11.2 C
Toronto
Saturday, October 18, 2025
spot_img
Homeਭਾਰਤਪਠਾਨਕੋਟ ਹਮਲਾ: ਪੰਜਾਬ ਪੁਲਿਸ ਦੀ ਭੂਮਿਕਾ ਸ਼ੱਕੀ ਕਰਾਰ

ਪਠਾਨਕੋਟ ਹਮਲਾ: ਪੰਜਾਬ ਪੁਲਿਸ ਦੀ ਭੂਮਿਕਾ ਸ਼ੱਕੀ ਕਰਾਰ

Pathankot News copy copy copyਸੰਸਦ ਦੀ ਸਥਾਈ ਕਮੇਟੀ ਵੱਲੋਂ ਰਿਪੋਰਟ ਪੇਸ਼; ਹਮਲਾ ਰੋਕਣ ਵਿੱਚ ਨਾਕਾਮੀ ਲਈ ਸਰਕਾਰ ਦੀ ਖਿਚਾਈ; ਐਸਪੀ ਤੇ ਉਸ ਦੇ ਮਿੱਤਰਾਂ ਖ਼ਿਲਾਫ਼ ਜਾਂਚ ਦੀ ਸਿਫ਼ਾਰਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਪਠਾਨਕੋਟ ਵਿੱਚ ਭਾਰਤੀ ਹਵਾਈ ਫੌਜ ਦੇ ਅੱਡੇ ‘ਤੇ ਅੱਤਵਾਦੀ ਹਮਲਾ ਰੋਕਣ ਵਿੱਚ ਨਾਕਾਮ ਰਹਿਣ ਲਈ ਸਰਕਾਰ ਦੀ ਖਿਚਾਈ ਕਰਦਿਆਂ ਸੰਸਦ ਦੀ ਇਕ ਕਮੇਟੀ ਨੇ ਜਿਥੇ ਇਹ ਕਿਹਾ ਹੈ ਕਿ ਦੇਸ਼ ਦੇ ਅੱਤਵਾਦ ਵਿਰੋਧੀ ਢਾਂਚੇ ਵਿੱਚ ਕੋਈ ਚੀਜ਼ ਗੰਭੀਰ ਤੌਰ ‘ਤੇ ਗਲਤ ਹੈ ਅਤੇ ਹਵਾਈ ਫੌਜ ਦੇ ਅੱਡੇ ਦੀ ਸੁਰੱਖਿਆ ਠੋਸ ਨਹੀਂ ਸੀ, ਉਥੇ ਨਾਲ ਹੀ ਪੰਜਾਬ ਪੁਲਿਸ ਦੀ ਭੂਮਿਕਾ ਨੂੰ ਸਵਾਲਾਂ ਦੇ ਘੇਰੇ ਵਿੱਚ ਤੇ ਸ਼ੱਕੀ ਦੱਸਿਆ ਹੈ। ਸੰਸਦ ਵਿੱਚ ਪੇਸ਼ ਹੋਈ ਗ੍ਰਹਿ ਮੰਤਰਾਲੇ ਨਾਲ ਸਬੰਧਿਤ ਸਥਾਈ ਕਮੇਟੀ ਦੀ ઠ197ਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੋ ਜਨਵਰੀ ਦੇ ਅੱਤਵਾਦੀ ਹਮਲੇ ਬਾਰੇ ਕਈ ਸਵਾਲ ਖੜ੍ਹੇ ਹੁੰਦੇ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਪੁਲਿਸ ਦੇ ਐਸਪੀ ਨੂੰ ਅਗਵਾ ਕਰਨ ਬਾਅਦ ਪੰਜਾਬ ਪੁਲਿਸ ਨੇ ਇਹ ਸਿੱਟਾ ਕੱਢਣ ਵਿੱਚ ਲੰਮਾ ਸਮਾਂ ਲੈ ਲਿਆ ਕਿ ਅਗਵਾ ਕਾਂਡ ਸਿਰਫ਼ ਅਪਰਾਧਕ ਡਕੈਤੀ ਨਾਲ ਜੁੜਿਆ ਮਾਮਲਾ ਨਹੀਂ ਸਗੋਂ ਕੌਮੀ ਸੁਰੱਖਿਆ ਦੇ ਸਾਹਮਣੇ ਵੱਡਾ ਖਤਰਾ ਸੀ। ਕਮੇਟੀ ਸਮਝ ਨਹੀਂ ਸਕੀ ਕਿ ਅੱਤਵਾਦੀਆਂ ਨੇ ਐਸਪੀ ਤੇ ਉਸ ਦੇ ਮਿੱਤਰਾਂ ਨੂੰ ਕਿਉਂ ਛੱਡ ਦਿੱਤਾ ਅਤੇ ਕੌਮੀ ਜਾਂਚ ਏਜੰਸੀ ਨੂੰ ਇਸ ਦੀ ਪੂਰੀ ਜਾਂਚ ਕਰਨੀ ਚਾਹੀਦੀ ਹੈ।
ਕਮੇਟੀ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਸਰਗਰਮ ਨਸ਼ੀਲੇ ਪਦਾਰਥਾਂ ਦੀ ਸਿੰਡੀਕੇਟ ਦੀ ਭੂਮਿਕਾ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਕਿਉਂਕਿ ਅੱਤਵਾਦੀਆਂ ਨੇ ਇਸ ਨੈੱਟਵਰਕ ਦੀ ਮਦਦ ਲਈ ਹੋਵੇਗੀ। ਕਮੇਟੀ ਨੇ ਕਿਹਾ ਕਿ ਇਹ ਗੱਲ ਸਮਝ ਤੋਂ ਪਰ੍ਹੇ ਹੈ ਕਿ ਅੱਤਵਾਦੀ ਹਮਲੇ ਦੇ ਖਦਸ਼ਿਆਂ ਬਾਰੇ ਪਹਿਲਾਂ ਦੱਸੇ ਜਾਣ ਦੇ ਬਾਵਜੂਦ ਅੱਤਵਾਦੀ ਕਿਵੇਂ ਹਵਾਈ ਅੱਡੇ ਵਿੱਚ ਦਾਖਲ ਹੋ ਗਏ। ਉਸ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਪਹਿਲਾਂ ਅਗਵਾ ਕੀਤੇ ਤੇ ਬਾਅਦ ਵਿੱਚ ਅੱਤਵਾਦੀਆਂ ਵੱਲੋਂ ਛੱਡੇ ਗਏ ਪਠਾਨਕੋਟ ਦੇ ਐਸਪੀ ਤੇ ਉਸ ਦੇ ਮਿੱਤਰਾਂ ਤੋਂ ਠੋਸ ਤੇ ਭਰੋਸੇਯੋਗ ਜਾਣਕਾਰੀ ਹਾਸਲ ਹੋਣ ਅਤੇ ਅੱਤਵਾਦੀਆਂ ਤੇ ਉਨ੍ਹਾਂ ਦੇ ਰਹਿਬਰਾਂ ਵਿਚਾਲੇ ਗੱਲਬਾਤ ਨੂੰ ਸੁਣੇ ਜਾਣ ਤੋਂ ਬਾਅਦ ਵੀ ਸੁਰੱਖਿਆ ਏਜੰਸੀਆਂ ਦੀ ਤਿਆਰੀ ਐਨੀ ਖ਼ਰਾਬ ਸੀ ਕਿ ਉਹ ਸਮੇਂ ‘ਤੇ ਖ਼ਤਰੇ ਨੂੰ ਨਾ ਸਮਝ ਸਕੇ ਤੇ ਨਾ ਹੀ ਤੁਰੰਤ ਅਤੇ ਅਸਰਦਾਰ ਜਵਾਬ ਦੇ ਸਕੇ। ਕਮੇਟੀ ਦਾ ਮੰਨਣਾ ઠਹੈ ਕਿ ਦੇਸ਼ ਦੇ ਅੱਤਵਾਦ ਵਿਰੋਧੀ ਸੁਰੱਖਿਆ ਢਾਂਚੇ ਵਿੱਚ ਕੁੱਝ ਗੰਭੀਰ ਤੌਰ ‘ਤੇ ਗਲਤ ਹੈ। ਹਵਾਈ ਅੱਡੇ ਦੇ ਦੌਰੇ ਦੌਰਾਨ ਕਮੇਟੀ ਨੇ ਦੇਖਿਆ ਕਿ ਰਣਨੀਤਿਕ ਤੌਰ ‘ਤੇ ਅਹਿਮ ਇਸ ਅੱਡੇ ਦੇ ਨੇੜੇ ਕੋਈ ਕੰਧ ਨਹੀਂ। ਉਥੇ ਉੱਚੀਆਂ ਝਾੜੀਆਂ ਤੇ ਦਰਖੱਤ ਹਨ, ਜੋ ਅੱਤਵਾਦੀਆਂ ਦੇ ਲੁਕਣ ਲਈ ਸਵਰਗ ਤੇ ਸੁਰੱਖਿਆ ਬਲਾਂ ਲਈ ਮੁਸੀਬਤ ਹਨ। ਹਵਾਈ ਅੱਡੇ ਦਾ ਸੁਰੱਖਿਆ ਬੰਦੋਬਸਤ ਰੱਬ ਆਸਰੇ ਹੈ।
ਕਮੇਟੀ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਮਲਾ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਨੇ ਕੀਤਾ। ਇਹ ਗੱਲ ਐਸਪੀ ਤੇ ਉਸ ਦੇ ਮਿੱਤਰਾਂ ਪਾਸੋਂ ਖੋਹੇ ਫੋਨ ਦੀ ਅੱਤਵਾਦੀਆਂ ਵੱਲੋਂ ਕੀਤੀ ਵਰਤੋਂ ਤੋਂ ਪਤਾ ਲੱਗੀ ਹੈ। ਮਾਰੇ ਗਏ ਅੱਤਵਾਦੀਆਂ ਤੋਂ ਹਥਿਆਰ ਵੀ ਪਾਕਿਸਤਾਨ ਦੇ ਹੀ ਮਿਲੇ ਹਨ। ਜਿਸ ਢੰਗ ਨਾਲ ਅੱਤਵਾਦੀ ਅੱਡੇ ਵਿੱਚ ਦਾਖਲ ਹੋਏ ਉਸ ਤੋਂ ਸਾਫ਼ ਹੈ ਕਿ ਇਹ ਕੰਮ ਪਾਕਿਸਤਾਨ ਦੀਆਂ ਸੁਰੱਖਿਆ ਤੇ ਖ਼ੁਫ਼ੀਆ ਏਜੰਸੀਆਂ ਦੀ ਮਦਦ ਬਗੈਰ ਸੰਭਵ ਨਹੀਂ। ਕਮੇਟੀ ਨੇ ਕਿਹਾ ਕਿ ਸਰਹੱਦ ‘ਤੇ ਕੰਡਿਆਲੀ ਤਾਰ ਤੇ ਫਲੱਡਲਾਈਟਾਂ ਹੋਣ ਤੇ ਬੀਐਸਐਫ ਦੀ ਗਸ਼ਤ ਦੇ ਬਾਵਜੂਦ ਪਾਕਿਸਤਾਨੀ ਅੱਤਵਾਦੀ ਭਾਰਤ ਵਿੱਚ ਘੁਸਪੈਠ ਕਰਨ ਵਿੱਚ ਕਾਮਯਾਬ ਰਹੇ। ਕਮੇਟੀ ਨੇ ਸਰਕਾਰ ਨੂੰ ਸੁਝਾਅ ਦਿੱਤਾ ਕਿ ਸਰਹੱਦੀ ਖੇਤਰਾਂ ਵਿੱਚ ਗਸ਼ਤ ਵਧਾਉਣ, ਕੰਡਿਆਲੀ ਤਾਰ ਤੇ ਫਲੱਡ ਲਾਈਟਾਂ ਲਗਾਉਣ ਦੇ ਕੰਮ ਵੱਲ ਪੂਰਾ ਧਿਆਨ ਦਿੱਤਾ ਜਾਵੇ। ਪੈਨਲ ਨੇ ਸਰਕਾਰ ਨੂੰ ਪੁੱਛਿਆ ਹੈ ਕਿ ਉਸ ਨੇ ਕਿਸ ਅਧਾਰ ‘ਤੇ ਇਸ ਅੱਤਵਾਦੀ ਹਮਲੇ ਦੀ ਜਾਂਚ ਵਿੱਚ ਪਾਕਿਸਤਾਨ ਤੋਂ ਮਦਦ ਲੈਣ ਦਾ ਵਿਚਾਰ ਕੀਤਾ ਤੇ ਪਾਕਿਸਤਾਨ ਦੀ ਸਾਂਝੀ ਜਾਂਚ ਟੀਮ ਨੂੰ ਭਾਰਤ ਸੱਦਿਆ।

RELATED ARTICLES
POPULAR POSTS