ਸ਼ਹੀਦ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਦੇਵੇਗੀ 50 ਲੱਖ ਰੁਪਏ ਦੀ ਸਹਾਇਤਾ
ਬਰਨਾਲਾ/ਬਿਊਰੋ ਨਿਊਜ਼
ਲੇਹ ਲੱਦਾਖ ਗਲੇਸ਼ੀਅਰ ਵਿੱਚ ਬਰਨਾਲਾ ਦੇ ਪਿੰਡ ਕਰਮਗੜ੍ਹ ਦੇ ਸ਼ਹੀਦ ਹੋਏ ਫੌਜੀ ਅਮਰਦੀਪ ਸਿੰਘ ਦੀ ਦੇਹ ਦਾ ਉਨ੍ਹਾਂ ਦੇ ਪਿੰਡ ਵਿੱਚ ਰਾਸ਼ਟਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਅੰਤਿਮ ਸਸਕਾਰ ਸਮੇਂ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੂਲਕਾ, ਸਿਵਲ ਡਿਫੈਂਸ ਦੇ ਚੰਡੀਗੜ੍ਹ ਤੋਂ ਡਿਪਟੀ ਡਾਇਰੈਕਟਰ ਕਰਨਲ ਜਰਨੈਲ ਸਿੰਘ, ਥਲ ਸੈਨਾ ਦੇ ਅਧਿਕਾਰੀ ਤੇ ਜਵਾਨ ਅਤੇ ਪਿੰਡ ਵਾਸੀਆਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਵਲੋਂ ਸ਼ਹੀਦ ਦੀ ਭੈਣ ਨੂੰ ਸਰਕਾਰੀ ਨੌਕਰੀ, ਪਰਿਵਾਰ ਨੂੰ ਪੰਜਾਹ ਲੱਖ ਰੁਪਏ ਸਹਾਇਤਾ ਤੋਂ ਇਲਾਵਾ ਪਿੰਡ ਦੇ ਸਕੂਲ ਦਾ ਨਾਮ ਸ਼ਹੀਦ ਅਮਰਦੀਪ ਦੇ ਨਾਮ ‘ਤੇ ਰੱਖਣ ਦਾ ਐਲਾਨ ਕੀਤਾ। ਧਿਆਨ ਰਹੇ ਕਿ ਪਿਛਲੇ ਦਿਨੀਂ ਗਲੇਸ਼ੀਅਰ ‘ਚ ਬਰਨਾਲਾ ਦੇ ਪਿੰਡ ਕਰਮਗੜ੍ਹ ਦਾ ਜਵਾਨ ਅਮਰਦੀਪ ਸਿੰਘ ਅਤੇ ਬੋਹਾ ਨੇੜਲੇ ਪਿੰਡ ਹਾਕਮਵਾਲਾ ਦਾ ਜਵਾਨ ਪ੍ਰਭਜੀਤ ਸਿੰਘ ਸ਼ਹੀਦ ਹੋ ਗਏ ਸਨ।