9.6 C
Toronto
Saturday, November 8, 2025
spot_img
Homeਨਜ਼ਰੀਆਤੁਰ ਗਿਆ 'ਪਾਲ' ਮਾਸਟਰ ਵੈੱਬ ਵਾਲਾ

ਤੁਰ ਗਿਆ ‘ਪਾਲ’ ਮਾਸਟਰ ਵੈੱਬ ਵਾਲਾ

ਮਾਸਟਰ ਵੈੱਬ ਦੇ ਮਾਲਕ ‘ਪਾਲ’ ਦਾ ਪੂਰਾ ਨਾਂਅ ਕੀ ਸੀ, ਮੈਨੂੰ ਅਜੇ ਤੱਕ ਵੀ ਪਤਾ ਨਹੀਂ, ਹਾਲਾਂਕਿ ਉਸ ਨਾਲ ਮੇਰੇ ਲਗਭਗ 10-12 ਸਾਲ ਅਖ਼ਬਾਰ ਪ੍ਰਿੰਟ ਕਰਵਾਉਣ ਕਾਰਣ ਨਿੱਘੇ ਸੰਬੰਧ ਰਹੇ।
ਸੰਨ 2002 ਤੋਂ, ਜਦੋਂ ਤੋਂ ਉਸ ਕੋਲੋਂ ‘ਪਰਵਾਸੀ’ ਅਖ਼ਬਾਰ ਛਪਵਾਉਣ ਦਾ ਕੰਮ ਸ਼ੁਰੂ ਕੀਤਾ, ਇਸ ਦੌਰਾਨ ਕਈ ਵਾਰ ਉਸ ਨੂੰ ਛੱਡ ਕੇ ਕਿਸੇ ਹੋਰ ਥਾਂ ਤੋਂ ਵੀ ਅਖ਼ਬਾਰ ਛਪਵਾਉਂਦੇ ਰਹੇ। ਪਰੰਤੂ ਉਸ ਨੇ ਕਦੇ ਵੀ ਇਸ ਗੱਲ ਦਾ ਬੁਰਾ ਨਹੀਂ ਮਨਾਇਆ। ਜਦੋਂ ਵੀ ਅਸੀਂ ਉਸ ਨੂੰ ਛੱਡਿਆ, ਉਸ ਦਾ ਸਾਡੇ ਵੱਲ ਹਜ਼ਾਰਾਂ ਡਾਲਰਾਂ ਦਾ ਬਕਾਇਆ ਹੁੰਦਾ ਸੀ, ਜੋ ਅਸੀਂ ਹਰ ਵਾਰ ਕਿਸ਼ਤਾਂ ਵਿੱਚ ਅਦਾ ਕਰ ਦਿੰਦੇ ਸੀ। ਇਸੇ ਕਰਕੇ ਹੀ ਉਹ ਕਈ ਵਾਰ ਫੋਨ ਕਰਕੇ ਕਹਿੰਦਾ ਸੀ, ”ਮੁੜ ਆ ਸੈਣੀ, ਤੂੰ ਚੰਗਾ ਬੰਦਾ ਹੈਂ, ਤੂੰ ਮੇਰਾ ਸਾਰਾ ਬਕਾਇਆ ਕਲੀਅਰ ਕਰ ਦਿੰਦਾ ਹਾਂ। ਮੈਂ ਤੈਨੂੰ ਚੰਗਾ ਰੇਟ ਦੇ ਦੇਣਾ। ਵਾਪਸ ਆ ਜਾ।” ਇੰਜ ਫਿਰ ਊਸ ਕੋਲ ਹੀ ਵਾਪਸ ਜਾਣ ਦਾ ਦਿਲ ਕਰਦਾ। ਕਿਉਂਕਿ ਉਸ ਦੀ ਪ੍ਰਿੰਟਿੰਗ ਦੀ ਕੁਆਲਟੀ ਵੀ ਵਧੀਆ ਸੀ ਅਤੇ ਉਹ ਸਮੇਂ ਦਾ ਵੀ ਪੂਰਾ ਪਾਬੰਦ ਸੀ।
ਹੁਣ ਵੀ ਪਿਛਲੇ ਕੁਝ ਸਾਲਾਂ ਤੋਂ ਪਹਿਲਾਂ ‘ਪਰਵਾਸੀ’ ਅਤੇ ਨਾਲ ਹੀ ਹੁਣ ‘ਦਾ ਕੈਨੇਡੀਅਨ ਪਰਵਾਸੀ’ ਅਗੰਰੇਜ਼ੀ ਦਾ ਅਖ਼ਬਾਰ ਮਾਸਟਰ ਵੈੱਬ ਕੋਲੋਂ ਹੀ ਛਪਵਾ ਰਹੇ ਹਾਂ।
ਪਿਛਲੀ ਵਾਰ ਜਦੋਂ ਉਸ ਨਾਲ ਮੁਲਾਕਾਤ ਹੋਈ ਤਾਂ ਉਹ ਕਾਫੀ ਢਿੱਲਾ ਲੱਗ ਰਿਹਾ ਸੀ। ਉਸਨੇ ਦਿਨ-ਰਾਤ ਸਿਗਰਟਾਂ ਪੀਣ ਦੀ ਆਪਣੀ ਆਦਤ ਵੀ ਛੱਡ ਦਿੱਤੀ ਹੋਈ ਸੀ। ਉਸ ਨੇ ਦੱਸਿਆ ਕਿ ਉਸ ਨੂੰ ਕੈਂਸਰ ਹੈ ਅਤੇ ਉਹ ਤਾਂ ਦੋ-ਤਿੰਨ ਵਾਰ ਮੌਤ ਦੇ ਮੂੰਹ ਚੋਂ ਬਚ ਕੇ ਹਸਪਤਾਲ ਤੋਂ ਵਾਪਸ ਪਰਤਿਆ ਹੈ ਅਤੇ ਅਜੇ ਵੀ ਪਤਾ ਨਹੀਂ ਕਿ ਉਹ ਕਿੰਨੇ ਕੁ ਦਿਨ੍ਹਾਂ ਦਾ ਮਹਿਮਾਨ ਹੈ। ਪਰ ਉਸ ਵਿੱਚ ਕੰਮ ਕਰਨ ਦਾ ਜਜ਼ਬਾ ਅਜੇ ਵੀ ਉਸ ਤਰਾ੍ਹਂ ਦਾ ਹੀ ਸੀ, ਜਿਵੇਂ ਉਸ ਨੇ ਕਦੇ ਵੀ ਮਰਨਾ ਹੀ ਨਾ ਹੋਵੇ।
ਪਾਲ ਦੇ ਨਾਲ ਦਫਤਰ ਵਿੱਚ ਉਸ ਦੀ ਪਤਨੀ, ਬੇਟਾ ਅਤੇ ਬੇਟੀ ਸਮੇਤ ਪੋਤੀਆਂ ਵੀ ਹੱਥ ਵਟਾਊਂਦੀਆਂ ਸਨ। ਇੰਜ ਉਸਦਾ ਪੂਰਾ ਪਰਿਵਾਰ ਹੀ ਇਸ ਕੰਮ ਵਿੱਚ ਕਈ ਸਾਲਾਂ ਤੋਂ ਰੁੱਝਾ ਹੋਇਆ ਹੈ।
ਪਾਲ ਤਾਂ ਸੌਂਦਾ ਵੀ ਪ੍ਰੈੱਸ ਵਿੱਚ ਹੀ ਸੀ। ਉਸਦੀ ਮਾਸਟਰ ਵੈੱਬ ਪ੍ਰਿੰਟਿੰਗ ਪ੍ਰੈੱਸ ਹੀ ਉਸਦਾ ਅਸਲੀ ਘਰ ਸੀ। ਕਿਉਂਕਿ 30-40 ਸਾਲ ਲਗਾਤਾਰ ਦਿਨ-ਰਾਤ ਉਸ ਨੇ ਆਪਣਾ ਸਾਰਾ ਜੀਵਨ ਪ੍ਰਿੰਟਿੰਗ ਪ੍ਰੈੱਸ ਨੂੰ ਹੀ ਸਮਰਪਿਤ ਕਰ ਦਿੱਤਾ।
ਸਾਡੀ ਕਮਿਊਨਿਟੀ ਵਿੱਚ ਲੰਮੇ ਸਮੇਂ ਤੋਂ ਛਪ ਰਹੀਆਂ ਕਈ ਅਖ਼ਬਾਰਾਂ ਨਾਲ ਉਸਦਾ ਜਿਵੇਂ ਪਰਿਵਾਰ ਵਾਲਾ ਰਿਸ਼ਤਾ ਸੀ। ਉਂਜ ਤੇ ਉਹ ਇਟਾਲੀਅਨ ਸੀ ਪਰੰਤੂ ਪੰਜਾਬੀ ਕਮਿਉਨਿਟੀ ਬਾਰੇ ਵੀ ਪੂਰੀ ਜਾਣਕਾਰੀ ਰੱਖਦਾ ਸੀ ਅਤੇ ਗੱਲਾਂ-ਬਾਤਾਂ ਵਿੱਚ ਅੱਧਾ ਪੰਜਾਬੀ ਬਣ ਚੱਕਿਆ ਸੀ।
ਬੀਤੇ ਹਫਤੇ ਜਦੋਂ ਮੈਂ ਪਰਿਵਾਰ ਨਾਲ ਛੁੱਟੀਆਂ ਬਿਤਾਊਣ ਲਈ ਬਾਹਰ ਗਿਆ ਹੋਇਆ ਸੀ ਤਾਂ ਪਿੱਛੇ ਸਟਾਫ ਨਾਲ ਗੱਲ ਕਰਨ ਤੇ ਪਤਾ ਲੱਗਾ ਕਿ ਇਸ ਵਾਰ ਅਖ਼ਬਾਰ ਵੀਰਵਾਰ ਜਲਦੀ ਤਿਆਰ ਕਰਨਾ ਪਵੇਗਾ ਕਿਊਂਕਿ ਸ਼ੁਕਰਵਾਰ ਨੂੰ ਪਾਲ ਦਾ ਫਿਊਨਰਲ ਹੈ ਅਤੇ ਉਸ ਦਿਨ ਮਾਸਟਰ ਵੈੱਬ ਨੂੰ ਬੰਦ ਰੱਖਿਆ ਜਾਵੇਗਾ।
ਮਨ ਨੂੰ ਇਕ ਧੱਕਾ ਜਿਹਾ ਲੱਗਾ, ਗੱਲ ਸੁਣ ਕੇ। ਇਹ ਤਾਂ ਪਤਾ ਹੀ ਸੀ ਕਿ ਉਸਦੀ ਹਾਲਤ ਬਹੁਤ ਚੰਗੀ ਨਹੀਂ ਹੈ। ਪਰੰਤੂ ਉਹ ਇੰਨੀ ਜਲਦੀ ਤੁਰ ਜਾਵੇਗਾ, ਇਸ ਦਾ ਵੀ ਖਿਆਲ ਨਹੀਂ ਸੀ।
ਪਾਲ ਨੇ ਸਾਰਾ ਜੀਵਨ ਪ੍ਰਿੰਟਿੰਗ ਨੂੰ ਸਮਰਪਿਤ ਕਰ ਦਿੱਤਾ। ਉਹ ਦੱਸਦਾ ਹੁੰਦਾ ਸੀ ਕਿ ਪਿੱਛੇ ਇਟਲੀ ਵਿੱਚ ਵੀ ਇਹੋ ਉਸਨ੍ਹਾਂ ਦਾ ਪਿਤਾ-ਪੁਰਖੀ ਕਿੱਤਾ ਸੀ। ਪ੍ਰਿੰਟਿੰਗ ਉਸਨੂੰ ਜਿਵੇਂ ਗੁੜਤੀ ਵਿੱਚ ਮਿਲੀ ਸੀ। ਉਸ ਨੂੰ ਸ਼ਾਇਦ ਹੋਰ ਕੁਝ ਆਊਂਦਾ ਵੀ ਨਹੀਂ ਸੀ।
ਮਾਸਟਰ ਵੈੱਬ ਐਥਨਿਕ ਮੀਡੀਆ ਲਈ ਇਕ ਅਜਿਹਾ ਮੁਨਾਰਾ ਹੈ, ਜਿਸ ਨੇ ਕਈ ਅਖ਼ਬਾਰਾਂ ਨੂੰ ਜਨਮ ਦਿੱਤਾ। ਕਈ ਅਖ਼ਬਾਰਾਂ ਇੱਥੇ ਛਪ ਕੇ ਜਵਾਨ ਹੋਈਆਂ। ਪਾਲ ਦਾ ਸਾਡੇ ਸੱਭਨਾਂ ਨਾਲ ਨਿੱਘ ਭਰਿਆ ਰਿਸ਼ਤਾ ਸੀ। ਉਹ ਸਾਨੂੰ ਬਿਜ਼ਨਸ ਵਿੱਚ ਹਮੇਸ਼ਾ ਚੰਗੀਆਂ ਗੱਲਾਂ ਲਈ ਪ੍ਰੇਰਿਤ ਕਰਦਾ ਅਤੇ ਸਮਾਂ ਆਊਣ ਤੇ ਮਦਦ ਲਈ ਵੀ ਤਿਆਰ ਰਹਿੰਦਾ।
ਅਦਾਰਾ ਪਰਵਾਸੀ ਵੱਲੋਂ ਅਸੀਂ ਉਸਨੂੰ ਨਿੱਘੀ ਸ਼ਰਧਾਂਜਲੀ ਪੇਸ਼ ਕਰਦੇ ਹਾਂ ਅਤੇ ਉਸ ਦੇ ਲਗਾਏ ‘ਮਾਸਟਰ ਵੈੱਬ’ ਨਾਮਕ ਬੂਟੇ (ਜੋ ਹੁਣ ਦਰਖ਼ਤ ਬਣ ਚੁੱਕਿਆ ਹੈ) ਦੀ ਲਗਾਤਾਰ ਕਾਮਯਾਬੀ ਲਈ ਅਰਦਾਸ ਵੀ ਕਰਦੇ ਹਾਂ।

RELATED ARTICLES
POPULAR POSTS