ਟਰੂਡੋ ਤੇ ਸ਼ੀਅਰ ਵਿਚਾਲੇ ਸੱਤਾ ਦੀ ਜੰਗ, ਫੈਸਲਾਕੁੰਨ ਭੂਮਿਕਾ ਨਿਭਾਅ ਸਕਦੇ ਨੇ ਜਗਮੀਤ
ਟੋਰਾਂਟੋ/ਪਰਵਾਸੀ ਬਿਊਰੋ : ਕੈਨੇਡਾ ਦੀ ਨਵੀਂ ਫੈਡਰਲ ਸਰਕਾਰ ਚੁਣੇ ਜਾਣ ਲਈ ਚੋਣ ਪ੍ਰਚਾਰ ਨੇ ਆਪਣੇ ਸਿਖਰ ਨੂੰ ਛੂਹ ਲਿਆ ਹੈ ਤੇ ਇਸੇ ਚੋਣ ਪ੍ਰਚਾਰ ਦੌਰਾਨ ਜਿੱਥੇ ਅਗਾਊਂ ਵੋਟਾਂ ਪਾਉਣ ‘ਚ ਵੋਟਰਾਂ ਨੇ ਵੱਡੀ ਦਿਲਚਸਪੀ ਦਿਖਾਈ ਹੈ, ਉਥੇ ਹੀ 21 ਅਕਤੂਬਰ ਨੂੰ ਵੱਡੀ ਗਿਣਤੀ ‘ਚ ਵੋਟਰਾਂ ਦੇ ਬਾਹਰ ਨਿਕਲਣ ਦੀ ਉਮੀਦ ਹੈ, ਤਿਆਰੀਆਂ ਵੀ ਇਸੇ ਢੰਗ ਨਾਲ ਪੋਲਿੰਗ ਸਟੇਸ਼ਨਾਂ ‘ਤੇ ਵੇਖਣ ਨੂੰ ਮਿਲ ਰਹੀਆਂ ਹਨ ਕਿ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਨੂੰ ਕੰਟਰੋਲ ‘ਚ ਰੱਖਿਆ ਜਾਵੇ ਤੇ ਸਮੇਂ ਸਿਰ ਪੋਲਿੰਗ ਕਰਨ ਤੋਂ ਬਾਅਦ ਤਹਿ ਸਮੇਂ ‘ਚ ਨਤੀਜੇ ਵੀ ਸਾਹਮਣੇ ਆ ਸਕਣ। ਜ਼ਿਕਰਯੋਗ ਹੈ ਕਿ ਫਾਈਨਲ ਪੋਲਿੰਗ ਤੋਂ ਬਾਅਦ ਉਸੇ ਦਿਨ ਨਤੀਜੇ ਐਲਾਨੇ ਜਾਣੇ ਹਨ। ਇਸ ਲਈ ਸੋਮਵਾਰ ਨੂੰ ਹੀ ਪਤਾ ਲੱਗ ਜਾਵੇਗਾ ਕਿ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ। ਫਿਲਹਾਲ ਚੋਣ ਸਰਗਰਮੀਆਂ ਨੂੰ ਵੇਖਦਿਆਂ ਅਤੇ ਰਾਜਨੀਤਿਕ ਮਾਹਿਰਾਂ ਤੇ ਮੀਡੀਆ ਰਿਪੋਰਟਾਂ ਦੇ ਦਾਅਵਿਆਂ ਨੂੰ ਜੇ ਸੱਚ ਮੰਨੀਏ ਤਾਂ ਫੈਡਰਲ ਸਰਕਾਰ ਬਣਾਉਣ ਲਈ ਮੁੱਖ ਮੁਕਾਬਲਾ ਲਿਬਰਲ ਤੇ ਕੰਸਰਵੇਟਿਵ ਪਾਰਟੀ ਵਿਚਾਲੇ ਹੀ ਹੈ। ਇਸੇ ਤਰ੍ਹਾਂ ਅਗਲਾ ਪ੍ਰਧਾਨ ਮੰਤਰੀ ਬਣਨ ਲਈ ਜੋ ਰਾਜਨੀਤਿਕ ਜੰਗ ਜਸਟਿਨ ਟਰੂਡੋ ਅਤੇ ਐਂਡ੍ਰਿਊ ਸ਼ੀਅਰ ਵਿਚਾਲੇ ਦੇਖਣ ਨੂੰ ਮਿਲ ਰਹੀ ਹੈ, ਉਸ ਜੰਗ ਵਿਚ ਫੈਸਲਾਕੁੰਨ ਭੂਮਿਕਾ ਜਗਮੀਤ ਸਿੰਘ ਵੀ ਨਿਭਾਅ ਸਕਦੇ ਹਨ। ਧਿਆਨ ਰਹੇ ਕਿ ਜਗਮੀਤ ਸਿੰਘ ਦੀ ਪਾਰਟੀ ਐਨਡੀਪੀ ਦੇ ਬੇਸ਼ੱਕ ਸਿੱਧੇ ਰੂਪ ‘ਚ ਸੱਤਾ ਵਿਚ ਆਉਣ ਦੇ ਕੋਈ ਆਸਾਰ ਨਹੀਂ ਹਨ ਪਰ ਐਨਡੀਪੀ ਤੇ ਇਸ ਦੇ ਨਾਲ-ਨਾਲ ਗ੍ਰੀਨ ਪਾਰਟੀ ਅਗਲੀ ਸਰਕਾਰ ਕਿਸਦੀ ਹੋਵੇਗੀ ਇਸ ਦੇ ਲਈ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਗੱਠਜੋੜ ਦੀ ਸਰਕਾਰ ਬਣਨ ਦੀ ਸੰਭਾਵਨਾ ਵਿਚ ਐਨਡੀਪੀ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਅਸੀਂ ਕੰਸਰਵੇਟਿਵ ਨਾਲ ਨਹੀਂ ਜਾਵਾਂਗੇ ਜਦੋਂਕਿ ਗ੍ਰੀਨ ਪਾਰਟੀ ਨੇ ਅਜੇ ਇਸ ਬਾਰੇ ਆਪਣੇ ਪੱਤੇ ਨਹੀਂ ਖੋਲ੍ਹੇ। ਕੈਨੇਡਾ ਦੇ ਵੋਟਰਾਂ ਦਾ ਫੈਸਲਾ ਕੀ ਹੋਵੇ ਇਹ ਤਾਂ ਆਉਂਦੀ 21 ਅਕਤੂਬਰ ਨੂੰ ਹੀ ਪਤਾ ਚੱਲੇਗਾ। ਇਸ ਤੋਂ ਪਹਿਲਾਂ ਲੰਘੇ ਸ਼ੁੱਕਰਵਾਰ ਤੋਂ ਸੋਮਵਾਰ ਤੱਕ ਪਈਆਂ ਅਗਾਊਂ ਵੋਟਾਂ ‘ਚ ਕੈਨੇਡਾ ਦੇ 48 ਲੱਖ ਦੇ ਕਰੀਬ ਵੋਟਰਾਂ ਨੇ ਸਾਹਮਣੇ ਆ ਕੇ ਪਹਿਲਾਂ ਹੀ ਵੋਟਾਂ ਪਾਉਣ ਦਾ ਕੰਮ ਨਿਬੇੜ ਦਿੱਤਾ। ਧਿਆਨ ਰਹੇ ਕਿ ਵੱਡੀ ਗਿਣਤੀ ਵਿਚ ਇਸ ਵਾਰ ਲੋਕ ਅਗਾਊਂ ਵੋਟਾਂ ਪਾਉਣ ਲਈ ਵੀ ਸਾਹਮਣੇ ਆਏ ਅਤੇ ਇਹ ਅੰਕੜੇ 2015 ਦੀਆਂ ਫੈਡਰਲ ਚੋਣਾਂ ਤੋਂ 29 ਫੀਸਦੀ ਦੇ ਕਰੀਬ ਵੱਧ ਹਨ।
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …