Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ‘ਚ ਪਾਰਾ ਪਹੁੰਚਿਆ 50 ਡਿਗਰੀ ਦੇ ਨੇੜੇ

ਕੈਨੇਡਾ ‘ਚ ਪਾਰਾ ਪਹੁੰਚਿਆ 50 ਡਿਗਰੀ ਦੇ ਨੇੜੇ

230 ਤੋਂ ਵੱਧ ਮੌਤਾਂ, ਗਰਮੀ ਨੇ ਕਈ ਦਹਾਕਿਆਂ ਦਾ ਤੋੜਿਆ ਰਿਕਾਰਡ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਲੂ ਅਤੇ ਗਰਮੀ ਨਾਲ ਲੋਕਾਂ ਦਾ ਬੁਰਾ ਹਾਲ ਹੋ ਗਿਆ ਹੈ। ਹਾਲਾਤ ਇਹ ਬਣ ਗਏ ਹਨ ਕਿ ਵੈਨਕੂਵਰ ਦੇ ਕੁਝ ਖੇਤਰਾਂ ਵਿਚ ਪਾਰਾ 50 ਡਿਗਰੀ ਸੈਲੀਸੀਅਸ ਦੇ ਨੇੜੇ ਪਹੁੰਚ ਚੁੱਕਾ ਹੈ। ਪੈ ਰਹੀ ਕੜਾਕੇ ਦੀ ਗਰਮੀ ਕਾਰਨ 230 ਤੋਂ ਵੱਧ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਇਕੱਲੇ ਵੈਨਕੂਵਰ ਵਿਚ ਹੀ ਮਰਨ ਵਾਲਿਆਂ ਦੀ ਗਿਣਤੀ 130 ਤੋਂ ਜ਼ਿਆਦਾ ਹੈ। ਗਰਮੀ ਨਾਲ ਜਾਨ ਗੁਆਉਣ ਵਾਲੇ ਵਿਅਕਤੀਆਂ ਵਿਚ ਜ਼ਿਆਦਾਤਰ ਬਜ਼ੁਰਗ ਸ਼ਾਮਲ ਹਨ ਅਤੇ ਕਈਆਂ ਦੀ ਸਿਹਤ ਖਰਾਬ ਚੱਲ ਰਹੀ ਹੈ। ਦੱਸਿਆ ਗਿਆ ਕਿ ਜ਼ਿਆਦਾਤਰ ਮੌਤਾਂ ਅਚਾਨਕ ਹੀ ਹੋ ਰਹੀਆਂ ਅਤੇ ਕਈ ਵਿਅਕਤੀਆਂ ਨੂੰ ਮੈਡੀਕਲ ਸਰਵਿਸ ਤੱਕ ਵੀ ਨਹੀਂ ਮਿਲ ਸਕੀ, ਕਿਉਂਕਿ ਮੈਡੀਕਲ ਰਿਸਪਾਂਸ ਟੀਮ ਪਹੁੰਚਣ ਤੋਂ ਪਹਿਲਾਂ ਹੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ।
ਵੈਨਕੂਵਰ ਤੋਂ 250 ਕਿਲੋਮੀਟਰ ਪੂਰਬ ਵਿਚ ਬ੍ਰਿਟਿਸ਼ ਕੋਲੰਬੀਆ ਦੇ ਲਿਟਨ ‘ਚ ਪਾਰਾ 121 ਡਿਗਰੀ ਫਾਰਨਹਾਈਟ (49.5 ਡਿਗਰੀ ਸੈਲਸੀਅਸ) ਤੱਕ ਪਹੁੰਚ ਗਿਆ। ਇਸ ਹਫਤੇ ਤੋਂ ਪਹਿਲਾਂ ਦੇਸ਼ ‘ਚ ਪਾਰਾ 45 ਡਿਗਰੀ ਸੈਲਸੀਅਸ ਦੇ ਪਾਰ ਨਹੀਂ ਪਹੁੰਚਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਤਰ ਪੱਛਮੀ ਅਮਰੀਕਾ ਅਤੇ ਕੈਨੇਡਾ ਵਿਚ ਉਚ ਦਬਾਅ ਦਾ ਖੇਤਰ ਬਣਨ ਕਰਕੇ ਦੋਵਾਂ ਹੀ ਦੇਸ਼ਾਂ ਵਿਚ ਲੂ ਚੱਲ ਰਹੀ ਹੈ।
ਪੁਲਿਸ ਸਾਰਜੈਂਟ ਸਟੀਵ ਐਡੀਸਨ ਨੇ ਕਿਹਾ ਕਿ ਵੈਨਕੂਵਰ ਵਿਚ ਕਦੀ ਵੀ ਇਸ ਤਰਾਂ ਨਾਲ ਗਰਮੀ ਦਾ ਅਨੁਭਵ ਨਹੀਂ ਹੋਇਆ ਅਤੇ ਦੁੱਖ ਦੀ ਗੱਲ ਹੈ ਕਿ ਦਰਜਨਾਂ ਵਿਅਕਤੀ ਇਸ ਨਾਲ ਜਾਨ ਗੁਆ ਰਹੇ ਹਨ। ਹੋਰ ਸਿਟੀ ਕਾਊਂਸਲਰਾਂ ਨੇ ਵੀ ਕਿਹਾ ਕਿ ਉਨਾਂ ਨੇ ਵੀ ਕਈ ਅਚਾਨਕ ਮੌਤ ਦੇ ਮਾਮਲੇ ਦੇਖੇ ਹਨ, ਪਰ ਹੁਣ ਤੱਕ ਅੰਕੜੇ ਜਾਰੀ ਨਹੀਂ ਕੀਤੇ ਗਏ।
ਟੀਕਾਕਰਨ ਕੇਂਦਰ ਕੀਤੇ ਬੰਦ
ਕੈਨੇਡਾ ਦੇ ਵਾਤਾਵਰਨ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਇਸ ‘ਚ ਕਿਹਾ ਗਿਆ ਹੈ ਕਿ ਗਰਮੀ ਦੀ ਲਹਿਰ ਇਸ ਹਫਤੇ ਜਾਰੀ ਰਹੇਗੀ। ਯੂਐਸ ਨੈਸ਼ਨਲ ਵੈਦਰ ਸਰਵਿਸ ਨੇ ਵੀ ਕਿਹਾ ਕਿ ਲੋਕ ਠੰਡੀ ਜਗਾ ‘ਤੇ ਰਹਿਣ। ਗਰਮੀ ਦੇ ਕਾਰਨ ਵੈਨਕੂਵਰ ਨੇ ਸਕੂਲਾਂ ਅਤੇ ਕੋਵਿਡ 19 ਟੀਕਾਕਰਨ ਕੇਂਦਰ ਬੰਦ ਕਰ ਦਿੱਤੇ ਹਨ।
ਹੋਟਲਾਂ ‘ਚ ਬੁੱਕ ਹੋਣ ਲੱਗੇ ਏਸੀ ਰੂਮ
ਬ੍ਰਿਟਿਸ਼ ਕੋਲੰਬੀਆ ਹੋਟਲ ਐਸੋਸੀਏਸ਼ਨ ਦੇ ਸੀਈਓ ਇਨਗਰਿਡ ਜੈਰੇਟ ਦਾ ਕਹਿਣਾ ਹੈ ਕਿ ਲੋਅਰ ਮੇਨਲੈਂਡ, ਵਿਕਟੋਰੀਆ ਆਦਿ ਖੇਤਰਾਂ ਵਿਚ ਲੋਕਾਂ ਨੇ ਹੋਟਲਾਂ ਵਿਚ ਏਸੀ ਰੂਮ ਬੁੱਕ ਕਰਵਾਏ ਹਨ ਅਤੇ ਲਗਾਤਾਰ ਹੋਟਲਾਂ ਵਿਚ ਲੋਕ ਪਹੁੰਚ ਰਹੇ ਹਨ। ਇੱਥੇ ਲੋਕ ਪੂਲ ਆਦਿ ਵਿਚ ਵੀ ਜ਼ਿਆਦਾ ਸਮਾਂ ਬਿਤਾ ਰਹੇ ਹਨ।
ਘਰ ਤੋਂ ਬਾਹਰ ਜਾਣਾ ਹੋਇਆ ਔਖਾ
ਵੈਨਕੂਵਰ ਦੇ ਬੁਨਰਬੇ ਏਰੀਏ ਵਿਚ 38 ਅਤੇ ਸਰੀ ਵਿਚ 45 ਵਿਅਕਤੀਆਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਕਿਹਾ ਕਿ ਵੈਨਕੂਵਰ ਵਿਚ ਹੁਣ ਤੱਕ ਅਜਿਹੀ ਗਰਮੀ ਕਦੀ ਨਹੀਂ ਪਈ ਅਤੇ ਇਸ ਨਾਲ ਕਈ ਵਿਅਕਤੀ ਦੀ ਜਾਨ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਲੋਕਾਂ ਦੀ ਜਾਨ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਵੈਨਕੂਵਰ ਵਾਸੀਆਂ ਦਾ ਕਹਿਣਾ ਹੈ ਕਿ ਘਰ ਤੋਂ ਬਾਹਰ ਜਾਣਾ ਲਗਭਗ ਅਸੰਭਵ ਹੋ ਗਿਆ ਹੈ। ਅਮਰੀਕਾ ਦੇ ਕਈ ਖੇਤਰਾਂ ਵਿਚ ਪਾਰਾ 44 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …