ਅੰਮ੍ਰਿਤਸਰ/ਬਿਊਰੋ ਨਿਊਜ਼ : ਕਰੋਨਾਵਾਇਰਸ ਤੋਂ ਬਚਾਅ ਲਈ ਲਾਏ ਗਏ ਕਰਫਿਊ ਕਾਰਨ ਕਾਰੋਬਾਰ ਤੇ ਆਵਾਜਾਈ ਬੰਦ ਹੋਣ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਹਵਾ ਤੇ ਸ਼ੋਰ ਪ੍ਰਦੂਸ਼ਣ ਵਿੱਚ ਵੀ ਵੱਡੀ ਕਮੀ ਆਈ ਹੈ ਅਤੇ ਇਸ ਵੇਲੇ ਵਾਤਾਵਰਨ ਦੀ ਸਥਿਤੀ ਬੇਹਤਰ ਹੋ ਗਈ ਹੈ। ਕਰੋਨਾਵਾਇਰਸ ਤੋਂ ਬਚਾਅ ਲਈ ਜਨਤਾ ਕਰਫਿਊ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਕਰਫਿਊ ਲਾ ਦਿੱਤਾ ਗਿਆ ਸੀ। ਇਹ ਕਰਫਿਊ ਲੱਗਿਆਂ ਲਗਪਗ 14 ਦਿਨ ਹੋ ਗਏ ਹਨ। ਇਸ ਦੌਰਾਨ ਜਿਥੇ ਕਾਰੋਬਾਰ ਬੰਦ ਹਨ, ਉਥੇ ਆਵਾਜਾਈ ਵੀ ਬੰਦ ਹੈ। ਇਸ ਦਾ ਅਸਰ ਵਾਤਾਵਰਨ ‘ਤੇ ਪਿਆ ਹੈ। ਸ੍ਰੀ ਦਰਬਾਰ ਸਾਹਿਬ ਨੇੜੇ ਪ੍ਰਦੂਸ਼ਣ ਨੂੰ ਮਾਪਣ ਲਈ ਲਾਏ ਗਏ ਉਪਕਰਨ ਵਿਚ ਹਵਾ ਦੀ ਕੁਆਲਿਟੀ ਏਕਿਊਆਈ (ਏਅਰ ਕੁਆਲਿਟੀ ਇੰਡੈਕਸ) 60 ਦਰਜ ਕੀਤੀ ਗਈ ਹੈ, ਜੋ ਕਿ ਕਰਫਿਊ ਤੋਂ ਪਹਿਲਾਂ ਲਗਪਗ 105 ਤੋਂ 120 ਦੇ ਵਿਚਾਲੇ ਦਰਜ ਕੀਤੀ ਗਈ ਸੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇੰਜਨੀਅਰ ਹਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿਚ ਸ਼ਹਿਰ ਅਤੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਪ੍ਰਦੂਸ਼ਣ ਵਿੱਚ ਵੱਡੀ ਕਮੀ ਆਈ ਹੈ। ਹਵਾ ਵਿੱਚ ਪ੍ਰਦੂਸ਼ਣ ਘਟਣ ਨਾਲ ਇਸ ਦੀ ਕੁਆਲਿਟੀ ਬੇਹਤਰ ਹੋਈ ਹੈ। ਉਨ੍ਹਾਂ ਆਖਿਆ ਕਿ ਏਕਿਊਆਈ 0 ਤੋਂ 50 ਨੂੰ ਬੇਹਤਰ ਦਰਜਾ ਹਵਾ ਮੰਨਿਆ ਜਾਂਦਾ ਹੈ। ਆਵਾਜਾਈ ਬੰਦ ਹੋਣ ਕਾਰਨ ਸ਼ੋਰ ਪ੍ਰਦੂਸ਼ਣ ਵੀ ਖ਼ਤਮ ਹੋ ਗਿਆ ਹੈ, ਜਿਸ ਕਾਰਨ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਹੁੰਦੇ ਗੁਰਬਾਣੀ ਦੇ ਕੀਰਤਨ ਦੀਆਂ ਧੁਨਾਂ ਨੂੰ ਬਿਨਾਂ ਕਿਸੇ ਰੁਕਾਵਟ ਸੁਣਿਆ ਜਾ ਸਕਦਾ ਹੈ। ਇਸ ਵੇਲੇ ਕਰਫਿਊ ਅਤੇ ਕਰੋਨਾ ਦੇ ਪ੍ਰਕੋਪ ਕਾਰਨ ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਨਾ ਮਾਤਰ ਰਹਿ ਗਈ ਹੈ। ਵਧੇਰੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਵੀ ਦਿਖਾਈ ਦਿੰਦੇ ਹਨ। ਇਨ੍ਹਾਂ ਦਿਨਾਂ ਦੌਰਾਨ ਸ੍ਰੀ ਦਰਬਾਰ ਸਾਹਿਬ ਦੀ ਅੰਦਰੂਨੀ ਮਰਿਆਦਾ ਨੂੰ ਬਰਕਰਾਰ ਰੱਖਿਆ ਗਿਆ ਹੈ। ਪਿਛਲੇ ਵਰ੍ਹਿਆਂ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਪ੍ਰਦੂਸ਼ਣ ਦੀ ਮਾਤਰਾ ‘ਤੇ ਜੇਕਰ ਝਾਤ ਮਾਰੀ ਜਾਵੇ ਤਾਂ 2017 ਵਿੱਚ ਹਵਾ ਦੀ ਕੁਆਲਿਟੀ ਏਕਿਊਆਈ ਔਸਤਨ 132 ਅਤੇ 2018 ਵਿਚ ਔਸਤਨ 115 ਦਰਜ ਕੀਤੀ ਗਈ ਸੀ। 2019 ਵਿੱਚ ਹਵਾ ਦੀ ਕੁਆਲਿਟੀ ਵਿੱਚ ਹੋਰ ਵੀ ਸੁਧਾਰ ਦਰਜ ਕੀਤਾ ਗਿਆ ਸੀ ਪਰ ਇਨ੍ਹਾਂ ਦਿਨਾਂ ਵਿਚ ਵੱਡਾ ਸੁਧਾਰ ਆਇਆ ਹੈ ਅਤੇ ਪ੍ਰਦੂਸ਼ਣ ਖ਼ਤਮ ਹੋਇਆ ਹੈ।
ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਹਵਾ ਅਤੇ ਆਵਾਜ਼ ਪ੍ਰਦੂਸ਼ਣ ਵਧੇਰੇ ਹੋਣ ਕਾਰਨ ਪ੍ਰਦੂਸ਼ਣ ਦਾ ਪ੍ਰਭਾਵ ਨਾ ਸਿਰਫ ਇਥੇ ਲੱਗੇ ਸੋਨੇ ਦੇ ਪੱਤਰਿਆਂ ਸਗੋਂ ਸੰਗਮਰਮਰ ‘ਤੇ ਵੀ ਹੋ ਰਿਹਾ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਖਲ ਮਗਰੋਂ ਇਥੇ ਪ੍ਰਦੂਸ਼ਣ ਦੀ ਰੋਕਥਾਮ ਲਈ ਯਤਨ ਕੀਤੇ ਗਏ ਸਨ ਅਤੇ ਇਨ੍ਹਾਂ ਯਤਨਾਂ ਤਹਿਤ ਹੀ ਸ੍ਰੀ ਹਰਿਮੰਦਰ ਸਾਹਿਬ ਸਮੂਹ ਨੇੜੇ ਇਹ ਪ੍ਰਦੂਸ਼ਣ ਮਾਪਕ ਉਪਕਰਨ ਸਥਾਪਤ ਕੀਤਾ ਗਿਆ ਸੀ, ਜੋ ਰੋਜ਼ਾਨਾ ਹਵਾ ਵਿੱਚ ਪ੍ਰਦੂਸ਼ਣ ਬਾਰੇ ਜਾਣਕਾਰੀ ਦਿੰਦਾ ਹੈ।
ਜ਼ਿਕਰਯੋਗ ਹੈ ਕਿ ਸਮੁੱਚੇ ਪੰਜਾਬ ਵਿਚ ਹੀ ਕਰਫਿਊ ਕਾਰਨ ਆਵਾਜਾਈ ਬੰਦ ਹੋਣ ਅਤੇ ਸਨਅਤਾਂ ਆਦਿ ਬੰਦ ਹੋਣ ਕਾਰਨ ਹਵਾ ਪ੍ਰਦੂਸ਼ਣ ਵਿਚ ਕਮੀ ਆਈ ਹੈ। ਇਸੇ ਕਾਰਨ ਹੀ ਆਸਮਾਨ ਵੀ ਸਾਫ ਹੋਇਆ ਹੈ ਅਤੇ ਬੀਤੇ ਕੱਲ ਜਲੰਧਰ ਤੋਂ ਧੋਲਾਧਾਰ ਪਹਾੜ ਰੇਂਜ ਵੀ ਸਾਫ ਦੇਖੀ ਗਈ ਹੈ।
ਦੇਸ਼ ਦੇ 85 ਤੋਂ ਜ਼ਿਆਦਾ ਸ਼ਹਿਰਾਂ ‘ਚ ਪਹਿਲੀ ਵਾਰ ਪ੍ਰਦੂਸ਼ਣ ਇੰਨਾ ਘਟਿਆ,ਏਕਿਊਆਈ 100 ਤੋਂ ਹੇਠਾਂ
ਲੌਕਡਾਊਨ ਦੇ ਚਲਦਿਆਂ ਦੁਨੀਆ ਭਰ ‘ਚ ਸ਼ੋਰ-ਸ਼ਰਾਬਾ ਘਟਿਆ, ਹਵਾ ਵੀ ਹੋਈ ਸਾਫ, ਕਾਰਬਨ ਉਤਸਰਜਨ 5 ਫੀਸਦੀ ਘਟਿਆ, ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ
ਦੁਨੀਆ ਦੇ ਕਈ ਸ਼ਹਿਰਾਂ ‘ਚ ਸ਼ੋਰ ਅਤੇ ਧਰਤੀ ਕੰਪ ਘਟਿਆ
ਨਵੀਂ ਦਿੱਲੀ : ਕਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਦੁਨੀਆ ਦੇ ਸਾਰੇ ਦੇਸ਼ਾਂ ਨੇ ਲੌਕਡਾਊਨ ਕੀਤਾ ਹੋਇਆ ਹੈ। ਇਸ ਦੇ ਕਾਰਨ ਦੇਸ਼ ਅਤੇ ਦੁਨੀਆ ਦੀ ਹਵਾ ਸਾਫ਼ ਹੋ ਗਈ ਹੈ। ਧਰਤੀ ਦਾ ਸ਼ੋਰ ਅਤੇ ਕੰਪਨ ਘੱਟ ਹੋ ਗਿਆ ਅਤੇ ਕਾਰਬਨ ਉਤਸਰਜਨ ਦੀ ਮਾਤਰਾ ਵੀ 5 ਫੀਸਦੀ ਘੱਟ ਹੋ ਗਈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਕਾਰਬਨ ਉਤਸਰਜਨ ਦਾ ਪੱਧਰ ਇੰਨਾ ਘਟਿਆ ਹੈ। ਦੇਸ਼ ‘ਚ 2014 ਤੋਂ ਜਾਰੀ ਹੋ ਰਹੇ ਏਅਰ ਕੁਆਲਿਟੀ ਇੰਡੈਕਸ ‘ਚ ਹੁਣ ਤੱਕ ਦਾ ਇੰਨਾ ਵਧੀਆ ਅੰਕੜਾ ਕਦੇ ਦਰਜ ਨਹੀਂ ਹੋਇਆ। ਦੇਸ਼ ਦੇ 103’ਚੋਂ 85 ਸ਼ਹਿਰਾਂ ਤੋਂ ਜ਼ਿਆਦਾ ‘ਚ ਏਅਰ ਕੁਆਲਿਟੀ ਇੰਡੈਕਸ ਲੰਘੇ ਇਕ ਹਫ਼ਤੇ ਤੋਂ ਲਗਾਤਾਰ 100 ਤੋਂ ਹੇਠਾਂ ਚਲ ਰਿਹਾ ਹੈ। ਯਾਨੀ ਇਨ੍ਹਾਂ ਸ਼ਹਿਰਾਂ ‘ਚ ਹਵਾ ਵਧੀਆ
ਦੀ ਹੈ। ਲੌਕਡਾਊਨ ਦੌਰਾਨ ਪ੍ਰਦੂਸ਼ਣ ਦੇ ਕਾਰਕ ਧੂਲ ਕਣ ਪੀਐਮ 2.5 ਅਤੇ ਪੀਐਮ 10 ਦੀ ਮਾਤਰਾ ‘ਚ 35 ਤੋਂ 40 ਫੀਸਦੀ ਗਿਰਾਵਟ ਆਈ ਹੈ। ਕਾਰਬਨ ਮੋਨੋਅਕਸਾਈਡ, ਨਾਟੀਟਰੋਜਨ, ਸਲਫਰ ਆਕਸਾਈਡ ਅਤੇ ਓਜੋਨ ਦੇ ਪੱਧਰ ‘ਚ ਵੀ ਘਾਟ ਦਰਜ ਕੀਤੀ ਗਈ ਹੈ। ਅਹਿਮ ਗੱਲ ਇਹ ਹੈ ਕਿ ਪ੍ਰਦੂਸ਼ਣ ਰਹਿਤ ਇਹ ਪੱਧਰ ਬਾਰਿਸ਼ ‘ਚ ਵੀ ਨਹੀਂ ਰਹਿੰਦਾ। ਪ੍ਰਦੂਸ਼ਦ ਕੰਟਰੋਲ ਬੋਰਡ ਦੇ ਸਾਬਕਾ ਵਿਗਿਆਨੀ ਡਾ. ਡੀ.ਸਾਹਾ ਨੇ ਕਿਹਾ ਕਿ 2014 ‘ਚ ਜਦੋਂ ਤੋਂ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਬਣਾਇਆ ਜਾ ਰਿਹਾ ਹੈ, ਅਜਿਹਾ ਪਹਿਲੀ ਵਾਰ ਹੈ ਜਦੋਂ ਪ੍ਰਦੂਸ਼ਣ ਹੇਠਲੇ ਪੱਧਰ ‘ਤੇ ਹੈ। ਸਰਦੀ ‘ਚ ਔਡ-ਈਵਨ ਲਾਗੂ ਕਰਨ ਨਾਲ ਦਿੱਲੀ ਦੀ ਹਵਾ ‘ਚ 2 ਤੋਂ 3 ਫੀਸਦੀ ਦਾ ਸੁਧਾਰ ਆਉਂਦਾ ਹੈ। ਉਸਦੀ ਤੁਲਨਾ ‘ਚ ਐਨਸੀਆਰ ‘ਚ 15 ਗੁਣਾ ਤੋਂ ਜ਼ਿਆਦਾ ਸੁਧਾਰ ਹੋ ਚੁੱਕਿਆ ਹੈ।
16 ਮਾਰਚ ਨੂੰ 55 ਸ਼ਹਿਰਾਂ ‘ਚ ਹਵਾ ਸੰਤੁਸ਼ਟੀਪੂਰਨ ਸੀ : ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਜਨਤਾ ਕਰਫਿਊ ਤੋਂ 6 ਦਿਨ ਪਹਿਲਾਂ 16 ਮਾਰਚ ਨੂੰ 55 ਸ਼ਹਿਰਾਂ ‘ਚ ਹਵਾ ਵਧੀਆ ਅਤੇ ਸੰਤੁਸ਼ਟੀਪੂਰਨ ਸੀ। ਹੌਲੀ-ਹੌਲੀ ਇਸ ਸ਼੍ਰੇਣੀ ਦੀ ਹਵਾ ਵਾਲੇ ਸ਼ਹਿਰ ਘਟਦੇ ਗਏ, 21 ਮਾਰਚ ਤੱਕ ਇਹੀ ਟਰੈਡ ਚਲਦਾ ਰਿਹਾ,22 ਮਾਰਚ ਨੂੰ ਅਜਿਹੇ ਸ਼ਹਿਰ 67 ਹੋ ਗਏ। 28 ਮਾਰਚ ਨੂੰ ਇਹ ਗਿਣਤੀ 92 ਹੋ ਗਈ। 29-30 ਮਾਰਚ ਨੂੰ ਇਕ ਵੀ ਸ਼ਹਿਰ ਅਜਿਹਾ ਨਹੀਂ ਸੀ, ਜਿੱਥੇ ਦੀ ਹਵਾ ਖਰਾਬ ਹੋਵੇ। 31 ਮਾਰਚ ਅਤੇ 1ਅਪ੍ਰੈਲ ਨੂੰ ਬੁਲੰਦ ਸ਼ਹਿਰ ਅਤੇ ਗੁਹਾਟੀ ਨੂੰ ਛੱਡ ਕੇ ਸਾਰੇ ਸ਼ਹਿਰਾਂ ਦੀ ਹਵਾ ਸੰਤੁਸ਼ਟੀਜਨਕ ਸ਼੍ਰੇਣੀ ‘ਚ ਰਹੀ। ਬੋਰਡ ਦੇ ਪ੍ਰਸ਼ਾਂਤ ਗਾਗੰਵ ਨੇ ਦੱਸਿਆ ਕਿ ਇਕ ਹਫ਼ਤੇ ਤੋਂ 85 ਤੋਂ ਜ਼ਿਆਦਾ ਸ਼ਹਿਰਾਂ ‘ਚ ਏਕਿਊਆਈ 100 ਨੂੰ ਪਾਰ ਨਹੀਂ ਕਰ ਰਹੀ।
ਏਅਰ ਕੁਆਲਿਟੀ ਦੇ ਮਾਨਕਾਂ ‘ਚ ਸੁਧਾਰ ਹੋਵੇ
ਏਅਰ ਕੁਆਲਿਟੀ ਐਕਸਪਰਟ ਡਾ. ਡੀ. ਸਾਹਾ ਨੇ ਕਿਹਾ ਕਿ ਫਿਲਹਾਲ ਹਵਾ ਦੀ ਕੁਆਲਿਟੀ ਸਰਵਸ਼੍ਰੇਠ ਹੈ। ਸਾਨੂੰ 2009 ‘ਚ ਤਹਿ ਏਅਰ ਕੁਆਲਿਟੀ ਸਟੈਂਡਰਡ ਅਤੇ 2014 ‘ਚ ਬਣੇ ਏਅਰ ਕੁਆਲਿਟੀ ਇੰਡੈਕਸ ਦੇ ਮਾਨਕਾਂ ‘ਚ ਸੁਧਾਰ ਕਰਨਾ ਚਾਹੀਦਾ ਹੈ।
ਕੋਈ ਦੀਰਘਕਾਲਿਕ ਹੱਲ ਵੀ ਲੱਭਣਾ ਹੋਵੇਗਾ
ਸੀਐਸਈ ਦੀ ਕਾਰਜਕਾਰੀ ਨਿਰਦੇਸ਼ਕ ਅਨੁਮਿਤਾ ਰਾਏ ਚੌਧਰੀ ਨੇ ਕਿਹਾ ਹੈ ਕਿ ਵਰਕ ਫਾਰਮ ਹੋਮ ਜ਼ਿਆਦਾ ਹੋ ਰਿਹਾ ਹੈ। ਸਾਨੂੰ ਸੋਚਣਾ ਹੋਵੇਗਾ ਕਿ ਇਸ ਸਮੇਂ ਜੋ ਤਰੀਕਾ ਅਸੀਂ ਅਪਣਾ ਰਹੇ ਹਾਂ ਕੀ ਉਸ ਨਾਲ ਦੀਰਕਾਲਿਕ ਹੱਲ ਵੀ ਲੱਭ ਸਕਦੇ ਹਾਂ।
ਇਹ ਟਰੈਂਡ ਹੈ, 3 ਹਫਤਿਆਂ ਬਾਅਦ ਵਿਸ਼ਲੇਸ਼ਣ ਹੋਵੇਗਾ
ਸੀਨੀਅਰ ਹਿਰਦੇ ਰੋਗੀ ਮਾਹਿਰ ਡਾ. ਕੇ. ਕੇ. ਅਗਰਵਾਲ ਨੇ ਕਿਹਾ ਕਿ ਕਰੋਨਾ ਵਾਇਰਸ ਵਧਿਆ ਹੈ ਤਾਂ ਬਾਕੀ ਬਿਮਾਰੀਆਂ ਘੱਟ ਨਜ਼ਰ ਆ ਰਹੀਆਂ ਹਨ। ਇਕ ਹਫ਼ਤੇ ‘ਚ ਇਹ ਟਰੈਂਡ ਦਿਖਾਈ ਦੇ ਰਿਹਾ ਹੈ। ਤਿੰਨ ਹਫ਼ਤੇ ਹੋਣ ‘ਤੇ ਵਿਸ਼ਲੇਸ਼ਣ ਹੋ ਸਕੇਗਾ।