-1.4 C
Toronto
Sunday, December 7, 2025
spot_img
Homeਹਫ਼ਤਾਵਾਰੀ ਫੇਰੀਜੌਹਨ ਟੋਰੀ, ਬੋਨੀ ਕ੍ਰੌਂਬੀ ਤੇ ਪੈਟ੍ਰਿਕ ਬ੍ਰਾਊਨ ਮੁੜ ਬਣੇ ਮੇਅਰ

ਜੌਹਨ ਟੋਰੀ, ਬੋਨੀ ਕ੍ਰੌਂਬੀ ਤੇ ਪੈਟ੍ਰਿਕ ਬ੍ਰਾਊਨ ਮੁੜ ਬਣੇ ਮੇਅਰ

ਐਨੀ ਗਰੋਵਜ਼ ਕੈਲਡਨ, ਡੈਲਡੂਕਾ ਵੌਨ ਤੇ ਐਂਡਰੀਆ ਹੌਰਵਰਥ ਹੈਮਿਲਟਨ ਤੋਂ ਮੇਅਰ ਬਣੇ
ਟੋਰਾਂਟੋ/ਬਿਊਰੋ ਨਿਊਜ਼ : 24 ਅਕਤੂਬਰ ਨੂੰ ਓਨਟਾਰੀਓ ਵਿਚ ਹੋਈਆਂ ਮਿਊਂਸਪਲ ਚੋਣਾਂ ਵਿਚ ਜਿੱਥੇ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਅਤੇ ਮਿਸੀਸਾਗਾ ਦੇ ਮੇਅਰ ਬੌਨੀ ਕ੍ਰੌਂਬੀ ਵੱਡੇ ਫਰਕ ਨਾਲ ਜੇਤੂ ਰਹੇ, ਉਥੇ ਹੀ ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੂੰ ਦੋ ਪੰਜਾਬੀ ਉਮੀਦਵਾਰਾਂ ਤੋਂ ਤਕੜੀ ਟੱਕਰ ਮਿਲੀ ਪ੍ਰੰਤੂ ਅੰਤ ਨੂੰ ਪੈਟ੍ਰਿਕ ਬ੍ਰਾਊਨ ਚੋਣ ਜਿੱਤ ਗਏ। ਦਿਲਚਸਪ ਗੱਲ ਇਹ ਵੀ ਰਹੀ ਕਿ ਓਨਟਾਰੀਓ ਦੀਆਂ ਦੋ ਰਾਜਨੀਤਿਕ ਪਾਰਟੀਆਂ ਦੇ ਸਾਬਕਾ ਲੀਡਰ ਵੀ ਮੇਅਰ ਬਣਨ ਵਿਚ ਕਾਮਯਾਬ ਰਹੇ। ਵੌਨ ਤੋਂ ਮੇਅਰ ਡੈਲਡੂਕਾ ਅਤੇ ਹੈਮਿਲਟਨ ਤੋਂ ਐਂਡਰੀਆ ਹੌਰਵਰਥ ਬੜੇ ਹੀ ਘੱਟ ਫਰਕ ਨਾਲ ਚੋਣ ਜਿੱਤ ਸਕੇ। ਇਸੇ ਤਰ੍ਹਾਂ ਕੈਲਡਨ ਤੋਂ ਐਨੀ ਗਰੋਵਜ਼ ਨੇ ਇਕ ਸੰਘਰਸ਼ਪੂਰਨ ਮੁਕਾਬਲੇ ਵਿਚ ਜੈਨੀਫਰ ਇੰਨਿਸ ਨੂੰ ਹਰਾ ਕੇ ਚੋਣ ਜਿੱਤ ਲਈ। ਬਰੈਂਪਟਨ ਵਿਚ ਵੱਡਾ ਫੇਰ ਬਦਲ ਵਾਰਡ ਨੰਬਰ 9 ਅਤੇ 10 ਵਿਚ ਦੇਖਣ ਨੂੰ ਮਿਲਿਆ, ਜਿੱਥੇ ਰੀਜਨਲ ਕੌਂਸਲਰ ਗੁਰਪ੍ਰੀਤ ਢਿੱਲੋਂ ਨੂੰ ਹਰਾ ਕੇ ਗੁਰਪ੍ਰਤਾਪ ਸਿੰਘ ਤੂਰ ਨੇ ਬਹੁਤ ਹੀ ਘੱਟ ਵੋਟਾਂ ਦੇ ਫਰਕ ਨਾਲ ਚੋਣ ਜਿੱਤ ਲਈ। ਜੌਹਨ ਟੋਰੀ ਨੂੰ ਤੀਜੀ ਵਾਰੀ ਟੋਰਾਂਟੋ ਦਾ ਮੇਅਰ ਬਣਨ ਦਾ ਮੌਕਾ ਮਿਲ ਗਿਆ ਹੈ। ਜੇ ਉਹ ਆਪਣੇ ਇਸ ਕਾਰਜਕਾਲ ਦੇ ਚਾਰ ਸਾਲ ਪੂਰੇ ਕਰਦੇ ਹਨ ਤਾਂ ਉਹ ਟੋਰਾਂਟੋ ਦੇ ਸਭ ਤੋਂ ਲੰਮਾਂ ਸਮਾਂ ਰਹਿਣ ਵਾਲੇ ਮੇਅਰ ਬਣ ਜਾਣਗੇ।
ਲੰਘੇ ਦਿਨੀਂ ਐਲਾਨੇ ਗਏ ਚੋਣਾਂ ਦੇ ਨਤੀਜਿਆਂ ਅਨੁਸਾਰ 93 ਫੀਸਦੀ ਪਈਆਂ ਵੋਟਾਂ ਵਿੱਚੋਂ ਟੋਰੀ ਨੂੰ 62 ਫੀਸਦੀ ਵੋਟਾਂ ਹਾਸਲ ਹੋਈਆਂ ਅਤੇ ਦੂਜੇ ਸਥਾਨ ਉੱਤੇ ਚੱਲ ਰਹੇ ਜਿਲ ਪੈਨਾਲੋਸਾ ਨੂੰ ਅਸਾਨੀ ਨਾਲ ਹਰਾ ਦਿੱਤਾ।
ਪੈਨਾਲੋਸਾ ਨੂੰ 18 ਫੀਸਦੀ ਵੋਟਾਂ ਮਿਲੀਆਂ। ਜਿੱਤ ਦੀਆਂ ਖਬਰਾਂ ਮਿਲਣ ਤੋਂ ਬਾਅਦ ਟੋਰੀ ਨੇ ਫੇਅਰਮਾਊਂਟ ਰੌਇਲ ਯੌਰਕ ਹੋਟਲ ਵਿੱਚ ਆਪਣੇ ਸਮਰਥਕਾਂ ਨੂੰ ਪਾਰਟੀ ਦਿੱਤੀ। ਉਨ੍ਹਾਂ ਆਖਿਆ ਕਿ ਉਹ ਆਪਣੀ ਸਿਟੀ ਨੂੰ ਪਿਆਰ ਕਰਦੇ ਹਨ ਤੇ ਇੱਥੋਂ ਦੇ ਲੋਕਾਂ ਲਈ ਕੰਮ ਕਰਨਾ ਉਨ੍ਹਾਂ ਨੂੰ ਪਸੰਦ ਹੈ। ਇਸੇ ਲਈ ਉਹ ਮੁੜ ਚੋਣਾਂ ਵਿੱਚ ਖੜ੍ਹੇ ਹੋਏ ਸਨ।
ਉਨ੍ਹਾਂ ਅੱਗੇ ਆਖਿਆ ਕਿ ਅੱਠ ਸਾਲਾਂ ਵਿੱਚ ਉਨ੍ਹਾਂ ਕਈ ਵਧੀਆ ਕੰਮ ਕੀਤੇ ਹਨ ਪਰ ਕਈ ਕੰਮ ਅਜੇ ਵੀ ਅਧੂਰੇ ਪਏ ਹਨ ਜਿਨ੍ਹਾਂ ਨੂੰ ਜਲਦ ਤੋਂ ਜਲਦ ਪੂਰਾ ਕੀਤੇ ਜਾਣ ਦੀ ਲੋੜ ਹੈ।
ਇਸ ਦੌਰਾਨ ਲਗਾਤਾਰ ਚਲਾਈ ਗਈ ਕੈਂਪੇਨ ਤੇ ਪਹਿਲੇ ਕਾਰਜਕਾਲ ਦੌਰਾਨ ਕਾਊਂਸਲ ਡਵੀਜਨ ਨਾਲ ਲੜਨ ਤੋਂ ਬਾਅਦ ਪੈਟ੍ਰਿਕ ਬ੍ਰਾਊਨ ਨੂੰ ਵੀ ਮੁੜ ਬਰੈਂਪਟਨ ਦਾ ਮੇਅਰ ਚੁਣ ਲਿਆ ਗਿਆ ਹੈ। ਮਾਰਚ ਵਿੱਚ ਬ੍ਰਾਊਨ ਕੰਸਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਖੜ੍ਹੇ ਹੋਏ ਸਨ ਪ੍ਰੰਤੂ ਉਨ੍ਹਾਂ ਦੀ ਕੈਂਪੇਨ ਦੇ ਇੱਕ ਵਾਲੰਟੀਅਰ ਨੂੰ ਕਿਸੇ ਹੋਰ ਕੰਪਨੀ ਵੱਲੋਂ ਅਦਾਇਗੀ ਕਰਨ ਦੇ ਦੋਸ਼ ਲੱਗਣ ਤੋਂ ਬਾਅਦ ਬ੍ਰਾਊਨ ਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ। ਬ੍ਰਾਊਨ ਵੱਲੋਂ ਇਨ੍ਹਾਂ ਦੋਸ਼ਾਂ ਤੋਂ ਲਗਾਤਾਰ ਇਨਕਾਰ ਕੀਤਾ ਗਿਆ। ਇਸ ਦੌਰਾਨ ਲਗਾਤਾਰ ਤੀਜੀ ਵਾਰੀ ਬੌਨੀ ਕ੍ਰੌਂਬੀ ਨੂੰ ਮਿਸੀਸਾਗਾ ਦੀ ਮੇਅਰ ਚੁਣਿਆ ਗਿਆ ਹੈ।
ਕ੍ਰੌਂਬੀ 2014 ਤੋਂ ਹੀ ਮਿਸੀਸਾਗਾ ਦੀ ਮੇਅਰ ਹੈ। ਕ੍ਰੌਂਬੀ ਨੇ ਹੇਜਲ ਮੈਕੈਲੀਅਨ ਦੀ ਥਾਂ ਲਈ ਸੀ, ਜੋ 1970ਵਿਆਂ ਤੋਂ ਹੀ ਮੇਅਰ ਦੇ ਅਹੁਦੇ ਉੱਤੇ ਬਿਰਾਜਮਾਨ ਸੀ। ਆਪਣੇ ਪਹਿਲੇ ਕਾਰਜਕਾਲ ਤੋਂ ਬਾਅਦ ਕ੍ਰੌਂਬੀ ਨੂੰ 2018 ਵਿੱਚ ਮੁੜ ਮੇਅਰ ਚੁਣ ਲਿਆ ਗਿਆ ਸੀ ਤੇ ਉਸ ਸਮੇਂ ਉਨ੍ਹਾਂ ਨੂੰ 75 ਫੀ ਸਦੀ ਵੋਟਾਂ ਹਾਸਲ ਹੋਈਆਂ ਸਨ। ਸਕਾਰਬਰੋ ਸੈਂਟਰ ਤੋਂ ਮਾਈਕਲ ਥੌਂਪਸਨ ਮੇਅਰ ਚੁਣੇ ਗਏ ਹਨ। ਉਨ੍ਹਾਂ ਉੱਤੇ ਮੁਜਰਮਾਨਾ ਦੋਸ਼ ਲੱਗਣ ‘ਤੇ ਉਨ੍ਹਾਂ ਦੀ ਕੈਂਪੇਨ ਨੂੰ ਬਰਬਾਦ ਕਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਮੇਅਰ ਚੁਣਿਆ ਗਿਆ ਹੈ।

 

RELATED ARTICLES
POPULAR POSTS