ਸੁੱਟ ਲੈ। ਨਿੰਮ ਪੀਣ ਨੂੰ ਜੀਅ ਤਾਂ ਉੱਕਾ ਹੀ ਨਾ ਕਰਨਾਂ ਪਰ ਫੋੜਿਆਂ ਨਾਲ ਝੰਬੇ ਸਰੀਰ ਤੇ ਨਿਕਲਦੀਆਂ ਚੀਸਾਂ ਮੁਹਰੇ ਅੱਖਾਂ ਮੀਟ ਕੇ ਰਗੜੀ ਨਿੰਮ ਦੀਆਂ ਤਿੰਨ ਚਾਰ ਘੁੱਟਾਂ ਇਕੋ ਸਾਹੇ ਅੰਦਰ ਸੁੱਟ ਲੈਣੀਆਂ; ਉਪਰੰਤ ਇੰਜ ਲੱਗਣਾਂ ਕਿ ਬਹੁਤ ਵੱਡਾ ਮੋਰਚਾ ਸਰ ਕਰ ਲਿਆ ਹੋਵੇ। ਇਕ ਵਾਰੀ ਨਹੀਂ, ਅਨੇਕਾਂ ਵਾਰੀ ਇਹ ਪ੍ਰਤੱਖ ਵੇਖਿਆ ਕਿ ਨਿੰਮ ਦੇ ਪੀਣ ਤੋਂ ਅਗਲੇ ਦਿਨ ਹੀ ਫੋੜਿਆਂ ਨੂੰ ਮੋੜਾ ਪੈਣਾਂ ਸ਼ੁਰੂ ਹੋ ਜਾਣਾ, ਤੇ ਇਜ ਦੋ ਦਿਨ ਲਗਾਤਾਰ ਰਗੜੀ ਨਿੰਮ ਦੀ ਸ਼ਰਦਾਈ ਪੀਣ ਨਾਲ ਫੋੜੇ ਫਿੰਸੀਆਂ ਤੇ ਖਰਿੰਡ ਆ ਕੇ ਆਰਾਮ ਆ ਜਾਂਦਾ ਸੀ। ਇੱਥੇ ਇਹ ਦੱਸ ਦੇਣਾਂ ਮੈਂ ਜਰੂਰੀ ਸਮਝਦਾ ਹਾਂ ਕਿ ਮੇਰੇ ਬੀਬੀ ਜੀ ਨੇ ਸਾਰੀ ਉਮਰ, ਜਿੰਨਾਂ ਚਿਰ ਉਹ ਨਿੰਮ ਸਾਡੇ ਵਿਹੜੇ ‘ਚ ਰਹੀ, ਹਮੇਸ਼ਾਂ ਉਸ ਦੀ ਦਾਤਣ ਕੀਤੀ ਤੇ ਉਹ 86 ਸਾਲ ਦੇ ਹੋ ਕੇ ਪੂਰੇ ਹੋਏ, ਉਹਨਾਂ ਦਾ ਜਬ੍ਹਾੜਾ ਪੂਰਾ ਮਜ਼ਬੂਤ ਰਿਹਾ, ਆਖਰੀ ਸਮੇਂ ਬੱਤੀਆਂ ‘ਚੋਂ ਇਕੱਤੀ ਦੰਦ ਪੂਰੇ ਸਨ। ਇਹ ਨਿੰਮ ਦੇ ਕਰਾਮਾਤੀ ਗੁਣਾਂ ਕਰਕੇ ਹੀ ਹੋ ਸਕਦਾ ਹੈ। ਅੱਜ ਕੱਲ੍ਹ ਤਾਂ ਨਿੰਮ ਵਾਰੇ ਖੋਜ ਵੀ ਬਹੁਤ ਹੋਈ ਹੈ ਤੇ ਵਿਗਿਆਨਕ ਖੋਜਾਂ ਨੇ ਇਹ ਸਿੱਧ ਵੀ ਕੀਤਾ ਹੈ ਕਿ ਨਿੰਮ ਬਹੁ ਪੱਖੀ ਮਰਜ਼ਾਂ ਨੂੰ ਠੀਕ ਕਰਨ ‘ਚ ਮਦਦਗਾਰ ਹੈ।
ਮੈਨੂੰ ਇਹ ਵੀ ਯਾਦ ਹੈ ਕਿ ਸਾਡੇ ਵਿਹੜੇ ‘ਚ ਲੱਗੀ ਨਿੰਮ ਦੇ ਬਹੁਤ ਭਾਰੀ ਤਣੇ ‘ਚ ਕਈ ਖੋੜਾਂ ਸਨ, ਉਹ ਇਸ ਕਰਕੇ ਕਿ ਅੱਖਾਂ ‘ਚ ਪਾਉਣ ਵਾਲਾ ਸੁਰਮਾਂ ਰਗੜਨ ਤੋਂ ਛੇ ਮਹੀਨੇ ਪਹਿਲਾਂ, ਤਰਖਾਣ ਤੋਂ ਤਣੇਂ ‘ਚ ਮੋਰੀ ਕਰਵਾ ਕੇ ਵਿੱਚ ਸੁਰਮਾਂ ਦੱਬਿਆ ਰਹਿਣ ਦੇਣਾਂ, ਉਪਰੰਤ ਕੱਢ ਕੇ, ਰਗੜ ਕੇ ਅੱਖਾਂ ‘ਚ ਪਾਉਣ ਲਈ ਵਰਤਣਾ। ਸਾਡੀ ਆਪਣੀ ਵਰਤੋਂ ਤੋਂ ਇਲਾਵਾ, ਆਂਢ ਗੁਆਂਢ ਜਾਂ ਪਿੰਡ ‘ਚੋਂ ਕਿਸੇ ਨਾ ਕਿਸੇ ਦਾ ਸੁਰਮਾਂ ਵੱਖੋ ਵੱਖਰੀਆਂ ਖੋੜਾਂ ‘ਚ ਪਿਆ ਨਿੰਮ ਦੇ ਬਹੁਪੱਖੀ ਗੁਣਾਂ ਦਾ ਰਸ ਚੂਸ ਚੂਸ ਇੱਕ ਦੁਆਈ ਬਣਿਆਂ ਸਮਝਿਆ ਜਾਂਦਾ ਸੀ। ਇਹ ਵੀ ਸਾਡੀ ਨਿੰਮ ਦਾ ਇਕ ਵਿਲੱਖਣ ਗੁਣ ਸੀ। ਇਕ ਹੋਰ ਗੱਲ ਜਿਸ ਵਾਸਤੇ ਸਾਡੀ ਨਿੰਮ ਮਸ਼ਹੂਰ ਸੀ ਉਹ ਇਹ ਕਿ ਉਸ ਦਰੱਖਤ ਦੀਆਂ ਜੜ੍ਹਾਂ ‘ਚ ਟੋਆ ਪੁੱਟ ਕੇ ਇਕ ਬਹੁਤ ਵੱਡੀ ਮੱਟੀ ਦੱਬੀ ਹੁੰਦੀ ਸੀ, ਅੱਧੀ ਜੜ੍ਹਾਂ ਵਿੱਚ ਤੇ ਅੱਧੀ ਬਾਹਰ। ਉਸ ‘ਚ ਨਮੋਲੀਆਂ, ਨਿੰਬੂ, ਅਧਰੱਕ ਤੇ ਹੋਰ ਕਈ ਪ੍ਰਕਾਰ ਦੀਆਂ ਚੀਜ਼ਾਂ ਪਾਕੇ ਇੱਕ ਘੋਲ਼ ਤਿਆਰ ਹੁੰਦਾ ਸੀ ਜਿਸ ਨੂੰ ਸਾੜਾ ਕਿਹਾ ਜਾਂਦਾ ਸੀ। ਇਸ ਦਾ ਵੀ ਵਿਗਿਆਨਕ ਸਬੂਤ ਤਾਂ ਮੇਰੇ ਕੋਲ ਕੋਈ ਹੈ ਨਹੀਂ ਪਰ ਅਸੀਂ ਇਹ ਦੇਖਿਆ ਜਰੂਰ ਹੈ ਕਿ ਪਿੰਡ ‘ਚ ਕਿਸੇ ਦੇ ਵੀ ਪਸ਼ੂ ਨੂੰ ਚਾਹੇ ਉਹ ਮੱਝ, ਗਾਂ ਜਾਂ ਬਲਦ ਹੈ, ਜਦੋਂ ਅਫਾਰਾ ਹੋਇਆ ਹੋਵੇ ਜਾਂ ਪੱਠੇ ਨਾਂ ਖਾਂਦਾ ਹੋਵੇ ਤਾਂ ਉਸ ਨਿੰਮ ਦੀਆਂ ਜੜ੍ਹਾਂ ‘ਚ ਦੱਬੀ ਮੱਟੀ ਦਾ ਸਾੜਾ ਵੜਾ ਕਾਰਗਰ ਸਿੱਧ ਹੁੰਦਾ ਸੀ ਜਦੋਂ ਦੋ ਨਾਲ਼ਾਂ ਉਸ ਪਸ਼ੂ ਦੇ ਮੂੰਹ ‘ਚ ਨੱਥੋਂ ਫੜਕੇ ਪਿਆ ਦਿੱਤੀਆਂ ਜਾਂਦੀਆਂ ਸਨ ਤੇ ਉਹ ਪਸ਼ੂ ਨੌਂ ਬਰ ਨੌਂ ਹੋ ਜਾਂਦਾ ਸੀ। ਇੰਜ ਸਾਡੇ ਘਰ ਰੋਜ਼ ਹੀ ਕੋਈ ਨਾ ਕੋਈ ਉਸ ਮੱਟੀ ਦਾ ਘੋਲ਼ ਲੈਣ ਆਇਆ ਹੀ ਰਹਿਦਾ ਸੀ। ਸਾੜੇ ਵਾਲੀ ਮੱਟੀ ‘ਚ ਕਦੇ ਸਾੜਾ ਨਹੀਂ ਸੀ ਮੁੱਕਿਆ, ਕਿਉਂਕਿ ਉਸ ‘ਚ ਸਾਰਾ ਸਾਲ ਹੀ ਰੁੱਤ ਮੁਤਾਬਕ ਸਮੇਤ ਨਮੋਲ਼ੀਆਂ, ਗੰਨੇ ਦਾ ਰਸ, ਨਿੰਬੂ,ਅਧਰਕ, ਜੁਐਣ, ਸੌਂਫ ਤੇ ਹੋਰ ਬੇਅੰਤ ਚੀਜ਼ਾਂ ਪਾਈ ਜਾਈਦੀਆਂ ਸਨ ਅਤੇ ਉਹਨਾਂ ਸਭ ਬਸਤਾਂ ਦਾ ਗਲ ਪਚ ਕੇ ਇਕ ਅਜਿਹਾ ਘੋਲ਼ (ਸਾੜਾ) ਬਣਦਾ ਸੀ ਜਿਹੜਾ ਸਾਰੇ ਪਿੰਡ ਦੇ ਪਸ਼ੂਆਂ ਦੇ ਕਈ ਰੋਗ ਨਵਿਰਤ ਕਰਨ ਦੇ ਕੰਮ ਆਉਦਾ। ਉਹਨਾਂ ਸਮਿਆਂ ‘ਚ ਆਮ ਪਿੰਡਾਂ ਵਿੱਚ ਸਲੋਤਰ ਖਾਨੇ (ਪਸ਼ੂਆਂ ਦੇ ਹਸਪਤਾਲ) ਦੀਆਂ ਸੁਵਿਧਾਵਾਂ ਹਾਸਲ ਨਹੀਂ ਸਨ। ਨਿੰਮ ਦੀਆਂ ਜੜ੍ਹਾਂ ‘ਚ ਦੱਬੀ ਮੱਟੀ ਵਿਚ ਨਿੰਮ ਦਾ ਵੀ ਕੋਈ ਅਸਰ ਪਹੁਚਦਾ ਸੀ ਜਾਂ ਨਹੀਂ, ਇਸ ਦਾ ਵੀ ਮੇਰੇ ਕੋਲ ਕੋਈ ਵਿਗਿਆਨਕ ਸਬੂਤ ਨਹੀਂ ਪਰ ਉਸ ਸਾੜੇ ਦੇ ਵਰਤਾਏ ਚਮਤਕਾਰਾਂ ਦਾ ਜਰੂਰ ਹੈ।
ਕੱਪੜਿਆਂ ਨੂੰ ਕਈ ਕਿਸਮ ਦੇ ਕੀੜੇ, ਟਿੱਡੀਆਂ ਆਦਿ ਖਾ ਜਾਇਆ ਕਰਦੇ ਸਨ; ਉਹਨਾਂ ਤੋਂ ਬਚਾ ਲਈ ਟਰੰਕਾਂ, ਪੇਟੀਆਂ ਅਤੇ ਸੰਦੂਕਾਂ ‘ਚ ਪਏ ਕੱਪੜੇ-ਲੀੜੇ ਦੀਆਂ ਤੈਹਾਂ ਵਿਚ ਵੀ ਨਿੰਮ ਦੇ ਪੱਤੇ ਰੱਖਣ ਨਾਲ ਉਹ ਕੀੜੇ ਟਿੱਡੀਆਂ ਦੂਰੀ ਬਣਾਈ ਰੱਖਦੇ ਸਨ ਤੇ ਇਜ ਕੱਪੜਾ-ਲੱਤਾ ਸਹੀ ਸਲਾਮਤ ਰਹਿੰਦਾ ਸੀ। ਨਿੰਮ ਤੋਂ ਬਣੀਆਂ ਚੀਜ਼ਾਂ ਨੂੰ ਘੁਣ ਜਾਂ ਸਿਉਂਕ ਨਹੀਂ ਸੀ ਲਗਦੀ। ਜਿਨ੍ਹਾਂ ਥਾਵਾਂ ਤੇ ਸਿਉਂਕ ਦਾ ਜ਼ੋਰ ਹੁੰਦਾ ਸੀ, ਉੱਥੇ ਮਕਾਨਾਂ ਉੱਪਰ ਬਾਲੇ, ਸ਼ਤੀਰੀਆਂ ਨਿੰਮ ਦੇ ਪਾਈਦੇ ਸਨ ਤੇ ਸਿਉਂਕ ਨੇੜੇ ਨਹੀਂ ਸੀ ਆਉਦੀ; ਇੰਜ ਮਕਾਨਾਂ ਦੀਆਂ ਛੱਤਾਂ ਸਹੀ ਸਲਾਮਤ ਰਹਿੰਦੀਆਂ ਸਨ ਤੇ ਉਹਨਾਂ ਨੂੰ ਹਰੇਕ ਥੋੜੇ ਸਾਲਾਂ ਦੇ ਅਰਸੇ ਬਾਅਦ ਬਦਲਣ ਦਾ ਖਲਜਗਣ ਨਹੀਂ ਸੀ ਕਰਨਾਂ ਪੈਂਦਾ। ਇਹ ਕੁਝ ਗੁਣ ਹਨ ਨਿੰਮ ਦੇ ਬੇਅੰਤ ਗੁਣਾਂ ਭਰਪੂਰ ਪੇੜ ਦੇ ਜਿਹੜੇ ਮੈਂ ਕਿਸੇ ਤੋਂ ਸੁਣੇ ਨਹੀਂ ਬਲਕਿ ਸਾਡੇ ਘਰ ਦੇ ਵਿਹੜੇ ਵਿਚ ਨਿੰਮ ਦਾ ਦਰਖ਼ਤ ਹੋਣ ਕਰਕੇ ਸਭ ਅੱਖੀਂ ਦੇਖੇ ਤੇ ਹੱਡੀਂ ਹੰਢਾਏ ਹਨ।
ਬਰਸਾਤਾਂ ਵੇਲੇ ਗਰਮੀਆਂ ਨੂੰ ਪੀਂਘ ਪਾ ਕੇ, ਸਾਰੀ ਪੱਤੀ ਦੇ ਨਿਆਣਿਆਂ ਦਾ ਝੁਰਮਟ ਲੱਗਾ ਰਹਿਣਾਂ ਆਮ ਗੱਲ ਸੀ। ਸਾਡੇ ਵਿਹੜੇ ‘ਚ ਨਿੰਮ ਦੇ ਦਰੱਖਤ ਦੇ ਮੋਟੇ ਟਾਹਣੇ ਨਾਲ ਮੋਟੀ ਲੱਜ (ਰੱਸਾ) ਦੀ ਪੀਂਘ ਸਾਰੀ ਬਰਸਾਤ ਪਈ ਰਹਿੰਦੀ ਸੀ; ਕੌਣ ਉੱਚੀ ਤੋਂ ਉੱਚੀ ਪੀਂਘ ਚ੍ਹੜਾ ਸਕਦਾ ਹੈ, ਦੀ ਬੁਰਜ ਵੀ ਨਿਆਣਿਆਂ, ਗਭਰੂਆਂ, ਮੁਟਿਆਰਾਂ ਤੇ ਪੀਂਘ ਤੇ ਹੁਲਾਰਾ ਲੈਣ ਵਾਲਿਆਂ ਲਈ ਰੌਚਿਕਤਾ ਬਣਾਈ ਰੱਖਦੀ ਸੀ।
ਇਹ ਸਨ ਕੁੱਝ ਗੁਣ ਸਾਡੇ ਵਿਹੜੇ ‘ਚ ਲੱਗੀ ਨਿੰਮ ਦੇ ਦਰੱਖਤ ਦੇ: ਜਿਹੜੇ ਯਾਦ ਆ ਕੇ ਮੁੜ ਮੈਨੂੰ ਆਪਣੇ ਬਚਪਨ ਨਾਲ ਜੋੜਦੇ ਤੇ ਇਕ ਵਿਲੱਖਣ ਅਨੰਦ ਜਿਹਾ ਵੀ ਦਿੰਦੇ ਹਨ।

RELATED ARTICLES

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

POPULAR POSTS