Home / ਭਾਰਤ / ਲਾਲ ਕਿਲ੍ਹੇ ਤੋਂ ਪੰਜਵੀਂ ਵਾਰ ਤਿਰੰਗਾ ਲਹਿਰਾ ਕੇ ਨਰਿੰਦਰ ਮੋਦੀ ਨੇ ਕੀਤੀ ਰਾਜੀਵ ਗਾਂਧੀ ਤੇ ਨਰਸਿਮ੍ਹਾ ਰਾਓ ਦੀ ਬਰਾਬਰੀ

ਲਾਲ ਕਿਲ੍ਹੇ ਤੋਂ ਪੰਜਵੀਂ ਵਾਰ ਤਿਰੰਗਾ ਲਹਿਰਾ ਕੇ ਨਰਿੰਦਰ ਮੋਦੀ ਨੇ ਕੀਤੀ ਰਾਜੀਵ ਗਾਂਧੀ ਤੇ ਨਰਸਿਮ੍ਹਾ ਰਾਓ ਦੀ ਬਰਾਬਰੀ

82 ਮਿੰਟ ਦਾ ਭਾਸ਼ਣ
ਮੋਦੀ ਭਾਸ਼ਣਬਾਜ਼ੀ ‘ਚ ਨੰਬਰ ਵੰਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ 72ਵੇਂ ਅਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਤੋਂ ਪੰਜਵੀਂ ਵਾਰ ਤਿਰੰਗਾ ਲਹਿਰਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜੀਵ ਗਾਂਧੀ ਅਤੇ ਨਰਸਿਮ੍ਹਾ ਰਾਓ ਦੀ ਬਰਾਬਰੀ ਕਰ ਲਈ ਹੈ। ਤਿਰੰਗਾ ਲਹਿਰਾਉਣ ਵਿਚ ਨੰਬਰ 1 ‘ਤੇ ਜਿੱਥੇ (17 ਵਾਰ) ਜਵਾਹਰ ਲਾਲ ਨਹਿਰੂ ਹਨ, ਉਥੇ ਹੀ ਭਾਸ਼ਣਬਾਜ਼ੀ ਵਿਚ ਨਰਿੰਦਰ ਮੋਦੀ ਨੇ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਜ਼ਿਕਰਯੋਗ ਹੈ ਕਿ 15 ਅਗਸਤ 1947 ਨੂੰ ਲਾਲ ਕਿਲ੍ਹੇ ਦੀ ਫਸੀਲ ਤੋਂ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ 72 ਮਿੰਟ ਦਾ ਭਾਸ਼ਣ ਦਿੱਤਾ ਸੀ। ਪਰ ਨਰਿੰਦਰ ਮੋਦੀ ਨੇ ਸੰਨ 2015 ਵਿਚ 86 ਮਿੰਟ ਦਾ ਭਾਸ਼ਣ ਦੇ ਕੇ ਇਹ ਰਿਕਾਰਡ ਤੋੜ ਦਿੱਤਾ। ਹੁਣ ਤੱਕ ਲਾਲ ਕਿਲ੍ਹੇ ਤੋਂ ਦਿੱਤੇ ਪੰਜ ਭਾਸ਼ਣਾਂ ਵਿਚ ਨਰਿੰਦਰ ਮੋਦੀ ਨੇ ਅਗਲੇ ਹੀ ਸਾਲ 2016 ਵਿਚ ਆਪਣਾ ਹੀ ਰਿਕਾਰਡ ਤੋੜਦਿਆਂ 96 ਮਿੰਟ ਦਾ ਭਾਸ਼ਣ ਦਿੱਤਾ। ਜਦੋਂਕਿ ਪਹਿਲੀ ਵਾਰ 2014 ਵਿਚ ਉਹ 65 ਮਿੰਟ ਬੋਲੇ ਸਨ। ਇਸੇ ਪ੍ਰਕਾਰ ਸੰਨ 2017 ਵਿਚ ਮੋਦੀ ਨੇ 56 ਮਿੰਟ ਦਾ ਅਤੇ ਹੁਣ ਆਪਣੇ ਕਾਰਜਕਾਲ ਦੇ ਇਸ ਆਖਰੀ ਅਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ 82 ਮਿੰਟੇ ਬੋਲੇ। ਜੇਕਰ ਭਾਸ਼ਣਬਾਜ਼ੀ ਵਿਚ ਡਾ. ਮਨਮੋਹਨ ਸਿੰਘ ਦੀ ਗੱਲ ਕਰਨੀ ਹੋਵੇ ਤਾਂ ਉਹ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਲਾਲ ਕਿਲ੍ਹੇ ਤੋਂ ਜ਼ਿਆਦਾਤਰ 30 ਤੋਂ 45 ਮਿੰਟ ਹੀ ਬੋਲੇ। ਦੋ ਕੁ ਵਾਰ ਅਜਿਹਾ ਮੌਕਾ ਵੀ ਆਇਆ ਕਿ ਉਨ੍ਹਾਂ ਲਾਲ ਕਿਲ੍ਹੇ ਦੀ ਫਸੀਲ ਤੋਂ ਵੱਡੇ ਤੋਂ ਵੱਡਾ ਭਾਸ਼ਣ 50 ਕੁ ਮਿੰਟ ਦਾ ਹੀ ਦਿੱਤਾ ਤੇ ਜੇਕਰ ਤਿਰੰਗਾ ਲਹਿਰਾਉਣ ਦੀ ਗੱਲ ਕੀਤੀ ਜਾਵੇ ਤਾਂ ਜਵਾਹਰ ਲਾਲ ਨਹਿਰੂ ਨੇ 17ਵਾਰ, ਇੰਦਰਾ ਗਾਂਧੀ ਨੇ 16 ਵਾਰ, ਡਾ. ਮਨਮੋਹਨ ਸਿੰਘ ਨੇ 10 ਵਾਰ ਅਤੇ ਅਟਲ ਬਿਹਾਰੀ ਵਾਜਪਾਈ ਨੇ 6 ਵਾਰ ਲਾਲ ਕਿਲ੍ਹੇ ਤੋਂ ਤਿਰੰਗਾ ਲਹਿਰਾਇਆ ਹੈ। ਇਸ ਤੋਂ ਬਾਅਦ ਰਾਜੀਵ ਗਾਂਧੀ, ਨਰਸਿਮ੍ਹਾ ਰਾਓ ਅਤੇ ਨਰਿੰਦਰ ਮੋਦੀ ਨੇ 5-5 ਵਾਰ ਤਿਰੰਗਾ ਲਹਿਰਾਉਣ ਦਾ ਫਰਜ਼ ਅਦਾ ਕੀਤਾ। ਜ਼ਿਕਰਯੋਗ ਹੈ ਕਿ ਗੁਲਜ਼ਾਰੀ ਲਾਲ ਨੰਦਾ ਅਤੇ ਚੰਦਰ ਸ਼ੇਖਰ ਭਾਰਤ ਦੇ ਅਜਿਹੇ ਪ੍ਰਧਾਨ ਮੰਤਰੀ ਬਣੇ ਜਿਨ੍ਹਾਂ ਦੇ ਹਿੱਸੇ ਇਕ ਵਾਰ ਵੀ ਲਾਲ ਕਿਲ੍ਹੇ ਤੋਂ ਤਿਰੰਗਾ ਲਹਿਰਾਉਣਾ ਨਹੀਂ ਆਇਆ।
ਅਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਤੋਂ ਦਿੱਤੇ ਆਪਣੇ ਕਾਰਜਕਾਲ ਦੇ ਆਖਰੀ ਭਾਸ਼ਣ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 82 ਮਿੰਟ ਦੇ ਭਾਸ਼ਣ ਵਿਚੋਂ 40 ਮਿੰਟ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਾਉਣ ਵਿਚ ਲੰਘਾਏ। ਉਨ੍ਹਾਂ ਦਾ ਸਮੁੱਚਾ ਭਾਸ਼ਣ ਚੁਣਾਵੀ ਭਾਸ਼ਣ ਵਰਗਾ ਸੀ। ਇੰਝ ਲੱਗ ਰਿਹਾ ਸੀ ਜਿਵੇਂ ਨਰਿੰਦਰ ਮੋਦੀ ਜਿਵੇਂ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਹੋਣ। ਉਨ੍ਹਾਂ ਆਪਣੇ ਭਾਸ਼ਣ ਵਿਚ ਕਾਂਗਰਸ ਦਾ ਨਾਂ ਲਏ ਬਿਨਾ ਉਸ ‘ਤੇ ਜਮ ਕੇ ਤਨਜ ਕਸੇ ਤੇ ਕਿਹਾ ਕਿ 1947 ਤੋਂ ਲੈ ਕੇ 2012 ਤੱਕ ਭਾਰਤ ਬੜੀ ਮੱਠੀ ਰਫਤਾਰ ਨਾਲ ਤੁਰ ਰਿਹਾ ਤੇ 2013 ਤੋਂ ਬਾਅਦ ਹੁਣ ਇਹ ਭੱਜਣ ਲੱਗਾ। ਆਪਣੇ ਭਾਸ਼ਣ ਵਿਚ ਉਨ੍ਹਾਂ ਤਿੰਨ ਮੁੱਖ ਗੱਲਾਂ ਛੋਹੀਆਂ ਪਹਿਲੀ ਤਾਂ ਸੀ ਸੰਨ 2022 ਵਿਚ ਭਾਰਤ ਪੁਲਾੜ ਵਿਚ ਮਾਨਵ ਮਿਸ਼ਨ ਭੇਜਣ ਵਾਲਾ ਦੁਨੀਆ ਦਾ ਚੌਥਾ ਮੁਲਕ ਬਣ ਜਾਵੇਗਾ। ਦੂਜਾ ਨੁਕਤਾ ਸੀ ਕਿ ਹਥਿਆਰਬੰਦ ਸੁਰੱਖਿਆ ਦਸਤਿਆਂ ਵਿਚ ਸ਼ਾਮਲ ਬੀਬੀਆਂ ਨੂੰ ਮਰਦਾਂ ਦੇ ਬਰਾਬਰ ਪਗਾਰ ਤੇ ਭੱਤੇ ਮਿਲਣਗੇ ਅਤੇ ਤੀਜਾ ਨੁਕਤਾ ਪੁਰਾਣਾ ਸੀ ਜੋ ਅਰੁਣ ਜੇਤਲੀ ਆਪਣੇ ਬਜਟ ਵਿਚ ਵੀ ਐਲਾਨ ਚੁੱਕੇ ਸਨ ਕਿ ਸਤੰਬਰ ਮਹੀਨੇ ਤੋਂ ਭਾਰਤ ਦੇ 10 ਕਰੋੜ ਗਰੀਬ ਪਰਿਵਰਾਂ ਨੂੰ ਪੰਜ ਲੱਖ ਰੁਪਏ ਤੱਕ ਦਾ ਮੁਫ਼ਤ ਸਿਹਤ ਬੀਮਾ ਮਿਲੇਗਾ। ਆਪਣੇ ਭਾਸ਼ਣ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਜਿੱਥੇ ਜੀਐਸਟੀ, ਰਸੋਈ ਗੈਸ, ਪਿੰਡਾਂ ‘ਚ ਬਿਜਲੀ ਤੇ ਦੇਸ਼ ਭਰ ਵਿਚ ਪਖਾਨੇ ਬਣਾਉਣ ਵਰਗੇ ਕੰਮਾਂ ਨੂੰ ਵੱਡੀ ਉਪਲਬਧੀ ਗਿਣਾਇਆ, ਉਥੇ ਤਿੰਨ ਤਲਾਕ ਦੇ ਮਾਮਲੇ ਵਿਚ ਮੁਸਲਿਮ ਮਹਿਲਾਵਾਂ ਨੂੰ ਮੁਕਤੀ ਦਿਵਾਉਣ ਦਾ ਵਾਅਦਾ ਫਿਰ ਦੁਹਰਾਇਆ ਤੇ ਬਲਾਤਕਾਰੀਆਂ ਨੂੰ ਸੁਪਰੀਮ ਕੋਰਟ ਵੱਲੋਂ ਸੁਣਾਈਆਂ ਗਈਆਂ ਫਾਂਸੀ ਦੀਆਂ ਸਜ਼ਾਵਾਂ ਨੂੰ ਵੀ ਆਪਣੇ ਖਾਤੇ ਵਿਚ ਸ਼ਾਮਲ ਕੀਤਾ ਤੇ ਕਸ਼ਮੀਰ ਦਾ ਮੁੱਦਾ ਛੋਹਦਿਆਂ ਉਨ੍ਹਾਂ ਸੰਕੇਤਕ ਤੌਰ ‘ਤੇ ਸਮੁੱਚਾ ਭਾਸ਼ਣ 2019 ਦੀਆਂ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਦਿੱਤਾ ਤੇ ਬੋਲਣ ਦੇ ਮਾਮਲੇ ਵਿਚ ਨਵੇਂ ਮੀਲ ਪੱਥਰ ਸਥਾਪਤ ਕਰਦਿਆਂ ਭਾਸ਼ਣਬਾਜ਼ੀ ਵਿਚ ਨਰਿੰਦਰ ਮੋਦੀ ਦੇਸ਼ ਦੇ ਨੰਬਰ ਵੰਨ ਪ੍ਰਧਾਨ ਮੰਤਰੀ ਬਣ ਗਏ ਹਨ।

Check Also

ਭਵਿੱਖ ਨੂੰ ਧੁੰਦਲਾ ਹੋਣ ਤੋਂ ਬਚਾਉਣ ਲਈ ਅੱਗੇ ਆਈਆਂ ਬੀਬੀਆਂ

ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੀ ਮਾਰ ਨੂੰ ਸਮਝਦੇ …