3.2 C
Toronto
Wednesday, December 17, 2025
spot_img
Homeਹਫ਼ਤਾਵਾਰੀ ਫੇਰੀਪੰਜਾਬ ਦੇ ਸਰਕਾਰੀ ਸਕੂਲਾਂ 'ਚ ਵੀ ਅਣਗੌਲੀ ਜਾ ਰਹੀ ਹੈ ਪੰਜਾਬੀ

ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਵੀ ਅਣਗੌਲੀ ਜਾ ਰਹੀ ਹੈ ਪੰਜਾਬੀ

ਤੀਜੀ ਜਮਾਤ ਦੇ 30% ਪਾੜ੍ਹੇ ਮਾਤ ਭਾਸ਼ਾ ‘ਚ ਸਧਾਰਨ ਪੈਰ੍ਹਾ ਪੜ੍ਹਨ ਤੋਂ ਅਸਮਰੱਥ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਤੀਜੀ ਜਮਾਤ ਦੇ ਕਰੀਬ 30% ਬੱਚੇ ਆਪਣੀ ਮਾਤ ਭਾਸ਼ਾ ਪੰਜਾਬੀ ਵਿੱਚ ਸਾਧਾਰਨ ਪੈਰ੍ਹਾ ਵੀ ਨਹੀਂ ਪੜ੍ਹ ਸਕੇ। ਇਹ ਖੁਲਾਸਾ ਦਿਹਾਤੀ ਭਾਰਤ ਵਿੱਚ ਸਿੱਖਿਆ ਦੀ ਸਥਿਤੀ ਸਬੰਧੀ ਸਾਲਾਨਾ ਰਿਪੋਰਟ (ਏਐੱਸਈਆਰ) 2024 ਵਿੱਚ ਹੋਇਆ ਹੈ। ਨਾ ਸਿਰਫ ਸਰਕਾਰੀ ਬਲਕਿ ਸੂਬੇ ਵਿਚਲੇ ਪ੍ਰਾਈਵੇਟ ਸਕੂਲਾਂ ਦੇ 40% ਬੱਚੇ ਵੀ ਪੰਜਾਬੀ ਵਿੱਚ ਇਕ ਪੈਰ੍ਹਾ ਵੀ ਨਹੀਂ ਪੜ੍ਹ ਸਕੇ। ਪੜ੍ਹਨ ਦੀ ਸਮਰੱਥਾ ਅਤੇ ਗਣਿਤ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਮਾਪਦੰਡਾਂ ‘ਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਨਿੱਜੀ ਸਕੂਲਾਂ ਨਾਲੋਂ ਵਧੀਆ ਕਾਰਗੁਜ਼ਾਰੀ ਦਿਖਾਈ ਹੈ। ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਤੀਜੀ ਜਮਾਤ ਦੇ 15% ਤੋਂ ਵੱਧ ਬੱਚੇ ਗੁਰਮੁਖੀ ਲਿਪੀ ਵਿੱਚ ਸਿਰਫ ਅੱਖਰ ਪੜ੍ਹ ਸਕਦੇ ਹਨ ਪਰ ਸ਼ਬਦ ਜਾਂ ਇਸ ਤੋਂ ਉੱਪਰ ਨਹੀਂ ਤੇ ਇਨ੍ਹਾਂ ‘ਚੋਂ 4.6% ਵਿਦਿਆਰਥੀ ਤਾਂ ਪੰਜਾਬੀ ਦੇ ਅੱਖਰ ਵੀ ਨਹੀਂ ਪਛਾਣ ਸਕਦੇ ਹਨ। ਦਿਹਾਤੀ ਪੰਜਾਬ ਵਿੱਚ ਬੱਚਿਆਂ ਦੇ ਸਿੱਖਣ ਦੇ ਪੱਧਰ ਸਬੰਧੀ ਹੋਏ ਸਰਵੇਖਣ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਤੀਜੀ ਜਮਾਤ ਦੇ 28% ਬੱਚੇ ਪਹਿਲੀ ਜਮਾਤ ਪੱਧਰ ਦੇ ਛੋਟੇ ਪੈਰ੍ਹੇ ਪੜ੍ਹ ਸਕਦੇ ਹਨ ਪਰ ਦੂਜੀ ਜਮਾਤ ਦੀਆਂ ਕਿਤਾਬਾਂ ਦੇ ਵੱਡੇ ਪੈਰ੍ਹੇ ਨਹੀਂ ਪੜ੍ਹ ਸਕਦੇ ਹਨ। ਏਐੱਸਈਆਰ ਦੇ ਜ਼ੋਨਲ ਮੈਨੇਜਰ (ਪੰਜਾਬ) ਪ੍ਰਭਸਿਮਰਨ ਸਿੰਘ ਨੇ ਕਿਹਾ ਕਿ ਇਸ ਦਿਹਾਤੀ ਸਰਵੇਖਣ ਵਿੱਚ 600 ਪਿੰਡਾਂ ਦੇ 3 ਤੋਂ 16 ਸਾਲ ਉਮਰ ਦੇ 20,226 ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਸਰਵੇਖਣ ਦੌਰਾਨ 2022 ਦੇ ਸਰਵੇਖਣ ਨਾਲੋਂ ਗਣਿਤ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਮਾਮਲੇ ਵਿੱਚ ਤਾਂ ਬੱਚਿਆਂ ਵਿੱਚ ਕਾਫੀ ਸੁਧਾਰ ਦੇਖਿਆ ਗਿਆ ਪਰ ਪੜ੍ਹਨ ਦੀ ਸਮਰੱਥਾ ਅਜੇ ਵੀ ਚਿੰਤਾ ਦਾ ਵਿਸ਼ਾ ਹੈ। ਪੜ੍ਹਨ ਦੀ ਸਮਰੱਥਾ ਦੇ ਮਾਮਲੇ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ 3.4% ਦਾ ਸੁਧਾਰ ਦੇਖਿਆ ਗਿਆ ਹੈ ਜਦਕਿ ਨਿੱਜੀ ਸਕੂਲਾਂ ਵਿੱਚ ਮਨਫੀ 0.9% ਦਾ ਨਿਘਾਰ ਆਇਆ ਹੈ। ਗਣਿਤ ਦੇ ਮਾਮਲੇ ਵਿੱਚ ਘੱਟੋ ਘੱਟ 51 ਫੀਸਦ ਬੱਚੇ ਘਟਾਓ ਦਾ ਸਵਾਲ ਤਾਂ ਕਰ ਹੀ ਲੈਂਦੇ ਹਨ। 2022 ਤੋਂ ਬਾਅਦ ਹੁਣ 2024 ਵਿੱਚ ਹੋਏ ਸਰਵੇਖਣ ‘ਚ ਸਰਕਾਰੀ ਸਕੂਲਾਂ ਦੇ ਤੀਜੀ ਜਮਾਤ ਦੇ ਬੱਚਿਆਂ ਦੀ ਪੜ੍ਹਨ ਦੀ ਸਮਰੱਥਾ ਵਿੱਚ ਸੁਧਾਰ ਹੋਇਆ ਹੈ ਜੋ ਕਿ ਦੂਜੀ ਜਮਾਤ ਦੀਆਂ ਕਿਤਾਬਾਂ ਪੜ੍ਹ ਸਕਦੇ ਹਨ।
ਮਿੱਡ-ਡੇਅ ਮੀਲ ਸਣੇ ਕਈ ਖੇਤਰਾਂ ‘ਚ ਕੌਮੀ ਅੰਕੜਿਆਂ ਨਾਲੋਂ ਬਿਹਤਰ ਹੈ ਸਥਿਤੀ : ਮਿੱਡ-ਡੇਅ ਮੀਲ ਸਣੇ ਕਈ ਖੇਤਰਾਂ ਵਿੱਚ ਪੰਜਾਬ ਦੇ ਸਕੂਲਾਂ ਦੀ ਸਥਿਤੀ ਕੌਮੀ ਅੰਕੜਿਆਂ ਨਾਲੋਂ ਬਿਹਤਰ ਵੀ ਹੈ। ਕੌਮੀ ਪੱਧਰ ‘ਤੇ 91.9% ਸਕੂਲਾਂ ਵਿੱਚ ਮਿੱਡ-ਡੇਅ ਮੀਲ ਦਿੱਤੀ ਜਾਂਦੀ ਹੈ ਜਦਕਿ ਪੰਜਾਬ ਦੇ 97.4% ਸਕੂਲਾਂ ਵਿੱਚ ਮਿੱਡ-ਡੇਅ ਮੀਲ ਦਿੱਤੀ ਜਾ ਰਹੀ ਹੈ। ਪੰਜਾਬ ਦੇ ਸਿਰਫ 2.8% ਸਕੂਲਾਂ ਵਿੱਚ ਲਾਇਬ੍ਰੇਰੀਆਂ ਨਹੀਂ ਹਨ ਜਦਕਿ ਕੌਮੀ ਪੱਧਰ ‘ਤੇ ਇਹ ਸਕੂਲਾਂ ਦਾ ਅੰਕੜਾ 17.5% ਹੈ। ਪੰਜਾਬ ਦੇ 81.2% ਸਕੂਲਾਂ ‘ਚ ਪਖਾਨਿਆਂ ਦੀ ਸਹੂਲਤ ਹੈ ਜਦਕਿ ਕੌਮੀ ਪੱਧਰ ‘ਤੇ 79% ਸਕੂਲਾਂ ‘ਚ ਪਖਾਨੇ ਦੀ ਸਹੂਲਤ ਹੈ। ਸੂਬੇ ਦੇ 77% ਸਕੂਲਾਂ ‘ਚ ਕੁੜੀਆਂ ਲਈ ਵੱਖਰੇ ਪਖਾਨੇ ਹਨ ਜਦਕਿ ਕੌਮੀ ਪੱਧਰ ‘ਤੇ 72% ਸਕੂਲਾਂ ‘ਚ ਇਹ ਸਹੂਲਤ ਹੈ। ਇਸੇ ਤਰ੍ਹਾਂ ਪੰਜਾਬ ਦੇ 31.7% ਸਕੂਲਾਂ ‘ਚ ਵਿਦਿਆਰਥੀਆਂ ਕੋਲ ਕੰਪਿਊਟਰ ਦੀ ਸਹੂਲਤ ਹੈ ਜਦਕਿ ਕੌਮੀ ਪੱਧਰ ‘ਤੇ ਸਿਰਫ਼ 11.1% ਸਕੂਲਾਂ ਦੇ ਵਿਦਿਆਰਥੀਆਂ ਨੂੰ ਇਹ ਸਹੂਲਤ ਮਿਲ ਰਹੀ ਹੈ।

RELATED ARTICLES
POPULAR POSTS