Breaking News
Home / ਨਜ਼ਰੀਆ / ਕ੍ਰਾਂਤੀਕਾਰੀਆਂ ਦੀ ਜ਼ਿੰਦਗੀ ਦੇ ਹਰ ਪੱਖ ‘ਤੇ ਨਜ਼ਰ ਰੱਖਦਾ ਸੀ ਬ੍ਰਿਟਿਸ਼ ਸਾਮਰਾਜ

ਕ੍ਰਾਂਤੀਕਾਰੀਆਂ ਦੀ ਜ਼ਿੰਦਗੀ ਦੇ ਹਰ ਪੱਖ ‘ਤੇ ਨਜ਼ਰ ਰੱਖਦਾ ਸੀ ਬ੍ਰਿਟਿਸ਼ ਸਾਮਰਾਜ

ਸ਼ਹੀਦੀ ਤੋਂ ਅੱਠ ਦਹਾਕਿਆਂ ਬਾਅਦ ਭਗਤ ਸਿੰਘ ਤੇ ਸਾਥੀਆਂ ਦੇ ਮੁਕੱਦਮੇ ਨਾਲ ਸਬੰਧਤ 160 ਫਾਈਲਾਂ ਨੂੰ ਨਸੀਬ ਹੋ ਸਕਦੀ ਹੈ ਰੌਸ਼ਨੀ
ਚੰਡੀਗੜ੍ਹ/ਬਿਊਰੋ ਨਿਊਜ਼ : ਬ੍ਰਿਟਿਸ਼ ਰਾਜ ਵਿੱਚ ਪੁਲਿਸ ਲਈ ਕ੍ਰਾਂਤੀਕਾਰੀਆਂ ਦੀ ਜ਼ਿੰਦਗੀ ਦਾ ਤਕਰੀਬਨ ਹਰ ਪੱਖ ਮਹੱਤਤਾ ਰੱਖਦਾ ਸੀ, ਜਿਵੇਂ ਕਿ ਉਹ ਕੀ ਖਾਂਦੇ ਹਨ? ਉਹ ਕਿਵੇਂ ਸਫ਼ਰ ਕਰਦੇ ਹਨ? ਉਹ ਕਿਥੇ ਰਹਿੰਦੇ ਤੇ ਪੜ੍ਹਦੇ ਹਨ? ਉਨ੍ਹਾਂ ਦੀ ਸ਼ਹੀਦੀ ਤੋਂ ਤਕਰੀਬਨ ਅੱਠ ਤੋਂ ਵੱਧ ਦਹਾਕਿਆਂ ਬਾਅਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੇ ਮੁਕੱਦਮੇ ਨਾਲ ਸਬੰਧਿਤ 160 ਫਾਈਲਾਂ ਨੂੰ ਅਖੀਰ ਰੌਸ਼ਨੀ ਨਸੀਬ ਹੋ ਸਕਦੀ ਹੈ। ਆਜ਼ਾਦੀ ਦੇ ਘੋਲ ਦੌਰਾਨ ਉੱਠੀ ਇਨਕਲਾਬੀ ਲਹਿਰ ਉਤੇ ਕੰਮ ਕਰ ਰਹੀ ਇਕ ਇਤਿਹਾਸਕਾਰ ਨੇ ਲਾਹੌਰ ਵਿੱਚ ਪਈਆਂ ਇਨ੍ਹਾਂ ਫਾਈਲਾਂ ਤੱਕ ਪਹਿਲੀ ਵਾਰ ਪਹੁੰਚ ਕੀਤੀ ਹੈ। ਜ਼ਿਆਦਾਤਰ ਫਾਈਲਾਂ ਦਾ ਸਿਰਲੇਖ ‘ਲਾਹੌਰ ਸਾਜ਼ਿਸ਼ ਕੇਸ 1929’ ਹੈ। ਵਿਸ਼ੇਸ਼ ਟ੍ਰਿਬਿਊਨਲ ਦੀ ਕਾਰਵਾਈ, ਅਦਾਲਤ ਵਿੱਚ ਪੇਸ਼ ਕੀਤੀਆਂ ਵਸਤਾਂ ਅਤੇ ਫ਼ੈਸਲਾ ਪਹਿਲਾਂ ਹੀ ਜਨਤਕ ਹੋ ਚੁੱਕਾ ਹੈ। ਇਨ੍ਹਾਂ ਨਵੀਆਂ ਫਾਈਲਾਂ ਦੇ ਜਨਤਕ ਹੋਣ ਬਾਅਦ ਇਨਕਲਾਬੀ ਸੰਘਰਸ਼ ਦੇ ਕਈ ਅਣਗੌਲੇ ਪੱਖਾਂ ਅਤੇ ਸ਼ਹੀਦਾਂ ਦੀ ਜ਼ਿੰਦਗੀ ਉਤੇ ਚਾਨਣ ਪਵੇਗਾ। ਹਰਿਆਣਾ ਵਿੱਚ ਇਕ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਇਤਿਹਾਸ ਦੀ ਐਸੋਸੀਏਟ ਪ੍ਰੋਫੈਸਰ ਡਾ. ਅਪਰਨਾ ਵੈਦਿਕ ਨੇ ਕੁੱਝ ਸਮਾਂ ਪਹਿਲਾਂ ਆਪਣੀਆਂ ਲਾਹੌਰ ਦੀਆਂ ਦੋ ਫੇਰੀਆਂ ਸਮੇਂ ਜ਼ਿਆਦਾਤਰ ਫਾਈਲਾਂ ਤੱਕ ਪਹੁੰਚ ઠਕਰ ਲਈ ਸੀ ਅਤੇ ਉਹ ਇਸ ਸਬੰਧੀ ਇਕ ਕਿਤਾਬ ਉਤੇ ਕੰਮ ਕਰ ਰਹੀ ਹੈ। ਹਰੀਸ਼ ਜੈਨ, ਜੋ ਇਸ ਕਿਤਾਬ ਦੇ ਚੰਡੀਗੜ੍ਹ ਸਥਿਤ ਪ੍ਰਕਾਸ਼ਕ ਤੇ ਭਗਤ ਸਿੰਘ ਬਾਰੇ ਖੋਜਾਰਥੀ ਹਨ ਨਾਲ ਡਾ. ਅਪਰਣਾ ਨੇ ਇਹ ਜਾਣਕਾਰੀ ઠਸਾਂਝੀ ਕੀਤੀ ਹੈ। ਜੈਨ ਮੁਤਾਬਕ ਇਨ੍ਹਾਂ ਫਾਈਲਾਂ ਦਾ ਇਕ ਵੀ ਸਫ਼ਾ ਗਾਇਬ ਨਹੀਂ ਹੈ ਅਤੇ ਫਾਈਲਾਂ ਦਾ ਜ਼ਿਆਦਾਤਰ ਹਿੱਸਾ ਲੈਮੀਨੇਟ ਕੀਤਾ ਗਿਆ ਹੈ। ਲਗਦੈ ਕਿ ਹਾਲ ਹੀ ਵਿਚ ਇਨ੍ਹਾਂ ਨੂੰ ਸੁਰੱਖਿਅਤ ਕਰਨ ਲਈ ਇਹ ਯਤਨ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਕੁੱਝ ਫਾਈਲਾਂ ਵਿੱਚ ਕਿਸੇ ਵੀ ਵਿਅਕਤੀ ਵਿਸ਼ੇਸ਼ ਜਾਂ ਜਥੇਬੰਦੀ ਦੇ ਰੋਜ਼ਾਨਾ ਦੇ ਕੰਮ-ਕਾਜ ਦੇ ਵੇਰਵੇ ਹਨ, ਜਿਵੇਂ ਸਕੂਲ, ਕਾਲਜ, ਹੋਸਟਲ, ਲਾਇਬ੍ਰੇਰੀ ਅਤੇ ਇਥੋਂ ਤੱਕ ਕਿ ਧੋਬੀ, ਢਾਬਾ, ਦੋਧੀ, ਮਕਾਨ ਮਾਲਕ, ਰੇਲਵੇ, ਡਾਕਖਾਨਿਆਂ ਤੇ ਟਰਾਂਸਪੋਰਟ ਕੰਪਨੀਆਂ ਦਾ ਰਿਕਾਰਡ ਵੀ ਰੱਖਿਆ ਗਿਆ ਹੈ। ਇਹ ਸਭ ਪੰਜਾਬ, ਦਿੱਲੀ, ਯੂਪੀ, ਬਿਹਾਰ, ਬੰਗਾਲ ਅਤੇ ਮਹਾਰਾਸ਼ਟਰ ਵਿੱਚੋਂ ਜ਼ਬਤ ਕੀਤਾ ਗਿਆ ਸੀ ਅਤੇ ਇਨਕਲਾਬੀਆਂ ਖ਼ਿਲਾਫ਼ ਅਦਾਲਤ ਵਿੱਚ ਸਬੂਤ ਵਜੋਂ ਇਹ ਵੇਰਵੇ ਵਰਤੇ ਗਏ ਸਨ। ਜੈਨ ਨੇ ਕਿਹਾ, ‘ਇਹ ਦੇਖਣ ਨੂੰ ਤੁੱਛ ਵੇਰਵੇ ਲੱਗ ਸਕਦੇ ਹਨ ਜਿਸ ਵਿੱਚ ਇਨਕਲਾਬੀਆਂ ਦੀ ਸੰਜਮੀ ਨਿੱਜੀ ਜ਼ਿੰਦਗੀ, ਉਨ੍ਹਾਂ ਦੇ ਸਫ਼ਰ ਤੇ ਰਹਿਣ ਸਹਿਣ ਬਾਰੇ ਵੇਰਵੇ ਹਨ ਪਰ ਇਹ ਫਾਈਲਾਂ ਸ਼ਹੀਦਾਂ ਦੀ ਜ਼ਿੰਦਗੀ ਤੇ ਉਸ ਸਮੇਂ ਨੂੰ ਤਾਜ਼ਾ ਕਰਨ ਵਿੱਚ ਮਦਦ ਕਰ ਸਕਦੀਆਂ ਹਨ।’ ਇਨ੍ਹਾਂ ਫਾਈਲਾਂ ਵਿੱਚ ਡੀਏਵੀ ਕਾਲਜ, ਲਾਹੌਰ ਦੇ ਦਾਖ਼ਲਾ ਰਜਿਸਟਰ ਤੋਂ ਲੈ ਕੇ ਕੈਸ਼ ਬੁੱਕ ਅਤੇ ਦਵਾਰਕਾ ਦਾਸ ਲਾਇਬ੍ਰੇਰੀ ਦੇ ਕਿਤਾਬਾਂ ਜਾਰੀ ਕਰਨ ਵਾਲੇ ਰਜਿਸਟਰ ਬਾਰੇ ਵੇਰਵੇ ਸ਼ਾਮਲ ਹਨ। ਹੁਣ ਚੰਡੀਗੜ੍ਹ ਦੇ ਸੈਕਟਰ-15 ਵਿੱਚ ਸਥਿਤ ਦਵਾਰਕਾ ਦਾਸ ਲਾਇਬ੍ਰੇਰੀ, ਜੋ ਬਟਵਾਰੇ ਤੋਂ ਪਹਿਲਾਂ ਲਾਹੌਰ ਵਿੱਚ ਸੀ, ਵਿਚੋਂ ਭਗਤ ਸਿੰਘ ਤੇ ਉਸ ਦੇ ਸਾਥੀ ਅਕਸਰ ਕਿਤਾਬਾਂ ਲੈਂਦੇ ਰਹਿੰਦੇ ਸਨ। ਪੁਲਿਸ ਨੂੰ ਜਦੋਂ ਪਤਾ ਲੱਗਾ ਕਿ ਕਿਸ਼ੋਰੀ ਲਾਲ ਤੇ ਪ੍ਰੇਮ ਦੱਤ ਡੀਏਵੀ ਕਾਲਜ ਦੇ ਵਿਦਿਆਰਥੀ ਹਨ ਤਾਂ ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਕਾਲਜ ਦਾ ਰਿਕਾਰਡ ਵੀ ਜ਼ਬਤ ਕਰ ਲਿਆ, ਜੋ 14 ਤੇ 39 ਨੰਬਰ ਫਾਈਲਾਂ ਦੇ ਹਿੱਸੇ ਹਨ। ਬਟਵਾਰੇ ਬਾਅਦ ਡੀਏਵੀ ਕਾਲਜ ਵੀ ਚੰਡੀਗੜ੍ਹ ਆ ਗਿਆ। ਫਾਈਲ ਨੰਬਰ-52 ਵਿੱਚ ਬੰਬੇ ਸਾਈਕਲ ਐਂਡ ਮੋਟਰ ਏਜੰਸੀ ਲਿਮ. ਲਾਹੌਰ ਦਾ ਹਾਜ਼ਰੀ ਰਜਿਸਟਰ ਹੈ, ਜਿਥੇ ਉਹ ਡਰਾਈਵਿੰਗ ਸਿੱਖਦੇ ਸਨ।  ਪੁਲਿਸ ਵੱਲੋਂ ਇਨਕਲਾਬੀਆਂ ਦੇ ਰਿਹਾਇਸ਼ੀ ਸਥਾਨਾਂ ਬਾਰੇ ਵੀ ਪੜਤਾਲ ਕੀਤੀ ਜਾਂਦੀ ਸੀ। ਫਾਈਲ ਨੰਬਰ-111 ਤੋਂ 115 ਵਿੱਚ ਹਿੰਦੂ ਹੋਟਲ, ਲਾਹੌਰ ਤੇ ਸ਼ਰਮਾ ਹਿੰਦ ਹੋਟਲ ਫਿਰੋਜ਼ਪੁਰ ਦਾ ਰਿਕਾਰਡ ਵੀ ਹੈ। ਪੁਲਿਸ ਨੂੰ ਜਦੋਂ ਪਤਾ ਲੱਗਾ ਕਿ ਇਨਕਲਾਬੀ ਆਮ ਤੌਰ ‘ਤੇ ਰੇਲ ਵਿੱਚ ਸਫ਼ਰ ਕਰਦੇ ਹਨ ਤਾਂ ਉਨ੍ਹਾਂ ਨੇ ਈਸਟਰਨ ਇੰਡੀਅਨ ਰੇਲਵੇ, ਕਾਨਪੁਰ ਨਾਲ ਸਬੰਧਤ ਸਟੇਸ਼ਨਾਂ ਦੇ ਰਜਿਸਟਰ ਜ਼ਬਤ ਕਰ ਲਏ, ਜੋ ਹੁਣ 53 ਨੰਬਰ ਫਾਈਲ ਦਾ ਹਿੱਸਾ ਹਨ। ਇਨ੍ਹਾਂ ਫਾਈਲਾਂ ਤੋਂ ਇਨਕਲਾਬੀਆਂ ਦੀ ਸੰਜਮੀ ਤੇ ਤੋਟ ਵਾਲੀ ਜ਼ਿੰਦਗੀ ਦੀ ਝਲਕ ਮਿਲਦੀ ਹੈ। ਉਨ੍ਹਾਂ ਕੋਲ ਕਈ ਵਾਰ ਚੌਲ ਖਰੀਦਣ ਜੋਗੇ ਵੀ ਪੈਸੇ ਨਹੀਂ ਹੁੰਦੇ ਸਨ। ਉਹ ਉਧਾਰ ਚੀਜ਼ਾਂ ਖਰੀਦਦੇ ਸਨ। ਲਾਹੌਰ ਦੇ ਦੁਕਾਨਦਾਰ ਅਬਦੁਲ ਜੱਬਾਰ ਦੀ ਵਹੀ ਇਸ ਗੱਲ ਦੀ ਗਵਾਹੀ ਭਰਦੀ ਹੈ, ਜਿਸ ਨੂੰ ਅਦਾਲਤ ਵਿੱਚ ਸਬੂਤ ਵਜੋਂ ਪੇਸ਼ ਕੀਤਾ ਗਿਆ ਸੀ, ਜੋ 146 ਨੰਬਰ ਫਾਈਲ ਵਿੱਚ ਦਰਜ ਹੈ। ਇਨ੍ਹਾਂ 160 ਫਾਈਲਾਂ ਦਾ ਸਭ ਤੋਂ ਅਹਿਮ ਹਿੱਸਾ ਭਗਤ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਲਿਖੇ ਗਏ ਪੱਤਰ ਹਨ। ਇਹ ਪੱਤਰ ਅਦਾਲਤ ਅਤੇ ਵਿਸ਼ੇਸ਼ ਟ੍ਰਿਬਿਊਨਲ, ਪੁਲਿਸ ਆਦਿ ਨੂੰ ਲਿਖੇ ਗਏ ਸਨ।
ਲਾਹੌਰ ਸਾਜ਼ਿਸ਼ ਕੇਸ ਦੇ ਵੇਰਵੇ
ਲਾਹੌਰ ਸਾਜ਼ਿਸ਼ ਕੇਸ 10 ਜੁਲਾਈ, 1929 ਨੂੰ ਸ਼ੁਰੂ ਹੋਇਆ ਸੀ, ਜਿਸ ਵਿੱਚ ਭਗਤ ਸਿੰਘ ਤੇ 27 ਹੋਰ ਕ੍ਰਾਂਤੀਕਾਰੀ ਸ਼ਾਮਲ ਸਨ। ਉਨ੍ਹਾਂ ਉਤੇ ਗੋਰੇ ਪੁਲਿਸ ਅਫ਼ਸਰ ਜੌਹਨ ਪੀ ਸਾਂਡਰਸ ਦੇ ਕਤਲ ਦੀ ਕੋਸ਼ਿਸ਼, ਸਕਾਟ ਦੀ ਹੱਤਿਆ ਦੀ ਸਾਜ਼ਿਸ਼ ਅਤੇ ਬ੍ਰਿਟਿਸ਼ ਸਾਮਰਾਜ ਖ਼ਿਲਾਫ਼ ਜੰਗ ਛੇੜਨ ਦੇ ਦੋਸ਼ ਸਨ। 18 ਮੁਲਜ਼ਮਾਂ ਖ਼ਿਲਾਫ਼ ਵਿਸ਼ੇਸ਼ ਟ੍ਰਿਬਿਊਨਲ ਕਾਇਮ ਕੀਤਾ ਗਿਆ ਸੀ, ਜਿਸ ਨੇ 5 ਮਈ, 1930 ਨੂੰ ਮੁਕੱਦਮੇ ਦੀ ਸੁਣਵਾਈ ਤੇਜ਼ ਕੀਤੀ ਸੀ। ਇਸ ਟ੍ਰਿਬਿਊਨਲ ਨੇ 7 ਅਕਤੂਬਰ, 1930 ਨੂੰ ਸਾਂਡਰਸ ਦੀ ਹੱਤਿਆ ਵਿੱਚ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੀ ਸ਼ਮੂਲੀਅਤ ਸਿੱਧ ਕੀਤੀ ਸੀ। ਅਜੈ ਘੋਸ਼, ਜਤਿੰਦਰ ਨਾਥ ਸਾਨਿਆਲ ਅਤੇ ਦੇਸ ਰਾਜ ਨੂੰ ਬਰੀ ਕਰ ਦਿੱਤਾ ਗਿਆ ਸੀ। ਕੁੰਦਨ ਲਾਲ ਤੇ ਪ੍ਰੇਮ ਦੱਤ ਨੂੰ ਸੱਤ ਤੇ ਪੰਜ ਸਾਲ ਦੀ ਸਖ਼ਤ ਸਜ਼ਾ ਦਿੱਤੀ ਗਈ ਸੀ। ਬਾਕੀ ਸੱਤ ਇਨਕਲਾਬੀਆਂ ਕਿਸ਼ੋਰੀ ਲਾਲ, ਮਹਾਬੀਰ ਸਿੰਘ, ਬਿਜੋਏ ਕੁਮਾਰ ਸਿਨਹਾ, ਸ਼ਿਵ ਵਰਮਾ, ਗਯਾ ਪ੍ਰਸ਼ਾਦ, ਜੈ ਦੇਵ ਅਤੇ ਕਮਲਨਾਥ ਤਿਵਾੜੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਲਾਹੌਰ ਸਾਜ਼ਿਸ਼ ਕੇਸ: ਕ੍ਰਾਂਤੀਕਾਰੀਆਂ ਦਾ ਦਿਮਾਗ ਸੀ ਸੁਖਦੇਵ
ਚੰਡੀਗੜ੍ਹ : ‘ਸੁਖਦੇਵ ਪੁਰਾਣਾ ਕ੍ਰਾਂਤੀਕਾਰੀ ਹੈ। ਸਾਰੀ ਵਿਉਂਤਬੰਦੀ ਪਿਛੇ ਉਹ ਸੀ ਅਤੇ ਭਗਤ ਸਿੰਘ ਉਤੇ ਉਸ ਦਾ ਪ੍ਰਭਾਵ ਸੀ। ਉਸ ਨੇ ਇਸ ਸਾਜ਼ਿਸ਼ ਵਿੱਚ ਕਈ ਭਰਤੀਆਂ ਕੀਤੀਆਂ। ਉਹ ਸਰੀਰਕ ਤੌਰ ‘ਤੇ ਸਾਹਸੀ ਨਹੀਂ ਸੀ ਪਰ ਸਾਂਡਰਸ ਦੀ ਹੱਤਿਆ ਲਈ ਜ਼ਿੰਮੇਵਾਰ ਸੀ।’ ਲਾਹੌਰ ਸਾਜ਼ਿਸ਼ ਕੇਸ ਲਈ ਕਾਇਮ ਕੀਤੇ ਵਿਸ਼ੇਸ਼ ਟ੍ਰਿਬਿਊਨਲ ਦੇ ਮੁਖੀ ਜੀ ਸੀ ਹਿਲਟਨ ਨੇ ਸੁਖਦੇਵ ਬਾਰੇ ਇਹ ਟਿੱਪਣੀਆਂ ਕੀਤੀਆਂ ਸਨ। ਭਾਵੇਂ ਹਿਲਟਨ ਦੀਆਂ ਕੁੱਝ ਟਿੱਪਣੀਆਂ, ਜੋ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਫਾਂਸੀ ਵਾਲੇ ਕੇਸ ਦੇ ਅੰਤਿਮ ਹੁਕਮਾਂ ਵਿੱਚ ਸ਼ਾਮਲ ਕੀਤੀਆਂ ਗਈਆਂ ਸਨ, ਚੰਡੀਗੜ੍ਹ ਰਹਿੰਦੇ ਇਤਿਹਾਸਕਾਰ ਮਲਵਿੰਦਰਜੀਤ ਸਿੰਘ ਵੜੈਚ ਅਤੇ ਹਰੀਸ਼ ਜੈਨ ਨੇ ਆਪਣੀਆਂ ਕਿਤਾਬਾਂ ਦੀ ਲੜੀ ‘ਦਿ ਹੈਂਗਿੰਗ ਆਫ ਭਗਤ ਸਿੰਘ’ ਵਿੱਚ ਜਨਤਕ ਕਰ ਦਿੱਤੀਆਂ ਸਨ। ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਟਿੱਪਣੀਆਂ ਅਧਿਕਾਰਤ ਰਿਕਾਰਡ ਦਾ ਹਿੱਸਾ ਹਨ। ઠ ਇਹ ਫਾਈਲ ਨੰਬਰ 64-99- ‘ਮੈਨੂਸਕਰਿਪਟ ਨੋਟਸ ਆਫ ਦਿ ਆਨਰਏਬਲ ਪ੍ਰੈਜ਼ੀਡੈਂਟ ਮਿਸਟਰ ਜਸਟਿਸ ਹਿਲਟਨ ਐਂਡਿੰਗ ਆਨ 7/10/30’ ਦਾ ਹਿੱਸਾ ਹਨ ਅਤੇ ਪੰਜਾਬ ਪੁਰਾਤੱਤਵ, ਲਾਹੌਰ ਵਿੱਚ ਪਈਆਂ 160 ਫਾਈਲਾਂ ਵਿੱਚੋਂ ਇਕ ਹੈ। ਹਰਿਆਣਾ ਦੀ ਇਕ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਇਤਿਹਾਸ ਦੀ ਐਸੋਸੀਏਟ ਪ੍ਰੋਫੈਸਰ ਡਾ. ਅਪਰਨਾ ਵੈਦਿਕ ਨੇ ਇਨ੍ਹਾਂ ਫਾਈਲਾਂ ਤਕ ਪਹਿਲੀ ਵਾਰ ਪਹੁੰਚ ਕੀਤੀ ਹੈ। ਹਿਲਟਨ ਦੀਆਂ ਟਿੱਪਣੀਆਂ ਦੇ 1042 ਸਫੇ ਹਨ। ਹਿਲਟਨ ਨੇ ਲਿਖਿਆ ਹੈ ਕਿ ਪੰਜਾਬ ਵਿੱਚ ਦੋ ਆਗੂਆਂ ਵਿੱਚੋਂ ਇਕ, ‘ਸੁਖਦੇਵ ਦਾ ਭਗਤ ਸਿੰਘ ਉਤੇ ਬਹੁਤ ਜ਼ਿਆਦਾ ਪ੍ਰਭਾਵ ਸੀ। ਸੁਖਦੇਵ ਦਿਮਾਗ ਹੈ, ਭਗਤ ਸਿੰਘ ਸੱਜੀ ਬਾਂਹ ਹੈ। ਭਗਤ ਸਿੰਘ ਰਾਵਲਪਿੰਡੀ ਤੋਂ ਕਲਕੱਤਾ ਤੱਕ ਹਰ ਜਗ੍ਹਾ ਅਤੇ ਹਰੇਕ ਯੋਜਨਾ ‘ਚ ਸ਼ਾਮਲ ਸੀ। ਸਾਂਡਰਸ ਦੀ ਮੌਤ ਦੀ ਸਾਜ਼ਿਸ਼ ਵਿੱਚ ਮੋਹਰੀ ਭੂਮਿਕਾ ਉਸ ਖ਼ਿਲਾਫ਼ ਮੁੱਖ ਦੋਸ਼ ਹੈ।’ ਇਹ ਟਿੱਪਣੀਆਂ ਅੰਤਿਮ ਹੁਕਮਾਂ ਦਾ ਹਿੱਸਾ ਹਨ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …