3 C
Toronto
Friday, May 1, 2026
spot_img
Homeਹਫ਼ਤਾਵਾਰੀ ਫੇਰੀਪਟਿਆਲਾ 'ਚ ਘਰ ਅੰਦਰ ਪਿਓ-ਪੁੱਤ ਕਰਨ ਲੱਗੇ ਬੰਬ ਤਿਆਰ

ਪਟਿਆਲਾ ‘ਚ ਘਰ ਅੰਦਰ ਪਿਓ-ਪੁੱਤ ਕਰਨ ਲੱਗੇ ਬੰਬ ਤਿਆਰ

ਪੁੱਛ-ਪੜਤਾਲ ਕਰਨ ਗਈ ਪੁਲਿਸ ‘ਤੇ ਪਹਿਲਾਂ ਕੀਤੀ ਫਾਇਰਿੰਗ, ਫਿਰ ਪੁੱਤ ਨੇ ਕੀਤੀ ਖੁਦਕੁਸ਼ੀ ਤੇ ਪਿਓ ਕਾਬੂ
ਪਟਿਆਲਾ/ਬਿਊਰੋ ਨਿਊਜ਼
ਪਟਿਆਲਾ ਦੇ ਦਰਸ਼ਨ ਨਗਰ ਦੇ ਵਸਨੀਕ ਕੰਪਿਊਟਰ ਇੰਜਨੀਅਰ ਰਜਤਵੀਰ ਸਿੰਘ ਸੋਢੀ ਅਤੇ ਉਸ ਦੇ ਪਿਤਾ ਤੇ ਮਾਰਕੀਟ ਕਮੇਟੀ ਦੇ ਸੇਵਾਮੁਕਤ ਸਕੱਤਰ ਹਰਪ੍ਰੀਤ ਸਿੰਘ ਵੱਲੋਂ ਘਰ ਵਿੱਚ ਹੀ ਬੰਬ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਨ੍ਹਾਂ ਬੰਬਾਂ ਦੀ ਪਰਖ ਲਈ ਉਨ੍ਹਾਂ ਵੱਲੋਂ ਅਰਬਨ ਅਸਟੇਟ ਨੇੜਲੀ ਪਾਰਕ ਵਿੱਚ ਧਮਾਕੇ ਵੀ  ਕੀਤੇ ਜਾਂਦੇ ਸਨ। ਪੁਲਿਸ ਨੇ ਇਨ੍ਹਾਂ ਵਿੱਚੋਂ ਪਿਤਾ ਨੂੰ ਕਾਬੂ ਕਰ ਲਿਆ ਪਰ ਰਜਤਵੀਰ ਸੋਢੀ  ਨੇ ਮੱਥੇ ‘ਤੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਉਨ੍ਹਾਂ ਦੇ ਘਰੋਂ ਵੱਡੀ ਮਾਤਰਾ ਵਿੱਚ ਹਥਿਆਰ ਤੇ ਹੋਰ ਗੋਲੀ ਸਿੱਕਾ ਵੀ ਬਰਾਮਦ ਕੀਤਾ  ਹੈ, ਜਿਸ ਵਿੱਚ ਕੁੱਕਰ ਬੰਬ, ਕੁਝ ਪਾਈਪ ਬੰਬ ਅਤੇ ਬੰਬ ਬਣਾਉਣ ਵਾਲੀ ਧਮਾਕਾਖੇਜ਼ ਸਮੱਗਰੀ, ਦੋ ਪਿਸਤੌਲ, 12 ਬੋਰ ਦੀਆਂ ਤਿੰਨ ਰਾਈਫਲਾਂ ਅਤੇ ਭਾਰੀ ਮਾਤਰਾ ਵਿੱਚ ਕਾਰਤੂਸ ਸ਼ਾਮਲ ਹਨ। ਦੋਵਾਂ ਖ਼ਿਲਾਫ਼ ਥਾਣਾ ਸਦਰ ਪਟਿਆਲਾ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਨੂੰ ਲੈ ਕੇ ਵੀਰਵਾਰ ਨੂੰ ਸਾਰਾ ਦਿਨ ਭਰ ਦਰਸ਼ਨ ਨਗਰ ਦੀਆਂ ਗਲੀਆਂ ਵਿੱਚ ਪੁਲਿਸ ਦੀਆਂ ਗੱਡੀਆਂ ਘੁੰਮਦੀਆਂ ਰਹੀਆਂ। ਆਈਜੀ ਅਮਰਦੀਪ ਸਿੰਘ ਰਾਏ, ਡੀਆਈਜੀ ਡਾ. ਸੁਖਚੈਨ ਸਿੰਘ ਗਿੱਲ, ਐਸਪੀ (ਡੀ) ਹਰਵਿੰਦਰ ਵਿਰਕ, ਕੇਸਰ ਸਿੰਘ ਧਾਲੀਵਾਲ, ਡੀਐਸਪੀ ਗੁਰਦੇਵ ਧਾਲੀਵਾਲ ਤੇ ਸੁਖਮਿੰਦਰ ਚੌਹਾਨ ਸਮੇਤ ਇੰਸਪੈਕਟਰ ਦਲਜੀਤ ਸਿੰਘ ਵਿਰਕ ਤੇ ਜਸਵਿੰਦਰ ਟਿਵਾਣਾ ਵੀ ਮੌਕੇ ਉਤੇ ਮੌਜੂਦ ਸਨ। ਵੀਰਵਾਰ ਸ਼ਾਮ ਨੂੰ ਚੰਡੀਗੜ੍ਹ ਤੋਂ ਪੁੱਜੀ ਬੰਬ ਮਾਹਿਰਾਂ ਦੀ ਟੀਮ ਨੇ ਜਾਂਚ ਮਗਰੋਂ ਹੀ ਲਾਸ਼ ਪੋਸਟ ਮਾਰਟਮ ਲਈ ਹਸਪਤਾਲ ਭੇਜੀ। ਡੀਆਈਜੀ ਡਾ. ਸੁਖਚੈਨ ਸਿੰਘ ਗਿੱਲ ਤੇ ਐਸਐਸਪੀ ਡਾ.ਐਸ. ਭੂਪਤੀ ਨੇ ਦੱਸਿਆ ਕਿ ਕੱਲ੍ਹ ਰਾਤੀ ਪਿੰਡ ਫਲੌਲੀ ਕੋਲੋਂ ਭਾਵੇਂ ਰਜਤਵੀਰ ਫਰਾਰ ਹੋ ਗਿਆ ਸੀ ਪਰ ਐਸਪੀ (ਡੀ) ਹਰਵਿੰਦਰ ਵਿਰਕ ਦੀ ਅਗਵਾਈ ਹੇਠਲੀ ਟੀਮ ਨੇ ਹਰਪ੍ਰੀਤ ਸਿੰਘ ਨੂੰ ਦਬੋਚ ਲਿਆ, ਜਿਸ ਦੀ ਰਿਟਜ਼ ਕਾਰ ਵਿੱਚੋਂ ਕੁੱਕਰਨੁਮਾ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ, ਜਦੋਂ ਕਿ ਰਜਤਵੀਰ ਸਿੰਘ ਸਕਾਰਪੀਓ ਗੱਡੀ ਰਾਹੀਂ ਫਰਾਰ ਹੋ ਗਿਆ। ਜਦੋਂ ਹਰਪ੍ਰੀਤ ਸਿੰਘ ਦੀ  ਪਤਨੀ ਨੂੰ ਨਾਲ ਲੈ ਕੇ ਪੁਲਿਸ ਨੇ ਦਰਸ਼ਨ ਨਗਰ ਵਿਚਲੇ ਇਨ੍ਹਾਂ ਦੇ ਇਕ ਹੋਰ ਮਕਾਨ ਉਤੇ ਛਾਪਾ ਮਾਰਿਆ ਤਾਂ  ਇਸ ਦੇ ਉਪਰਲੇ ਕਮਰੇ ਵਿੱਚ ਰਜਤਵੀਰ ਸਿੰਘ ਦੀ ਲਾਸ਼ ਪਈ ਮਿਲੀ, ਜਿਸ ਦੇ  ਮੱਥੇ ‘ਤੇ ਗੋਲੀ  ਲੱਗੀ ਹੋਈ ਸੀ ਤੇ ਪਿਸਤੌਲ ਵੀ ਕੋਲ ਪਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਕਾਨੂੰਨੀ ਕਾਰਵਾਈ ਦੇ ਡਰੋਂ ਖ਼ੁਦਕੁਸ਼ੀ ਕਰ ਲਈ। ਇਸ ਮਾਮਲੇ ਨੂੰ ਆਈਐਸਆਈ ਤੇ ਮੁਹਾਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਚਾਰ ਮੁਲਜ਼ਮਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਪਰ ਡੀਆਈਜੀ ਦਾ ਕਹਿਣਾ ਹੈ ਕਿ ਅਜੇ ਜਾਂਚ ਕੀਤੀ ਜਾ ਰਹੀ ਹੈ।
ਪਾਰਕ ਵਿੱਚ ਹੁੰਦੀ ਸੀ ਬੰਬਾਂ ਦੀ ਪਰਖ
ਪਿੰਡ ਫਲੌਲੀ ਕੋਲ ਸਥਿਤ ਪੁੱਡਾ ਦੇ ਪਾਰਕ ਵਿੱਚ ਰਜਤਵੀਰ ਸਿੰਘ ਸੋਢੀ ਤੇ ‘ਹੋਰਾਂ’ ਵੱਲੋਂ ਕਈ ਦਿਨਾਂ ਤੋਂ ਬੰਬਾਂ ਦੀ ਪਰਖ ਕੀਤੀ ਜਾ ਰਹੀ ਸੀ। ਇਸ ਕਾਰਵਾਈ ਨੂੰ ਉਹ ਤਕਰੀਬਨ ਅੱਧੀ ਰਾਤ ਨੂੰ  ਹੀ ਅੰਜ਼ਾਮ ਦਿੰਦੇ ਸਨ। ਇਸ ਇਲਾਕੇ ਦੇ ਵਸਨੀਕ ਸਤਨਾਮ ਸਿੰਘ ਨਾਮ ਦੇ ਇਕ ਵਿਅਕਤੀ ਨੇ ਰਾਤ ਨੂੰ ਇਸ ਪਾਸੇ ਟਾਰਚ ਨਾਲ ਰੌਸ਼ਨੀ ਕੀਤੀ ਤਾਂ ਉਸ ਉਤੇ ਵੀ ਗੋਲੀ ਚਲਾ ਦਿੱਤੀ ਗਈ ਸੀ। ਇਸ ਪਾਰਕ ਦੀ ਕੰਧ ਦਾ ਕੁਝ ਹਿੱਸਾ ਵੀ ਟੁੱਟਿਆ ਹੋਇਆ ਹੈ। ਲੋਕਾਂ ਦਾ ਕਹਿਣਾ ਸੀ ਕਿ ਪਹਿਲਾਂ ਵੀ ਪੁਲਿਸ ਨੂੰ ਇਤਲਾਹ ਦਿੱਤੀ ਗਈ ਸੀ।

RELATED ARTICLES
POPULAR POSTS