ਘਟਨਾ ਦੀ ਚੁਫੇਰਿਆਂ ਨਿੰਦਾ, ਤਿੰਨ ਮੁਲਜ਼ਮ ਗ੍ਰਿਫਤਾਰ
ਪੀੜਤਾ ਦੇ ਪਿਤਾ ਨੇ ਕਿਹਾ, ਇਨਸਾਫ ਨਾ ਮਿਲਿਆ ਤਾਂ ਕਰ ਲਵਾਂਗਾ ਖੁਦਕੁਸ਼ੀ
ਬੁਲੰਦਸ਼ਹਿਰ/ਬਿਊਰੋ ਨਿਊਜ਼
ਯੂਪੀ ਵਿਚ ਪਿਛਲੇ ਦਿਨੀਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਅਪਰਾਧੀਆਂ ਨੇ ਰਾਸ਼ਟਰੀ ਰਾਜ ਮਾਰਗ ਤੋਂ ਕਾਰ ਵਿਚ ਜਾ ਰਹੇ ਇਕ ਪਰਿਵਾਰ ਨੂੰ ਪਹਿਲਾਂ ਬੰਧਕ ਬਣਾਇਆ ਅਤੇ ਫਿਰ ਬਾਅਦ ਵਿਚ ਮਾਂ-ਧੀ ਨੂੰ ਕਾਰ ਵਿਚੋਂ ਕੱਢ ਕੇ ਸਮੂਹਿਕ ਜਬਰ ਜਨਾਹ ਕੀਤਾ। ਇਹ ਵਾਰਦਾਤ ਉਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਸਿਰਫ ਦੋ ਕਿਲੋਮੀਟਰ ਦੂਰ ਐਨ ਐਚ-91 (ਗਾਜ਼ੀਆਬਾਦ-ਅਲੀਗੜ੍ਹ) ‘ਤੇ ਰਾਤ ਡੇਢ ਵਜੇ ਦੇ ਕਰੀਬ ਹੋਈ। ਜਾਣਕਾਰੀ ਅਨੁਸਾਰ ਨੋਇਡਾ ਵਿਚ ਰਹਿਣ ਵਾਲਾ ਦੋ ਭਰਾਵਾਂ ਦਾ ਪੀੜਤ ਪਰਿਵਾਰ ਮੂਲ ਰੂਪ ਵਿਚ ਸ਼ਾਹਜਹਾਂਪੁਰ ਦਾ ਹੈ ਅਤੇ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ। ਰਾਤ ਲਗਭਗ 12.00 ਵਜੇ ਪਤੀ-ਪਤਨੀ, ਆਪਣੀ 14 ਸਾਲ ਦੀ ਧੀ, ਭਰਾ-ਭਾਬੀ ਅਤੇ ਭਤੀਜੇ ਨਾਲ ਸ਼ਾਹਜਹਾਂਪੁਰ ਜਾ ਰਿਹਾ ਸੀ ਤੇ ਰਸਤੇ ਵਿਚ ਉਨ੍ਹਾਂ ਨੂੰ ਇਸ ਵਾਰਦਾਤ ਦਾ ਸਾਹਮਣਾ ਕਰਨਾ ਪਿਆ ਹੈ।
ਇਸ ਮਾਮਲੇ ਵਿੱਚ ਉੱਤਰ ਪ੍ਰਦੇਸ਼ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਯੂਪੀ ਦੇ ਡੀਜੀਪੀ ਜਾਵੀਦ ਅਹਿਮਦ, ਜੋ ਮੁੱਖ ਮੰਤਰੀ ਅਖਿਲੇਸ਼ ਕੁਮਾਰ ਨਾਲ ਘਟਨਾ ਸਥਾਨ ‘ਤੇ ਆਏ ਸਨ, ਨੇ ਦੱਸਿਆ ਕਿ ਇਸ ਮਾਮਲੇ ਵਿੱਚ ਨਰੇਸ਼ (25), ਬਬਲੂ (22) ਅਤੇ ਰਿਆਸ (28) ਨੂੰ ਕਾਬੂ ਕੀਤਾ ਗਿਆ ਹੈ। ਤਿੰਨਾਂ ਦੋਸ਼ੀਆਂ ਨੂੰ 14 ਦਿਨਾਂ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਇਸ ਘਟਨਾ ਦੀ ਚੁਫੇਰਿਆਂ ਨਿੰਦਾ ਹੋ ਰਹੀ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸ ਵਾਰਦਾਤ ਨੂੰ ਹਿਰਦੇ ਵਲੂੰਧਰਨ ਵਾਲੀ ਕਰਾਰ ਦਿੰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤ ਦੇ ਪਿਤਾ ਨੇ ਕਿਹਾ ਕਿ ਜੇਕਰ ਤਿੰਨ ਮਹੀਨਿਆਂ ਵਿਚ ਦੋਸ਼ੀਆਂ ਨੂੰ ਸਜ਼ਾ ਨਾ ਮਿਲੀ ਤਾਂ ਉਹ ਖੁਦਕੁਸ਼ੀ ਕਰ ਲਵੇਗਾ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …