ਧ ਦਹੀਂ ਲਈ ਦਿੱਲੀ ਮੋਰਚੇ ਵਿੱਚ ਅੱਧੀ ਦਰਜਨ ਮੱਝਾਂ ਬੰਨ੍ਹੀਆਂ
ਚੰਡੀਗੜ੍ਹ/ਬਿਊਰੋ ਨਿਊਜ਼ : ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਵਿੱਚ ਲੱਗੇ ਮੋਰਚਿਆਂ ‘ਚ ਕੁੱਦੇ ਕਿਸਾਨ ‘ਆਤਮ ਨਿਰਭਰ’ ਬਣਨ ਲੱਗੇ ਹਨ। ਅੱਗੇ ਗਰਮੀ ਦਾ ਸੀਜ਼ਨ ਹੈ ਅਤੇ ਦੁੱਧ ਦੀ ਕਿੱਲਤ ਦਾ ਡਰ ਸਿਰ ‘ਤੇ ਹੈ। ਬਿਗਾਨੀ ਝਾਕ ਛੱਡ ਕਿਸਾਨ ਹੁਣ ਦੁਧਾਰੂ ਮੱਝਾਂ ਨੂੰ ਲੈ ਕੇ ਦਿੱਲੀ ਪੁੱਜਣ ਲੱਗੇ ਹਨ। ਟਿੱਕਰੀ ਬਾਰਡਰ ‘ਤੇ ਹੁਣ ਤੱਕ ਅੱਧੀ ਦਰਜਨ ਮੱਝਾਂ ਪੁੱਜੀਆਂ ਹਨ।
ਕਿਸਾਨਾਂ ਦੀ ਇਸ ਪੇਸ਼ਕਦਮੀ ਤੋਂ ਸਾਫ਼ ਹੈ ਕਿ ਉਹ ਬਿਨਾਂ ਨਿਆਂ ਲਏ ਵਾਪਸ ਮੁੜਨ ਵਾਲੇ ਨਹੀਂ। ਮਾਨਸਾ ਦੇ ਪਿੰਡ ਅਕਲੀਆਂ ਦੇ ਕਿਸਾਨ ਰਾਜ ਸਿੰਘ ਨੇ ਟਿੱਕਰੀ ਬਾਰਡਰ ‘ਤੇ ਮੱਝ ਬੰਨ੍ਹ ਦਿੱਤੀ ਹੈ। ਬੇਸ਼ੱਕ ਉਹ ਖੁਦ ਪਿੰਡ ਵਾਪਸ ਆ ਗਿਆ ਹੈ, ਪਰ ਹੁਣ ਮੱਝ ਨੂੰ ਪਿੰਡ ਸੁਖਪੁਰਾ ਮੌੜ (ਬਰਨਾਲਾ) ਦਾ ਕਿਸਾਨ ਹਰਚਰਨ ਸਿੰਘ ਸੰਭਾਲ ਰਿਹਾ ਹੈ। ਉਹ ਦੱਸਦਾ ਹੈ ਕਿ ਮੱਝ ਦੋ ਵਕਤ ਦਾ ਕਰੀਬ ਸਾਢੇ ਸੱਤ ਕਿਲੋ ਦੁੱਧ ਦਿੰਦੀ ਹੈ। ਉਹ ਖ਼ੁਦ ਵੀ ਦੁੱਧ ਵਰਤਦੇ ਹਨ ਅਤੇ ਦਹੀਂ ਵੀ ਜਮਾ ਲੈਂਦੇ ਹਨ। ਮੋਰਚੇ ਦੇ ਸਾਹਮਣੇ ਪੁਰਾਣੇ ਹਸਪਤਾਲ ਵਿਚ ਉਨ੍ਹਾਂ ਨੇ ਮੱਝ ਬੰਨ੍ਹੀ ਹੋਈ ਹੈ। ਪੰਜਾਬ ‘ਚੋਂ ਹੀ ਉਹ ਤੂੜੀ ਲੈ ਕੇ ਜਾਂਦੇ ਹਨ। ਟਿੱਕਰੀ ਬਾਰਡਰ ਤੋਂ ਕਾਫ਼ੀ ਦੂਰ ਇੱਕ ਹੋਰ ਕਿਸਾਨ ਨੇ ਵੀ ਮੱਝ ਬੰਨ੍ਹੀ ਹੋਈ ਹੈ।
ਬੀਕੇਯੂ (ਉਗਰਾਹਾਂ) ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਟਿੱਕਰੀ ਬਾਰਡਰ ‘ਤੇ ਹੁਣ ਤੱਕ ਛੇ ਸੱਤ ਦੁਧਾਰੂ ਪਸ਼ੂ ਪੁੱਜ ਚੁੱਕੇ ਹਨ। ਹਕੂਮਤ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨ ਹੁਣ ਖੇਤੀ ਕਾਨੂੰਨਾਂ ਨੂੰ ਰੱਦ ਕਰਾਏ ਬਿਨਾਂ ਮੁੜਨ ਵਾਲੇ ਨਹੀਂ ਹਨ। ਬੇਸ਼ੱਕ ਹਰਿਆਣਾ ਦੇ ਲੋਕ ਦੁੱਧ ਦੇ ਜਾਂਦੇ ਹਨ, ਪਰ ਕਿਸਾਨ ਕਤਾਰਾਂ ਵਿਚ ਲੱਗਣ ਜਾਂ ਉਡੀਕਣ ਦੀ ਥਾਂ ਦੁੱਧ ਦੇ ਮਾਮਲੇ ‘ਚ ‘ਆਤਮ ਨਿਰਭਰ’ ਹੋਣਾ ਚਾਹੁੰਦੇ ਸਨ। ਪਤਾ ਲੱਗਾ ਹੈ ਕਿ ਅਗਲੇ ਮਹੀਨੇ ਨੇੜਲੇ ਪਿੰਡਾਂ ‘ਚੋਂ ਹੋਰ ਪਸ਼ੂ ਖਰੀਦਣ ਦੀਆਂ ਵਿਉਂਤਾਂ ਘੜੀਆਂ ਜਾ ਰਹੀਆਂ ਹਨ।
ਦਿੱਲੀ ‘ਚ ਪਕੌੜਾ ਚੌਂਕ ਲਾਗੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਿਸਾਨ ਨੇ ਹਰਿਆਣਾ ਦੇ ਪਿੰਡ ਬਲੌਰ ਚੌਂਕ ਦੀ ਜ਼ਮੀਨ ਹੀ ਠੇਕੇ ‘ਤੇ ਲੈ ਲਈ ਹੈ। ਇਸ ਵਿੱਚ ਉਸ ਨੇ ਸਬਜ਼ੀਆਂ ਲਾ ਲਈਆਂ ਹਨ। ਥੋੜ੍ਹੇ ਦਿਨ ਪਹਿਲਾਂ ਕਿਸਾਨਾਂ ਦਾ ਇੱਕ ਵਫ਼ਦ ਦਿੱਲੀ ਵਿਚ ਬਿਜਲੀ ਮਹਿਕਮੇ ਦੇ ਐਕਸੀਅਨ ਨੂੰ ਮਿਲ ਕੇ ਆਇਆ ਹੈ।
ਕਿਸਾਨਾਂ ਨੇ ਟਿੱਕਰੀ ਬਾਰਡਰ ‘ਤੇ ਨਵੇਂ ਟਰਾਂਸਫ਼ਾਰਮਰ ਲਾਉਣ ਅਤੇ ਕਿਸਾਨਾਂ ਨੂੰ ਘਰੇਲੂ ਬਿਜਲੀ ਸਪਲਾਈ ਕੁਨੈਕਸ਼ਨ ਜਾਰੀ ਕੀਤੇ ਜਾਣ ਦੀ ਮੰਗ ਕੀਤੀ ਹੈ। ਬਰਨਾਲਾ ਜ਼ਿਲ੍ਹੇ ਦੇ ਇੱਕ ਵਿਅਕਤੀ ਨੇ ਦਿੱਲੀ ਮੋਰਚੇ ਵਿਚ ਰੋਟੀਆਂ ਬਣਾਉਣ ਵਾਲੀ ਮਸ਼ੀਨ ਵੀ ਦੇ ਦਿੱਤੀ ਹੈ।
ਵਾਰੋ ਵਾਰੀ ਪਰਿਵਾਰਾਂ ਸਮੇਤ ਪੁੱਜਣ ਲੱਗੇ ਕਿਸਾਨ
ਕਿਸਾਨ ਆਗੂ ਮੋਠੂ ਸਿੰਘ ਕੋਟੜਾ ਨੇ ਦੱਸਿਆ ਕਿ ਹੁਣ ਦਿੱਲੀ ਮੋਰਚੇ ਵਿਚ ਕਿਸਾਨ ਆਪਣੇ ਪਰਿਵਾਰਾਂ ਸਮੇਤ ਜਾਣ ਲੱਗੇ ਹਨ। ਰੂਪ ਸਿੰਘ ਛੰਨਾ ਆਪਣੇ ਪੂਰੇ ਪਰਿਵਾਰ ਨਾਲ ਪੁੱਜਾ ਸੀ। ਕਿਸਾਨਾਂ ਦੇ ਵਾਰੋ-ਵਾਰੀ ਪਰਿਵਾਰਾਂ ਸਮੇਤ ਪੁੱਜਣ ਦੀ ਨਵੀਂ ਵਿਉਂਤ ਬਣੀ ਹੈ। ਸਿੰਘੂ ਬਾਰਡਰ ‘ਤੇ ਬਹੁਤੇ ਕਿਸਾਨਾਂ ਨੇ ਗਰਮੀ ਨੂੰ ਦੇਖਦਿਆਂ ਮੱਛਰਦਾਨੀ ਦਾ ਪ੍ਰਬੰਧ ਕੀਤਾ ਹੋਇਆ ਹੈ ਅਤੇ ਪੱਖੇ ਵੀ ਲਿਆਂਦੇ ਹੋਏ ਹਨ। ਇੱਕ ਥਾਂ ‘ਤੇ ਮਸਾਲਾ ਪੀਹਣ ਵਾਲੀ ਮਸ਼ੀਨ ਵੀ ਲਾਈ ਗਈ ਹੈ। ਵਾਢੀ ਦੇ ਸੀਜ਼ਨ ਮਗਰੋਂ ਹੁਣ ਮੋਰਚੇ ਵਿਚ ਕਣਕ ਵੀ ਪੁੱਜਣ ਲੱਗੀ ਹੈ।
Check Also
ਜਸਟਿਨ ਟਰੂਡੋ ਮੁੜ ਸਰਕਾਰ ਬਚਾਉਣ ‘ਚ ਹੋਏ ਸਫਲ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਵਾਰ ਆਪਣੀ ਸਰਕਾਰ ਬਚਾਉਣ ਵਿਚ …