ਚੰਡੀਗੜ੍ਹ : ਵਿਆਹ ਕਰਨ ਤੋਂ ਕੁਝ ਦਿਨ ਬਾਅਦ ਹੀ ਪਤਨੀ ਨੂੰ ਛੱਡ ਕੇ ਵਿਦੇਸ਼ ਭੱਜਣ ਵਾਲੇ ਲਾੜਿਆਂ ਦੇ ਪਾਸਪੋਰਟ ਰੱਦ ਕੀਤੇ ਜਾਣਗੇ। ਹਜ਼ਾਰਾਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਚੰਡੀਗੜ੍ਹ ਪਾਸਪੋਰਟ ਦਫਤਰ ਨੇ ਇਹ ਸਖਤ ਕਦਮ ਚੁੱਕਿਆ ਹੈ। ਇਸ ‘ਤੇ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਪਿਛਲੇ ਤਿੰਨ ਦਿਨਾਂ ਵਿਚ 7 ਪਾਸਪੋਰਟ ਰੱਦ ਕੀਤੇ ਜਾ ਚੁੱਕੇ ਹਨ। ਇਸ ਕੰਮ ਨੂੰ ਪੀੜਤ ਮਹਿਲਾਵਾਂ ਹੀ ਅੰਜਾਮ ਦੇ ਰਹੀਆਂ ਹਨ। ਇਨ੍ਹਾਂ ਮਹਿਲਾਵਾਂ ਦੀ ਇਕ ਟੀਮ ਪਾਸਪੋਰਟ ਰੱਦ ਕਰਵਾਉਣ ਵਿਚ ਕਰਮਚਾਰੀਆਂ ਦੀ ਮੱਦਦ ਕਰ ਰਹੀ ਹੈ। ਚੰਡੀਗੜ੍ਹ ਦੇ ਖੇਤਰੀ ਪਾਸਪੋਰਟ ਅਫਸਰ ਸਿਬਾਸ ਕਵਿਰਾਜ ਨੇ ਕਿਹਾ ਕਿ ਕਾਫੀ ਸਮੇਂ ਤੋਂ ਪਾਸਪੋਰਟ ਦਫਤਰ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਐਨਆਰਆਈ ਲੜਕੇ ਵਿਦੇਸ਼ ਤੋਂ ਇੱਥੇ ਆ ਕੇ ਵਿਆਹ ਕਰਵਾਉਂਦੇ ਹਨ। ਕੁਝ ਸਮਾਂ ਪਤਨੀ ਨਾਲ ਬਿਤਾਉਂਦੇ ਹਨ ਅਤੇ ਫਿਰ ਉਸ ਨੂੰ ਛੱਡ ਕੇ ਵਿਦੇਸ਼ ਚਲੇ ਜਾਂਦੇ ਹਨ। ਅਜਿਹੇ ਕਈ ਮਾਮਲੇ ਹਨ, ਜਿਨ੍ਹਾਂ ਵਿਚ ਲੜਕੀਆਂ ਸਾਲਾਂ ਤੋਂ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀਆਂ ਹਨ, ਪਰ ਉਹ ਵਾਪਸ ਨਹੀਂ ਪਰਤੇ।
ਹੈਲਪ ਲਾਈਨ ਨੰਬਰ ਜਾਰੀ : ਜਿਨ੍ਹਾਂ ਦੇ ਪਤੀ ਉਨ੍ਹਾਂ ਛੱਡ ਕੇ ਵਿਦੇਸ਼ ਭੱਜ ਗਏ ਹਨ ਉਹ ਫੋਨ ਨੰਬਰ 0172-2971918 ‘ਤੇ ਸੰਪਰਕ ਕਰਕੇ ਆਪਣੇ ਕੇਸ ਦੇ ਬਾਰੇ ‘ਚ ਜਾਣਕਾਰੀ ਦੇ ਸਕਦੀਆਂ ਹਨ।
ਤਿੰਨ ਦਿਨਾਂ ‘ਚ 7 ਠੱਗ ਲਾੜਿਆਂ ਦੇ ਪਾਸਪੋਰਟ ਰੱਦ
ਚੰਡੀਗੜ੍ਹ ਪਾਸਪੋਰਟ ਦਫਤਰ ਨੇ ਪਾਸਪੋਰਟ ਰੱਦ ਕਰਨ ਦੀ ਯੋਜਨਾ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਪਿਛਲੇ ਤਿੰਨ ਦਿਨਾਂ ਵਿਚ 7 ਪਾਸਪੋਰਟ ਰੱਦ ਕੀਤੇ ਜਾ ਚੁੱਕੇ ਹਨ। ਵਿਦੇਸ਼ ਭੱਜਣ ਵਾਲੇ ਲਾੜਿਆਂ ਦੇ ਪਾਸਪੋਰਟ ਇਸ ਲਈ ਰੱਦ ਕੀਤੇ ਜਾ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਵਾਪਸ ਪਰਤਣ ਲਈ ਮਜਬੂਰ ਹੋਣਾ ਪਵੇ। ਚੰਡੀਗੜ੍ਹ ਦੇ ਦਾਇਰੇ ਵਿਚ ਆਉਣ ਵਾਲੇ ਖੇਤਰ ਵਿਚ ਅਜਿਹੀਆਂ ਲੜਕੀਆਂ ਦੀ ਕਾਫੀ ਸੰਖਿਆ ਅਜਿਹੀ ਹੈ, ਜਿਨ੍ਹਾਂ ਨੂੰ ਛੱਡ ਕੇ ਲੜਕੇ ਵਿਦੇਸ਼ ਚਲੇ ਗਏ।
15 ਹਜ਼ਾਰ ਸ਼ਿਕਾਇਤਾਂ, ਸਭ ਤੋਂ ਵੱਧ ਪੰਜਾਬ ਤੋਂ
ਪਾਸਪੋਰਟ ਅਧਿਕਾਰੀ ਕਵਿਰਾਜ ਨੇ ਦੱਸਿਆ ਕਿ ਠੱਗੀ ਦਾ ਸ਼ਿਕਾਰ 15 ਹਜ਼ਾਰ ਮਹਿਲਾਵਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਦੇ ਪਤੀ ਉਨ੍ਹਾਂ ਨੂੰ ਛੱਡ ਕੇ ਵਿਦੇਸ਼ ਭੱਜ ਚੁੱਕੇ ਹਨ। ਪੰਜਾਬ ਦੇ ਸਭ ਤੋਂ ਜ਼ਿਆਦਾ ਮਾਮਲੇ ਹਨ।
ਹੁਣ ਪਾਸਪੋਰਟ ਲਈ ਨਹੀਂ ਹੋਵੇਗੀ ਪੁਲਿਸ ਵੈਰੀਫਿਕੇਸ਼ਨ
ਪਾਸਪੋਰਟ ਬਣਾਉਣ ਲਈ ਹੋਣ ਵਾਲੀ ਪੁਲਿਸ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਨੂੰ ਪਾਸਪੋਰਟ ਦਫਤਰ ਨੇ ਖਤਮ ਕਰ ਦਿੱਤਾ ਹੈ। ਹੁਣ ਸਿਰਫ ਪਾਸਪੋਰਟ ਲਈ ਅਪਲਾਈ ਕਰਨ ਵਾਲੇ ਦਾ ਸਬੰਧਤ ਥਾਣੇ ਵਿਚ ਕ੍ਰਿਮੀਨਲ ਰਿਕਾਰਡ ਚੈਕ ਕੀਤਾ ਜਾਵੇਗਾ। ਪਹਿਲਾਂ ਪੁਲਿਸ ਅਪਲਾਈ ਕਰਨ ਵਾਲੇ ਦੇ ਘਰ ਜਾ ਕੇ ਵੈਰੀਫਿਕੇਸ਼ਨ ਕਰਦੀ ਸੀ ਅਤੇ ਹੋਰ ਦੋ ਗਵਾਹਾਂ ਦੇ ਵੀ ਦਸਤਖਤ ਲੈਂਦੀ ਸੀ। ਹੁਣ ਪਾਸਪੋਰਟ ਲਈ ਅਪਲਾਈ ਕਰਨ ਵਾਲਾ ਦੱਸੇ ਹੋਏ ਪਤੇ ‘ਤੇ ਰਹਿੰਦਾ ਹੈ ਜਾਂ ਨਹੀਂ, ਇਸ ਸਬੰਧੀ ਹੁਣ ਡਾਕੀਆ ਪਤਾ ਕਰਕੇ ਪਾਸਪੋਰਟ ਦਫਤਰ ਨੂੰ ਦੱਸੇਗਾ। ਜੇਕਰ ਅਪਲਾਈ ਕਰਨ ਵਾਲਾ ਵਿਅਕਤੀ ਦਿੱਤੇ ਹੋਏ ਪਤੇ ‘ਤੇ ਨਹੀਂ ਰਹਿੰਦਾ ਤਾਂ ਪਾਸਪੋਰਟ ਡਿਲਵਰ ਨਹੀਂ ਹੋਵੇਗਾ।
Check Also
ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਨੂੰ ਨੌਕਰੀ ਲੱਭਣਾ ਹੋਇਆ ਔਖਾ
ਵਿਦਿਆਰਥੀਆਂ ਨੂੰ ਆਪਣਾ ਖਰਚਾ ਕੱਢਣਾ ਵੀ ਹੋਇਆ ਮੁਸ਼ਕਲ ਓਟਾਵਾ/ਬਿਊਰੋ ਨਿਊਜ਼ : ਕੈਨੋੇਡਾ ਵਿਚ ਭਾਰਤੀ ਵਿਦਿਆਰਥੀਆਂ …