Breaking News
Home / ਹਫ਼ਤਾਵਾਰੀ ਫੇਰੀ / ਕਈ ਅਹਿਮ ਮੁੱਦਿਆਂ ‘ਤੇ ਪੀਲ ਪੁਲਿਸ ਮੁਖੀ ਨਾਲ ‘ਪਰਵਾਸੀ’ ਮੀਡੀਆ ਦੀ ਵਿਸ਼ੇਸ਼ ਗੱਲਬਾਤ

ਕਈ ਅਹਿਮ ਮੁੱਦਿਆਂ ‘ਤੇ ਪੀਲ ਪੁਲਿਸ ਮੁਖੀ ਨਾਲ ‘ਪਰਵਾਸੀ’ ਮੀਡੀਆ ਦੀ ਵਿਸ਼ੇਸ਼ ਗੱਲਬਾਤ

ਵਧ ਰਹੇ ਅਪਰਾਧ, ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਜੁੜੇ ਮਸਲੇ ਅਤੇ ਪੁਲਿਸ ਵਿਚ ਭਰਤੀ ਸਮੇਤ ਕਈ ਮੁੱਦਿਆਂ ‘ਤੇ ਕੀਤੀ ਵਿਸਥਾਰ ਵਿਚ ਚਰਚਾ
ਮਿਸੀਸਾਗਾ/ਬਿਊਰੋ ਨਿਊਜ਼ : ਲੰਘੇ ਬੁੱਧਵਾਰ ਨੂੰ ਪੀਲ ਪੁਲਿਸ ਦੇ ਮੁਖੀ ‘ਨਿਸ਼ਾਨ ਦੁਰੱਪਾ’ ਨੇ ਪਰਵਾਸੀ ਮੀਡੀਆ ਦੇ ਮੁੱਖ ਦਫਤਰ ਦਾ ਦੌਰਾ ਕੀਤਾ। ਇਸ ਮੌਕੇ ‘ਪਰਵਾਸੀ’ ਮੀਡੀਆ ਗਰੁੱਪ ਦੇ ਮੁਖੀ ਰਜਿੰਦਰ ਸੈਣੀ ਹੋਰਾਂ ਨੇ ਉਨ੍ਹਾਂ ਨਾਲ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਪੀਲ ਰੀਜਨ ਨਾਲ ਜੁੜੇ ਕਈ ਅਪਰਾਧਕ ਮਾਮਲਿਆਂ ਸਮੇਤ ਪੁਲਿਸ ਵਿਭਾਗ ਵਿਚਲੇ ਨਸਲੀ ਵਿਤਕਰੇ ਅਤੇ ਘੱਟਗਿਣਤੀ ਭਾਈਚਾਰੇ ਦੇ ਲੋਕਾਂ ਦੀ ਪੁਲਿਸ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਬਾਰੇ ਵੀ ਵਿਸਥਾਰ ਸਹਿਤ ਚਰਚਾ ਕੀਤੀ ਗਈ। ਸ੍ਰੀ ਦੁਰੱਪਾ ਜੋ ਕਿ ਤਾਮਿਲ ਮੂਲ ਦੇ ਹਨ, ਨੇ ਦੱਸਿਆ ਕਿ ਸ੍ਰੀਲੰਕਾ ਵਿਚ ਤਾਮਿਲਾਂ ਨਾਲ ਹੋ ਰਹੀ ਨਸਲੀ ਹਿੰਸਾ ਦੇ ਚਲਦਿਆਂ ਉਨ੍ਹਾਂ ਦਾ ਪਰਿਵਾਰ 1974 ਵਿਚ ਕੈਨੇਡਾ ਆ ਗਿਆ ਸੀ, ਉਦੋਂ ਉਹ ਡੇਢ ਸਾਲ ਦੇ ਸਨ। ਉਨ੍ਹਾਂ ਦੇ ਮਾਤਾ-ਪਿਤਾ ਨੇ ਬਹੁਤ ਮਿਹਨਤ ਕਰਕੇ ਉਨ੍ਹਾਂ ਨੂੰ ਪੜ੍ਹਾਇਆ ਅਤੇ ਉਹ ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਹਨ। ਉਹ ਮਿਲਟਨ ਇਲਾਕੇ ਵਿਚ ਸੈਟਲ ਹੋ ਗਏ। ਇਥੇ ਉਸ ਸਮੇਂ ਸਿਰਫ਼ ਦੋ ਹੀ ਇਮੀਗ੍ਰਾਂਟ ਪਰਿਵਾਰ ਰਹਿੰਦੇ ਸਨ। ਦੂਜਾ ਪਰਿਵਾਰ ਪ੍ਰਸਿੱਧ ਪਹਿਲਵਾਨ ਟਾਈਗਰਜੀਤ ਸਿੰਘ ਦਾ ਸੀ ਜੋ ਪਹਿਲਾਂ ਤੋਂ ਹੀ ਮਿਲਟਨ ਵਿਚ ਰਹਿ ਰਹੇ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਿਤਾ ਦਾ ਬਚਪਨ ਵਿਚ ਹੀ ਦੇਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦੀ ਮਾਤਾ ਨੇ ਉਨ੍ਹਾਂ ਨੂੰ ਬਹੁਤ ਮਿਹਨਤ ਕਰਕੇ ਯੂਨੀਵਰਸਿਟੀ ਤੱਕ ਪੜ੍ਹਾਇਆ। ਪ੍ਰੰਤੂ ਉਹ ਕਦੇ ਵੀ ਨਹੀਂ ਸਨ ਚਾਹੁੰਦੇ ਕਿ ਉਨ੍ਹਾਂ ਦਾ ਬੇਟਾ ਪੁਲਿਸ ਵਿਚ ਭਰਤੀ ਹੋਵੇ। ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਨੇ ਪੁਲਿਸ ਵਿਚ ਭਰਤੀ ਹੋਣ ਤੋਂ ਬਾਅਦ ਮਾਲਟਨ ਰੀਜਨ ਦੇ ਡਿਪਟੀ ਪੁਲਿਸ ਚੀਫ਼ ਤੱਕ ਦੀ ਤਰੱਕੀ ਹਾਸਲ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪੀਲ ਪੁਲਿਸ ਦਾ ਮੁਖੀ ਨਿਯੁਕਤ ਕੀਤਾ ਗਿਆ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਮੰਨਿਆ ਕਿ ਉਹ ਖੁਦ ਇਕ ਇਮੀਗ੍ਰਾਂਟ ਹਨ ਇਸ ਲਈ ਪੁਲਿਸ ਚੀਫ਼ ਵਜੋਂ ਕੰਮ ਕਰਦਿਆਂ ਉਹ ਇਮੀਗ੍ਰਾਂਟ ਭਾਈਚਾਰੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਆਪਣੀ ਪੁਲਿਸ ਫੋਰਸ ਨੂੰ ਇਸ ਪ੍ਰਤੀ ਸੁਚੇਤ ਕਰਨ ਲਈ ਯਤਨਸ਼ੀਲ ਹਨ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਪੁਲਿਸ ਦੀ ਨੌਕਰੀ ਬਹੁਤ ਮਹੱਤਵਪੂਰਨ ਅਤੇ ਜ਼ਿੰਮੇਵਾਰੀ ਵਾਲਾ ਕਿੱਤਾ ਹੈ ਇਸ ਲਈ ਉਹ ਇਸ ਨੂੰ ਆਪਣੇ ਕੈਰੀਅਰ ਵਜੋਂ ਚੁਣ ਸਕਦੇ ਹਨ। ਜਿਸ ਦੀ ਮਿਸਾਲ ਉਹ ਖੁਦ ਵੀ ਹਨ। ਉਨ੍ਹਾਂ ਕਿਹਾ ਕਿ ਪੀਲ ਪੁਲਿਸ ਲਗਾਤਾਰ ਭਰਤੀ ਕਰ ਰਹੀ ਹੈ ਇਸ ਲਈ ਵੱਧ ਤੋਂ ਵੱਧ ਘੱਟਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ।
ਉਨ੍ਹਾਂ ਮੰਨਿਆ ਕਿ ਪੀਲ ਰੀਜਨ ਵਿਚ ਕਾਰਾਂ ਖੋਹਣ, ਚੋਰੀ ਕਰਨ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ। ਜਿਸ ਨਾਲ ਨਿਪਟਣ ਲਈ ਪੁਲਿਸ ਲਗਾਤਾਰ ਯਤਨਸ਼ੀਲ ਹੈ ਪ੍ਰੰਤੂ ਉਨ੍ਹਾਂ ਨਾਲ ਹੀ ਇਹ ਵੀ ਦੱਸਿਆ ਕਿ ਪੀਲ ਰੀਜਨ ਜੋ ਕਿ ਅਬਾਦੀ ਪੱਖੋਂ ਕੈਨੇਡਾ ਵਿਚ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਇਲਾਕਾ ਹੈ, ਵਿਚ ਉਨ੍ਹਾਂ ਨੂੰ ਅਜਿਹੇ ਅਪਰਾਧਾਂ ਨਾਲ ਨਜਿੱਠਣ ਲਈ ਬਹੁਤ ਜ਼ਿਆਦਾ ਪੁਲਿਸ ਅਫ਼ਸਰਾਂ ਦੀ ਲੋੜ ਹੈ। ਜਿਸ ਲਈ ਉਨ੍ਹਾਂ ਨੂੰ ਲੋੜੀਂਦੇ ਫੰਡ ਨਹੀਂ ਮਿਲ ਰਹੇ। ਉਨ੍ਹਾਂ ਇਸ ਗੱਲ ‘ਤੇ ਵੀ ਅਫ਼ਸੋਸ ਪ੍ਰਗਟ ਕੀਤਾ ਕਿ ਪੁਲਿਸ ਅਫ਼ਸਰਾਂ ਦਾ ਬਹੁਤਾ ਸਮਾਂ ਗੈਰਜ਼ਰੂਰੀ ਕੰਮਾਂ ਵਿਚ ਲਗ ਜਾਂਦਾ ਹੈ, ਜਿਵੇਂ ਕਿ ਟ੍ਰੈਫਿਕ ਕੰਟਰੋਲ ਕਰਨਾ ਜਾਂ ਕੋਵਿਡ ਤੋਂ ਬਾਅਦ ਮਾਨਸਿਕ ਸਿਹਤ ਦੇ ਰੋਗੀਆਂ ਵਿਚ ਹੋ ਰਹੇ ਵਾਧੇ ਦੇ ਮਾਮਲੇ ਵੀ ਸ਼ਾਮਲ ਹਨ। ਉਨ੍ਹਾਂ ਨੇ ਮੰਨਿਆ ਕਿ ਅਪਰਾਧੀ ਲੋਕਾਂ ਨੂੰ ਲੁੱਟਣ ਲਈ ਨਵੀਆਂ-ਨਵੀਆਂ ਤਕਨੀਕਾਂ ਦਾ ਇਸਤੇਮਾਲ ਕਰ ਰਹੇ ਹਨ। ਜਿਸ ਲਈ ਉਨ੍ਹਾਂ ਨੂੰ ਆਪਣੇ ਸਾਈਬਰ ਕ੍ਰਾਈਮ ਡਿਪਾਰਟਮੈਂਟ ਨੂੰ ਚੁਸਤ-ਦਰੁਸਤ ਬਣਾਉਣ ਦੀ ਲੋੜ ਹੈ।
ਉਨ੍ਹਾਂ ਨੇ ਇਹ ਵੀ ਮੰਨਿਆ ਕਿ ਪੀਲ ਰੀਜਨ ਵਿਚ ਬੇਸ਼ੱਕ 60 ਫੀਸਦੀ ਤੋਂ ਜ਼ਿਆਦਾ ਲੋਕ ਘੱਟਗਿਣਤੀ ਦੇ ਰਹਿੰਦੇ ਹਨ ਪ੍ਰੰਤੂ ਪੀਲ ਪੁਲਿਸ ਫੋਰਸ ਵਿਚ ਉਨ੍ਹਾਂ ਦੀ ਪ੍ਰਤੀਨਿਧਤਾ ਉਸ ਅਨੁਪਾਤ ਨਾਲ ਨਹੀਂ ਹੈ। ਪ੍ਰੰਤੂ ਉਨ੍ਹਾਂ ਨਾਲ ਹੀ ਦੱਸਿਆ ਕਿ ਉਨ੍ਹਾਂ ਦੀ ਫੋਰਸ ਵਿਚ 50 ਤੋਂ ਵੱਧ ਭਾਸ਼ਾਵਾਂ ਬੋਲਣ ਵਾਲੇ ਅਫ਼ਸਰ ਇਸ ਸਮੇਂ ਕੰਮ ਕਰ ਰਹੇ ਹਨ। ਇਹ ਪੁੱਛੇ ਜਾਣ ‘ਤੇ ਕਿ ਚੋਰੀ ਵਾਲੀਆਂ ਘਟਨਾਵਾਂ ਵਿਚ ਪੁਲਿਸ ਤੁਰੰਤ ਕਾਰਵਾਈ ਕਿਉਂ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਸਾਡੀ ਪਹਿਲ ਉਨ੍ਹਾਂ ਕੇਸਾਂ ਨੂੰ ਹੁੰਦੀ ਹੈ ਜਿਨ੍ਹਾਂ ਵਿਚ ਕਿਸੇ ਦੀ ਜਾਨ ਨੂੰ ਖਤਰਾ ਹੋਵੇ। ਕਿਉਂਕਿ ਸਾਡੇ ਕੋਲ ਅਫ਼ਸਰਾਂ ਦੀ ਸਖਤ ਕਮੀ ਹੈ। ਇਸ ਕਾਰਨ ਅਸੀਂ ਚੋਰੀ ਵਾਲੀਆਂ ਘਟਨਾਵਾਂ ਨੂੰ ਬਹੁਤੀ ਤਰਜੀਹ ਨਹੀਂ ਦੇ ਪਾਉਂਦੇ। ਉਨ੍ਹਾਂ ਇਹ ਵੀ ਮੰਨਿਆ ਕਿ ਅੱਜ ਕੱਲ੍ਹ 911 ‘ਤੇ ਕਾਲ ਕਰਨ ‘ਤੇ ਹੀ ਕਈ ਵਾਰ ਪੁਲਿਸ ਤੁਰੰਤ ਨਹੀਂ ਪਹੁੰਚ ਪਾਉਂਦੀ, ਜੋ ਸਭਨਾ ਲਈ ਵੱਡਾ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਨੇ ਇਸ ਗੱਲ ‘ਤੇ ਹਾਮੀ ਭਰੀ ਕਿ ਭਾਰਤ ਜਾਂ ਹੋਰਨਾਂ ਮੁਲਕਾਂ ਤੋਂ ਬਰੈਂਪਟਨ ਵਰਗੇ ਸ਼ਹਿਰਾਂ ਵਿਚ ਵੱਡੀ ਗਿਣਤੀ ਵਿਚ ਸੈਟਲ ਹੋ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਅਪਰਾਧਾਂ ਵਿਚ ਸ਼ਾਮਲ ਹੋਣ ਦੀ ਗਿਣਤੀ ਵਧ ਰਹੀ ਹੈ। ਜੋ ਬਾਕੀ ਸਮਾਜ ਲਈ ਚਿੰਤਾ ਦਾ ਵੱਡਾ ਵਿਸ਼ਾ ਹੈ। ਉਨ੍ਹਾਂ ਅੰਤ ਵਿਚ ਫਿਰ ਤੋਂ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਨੂੰ ਆਪਣਾ ਦੋਸਤ ਸਮਝਣ, ਪੁਲਿਸ ਨੂੰ ਸਹਿਯੋਗ ਦੇਣ ਤਾਂ ਕਿ ਪੁਲਿਸ ਉਨ੍ਹਾਂ ਦੀ ਬੇਹਤਰ ਤਰੀਕੇ ਨਾਲ ਮਦਦ ਕਰ ਸਕੇ।

 

Check Also

ਕੈਨੇਡਾ ਧਰਤੀ ‘ਤੇ ਸਭ ਤੋਂ ਮਹਾਨ ਰਾਸ਼ਟਰ : ਮਾਰਕ ਕਾਰਨੀ

ਪੀਐਮ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਓਟਵਾ : …