Breaking News
Home / ਭਾਰਤ / ਕੇਂਦਰ ਵਲੋਂ ਸੂਬਿਆਂ ਨੂੰ ਕਰੋਨਾ ਟੈਸਟਿੰਗ ਵਧਾਉਣ ਦੇ ਨਿਰਦੇਸ਼

ਕੇਂਦਰ ਵਲੋਂ ਸੂਬਿਆਂ ਨੂੰ ਕਰੋਨਾ ਟੈਸਟਿੰਗ ਵਧਾਉਣ ਦੇ ਨਿਰਦੇਸ਼

ਟੈਸਟਿੰਗ ਨੂੰ ਕਰੋਨਾ ਨਾਲ ਨਜਿੱਠਣ ਲਈ ਸਭ ਤੋਂ ਅਹਿਮ ਤੱਤ ਦੱਸਿਆ
ਨਵੀਂ ਦਿੱਲੀ : ਭਾਰਤ ਦੇ ਕਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਕਰੋਨਾਵਾਇਰਸ ਦੀ ਟੈਸਟਿੰਗ ਘਟਣ ‘ਤੇ ਚਿੰਤਾ ਜ਼ਾਹਿਰ ਕਰਦਿਆਂ ਕੇਂਦਰ ਨੇ ਕਿਹਾ ਕਿ ਟੈਸਟਿੰਗ ਵਧਾਈ ਜਾਵੇ ਤਾਂ ਜੋ ਮਹਾਮਾਰੀ ਖਿਲਾਫ ਚੱਲ ਰਹੀ ਜੰਗ ਪ੍ਰਭਾਵਸ਼ਾਲੀ ਢੰਗ ਨਾਲ ਜਾਰੀ ਰੱਖੀ ਜਾ ਸਕੇ ਤੇ ਲੋਕਾਂ ਦੀ ਜਾਨ ਦੀ ਰਾਖੀ ਲਈ ਜ਼ਰੂਰੀ ਕਦਮ ਚੁੱਕੇ ਜਾ ਸਕਣ। ਰਾਜਾਂ ਤੇ ਯੂਟੀਜ਼ ਨੂੰ ਲਿਖੇ ਪੱਤਰ ‘ਚ ਕੇਂਦਰੀ ਸਿਹਤ ਮੰਤਰਾਲੇ ਦੀ ਵਧੀਕ ਸਕੱਤਰ ਅਤਰੀ ਆਹੂਜਾ ਨੇ ਸਲਾਹ ਦਿੱਤੀ ਕਿ ਇਸ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤੇ ਕੁਝ ਖਾਸ ਇਲਾਕਿਆਂ ‘ਚ ਕੇਸਾਂ ਦੀ ਸਕਾਰਾਤਮਕ ਦਰ ਵਧਣ ਨੂੰ ਧਿਆਨ ‘ਚ ਰਖਦਿਆਂ ਟੈਸਟਿੰਗ ‘ਚ ਵਾਧਾ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ‘ਚ ਇਸ ਸਮੇਂ ਓਮੀਕਰੋਨ ਤੇਜ਼ੀ ਨਾਲ ਫੈਲ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਜਾਰੀ ਕੀਤੇ ਗਏ ਪੱਤਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਰੋਨਾ ਖਿਲਾਫ ਜੰਗ ‘ਚ ਟੈਸਟਿੰਗ ਅਹਿਮ ਤੱਤ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਆਈਸੀਐੱਮਆਰ ਪੋਰਟਲ ‘ਤੇ ਮੁਹੱਈਆ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਕਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਕਰੋਨਾ ਦੀ ਟੈਸਟਿੰਗ ਘਟੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਵੱਲੋਂ 10 ਜਨਵਰੀ ਅਤੇ ਇਸ ਤੋਂ ਪਹਿਲਾਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਸਮੇਤ ਕਰੋਨਾ ਨਾਲ ਨਜਿੱਠਣ ਲਈ ਵੱਧ ਤੋਂ ਵੱਧ ਟੈਸਟਿੰਗ ਬੁਨਿਆਦੀ ਤੱਤ ਹੈ। ਇਸ ਲਈ ਵੱਧ ਤੋਂ ਵੱਧ ਟੈਸਟਿੰਗ ‘ਤੇ ਜ਼ੋਰ ਦਿੱਤਾ ਜਾਵੇ। ਇਸ ਨਾਲ ਨਵੇਂ ਕੇਸਾਂ ਦਾ ਜਲਦੀ ਪਤਾ ਲੱਗਦਾ ਹੈ ਤੇ ਨਾਲ ਹੀ ਵੱਧ ਜੋਖਮ ਵਾਲੀਆਂ ਥਾਵਾਂ ਨੂੰ ਕੰਟੇਨਮੈਂਟ ਜ਼ੋਨ ‘ਚ ਤਬਦੀਲ ਕੀਤਾ ਜਾ ਸਕਦਾ ਹੈ।

 

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …