ਕਿਹਾ : ਅਗਲੇ 25 ਸਾਲਾਂ ‘ਚ ਭਾਰਤ ਦਾ ਵਿਕਾਸ ਸਾਫ, ਟਿਕਾਊ ਤੇ ਭਰੋਸੇਮੰਦ ਹੋਵੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਥਿਕ ਸੁਧਾਰ ਅਤੇ ਕਾਰੋਬਾਰ ਕਰਨ ਨੂੰ ਆਸਾਨ ਬਣਾਉਣ ਦੀ ਭਾਰਤ ਦੀ ਪ੍ਰਤੀਬੱਧਤਾ ਦਾ ਹਵਾਲਾ ਦਿੰਦੇ ਹੋਏ ਜ਼ੋਰ ਦਿੱਤਾ ਕਿ ਹੁਣ ਦੇਸ਼ ‘ਚ ਨਿਵੇਸ਼ ਕਰਨ ਦਾ ਚੰਗਾ ਮੌਕਾ ਹੈ ਕਿਉਂਕਿ ਨੀਤੀ ਨਿਰਧਾਰਨ ਅਗਲੇ 25 ਸਾਲਾਂ ਲਈ ਸਵੱਛ, ਟਿਕਾਊ ਅਤੇ ਭਰੋਸੇਯੋਗ ਵਿਕਾਸ ਸਮੇਂ ਲਈ ਜ਼ਰੂਰਤਾਂ ‘ਤੇ ਕੇਂਦਰਤ ਹੈ।
ਵਿਸ਼ਵ ਆਰਥਿਕ ਮੰਚ ਦੇ ਆਨਲਾਈਨ ਹੋਏ ਦਾਵੋਸ ਏਜੰਡਾ ਸਿਖਰ ਸੰਮੇਲਨ ਦੇ ਵਿਸ਼ੇਸ਼ ਸੰਬੋਧਨ ‘ਚ ਨਰਿੰਦਰ ਮੋਦੀ ਨੇ ਇਸ ਗੱਲ ‘ਤੇ ਜ਼ੋਰ ਦੇਣ ਲਈ ਆਪਣੀ ਸਰਕਾਰ ਵਲੋਂ ਕੀਤੇ ਗਏ ਕਈ ਸੁਧਾਰਕ ਉਪਾਵਾਂ ਬਾਰੇ ਦੱਸਿਆ ਕਿ ਇਸ ਨੇ ਕਈ ਖੇਤਰਾਂ ਨੂੰ ਕੰਟਰੋਲ ਮੁਕਤ ਕਰਕੇ ਕਾਰੋਬਾਰ ‘ਚ ਪ੍ਰਸ਼ਾਸਨ ਦੇ ਦਖ਼ਲ ਨੂੰ ਘੱਟ ਕਰਨ ਅਤੇ ਵੱਖ-ਵੱਖ ਦੇਸ਼ਾਂ ਦੇ ਨਾਲ ਮੁਕਤ ਵਪਾਰ ਸਮਝੌਤਿਆਂ ਦਾ ਰਸਤਾ ਸਾਫ਼ ਕਰਨ ਦਾ ਕੰਮ ਕੀਤਾ ਹੈ। ਇਹ ਕਹਿੰਦਿਆਂ ਕਿ ਭਾਰਤ ਕਦੇ ਲਾਇਸੰਸ ਰਾਜ ਨਾਲ ਜੁੜਿਆ ਸੀ, ਉਨ੍ਹਾਂ ਨੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਕਾਰਪੋਰੇਟ ਕਰ ‘ਚ ਕਮੀ ਲਿਆਉਣ ਅਤੇ 25000 ਤੋਂ ਜ਼ਿਆਦਾ ਅਨੁਪਾਲਨ ਜ਼ਰੂਰਤਾਂ ਨੂੰ ਦੂਰ ਕਰਨ ਸਮੇਤ ਕੀਤੇ ਉਪਾਵਾਂ ਬਾਰੇ ਦੱਸਿਆ। ਉਨ੍ਹਾਂ ਨੇ ਕ੍ਰਿਪਟੋਕਰੰਸੀ ਸਮੇਤ ਵਿਸ਼ਵ ਸਾਹਮਣੇ ਆਉਣ ਵਾਲੀਆਂ ਕਈ ਨਵੀਆਂ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਉਹ ਸਾਰੇ ਦੇਸ਼ਾਂ ਨੂੰ ਮਿਲ ਕੇ ਕਾਰਵਾਈ ਕਰਨ ਦਾ ਸੱਦਾ ਦਿੰਦੇ ਹਨ ਕਿਉਂਕਿ ਕਿਸੇ ਇਕ ਦੇਸ਼ ਵਲੋਂ ਕੀਤੇ ਉਪਾਅ ਨਾਕਾਫੀ ਹੋ ਸਕਦੇ ਹਨ। ਇਸ ਦੇ ਇਲਾਵਾ ਉਨ੍ਹਾਂ ਨੇ ਮਹਿੰਗਾਈ ਤੇ ਜਲਵਾਯੂ ਤਬਦੀਲੀ ਵਰਗੀਆਂ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਨੌਜਵਾਨਾਂ ‘ਚ ਅੱਜ ਉਦਮਤਾ ਇਕ ਨਵੀਂ ਉਚਾਈ ‘ਤੇ ਹੈ। ਇਸ ਦਾ ਨਜ਼ਾਰਾ ਇਥੇ ਸਟਾਰਟਅੱਪ ਦੀ ਗਿਣਤੀ ਤੋਂ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀਆਂ ‘ਚ ਨਵੀਨਤਾ ਦੀ, ਨਵੀਂ ਤਕਨੀਕ ਨੂੰ ਅਪਡੇਟ ਕਰਨ ਦੀ ਜੋ ਸਮਰੱਥਾ ਹੈ, ਉਦਮਤਾ ਦੀ ਜੋ ਭਾਵਨਾ ਹੈ, ਉਹ ਸਾਡੇ ਹਰ ਕੌਮਾਂਤਰੀ ਭਾਈਵਾਲ ਨੂੰ ਨਵੀਂ ਊਰਜਾ ਦੇ ਸਕਦੀ ਹੈ।
ਉਨ੍ਹਾਂ ਕਿਹਾ ਕਿ ਭਾਰਤ ‘ਚ ਨਿਵੇਸ਼ ਦਾ ਸਭ ਤੋਂ ਵਧੀਆ ਮੌਕਾ ਹੈ। ਉਨ੍ਹਾਂ ਕਿਹਾ ਕਿ 2014 ‘ਚ ਭਾਰਤ ‘ਚ ਕੁਝ ਸੌ ਰਜਿਸਟਰਡ ਸਟਾਰਟਅੱਪ ਸੀ। ਉਥੇ ਅੱਜ ਇਨ੍ਹਾਂ ਦੀ ਗਿਣਤੀ 60 ਹਜ਼ਾਰ ਦੇ ਪਾਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ‘ਚ ਸਭ ਨੇ ਦੇਖਿਆ ਕਿ ਕਿਸ ਤਰਾਂ ਭਾਰਤ ਨੇ ‘ਵੰਨ ਅਰਥ, ਵੰਨ ਹੈਲਥ’ ਦੇ ਦ੍ਰਿਸ਼ਟੀਕੋਣ ‘ਤੇ ਚੱਲਦੇ ਹੋਏ ਸਾਰਿਆਂ ਦੀ ਮਦਦ ਕੀਤੀ।