ਕੈਨੇਡਾ ਰਹਿ ਰਹੀ ਬੇਅੰਤ ਕੌਰ ਖਿਲਾਫ ਮਾਮਲਾ ਦਰਜ
2019 ‘ਚ ਹੋਇਆ ਸੀ ਲਵਪ੍ਰੀਤ ਦਾ ਬੇਅੰਤ ਕੌਰ ਨਾਲ ਵਿਆਹ
ਬਰਨਾਲਾ : ਬਰਨਾਲਾ ਜ਼ਿਲ੍ਹੇ ਦੇ ਕਸਬਾ ਧਨੌਲਾ ਦੇ ਬਹੁਚਰਚਿਤ ਲਵਪ੍ਰੀਤ ਸਿੰਘ ਖੁਦਕੁਸ਼ੀ ਮਾਮਲੇ ‘ਚ ਬਰਨਾਲਾ ਪੁਲਿਸ ਨੇ ਮ੍ਰਿਤਕ ਨੌਜਵਾਨ ਲਵਪ੍ਰੀਤ ਸਿੰਘ ਦੀ ਕੈਨੇਡਾ ਰਹਿ ਰਹੀ ਪਤਨੀ ਬੇਅੰਤ ਕੌਰ ਬਾਜਵਾ ਖਿਲਾਫ਼ ਆਖਰ ਕੇਸ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਬੇਅੰਤ ਕੌਰ ਖਿਲਾਫ ਥਾਣਾ ਧਨੌਲਾ ਵਿਖੇ ਐਫ ਆਈ ਆਰ ਨੰ. 97, ਧਾਰਾ 420 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਮੁਕੱਦਮਾ ਲਵਪ੍ਰੀਤ ਦੇ ਪਿਤਾ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ। ਦਰਜ ਕੀਤੀ ਗਈ ਐਫ ਆਈ ਆਰ ਵਿਚ ਦੱਸਿਆ ਗਿਆ ਕਿ ਲਵਪ੍ਰੀਤ ਸਿੰਘ ਦਾ ਵਿਆਹ 2 ਅਗਸਤ 2019 ਨੂੰ ਬੇਅੰਤ ਕੌਰ ਨਾਲ ਹੋਇਆ ਸੀ। 17 ਅਗਸਤ 2019 ਨੂੰ ਬੇਅੰਤ ਕੌਰ ਕੈਨੇਡਾ ਚਲੀ ਗਈ। ਬੇਅੰਤ ਕੌਰ ਨੂੰ ਕੈਨੇਡਾ ਭੇਜਣ ਲਈ ਲਵਪ੍ਰੀਤ ਸਿੰਘ ਦੇ ਪਰਿਵਾਰ ਨੇ 25 ਲੱਖ ਰੁਪਏ ਖਰਚ ਕੀਤੇ ਸਨ। ਕੈਨੇਡਾ ਪਹੁੰਚਣ ਤੋਂ ਬਾਅਦ ਬੇਅੰਤ ਕੌਰ ਨੇ ਲਵਪ੍ਰੀਤ ਨੂੰ ਕੈਨੇਡਾ ਸੱਦਣ ਲਈ ਕੋਈ ਚਾਰਾਜੋਈ ਨਹੀਂ ਕੀਤੀ ਅਤੇ ਹੁਣ ਲੰਘੇ ਤਿੰਨ-ਚਾਰ ਮਹੀਨਿਆਂ ਤੋਂ ਬੇਅੰਤ ਕੌਰ ਨੇ ਲਵਪ੍ਰੀਤ ਨਾਲ ਫੋਨ ‘ਤੇ ਗੱਲ ਕਰਨੀ ਵੀ ਬੰਦ ਕਰ ਦਿੱਤੀ ਸੀ, ਜਿਸ ਤੋਂ ਬਾਅਦ ਲਵਪ੍ਰੀਤ ਕਾਫ਼ੀ ਡਿਪਰੈਸ਼ਨ ‘ਚ ਆ ਗਿਆ ਸੀ। ਇਸ ਸਭ ਕੁਝ ਦੇ ਚਲਦਿਆਂ ਲਵਪ੍ਰੀਤ ਦੀ ਖੇਤ ਵਿਚ ਮੌਤ ਹੋ ਗਈ ਸੀ, ਉਸ ਵੇਲੇ ਤਾਂ ਇਹ ਵੀ ਆਖਿਆ ਗਿਆ ਕਿ ਮੌਤ ਦਵਾਈ ਚੜ੍ਹਨ ਕਰਕੇ ਹੋਈ ਹੈ ਜਦਕਿ ਬਾਅਦ ਇਹ ਮਾਮਲਾ ਸਾਹਮਣੇ ਆਇਆ ਕਿ ਲਵਪ੍ਰੀਤ ਨੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਨੌਜਵਾਨ ਦੀ ਪੋਸਟ ਮਾਰਟਮ ਰਿਪੋਰਟ ਆਉਣੀ ਅਜੇ ਬਾਕੀ ਹੈ ਜਦਕਿ ਵਿਸਰਾ ਨੂੰ ਪੁਲਿਸ ਨੇ ਜਾਂਚ ਲਈ ਭੇਜ ਦਿੱਤਾ ਹੈ। ਇਸ ਸਾਰੇ ਮਾਮਲੇ ਵਿਚ ਬੇਅੰਤ ਕੌਰ ਵੱਲੋਂ ਵਿਦੇਸ਼ ਜਾਣ ਲਈ ਲਵਪ੍ਰੀਤ ਨਾਲ ਵਿਆਹ ਕਰਕੇ ਠੱਗੀ ਮਾਰਨ ਦੇ ਦੋਸ਼ ‘ਚ ਉਸ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਲਵਪ੍ਰੀਤ ਦੇ ਘਰਦਿਆਂ ਨੇ ਲਗਾਇਆ ਧਰਨਾ
ਲਵਪ੍ਰੀਤ ਖੁਦਕੁਸ਼ੀ ਮਾਮਲੇ ਵਿਚ ਪੁਲਿਸ ਵਲੋਂ ਉਸਦੀ ਪਤਨੀ ਬੇਅੰਤ ਕੌਰ ਖਿਲਾਫ ਲਗਾਈ ਗਈ ਧਾਰਾ 420 ਤੋਂ ਨਾਖੁਸ਼ ਨੌਜਵਾਨ ਦੇ ਪਰਿਵਾਰ ਨੇ ਐਫ.ਆਈ.ਆਰ. ਵਿਚ ਧਾਰਾ 306 ਲਵਾਉਣ ਲਈ ਧਨੌਲਾ ਵਿਚ ਧਰਨਾ ਵੀ ਲਗਾ ਦਿੱਤਾ। ਜਾਣਕਾਰੀ ਅਨੁਸਾਰ ਧਨੌਲਾ ਦੇ ਨੇੜਲੇ ਪਿੰਡ ਕੋਠੇ ਗੋਬਿੰਦਪੁਰਾ ਦੇ ਵਸਨੀਕ 24 ਸਾਲਾ ਲਵਪ੍ਰੀਤ ਨੇ ਕੈਨੇਡਾ ਰਹਿੰਦੀ ਪਤਨੀ ਵਲੋਂ ਧੋਖਾ ਦੇਣ ਕਾਰਨ ਖੁਦਕੁਸ਼ੀ ਕਰ ਲਈ ਸੀ। ਪੁਲਿਸ ਨੇ ਬੇਅੰਤ ਕੌਰ ਖਿਲਾਫ 420 ਦਾ ਮਾਮਲਾ ਦਰਜ ਕਰਕੇ ਆਪਣਾ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕੀਤੀ, ਪਰ ਮ੍ਰਿਤਕ ਦੇ ਪਰਿਵਾਰ ਨੇ ਐਫਆਈਆਰ ਵਿਚ ਧਾਰਾ 306 ਜੋੜਨ ਦੀ ਮੰਗ ਕੀਤੀ ਹੈ।