ਪਹਿਲੀ ਵਾਰ ਭਾਰਤ ’ਚ ਬਣੀਆਂ 21 ਤੋਪਾਂ ਨਾਲ ਦਿੱਤੀ ਗਈ ਸਲਾਮੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਅੱਜ ਆਪਣਾ 74ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਮੌਕੇ ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਕਰਤੱਵਿਆ ਪਥ ’ਤੇ ਤਿਰੰਗਾ ਫਹਿਰਾਇਆ। ਜਿਸ ਤੋਂ ਬਾਅਦ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਪਹਿਲੀ ਵਾਰ ਭਾਰਤ ’ਚ ਬਣੀਆਂ 21 ਤੋਪਾਂ ਨਾਲ ਸਲਾਮੀ ਦਿੱਤੀ ਗਈ। ਜਦਕਿ ਇਸ ਤੋਂ ਪਹਿਲਾਂ ਬਿ੍ਰਟੇਨ ’ਚ ਬਣੀਆਂ ਤੋਪਾਂ ਨਾਲ ਸਲਾਮੀ ਦਿੱਤੀ ਜਾਂਦੀ ਸੀ। ਇਸ ਤੋਂ ਬਾਅਦ ਰਾਸ਼ਟਰੀ ਗੀਤ ਦੇ ਨਾਲ ਪਰੇਡ ਦੀ ਸ਼ੁਰੂਆਤ ਹੋਈ ਅਤੇ ਰਾਸ਼ਟਰਪਤੀ ਨੇ ਪਰੇਡ ਤੋਂ ਸਲਾਮੀ ਲਈ। ਇਸ ਮੌਕੇ ਭਾਰਤੀ ਫੌਜ ਦੇ ਤਿੰਨੋਂ ਵਿਭਾਗਾਂ ਦੀਆਂ ਟੁਕੜੀਆਂ ਵੱਲੋਂ ਹਥਿਆਰਾਂ ਦੇ ਨਾਲ-ਨਾਲ ਆਪਣੇ-ਆਪਣੇ ਕਰਤੱਵ ਵੀ ਦਿਖਾਏ ਗਏ। ਇਸ ਤੋਂ ਪਹਿਲਾਂ ਰਾਸ਼ਟਰਪਤੀ ਮੁਰਮੂ ਗਣਤੰਤਰ ਦਿਵਸ ਦੀ ਪਰੇਡ ਦੇ ਮੁੱਖ ਮਹਿਮਾਨ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਿਹ ਅਲਸੀਸੀ ਨਾਲ ਕਰਤੱਵਿਆ ਪਥ ਪਹੁੰਚੇ ਜਿੱਥੇ ਪ੍ਰਧਾਨ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਕਿਹਾ ਕਿ ਅਜ਼ਾਦੀ ਦੇ ਪਰਵਾਨਿਆਂ ਦੇ ਸੁਪਨਿਆਂ ਨੂੰ ਅਸੀਂ ਮਿਲ ਕੇ ਪੂਰਾ ਕਰਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰ ਮੈਮੋਰੀਅਲ ’ਤੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ।