ਅਮਰੀਕਾ ਵਿਚ ਰਨਬੈਕਸੀ ਖਿਲਾਫ਼ ਚਲ ਰਹੀ ਜਾਂਚ ਨੂੰ ਛੁਪਾਉਣ ਦਾ ਸੀ ਦੋਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਜਾਪਾਨ ਦੀ ਕੰਪਨੀ ਦਾਇਚੀ ਸੈਂਕੀਓ ਨੇ ਦਾਅਵਾ ਕੀਤਾ ਕਿ ਸਿੰਗਾਪੁਰ ਵਿਚ ਸਾਲਸੀ ਅਦਾਲਤ ਨੇ ਰਨਬੈਕਸੀ ਦੇ ਸਾਬਕਾ ਸਰਪ੍ਰਸਤਾਂ (ਪ੍ਰੋਮੋਟਰਾਂ) ਮਾਲਵਿੰਦਰ ਮੋਹਨ ਸਿੰਘ ਅਤੇ ਸ਼ਵਿੰਦਰ ਮੋਹਨ ਸਿੰਘ ਨੂੰ ਤੱਥਾਂ ਨੂੰ ਛੁਪਾਉਣ ਬਦਲੇ 2562 ਕਰੋੜ ਰੁਪਏ ਨਹੀਂ ਸਗੋਂ 3500 ਕਰੋੜ ਰੁਪਏ ਜੁਰਮਾਨਾ ਕੀਤਾ ਹੈ। ਕੰਪਨੀ ਵਲੋਂ ਜਾਰੀ ਬਿਆਨ ਮੁਤਾਬਕ ਇਸ ਰਕਮ ਵਿਚ ਵਕੀਲ ਦੀ ਫੀਸ, ਮੁਕੱਦਮੇ ਦੀ ਲਾਗਤ ਅਤੇ ਦੂਸਰੇ ਖਰਚੇ ਸ਼ਾਮਿਲ ਹਨ। ਕੰਪਨੀ ਨੇ ਦੋਸ਼ ਲਾਇਆ ਕਿ ਸਿੰਘ ਭਰਾਵਾਂ ਨੇ ਜੁਰਮਾਨੇ ਬਾਰੇ ਇਨ੍ਹਾਂ ਸਾਰੇ ਖਰਚਿਆਂ ਨੂੰ ਘਟਾ ਕੇ ਦੱਸਿਆ ਹੈ। ਸਿੰਗਪੁਰ ਦੀ ਸਾਲਸੀ ਅਦਾਲਤ ਵਿਚ ਕੇਸ ਦਾਇਰ ਕਰਦੇ ਹੋਏ ਦਾਇਚੀ ਨੇ ਦੋਸ਼ ਲਾਇਆ ਸੀ ਕਿ 2008 ਵਿਚ ਜਦੋਂ ਉਸ ਨੇ ਰਨਬੈਕਸੀ ‘ਚ ਵੱਡੀ ਹਿੱਸੇਦਾਰੀ ਖਰੀਦੀ ਸੀ ਤਾਂ ਦੋਵੇਂ ਭਰਾਵਾਂ ਨੇ ਤੱਥਾਂ ਨੂੰ ਛੁਪਾਇਆ ਸੀ ਅਤੇ ਗਲਤ ਜਾਣਕਾਰੀ ਦਿੱਤੀ ਸੀ।
ਅਦਾਲਤ ਨੇ ਕਿਹਾ ਕਿ ਸਿੰਘ ਭਰਾਵਾਂ ਨੇ ਸੌਦੇ ਸਮੇਂ ਦਾਇਚੀ ਨੂੰ ਇਹ ਨਹੀਂ ਦੱਸਿਆ ਕਿ ਅਮਰੀਕਾ ਦਾ ਨਿਆਂ ਵਿਭਾਗ ਅਤੇ ਖੁਰਾਕ ਅਤੇ ਦਵਾਈਆਂ ਬਾਰੇ ਪ੍ਰਸ਼ਾਸਨ ਰਨਬੈਕਸੀ ਦੀ ਜਾਂਚ ਕਰ ਰਿਹਾ ਹੈ। ਦਾਇਚੀ ਸੈਂਕੀਓ ਅਤੇ ਰਨਬੈਕਸੀ ਦੇ ਸਾਬਕਾ ਸ੍ਰਪਰਸਤਾਂ ਵਿਚਕਾਰ 2008 ਵਿਚ ਹੋਏ ਸਮਝੌਤੇ ਵਿਚ ਇਸ ਗੱਲ ਦੀ ਵਿਵਸਥਾ ਸੀ ਕਿ ਜੇਕਰ ਕੋਈ ਵਿਵਾਦ ਪੈਦਾ ਹੁੰਦਾ ਹੈ ਤਾਂ ਉਸ ਨਾਲ ਨਜਿੱਠਣ ઠਲਈ ਪੇਸ਼ਾਵਰ ਵਿਚੋਲਗੀ ਨਿਯਮਾਂ ਤਹਿਤ ਸਿੰਗਪੁਰ ਦੀ ਅਦਾਲਤ ਵਿਚ ਮੁਕੱਦਮਾ ਚਲਾਇਆ ਜਾਵੇਗਾ। ਸੰਨ 2008 ਵਿਚ ਦਾਇਚੀ ਸੈਂਕੀਓ ਨੇ ਰਣਬੈਕਸੀ ਦੇ ਸਾਬਕਾ ਸਰਪ੍ਰਸਤਾਂ ਦੀ ਸਮੁੱਚੀ 34.82 ਫ਼ੀਸਦੀ ਹਿੱਸੇਦਾਰੀ 4.2 ਅਰਬ ਡਾਲਰ ਵਿਚ ਖਰੀਦੀ ਸੀ। ਪੰਜ ਸਾਲ ਪਿੱਛੋਂ 2013 ਵਿਚ ਰਣਬੈਕਸੀ ਨੂੰ ਅਮਰੀਕਾ ਵਿਚ ਧੋਖਾਧੜੀ ਵਾਲੀਆਂ ਸਰਗਰਮੀਆਂ ਚਲਾਉਣ ਅਤੇ ਦਵਾਈ ਦੀ ਛੇਤੀ ਮਨਜ਼ੂਰੀ ਦਿਵਾਉਣ ਲਈ ਅੰਕੜਿਆਂ ‘ਚ ਹੇਰਾਫੇਰੀ ਕਰਨ ਬਦਲੇ 50 ਕਰੋੜ ਡਾਲਰ ਜੁਰਮਾਨੇ ਵਜੋਂ ਦੇਣੇ ਪਏ ਸਨ। ਬਾਅਦ ਵਿਚ ਰਣਬੈਕਸੀ ਨੂੰ ਦਿਲੀਪ ਸੰਘਵੀ ਦੀ ਅਗਵਾਈ ਵਾਲੀ ਸਨ ਫਰਮਾ ਨੇ ਖਰੀਦ ਲਿਆ ਸੀ। ਮੌਜੂਦਾ ਸਮੇਂ ਮਾਲਵਿੰਦਰ ਸਿੰਘ ਦੀ ਫੋਰਟਿਸ ਹੈਲਥ ਕੇਅਰ ਵਿਚ ਵੱਡੀ ਹਿੱਸੇਦਾਰੀ ਹੈ।
ਇਹ ਕੰਪਨੀ ਦੇਸ਼ ਭਰ ਵਿਚ 30 ਹਸਪਤਾਲ ਚਲਾਉਂਦੀ ਹੈ। ਇਸ ਤੋਂ ਇਲਾਵਾ ਮੈਡੀਕਲ ਸਟੋਰਾਂ ਦੀ ਲੜੀ ਫੋਰਟਸ ਹੈਲਥ ਵਰਲਡ, ਵਿੱਤੀ ਸੇਵਾ ਕੰਪਨੀ ਰੇਲੀਗਰ ਅਤੇ ਰੋਗ ਨਿਵਾਰਣ ਲੜੀ ਐਸ.ਆਰ.ਐਲ. ਡਾਇਗਨਾਸਿਟਕਸ ਵਿਚ ਵੀ ਵੱਡੀ ਹਿੱਸੇਦਾਰੀ ਹੈ। ਸ਼ਵਿੰਦਰ ਮੋਹਨ ਸਿੰਘ ਨੇ ਸਤੰਬਰ 2015 ਵਿਚ ਕੰਪਨੀਆਂ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਹ ਰਾਧਾ ਸਵਾਮੀ ਡੇਰਾ ਬਿਆਸ ਨਾਲ ਜੁੜ ਗਏ ਸਨ। ਪਿਛਲੇ ਦਿਨੀਂ ਇਹ ਖ਼ਬਰਾਂ ਆਈਆਂ ਸਨ ਕਿ ਸ਼ਵਿੰਦਰ ਮੋਹਨ ਸਿੰਘ ਡੇਰਾ ਬਿਆਸ ਵਿਚ ਕਾਫੀ ਸਮਾਂ ਬਤੀਤ ਕਰਦੇ ਹਨ ਅਤੇ ਉਨਾਂ ਦੇ ਡੇਰਾ ਬਿਆਸ ਦੇ ਅਗਲਾ ਮੁਖੀ ਬਣਨ ਦੀਆਂ ਸੰਭਾਵਨਾਵਾਂ ਹਨ।
Check Also
ਭਾਰਤੀ ਜਲ ਸੈਨਾ ਨੂੰ ਮਿਲਣਗੇ 26 ਮਰੀਨ ਰਾਫੇਲ ਲੜਾਕੂ ਜਹਾਜ਼
ਚੀਨ ਨਾਲ ਮੁਕਾਬਲਾ ਕਰਨ ਲਈ ਹਿੰਦ ਮਹਾਂਸਾਗਰ ’ਚ ਕੀਤੇ ਜਾਣਗੇ ਤਾਇਨਾਤ ਨਵੀਂ ਦਿੱਲੀ/ਬਿਊਰੋ ਨਿਊਜ਼ : …