ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖਾੜਕੂਵਾਦ ਦੌਰਾਨ ਆਤਮ ਸਮਰਪਣ ਕਰਨ ਵਾਲੇ 21 ਖ਼ਾਲਿਸਤਾਨੀ ਸਿੱਖਾਂ ਨੂੰ ਮਾਰਨ ਦੇ ਕੀਤੇ ਖੁਲਾਸੇ ਦਾ ਮੁੱਦਾ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਕੋਲ ਪੁੱਜ ਗਿਆ ਹੈ। ਲਿਹਾਜ਼ਾ ਅਗਲੇ ਦਿਨੀਂ ਇਹ ਮਾਮਲਾ ਭਖਣ ਦੇ ਆਸਾਰ ਹਨ। ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੇ ਜਨਰਲ ਸਕੱਤਰ ਐਡਵੋਕੇਟ ਨਵਕਿਰਨ ਸਿੰਘ ਨੇ ਸੀਬੀਆਈ ਦਿੱਲੀ ਦੇ ਡਾਇਰੈਕਟਰ ਨੂੰ ਯਾਦ-ਪੱਤਰ ਦੇ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਪਰੋਕਤ ਖੁਲਾਸੇ ਬਾਰੇ ਦੱਸਿਆ।
ਗੌਰਤਲਬ ਹੈ ਕਿ ਕੈਪਟਨ ਨੇ ਜਨਤਕ ਤੌਰ ‘ਤੇ ਕਿਹਾ ਸੀ ਕਿ ਉਨ੍ਹਾਂ ਨੇ 21 ਸਿੱਖ ਖ਼ਾਲਿਸਤਾਨੀਆਂ ਦਾ ਤਤਕਾਲੀਨ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਅੱਗੇ ਆਤਮ ਸਮਰਪਣ ਕਰਵਾਇਆ ਸੀ, ਪਰ ਬਾਅਦ ਵਿੱਚ ਇਨ੍ਹਾਂ ਨੂੰ ਮਾਰ ਦਿੱਤਾ ਗਿਆ। ਨਵਕਿਰਨ ਸਿੰਘ ਨੇ ਯਾਦਪੱਤਰ ਵਿੱਚ ਕਿਹਾ ਕਿ ਸਾਫ਼ ਜ਼ਾਹਰ ਹੈ ਕਿ ਸਿੱਖ ਨੌਜਵਾਨਾਂ ਨੂੰ ਫਰਜ਼ੀ ਮੁਕਾਬਲੇ ਵਿੱਚ ਮਾਰਿਆ ਗਿਆ ਹੈ।
ਉਨ੍ਹਾਂ ਇਸ ਮਾਮਲੇ ਨੂੰ ਮਨੁੱਖੀ ਅਧਿਕਾਰਾਂ ਅਤੇ ਸੰਵਿਧਾਨਕ ਹੱਕਾਂ ਦੀ ਉਲੰਘਣਾ ਦੱਸਿਆ। ਉਨ੍ਹਾਂ ਸੀਬੀਆਈ ਤੋਂ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਨੂੰੰ ਪੜਤਾਲ ਵਿੱਚ ਸ਼ਾਮਲ ਕਰਕੇ ਆਤਮ ਸਮਰਪਣ ਕਰਨ ਵਾਲੇ 21 ਸਿੱਖ ਨੌਜਵਾਨਾਂ ਦੇ ਨਾਵਾਂ ਦੀ ਜਾਣਕਾਰੀ ਹਾਸਲ ਕੀਤੀ ਜਾਵੇ। ਨਵਕਿਰਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਲਿਜਾਣ ਤੋਂ ਪਹਿਲਾਂ ਇਸ ਮਾਮਲੇ ਦੀ ਪੜਤਾਲ ਲਈ ਸੀਬੀਆਈ ਕੋਲ ਪਹੁੰਚ ਕਰਨੀ ਲਾਜ਼ਮੀ ਸੀ। ਉਨ੍ਹਾਂ ਕਿਹਾ ਕਿ ਜੇਕਰ ਸੀਬੀਆਈ ਨੇ ਵੀ ਕੁਝ ਨਾ ਕੀਤਾ ਤਾਂ ਉਹ ਹਾਈਕੋਰਟ ਦਾ ਦਰ ਖੜਕਾਉਣਗੇ।
ਨਵਕਿਰਨ ਸਿੰਘ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦਿੱਲੀ ਦੇ ਚੇਅਰਪਰਸਨ ਕੋਲ ਸ਼ਿਕਾਇਤ ਦਾਇਰ ਕਰਵਾ ਕੇ ਰਾਜਸਥਾਨ ਦੇ ਜ਼ਿਲ੍ਹਾ ਅਜਮੇਰ ਵਿੱਚ ਗੁਰਦੁਆਰੇ ਦੇ ਸੇਵਾਦਾਰਾਂ ਦੀ ਕੁੱਟਮਾਰ ਮਾਮਲੇ ਦੀ ਜਾਂਚ ਮੰਗੀ ਹੈ।
ਅਡਵਾਨੀ, ਜੋਸ਼ੀ, ਓਮਾ ਸਮੇਤ 12 ‘ਤੇ ਦੋਸ਼ ਤੈਅ
ਲਖਨਊ : ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਭਾਜਪਾ ਦੇ ਸੀਨੀਅਰ ਆਗੂਆਂ ਐਲ ਕੇ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਉਮਾ ਭਾਰਤੀ ਖ਼ਿਲਾਫ਼ 1992 ਵਿੱਚ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਵਿੱਚ ਸਾਜਿਸ਼ ਘੜਨ ਦੇ ਦੋਸ਼ ਆਇਦ ਕੀਤੇ ਹਨ। ਇਸਦੇ ਨਾਲ ਹੀ ਅਦਾਲਤ ਨੇ ਇਨ੍ਹਾਂ ਤਿੰਨਾਂ ਸਮੇਤ ਛੇ ਵਿਅਕਤੀਆਂ ਨੂੰ 50 -50 ਹਜ਼ਾਰ ਦੇ ਨਿੱਜੀ ਮੁਚੱਲਕਿਆਂ ‘ਤੇ ਜ਼ਮਾਨਤ ਦੇ ਦਿੱਤੀ।
ਇਸ ਤੋਂ ਪਹਿਲਾਂ ਅਦਾਲਤ ਨੇ ਇਨ੍ਹਾਂ ਦੀ ਡਿਸਚਾਰਜ ਅਰਜ਼ੀ ਖਾਰਜ ਕੀਤੀ ਅਤੇ ਮਗਰੋਂ ਓਪਰੋਕਤ ਆਗੂਆਂ ਤੋਂ ਇਲਾਵਾ ਤਿੰਨ ਹੋਰਨਾਂ ਖ਼ਿਲਾਫ਼ ਧਾਰਾ 120 (ਬੀ) ਤਹਿਤ ਦੋਸ਼ ਆਇਦ ਕੀਤੇ। ਹੋਰਨਾਂ ਤਿੰਨ ਆਗੂਆਂ ਵਿੱਚ ਵਿਨੈ ਕਟਿਯਾਰ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਹਰੀ ਡਾਲਮੀਆ ਅਤੇ ਸਾਧਵੀ ਰਿਤੰਭਰਾ ਸ਼ਾਮਲ ਹਨ। ਇਨ੍ਹਾਂ ਨੇ ਆਪਣੇ ਖ਼ਿਲਾਫ਼ ਦੋਸ਼ ਆਇਦ ਕਰਨ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਵਿਵਾਦਤ ਢਾਂਚਾ ਢਾਹੇ ਜਾਣ ਵਿੱਚ ਕੋਈ ਭੂਮਿਕਾ ਨਹੀਂ ਸੀ। ਉਹ ਤਾਂ ਅਜਿਹਾ ਕਰਨ ਵਾਲਿਆਂ ਨੂੰ ਰੋਕ ਰਹੇ ਸੀ ਪਰ ਜੱਜ ਨੇ ਉਨ੍ਹਾਂ ਦੀ ਦਲੀਲ ਨਾ ਮੰਨਦਿਆਂ ਡਿਸਚਾਰਜ ਪਟੀਸ਼ਨ ਰੱਦ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਅਦਾਲਤ 16ਵੀਂ ਸਦੀ ਦੀ ਮਸਜਿਦ ਢਾਹੁਣ ਸਬੰਧੀ ਦੋ ਵੱਖ-ਵੱਖ ਮਾਮਲਿਆਂ ਦੀ ਸੁਣਵਾਈ ਕਰ ਰਹੀ ਹੈ। ਦੂਜੇ ਮਾਮਲੇ ਦੇ ਕਥਿਤ ਦੋਸ਼ੀਆਂ ਵਿੱਚ ਰਾਮਵਿਲਾਸ ਵੇਦਾਂਤੀ, ਬੈਕੁੰਠ ਲਾਲ ਸ਼ਰਮਾ, ਚੰਪਤ ਰਾਇ ਬੰਸ, ਮਹੰਤ ਨ੍ਰਿਤਿਆ ਗੋਪਾਲ ਦਾਸ, ਧਰਮ ਦਾਸ ਅਤੇ ਸਤੀਸ਼ ਪ੍ਰਧਾਨ ਸ਼ਾਮਲ ਹਨ । ਇਨ੍ਹਾਂ ઠਖ਼ਿਲਾਫ਼ ਵੀ ਸਾਜਿਸ਼ ਘੜਨ, ਫਿਰਕਿਆਂ ਵਿੱਚ ਧਰਮ ਤੇ ਨਸਲ ਦੇ ਅਧਾਰ ‘ਤੇ ਦੁਸ਼ਮਣੀ ਪੈਦਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਇਸ ਦੇ ਨਾਲ ਹੀ ਵੇਦਾਂਤੀ ਤੇ ਪੰਜ ਹੋਰਨਾਂ ਖਿਲਾਫ਼ ਕੌਮੀ ਅਖੰਡਤਾ ਭੰਗ ਕਰਨ, ਧਾਰਮਿਕ ਭਾਵਨਾਵਾਂ ਭੜਕਾਉਣ, ਗੈਰ ਕਾਨੂੰਨੀ ਇਕੱਠ ਕਰਨ ਅਤੇ ਲੋਕਾਂ ਨੂੰ ਭੜਕਾਉਣ ਦੀਆਂ ਧਾਰਾਵਾਂ ਹੇਠ ਦੋਸ਼ ਆਇਦ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਲਾਲ ਕ੍ਰਿਸ਼ਨ ਅਡਵਾਨੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਆਨਾਥ ਨਾਲ ਮੁਲਾਕਾਤ ਕੀਤੀ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …