ਗੈਰਾਜ ’ਚ ਕਾਰ ਰਿਪੇਅਰਿੰਗ ਦੌਰਾਨ ਚਿੰਗਾਰੀ ਭੜਕਣ ਤੋਂ ਬਾਅਦ ਲੱਗੀ ਅੱਗ
ਨਵੀਂ ਦਿੱਲੀ/ਬਿਊਰੋ ਨਿਊਜ਼
ਹੈਦਰਾਬਾਦ ਦੇ ਨਾਮਪੱਲੀ ਇਲਾਕੇ ’ਚ ਇਕ ਬਿਲਡਿੰਗ ਵਿਚ ਅੱਗ ਲੱਗਣ ਕਰਕੇ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ 3 ਵਿਅਕਤੀ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਇਹ ਦਰਦਨਾਕ ਘਟਨਾ ਅੱਜ ਸੋਮਵਾਰ ਸਵੇਰ ਦੀ ਹੈ। ਹੈਦਰਾਬਾਦ ਸੈਂਟਰਲ ਜੋਨ ਦੇ ਡੀਸੀਪੀ ਵੈਂਕਟੇਸਵਰ ਰਾਓ ਦਾ ਕਹਿਣਾ ਸੀ ਕਿ ਇਮਾਰਤ ਦੇ ਗਰਾਊਂਡ ਫਲੋਰ ’ਤੇ ਬਣੇ ਗੈਰਾਜ ਵਿਚ ਇਕ ਕਾਰ ਦੀ ਰਿਪੇਅਰ ਕੀਤੀ ਜਾ ਰਹੀ ਸੀ। ਇਸੇ ਦੌਰਾਨ ਅੱਗ ਦੀਆਂ ਚਿੰਗਾਰੀਆਂ ਉਠਣ ਲੱਗੀਆਂ, ਜੋ ਨੇੜੇ ਪਏ ਕੈਮੀਕਲ ਦੇ ਡਰੰਮ ’ਤੇ ਡਿੱਗ ਗਈਆਂ। ਇਸ ਨਾਲ ਅੱਗ ਭੜਕ ਗਈ ਅਤੇ ਉਪਰ ਦੀਆਂ ਪੰਜ ਮੰਜ਼ਿਲਾਂ ਨੂੰ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਗ ਦੀਆਂ ਲਪਟਾਂ ਏਨੀਆਂ ਤੇਜ਼ ਸਨ ਕਿ ਬਿਲਡਿੰਗ ਵਿਚ ਉਪਰ ਰਹਿਣ ਵਾਲੇ ਕੁਝ ਵਿਅਕਤੀ ਬਾਹਰ ਹੀ ਨਹੀਂ ਨਿਕਲ ਸਕੇ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲਿਸ ਨੇ ਕੁਝ ਵਿਅਕਤੀਆਂ ਅਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਵੀ ਕੱਢਿਆ, ਪਰ ਫਿਰ ਵੀ 9 ਵਿਅਕਤੀਆਂ ਦੀ ਜਾਨ ਚਲੇ ਗਈ।