ਹਰਜਿੰਦਰ ਕੌਰ, ਵਿਕਾਸ ਠਾਕੁਰ, ਗੁਰਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਜਿੱਤੇ ਤਮਗੇ
ਚੰਡੀਗੜ੍ਹ : ਬਰਤਾਨੀਆ ਦੇ ਬਰਮਿੰਘਮ ਵਿਚ ਚੱਲ ਰਹੀਆਂ ਕਾਮਨਵੈਲਥ ਖੇਡਾਂ ਵਿਚ ਪੰਜਾਬ ਦੇ ਖਿਡਾਰੀਆਂ ਨੇ ਵੀ ਬੱਲੇ-ਬੱਲੇ ਕਰਵਾਈ ਹੈ। ਹਰਜਿੰਦਰ ਕੌਰ, ਵਿਕਾਸ ਠਾਕੁਰ, ਗੁਰਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਤਮਗੇ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।
ਕਾਮਨਵੈਲਥ ਖੇਡਾਂ ਵਿਚ ਕਸਬਾ ਨਾਭਾ ਨੇੜਲੇ ਪਿੰਡ ਮੈਹਸ ਦੀ ਰਹਿਣ ਵਾਲੀ ਹਰਜਿੰਦਰ ਕੌਰ ਨੇ ਵੇਟ ਲਿਫਟਿੰਗ ‘ਚ ਕਾਂਸੇ ਦਾ ਤਮਗਾ ਜਿੱਤਿਆ ਹੈ। ਕਾਮਨਵੈਲਥ ਖੇਡਾਂ ਵਿਚ ਕਾਂਸੇ ਦਾ ਤਗਮਾ ਜਿੱਤਣ ਵਾਲੀ ਸਾਹਿਬ ਸਿੰਘ ਤੇ ਕੁਲਦੀਪ ਕੌਰ ਦੀ ਲਾਡਲੀ ਧੀ ਹਰਜਿੰਦਰ ਕੌਰ ਦੀ ਇਸ ਸ਼ਾਨਦਾਰ ਉਪਲਬਧੀ ਤੋਂ ਬਾਅਦ ਪਿੰਡ ਮੈਹਸ ਵਿਚ ਵੀ ਖੁਸ਼ੀ ਦੀ ਲਹਿਰ ਹੈ।
ਇਸੇ ਤਰ੍ਹਾਂ ਲੁਧਿਆਣਾ ਦੇ ਵਿਕਾਸ ਠਾਕੁਰ ਨੇ ਵੇਟਲਿਫਟਿੰਗ ‘ਚ ਚਾਂਦੀ ਦਾ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਪਾਇਆ ਅਤੇ ਪੰਜਾਬ ਦਾ ਨਾਮ ਉਚਾ ਕੀਤਾ ਹੈ।
96 ਕਿਲੋਗ੍ਰਾਮ ਭਾਰ ਵਰਗ ਵਿਚ ਵਿਕਾਸ ਠਾਕੁਰ ਨੇ 346 ਕਿਲੋਗ੍ਰਾਮ ਵਜਨ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ ਅਤੇ ਚਾਂਦੀ ਦਾ ਮੈਡਲ ਆਪਣੇ ਨਾਂ ਕੀਤਾ। ਇਸੇ ਦੌਰਾਨ ਖੰਨਾ ਨੇੜਲੇ ਪਿੰਡ ਮਾਜਰੀ ਰਸੂਲੜਾ ਦੇ ਰਹਿਣ ਵਾਲੇ ਵੇਟ ਲਿਫਟਰ ਗੁਰਦੀਪ ਸਿੰਘ ਨੇ ਵੀ ਵੇਟ ਲਿਫਟਿੰਗ ਵਿਚ ਕਾਂਸੇ ਦਾ ਤਮਗਾ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ ਹੈ।
ਗੁਰਦੀਪ ਸਿੰਘ ਨੇ 109 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ‘ਚ ਕਾਂਸੀ ਦਾ ਤਮਗਾ ਜਿੱਤਿਆ ਹੈ। ਇਸ ਦੇ ਚੱਲਦਿਆਂ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਲਵਪ੍ਰੀਤ ਸਿੰਘ ਨੇ ਕਲੀਨ ਐਂਡ ਜਰਕ ‘ਚ 192 ਕਿਲੋਗ੍ਰਾਮ ਤੇ ਸਨੈਚ ‘ਚ 163 ਕਿਲੋਗ੍ਰਾਮ ਨਾਲ ਨਵੇਂ ਰਾਸ਼ਟਰੀ ਰਿਕਾਰਡ ਨਾਲ ਕੁੱਲ 355 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਦਾ ਤਮਗਾ ਜਿੱਤਿਆ ਹੈ। ਕਾਮਨਵੈਲਥ ਖੇਡਾਂ ਵਿਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਧਾਈ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਮਗੇ ਜਿੱਤਣ ਵਾਲੇ ਪੰਜਾਬ ਦੇ ਖਿਡਾਰੀਆਂ ਹਰਜਿੰਦਰ ਕੌਰ, ਵਿਕਾਸ ਠਾਕੁਰ, ਗੁਰਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਦੀ ਤਾਰੀਫ਼ ਕੀਤੀ ਹੈ। ਇਸੇ ਦੌਰਾਨ ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਵਿਚ ਜਾਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਦੇ ਖੇਤਰ ਵਿਚ ਆਉਣ ਵਾਲੇ ਨੌਜਵਾਨਾਂ ਦੀ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ ਤਾਂ ਜੋ ਅੱਗੇ ਆ ਕੇ ਉਹ ਸੂਬੇ ਅਤੇ ਦੇਸ਼ ਦਾ ਨਾਂ ਚਮਕਾਉਣ।
ਪੰਜਾਬੀ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਉਤਸ਼ਾਹਤ ਭਗਵੰਤ ਮਾਨ ਸਰਕਾਰ
ਪੰਜਾਬ ਦੇ ਮੈਡਲ ਜੇਤੂ ਖਿਡਾਰੀਆਂ ਨੂੰ ਬਿਨਾ ਟੈਸਟ ਮਿਲੇਗੀ ਸਰਕਾਰੀ ਨੌਕਰੀ
ਚੰਡੀਗੜ੍ਹ : ਕਾਮਨਵੈਲਥ ਖੇਡਾਂ ਵਿਚ ਪੰਜਾਬ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਭਗਵੰਤ ਮਾਨ ਸਰਕਾਰ ਉਤਸ਼ਾਹਿਤ ਹੈ ਅਤੇ ਖਿਡਾਰੀਆਂ ਨੂੰ ਬਿਨਾ ਟੈਸਟ ਤੋਂ ਸਰਕਾਰੀ ਨੌਕਰੀ ਦੇਣ ਦੀ ਗੱਲ ਕਹੀ ਗਈ ਹੈ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਚੰਡੀਗੜ੍ਹ ਵਿਚ ਖੇਡ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਮੌਜੂਦ ਰਹੇ। ਮੀਟਿੰਗ ਤੋਂ ਬਾਅਦ ਮੀਤ ਹੇਅਰ ਨੇ ਕਿਹਾ ਕਿ ਜਲਦ ਹੀ ਪੰਜਾਬ ਦੀ ਖੇਡ ਪਾਲਿਸੀ ਲਿਆ ਰਹੇ ਹਾਂ।
ਉਨ੍ਹਾਂ ਕਿਹਾ ਕਿ ਜਿਹੜੇ ਰਾਜਾਂ ਵਿਚ ਵਧੀਆ ਖੇਡ ਪਾਲਿਸੀ ਹੈ, ਉਸ ਨੂੰ ਵੀ ਸਟੱਡੀ ਕਰ ਰਹੇ ਹਾਂ। ਮੀਤ ਹੇਅਰ ਨੇ ਕਿਹਾ ਕਿ ਖਿਡਾਰੀ ਆਪਣਾ ਕੰਮ ਕਰ ਰਹੇ ਹਨ ਅਤੇ ਹੁਣ ਸਰਕਾਰ ਦੀ ਡਿਊਟੀ ਹੈ ਕਿ ਉਨ੍ਹਾਂ ਦੀਆਂ ਸਹੂਲਤਾਂ ਸਬੰਧੀ ਖਿਆਲ ਰੱਖੇ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਸੀਐਮ ਭਗਵੰਤ ਮਾਨ ਨਾਲ ਮੀਟਿੰਗ ਵਿਚ ਤੈਅ ਹੋਇਆ ਹੈ ਕਿ ਜੋ ਵੀ ਖਿਡਾਰੀ ਕਾਮਨਵੈਲਥ ਖੇਡਾਂ ਵਿਚ ਸੋਨੇ ਦਾ ਤਮਗਾ ਜਿੱਤੇਗਾ, ਉਸ ਨੂੰ 75 ਲੱਖ ਰੁਪਏ ਨਕਦ ਇਨਾਮ ਵਜੋਂ ਮਿਲਣਗੇ। ਚਾਂਦੀ ਦਾ ਤਮਗਾ ਜਿੱਤਣ ਵਾਲੇ ਨੂੰ 50 ਲੱਖ ਅਤੇ ਕਾਂਸੇ ਦਾ ਤਮਗਾ ਜਿੱਤਣ ਵਾਲੇ ਨੂੰ 40 ਲੱਖ ਰੁਪਏ ਨਕਦ ਇਨਾਮ ਵਜੋਂ ਦਿੱਤੇ ਜਾਣਗੇ। ਖੇਡ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਜਲਦ ਹੀ ਸੂਬੇ ਵਿਚ ਖੇਡ ਮੇਲਾ ਵੀ ਕਰਵਾਏਗੀ। ਜ਼ਿਕਰਯੋਗ ਹੈ ਕਿ ਕਾਮਨਵੈਲਥ ਖੇਡਾਂ ਵਿਚ ਹੁਣ ਤੱਕ ਪੰਜਾਬ ਦੇ ਚਾਰ ਖਿਡਾਰੀਆਂ ਨੇ ਤਮਗੇ ਜਿੱਤੇ ਹਨ। ਜਿਨ੍ਹਾਂ ਵਿਚ ਵਿਕਾਸ ਠਾਕੁਰ ਨੇ ਚਾਂਦੀ, ਹਰਜਿੰਦਰ ਕੌਰ, ਗੁਰਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਕਾਂਸੇ ਦੇ ਮੈਡਲ ਜਿੱਤੇ ਹਨ।
ਕੈਨੇਡਾ ਦੇ ਖਿਡਾਰੀਆਂ ਦਾ ਵੀ ਵਧੀਆ ਪ੍ਰਦਰਸ਼ਨ
ਬਰਮਿੰਘਮ ਵਿਖੇ ਚੱਲ ਰਹੀਆਂ ਕਾਮਨਵੈਲਥ ਖੇਡਾਂ ਵਿਚ ਕੈਨੇਡਾ ਦੇ ਖਿਡਾਰੀਆਂ ਵਲੋਂ ਵੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਖਿਡਾਰੀਆਂ ਨੇ ਹੁਣ ਤੱਕ ਸੋਨੇ ਦੇ 16, ਚਾਂਦੀ ਦੇ 20 ਅਤੇ ਕਾਂਸੇ ਦੇ 21 ਮੈਡਲ ਜਿੱਤੇ ਹਨ। ਜ਼ਿਕਰਯੋਗ ਹੈ ਕਿ ਭਾਰਤ ਦੀ ਪੁਰਸ਼ ਅਤੇ ਮਹਿਲਾ ਹਾਕੀ ਟੀਮ ਨੇ ਕੈਨੇਡਾ ਨੂੰ ਹਰਾ ਦਿੱਤਾ ਸੀ।
ਕਾਮਨਵੈਲਥ ਖੇਡਾਂ 2022
ਸਥਾਨ ਦੇਸ਼ ਕੁਲ ਮੈਡਲ
1. ਆਸਟਰੇਲੀਆ 123
2. ਇੰਗਲੈਂਡ 103
3. ਕੈਨੇਡਾ 57
4. ਨਿਊਜ਼ਲੈਂਡ 36
7. ਭਾਰਤ 18