ਅਮਿਤ ਸ਼ਾਹ ਬੋਲੇ : ਵਿਰੋਧ ਦੇ ਬਾਅਦ ਵੀ ਏਕਤਾ ਲਈ ਡਟੇ ਰਹੇ ਬਾਦਲ
ਸ਼ਰਧਾਂਜਲੀ ਸਮਾਗਮ ਵਿਚ ਵੱਡੀ ਗਿਣਤੀ ‘ਚ ਲੋਕ ਹੋਏ ਸ਼ਾਮਲ
ਲੰਬੀ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦਾ ਲੰਘੀ 25 ਅਪ੍ਰੈਲ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਇਲਾਜ ਦੌਰਾਨ ਦਿਹਾਂਤ ਹੋ ਗਿਆ ਸੀ। ਪ੍ਰਕਾਸ਼ ਸਿੰਘ ਬਾਦਲ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ ਵੀਰਵਾਰ ਨੂੰ ਪਿੰਡ ਬਾਦਲ ਵਿੱਚ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਵਿੱਚ ਹੋਇਆ। ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪਿੰਡ ਬਾਦਲ ਪਹੁੰਚੇ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਬਕਾ ਮੁੱਖ ਮੰਤਰੀ ਬਾਦਲ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਅਮਿਤ ਸ਼ਾਹ ਨੇ ਕਿਹਾ ਕਿ ਭਾਈਚਾਰੇ ਦਾ ਸਰਦਾਰ ਚਲਾ ਗਿਆ। ਉਨ੍ਹਾਂ ਕਿਹਾ ਕਿ ਵਿਰੋਧ ਦੇ ਬਾਅਦ ਵੀ ਬਾਦਲ ਏਕਤਾ ਲਈ ਡਟੇ ਰਹੇ। ਗ੍ਰਹਿ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਕੋਲੋਂ ਬਹੁਤ ਸਿੱਖਣ ਲਈ ਮਿਲਿਆ ਹੈ।
ਅਮਿਤ ਸ਼ਾਹ ਤੋਂ ਇਲਾਵਾ ਲੋਕ ਸਭਾ ਸਪੀਕਰ ਓਮ ਬਿਰਲਾ, ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਵੀ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਮੁੱਚੀ ਅਕਾਲੀ ਲੀਡਰਸ਼ਿਪ, ਵੱਡੀ ਗਿਣਤੀ ਵਿਚ ਸਿਆਸੀ ਆਗੂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਅਤੇ ਆਮ ਲੋਕ ਵੀ ਪਹੁੰਚੇ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਲਈ ਚੰਡੀਗੜ੍ਹ ਪਹੁੰਚੇ ਸਨ। ਪ੍ਰਕਾਸ਼ ਸਿੰਘ ਬਾਦਲ ਦਾ ਸਸਕਾਰ 27 ਅਪ੍ਰੈਲ ਨੂੰ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਕਰ ਦਿੱਤਾ ਗਿਆ ਸੀ। ਇਸੇ ਦੌਰਾਨ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਆਗੂ ਸੁਖਬੀਰ ਸਿੰਘ ਬਾਦਲ ਨਾਲ ਦੁੱਖ ਸਾਂਝਾ ਕਰਨ ਲਈ ਵੀ ਪਹੁੰਚੇ ਸਨ। ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਮਰਹੂਮ ਪਿਤਾ ਨੂੰ ਯਾਦ ਕਰਦਿਆਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਕ ਸੱਚੇ ਦੇਸ਼ਭਗਤ ਸਨ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੇ ਕੋਲ ਕੋਈ ਲਫ਼ਜ਼ ਨਹੀਂ ਹਨ ਕਿ ਉਹ ਸੰਗਤ ਦਾ ਧੰਨਵਾਦ ਕਰ ਸਕਣ। ਉਨ੍ਹਾਂ ਕਿਹਾ ਕਿ ਜਿੰਨਾ ਪਿਆਰ ਸਮੁੱਚੀ ਪਾਰਟੀ ਅਤੇ ਸੰਗਤ ਨੇ ਮੇਰੇ ਪਿਤਾ ਨੂੰ ਦਿੱਤਾ ਹੈ, ਮੇਰੇ ਕੋਲ ਲਫ਼ਜ਼ ਨਹੀਂ ਹਨ ਕਿ ਮੈਂ ਧੰਨਵਾਦ ਕਰ ਸਕਾਂ। ਉਨ੍ਹਾਂ ਕਿਹਾ ਕਿ ਬਾਦਲ ਹੋਰਾਂ ਬਾਰੇ ਕਈ ਕਹਾਣੀਆਂ ਸੁਣੀਆਂ ਹਨ। ਮੈਨੂੰ ਲੱਗਦਾ ਹੈ ਕਿ ਪੰਜਾਬ ਵਿਚ ਹਰ ਘਰ ਦਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨਾਲ ਕੋਈ ਨਾ ਕੋਈ ਸੰਬੰਧ ਰਿਹਾ ਹੋਵੇਗਾ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੰਸਾਰ ਹੈ ਤੇ ਇਸ ਸੰਸਾਰ ਵਿਚ ਕੋਈ ਸਥਿਰ ਨਹੀਂ ਰਿਹਾ। ਵੱਡੀਆਂ-ਵੱਡੀਆਂ ਉਮਰਾਂ ਵਾਲੇ ਵੀ ਇਸ ਜਗਤ ‘ਚ ਪੈਦਾ ਹੋਏ ਤੇ ਜਦੋਂ ਅਕਾਲ ਪੁਰਖ ਦਾ ਸੱਦਾ ਆਇਆ ਤਾਂ ਉਹ ਅਕਾਲ ਪੁਰਖ ਦੇ ਹੁਕਮ ‘ਤੇ ਸੰਸਾਰ ਵਿਚੋਂ ਚੱਲ ਵਸੇ।
ਸੁਖਬੀਰ ਅਤੇ ਮਨਪ੍ਰੀਤ ਬਾਦਲ ਨੇ ਕੀਤਾ ਸਾਰਿਆਂ ਦਾ ਧੰਨਵਾਦ
ਸੁਖਬੀਰ ਸਿੰਘ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਨੇ ਇਸ ਮੌਕੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਬੋਧਨ ਕਰਦੇ ਸਮੇਂ ਸੁਖਬੀਰ ਭਾਵੁਕ ਵੀ ਹੋ ਗਏ ਸਨ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਹਮੇਸ਼ਾ ਹੀ ਰੁੱਸਿਆਂ ਨੂੰ ਮਨਾਇਆ। ਉਨ੍ਹਾਂ ਕਿਹਾ ਕਿ ਜਦੋਂ ਮੇਰੇ ਨਾਲ ਵੀ ਸਿਆਸੀ ਦੂਰੀਆਂ ਹੋ ਗਈਆਂ ਤਾਂ ਬਾਦਲ ਹੋਰਾਂ ਨੇ ਵੀ ਉਨ੍ਹਾਂ ਨੂੰ ਗਲੇ ਲਗਾਇਆ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਹੀ ਪੰਜਾਬ ਨੂੰ ਹਰਿਆ ਭਰਿਆ ਦੇਖਣਾ ਚਾਹੁੰਦੇ ਸਨ। ਉਨ੍ਹਾਂ ਨੇ ਆਪਣੇ ਚਚੇਰੇ ਭਰਾ ਸੁਖਬੀਰ ਨੂੰ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਨਕਸ਼ੇ ਕਦਮਾਂ ‘ਤੇ ਚੱਲਣ ਨੂੰ ਕਿਹਾ।
ਭਾਵੁਕ ਹੋਏ ਮਨਪ੍ਰੀਤ ਬਾਦਲ
ਸ੍ਰੀ ਮੁਕਤਸਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਦਾ ਲੰਘੇ ਦਿਨੀਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨਮਿੱਤ ਪਿੰਡ ਬਾਦਲ ਵਿਖੇ ਕਰਵਾਏ ਭੋਗ ਸਮਾਗਮ ਅਤੇ ਸ਼ਰਧਾਂਜਲੀ ਸਮਾਰੋਹ ਮੌਕੇ ਵੱਡੀ ਗਿਣਤੀ ਵਿਚ ਸਿਆਸੀ ਅਤੇ ਧਾਰਮਿਕ ਸ਼ਖਸੀਅਤਾਂ ਪਹੁੰਚੀਆਂ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਉਹ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸੀ ਉਚਾਈਆਂ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੀਆਂ ਖੂਬੀਆਂ ਬਖਸ਼ੀਆਂ ਸਨ। ਉਨ੍ਹਾਂ ਕੋਲ ਬਹੁਤ ਵੱਡਾ ਦਿਲ ਅਤੇ ਜਿਗਰ ਸੀ, ਉਹ ਪੰਜਾਬ ਦੀ ਬਿਹਤਰੀ ਲਈ ਹਰ ਰੁੱਸੇ ਹੋਏ ਦੋਸਤ ਨੂੰ ਮਨਾ ਲੈਂਦੇ ਸਨ। ਮਨਪ੍ਰੀਤ ਬਾਦਲ ਨੇ ਕਿਹਾ ਕਿ ਮੇਰੇ ਵੀ ਪ੍ਰਕਾਸ਼ ਸਿੰਘ ਬਾਦਲ ਨਾਲ ਸਿਆਸੀ ਮਤਭੇਦ ਹੋ ਗਏ ਸਨ ਪ੍ਰੰਤੂ ਉਹ ਜਦੋਂ ਵੀ ਮੈਨੂੰ ਮਿਲਦੇ ਤਾਂ ਆਪਣੇ ਗਲ ਨਾਲ ਲਗਾ ਲੈਂਦੇ ਅਤੇ ਇਹ ਉਨ੍ਹਾਂ ਦਾ ਵਡੱਪਣ ਸੀ। ਇਸ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਸ਼ਾਇਰਾਨਾ ਅੰਦਾਜ਼ ‘ਚ ਕਿਹਾ ਕਿ ‘ਆਜਾ ਚਮਨ ਦਿਆ ਮਾਲੀਆ ਬੂਟੇ ਉਦਾਸ ਨੇ, ਜਿਸ ਦਿਨ ਦਾ ਟੁਰ ਗਿਆ, ਨਾਲ ਹੀ ਟੁਰ ਗਈਆਂ ਨੇ ਕੁੱਲ ਬਹਾਰਾਂ, ਤੇਰੇ ਹਿਜਰ ਵਿਚ ਫੁੱਲ ਤੇ ਕਲੀਆਂ ਰੋਂਦੀਆਂ।’