ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਅਲਬਰਟਾ ਸੂਬੇ ਦੀ ਸਰਕਾਰ ਵੱਲੋਂ ਯੂਨੀਵਰਸਿਟੀ ਆਫ ਕੈਲਗਰੀ ਦੀ ਸੈਨੇਟ ਵਿੱਚ ਅਮਨਜੋਤ ਸਿੰਘ ਪੰਨੂ ਨੂੰ ਸੈਨੇਟਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਅਲਬਰਟਾ ਸੂਬੇ ਦੀ ਤਕਨੀਕੀ ਸਿੱਖਿਆ ਮੰਤਰੀ ਰਾਜਨ ਸਾਹਨੀ ਵੱਲੋਂ ਪਹਿਲੀ ਜੁਲਾਈ 2024 ਤੋਂ ਕੀਤੀ ਗਈ ਇਹ ਨਾਮਜ਼ਦਗੀ ਅਗਲੇ ਤਿੰਨ ਸਾਲਾਂ ਲਈ ਹੈ। ਜ਼ਿਕਰਯੋਗ ਹੈ ਕਿ ਕੁੱਲ 62 ਮੈਂਬਰਾਂ ‘ਚੋਂ ਪੰਨੂ ਮੌਜੂਦਾ ਸੈਨੇਟ ਦੇ ਦੂਸਰੇ ਦਸਤਾਰਧਾਰੀ ਅਤੇ ਤੀਸਰੇ ਪੰਜਾਬੀ ਮੂਲ ਦੇ ਸੈਨੇਟਰ ਹਨ। ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਪੰਨੂ ਨੇ ਆਪਣੀ ਨਾਮਜ਼ਦਗੀ ਪ੍ਰਤੀ ਸਾਹਨੀ ਅਤੇ ਪ੍ਰੀਮੀਅਰ ਡੈਨੀਅਲ ਸਮਿੱਥ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਉਹ ਯੂਨੀਵਰਸਿਟੀ ਦਾ ਸਥਾਨਕ ਭਾਈਚਾਰੇ ਨਾਲ ਬਿਹਤਰ ਤਾਲਮੇਲ ਸਥਾਪਿਤ ਕਰਨ ‘ਤੇ ਜ਼ੋਰ ਦੇਣਗੇ, ਉੱਥੇ ਹੀ ਪੰਜਾਬ ਦੀਆਂ ਯੂਨੀਵਰਸਿਟੀਆਂ ਨਾਲ ਤਾਲਮੇਲ ਬਣਾ ਕੇ ਕੈਲਗਰੀ ਦੇ ਲੋਕ ਹਿੱਤਾਂ ਦੀ ਨੁਮਾਇੰਦਗੀ ਕਰਨ ‘ਤੇ ਵੀ ਆਪਣਾ ਧਿਆਨ ਕੇਂਦਰਿਤ ਕਰਨਗੇ।