Breaking News
Home / ਹਫ਼ਤਾਵਾਰੀ ਫੇਰੀ / 32 ਦਿਨਾਂ ‘ਚ 42 ਨੌਜਵਾਨਾਂ ਦੀ ਡਰੱਗ ਦੀ ਓਵਰਡੋਜ਼ ਕਾਰਨ ਹੀ ਹੋਈ ਮੌਤ

32 ਦਿਨਾਂ ‘ਚ 42 ਨੌਜਵਾਨਾਂ ਦੀ ਡਰੱਗ ਦੀ ਓਵਰਡੋਜ਼ ਕਾਰਨ ਹੀ ਹੋਈ ਮੌਤ

ਚਿੱਟੇ ਨੇ ਪੰਜਾਬ ਦਾ ਕੀਤਾ ਮੂੰਹ ਕਾਲਾ
ਸਰਕਾਰ ਕਹਿੰਦੀ ਹਰ ਮੁਲਾਜ਼ਮ ਦਾ, ਜਨਤਾ ਕਹਿੰਦੀ ਹਰ ਸਿਆਸਤਦਾਨ ਦਾ ਹੋਵੇ ਡੋਪ ਟੈਸਟ
ਜਲੰਧਰ : ਹਰੀ ਕ੍ਰਾਂਤੀ ਨਾਲ ਲਹਿਰਾਉਂਦੇ ਪੰਜਾਬ ਵਿਚ ਨਸ਼ਾ ਆਮ ਗੱਲ ਹੋ ਚੁੱਕੀ ਹੈ। ਸੂਬੇ ਦੇ ਨੌਜਵਾਨ ਅਫੀਮ, ਹੈਰੋਇਨ ਅਤੇ ਕੋਕੀਨ, ਨਸ਼ੀਲੇ ਟੀਕਿਆਂ ਦੀ ਗ੍ਰਿਫਤ ਵਿਚ ਆ ਚੁੱਕੇ ਹਨ। ਨਸ਼ੇ ਲਈ ਪੰਜਾਬ ਪੂਰਾ ਨਿਸ਼ਾਨਾ ਬਣ ਚੁੱਕਾ ਹੈ, ਜਿੱਥੇ ਕਿਸਾਨਾਂ, ਰਾਜਨੀਤਕਾਂ, ਵਰਦੀਧਾਰੀਆਂ ਤੋਂ ਲੈ ਕੇ ਬੀਐਸਐਫ ਦੇ ਜਵਾਨਾਂ ਤੋਂ ਇਲਾਵਾ ਐਨਆਰਆਈਜ਼ ਨੇ ਨਸ਼ਾ ਫੈਲਾਉਣ ਵਿਚ ਪੂਰਾ ਰੋਲ ਅਦਾ ਕੀਤਾ ਹੈ। ਪਿਛਲੇ ਇਕ ਦਹਾਕੇ ਵਿਚ ਸਾਰੇ ਸੈਕਟਰ ਦੇ ਲੋਕਾਂ ਨੇ ਨਸ਼ਿਆਂ ਦੀ ਖੇਡ ਵਿਚ ਵਾਰੇ ਨਿਆਰੇ ਕੀਤੇ ਹਨ ਅਤੇ ਇਸ ਵਿਚ ਕਈ ਰਾਜਨੀਤਕ ਅਧਿਕਾਰੀ ਵੀ ਜੇਲ੍ਹ ਵੀ ਹਵਾ ਖਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ‘ਚ ਲੰਘੇ 32 ਦਿਨਾਂ ਦੌਰਾਨ ਡਰੱਗ ਦੀ ਓਵਰਡੋਜ਼ ਕਾਰਨ 42 ਨੌਜਵਾਨ ਦੀ ਮੌਤ ਹੋ ਚੁੱਕੀ ਹੈ।
ਪੁਲਿਸ ਤੇ ਸਰਕਾਰੀ ਮੁਲਾਜ਼ਮਾਂ ਦੀ ਨਵੀਂ ਭਰਤੀ ਮੌਕੇ ਡੋਪ ਟੈਸਟ ਲਾਜ਼ਮੀ : ਕੈਪਟਨ ਅਮਰਿੰਦਰ
ਮੇਰੀ ਦਿਲੀ ਇੱਛਾ ਪੰਚਾਇਤੀ ਚੋਣਾਂ ‘ਚ ਹਰ ਉਮੀਦਵਾਰ ਦਾ ਹੋਵੇ ਡੋਪ ਟੈਸਟ : ਤ੍ਰਿਪਤ ਰਜਿੰਦਰ ਬਾਜਵਾ
ਬਾਦਲ, ਭਗਵੰਤ ਮਾਨ, ਸੁਖਬੀਰ ਤੇ ਖਹਿਰਾ ਨੇ ਕਿਹਾ ਹਰ ਵਿਧਾਇਕ ਤੇ ਐਮ ਪੀ ਕਰਵਾਏ ਡੋਪ ਟੈਸਟ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਤੇ ਸਰਕਾਰੀ ਮੁਲਾਜ਼ਮਾਂ ਦੀ ਨਵੀਂ ਭਰਤੀ ਤੇ ਪ੍ਰਮੋਸ਼ਨ ‘ਚ ਡੋਪ ਟੈਸਟ ਨੂੰ ਲਾਜ਼ਮੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਪੁਰਾਣੇ ਸਰਕਾਰੀ ਮੁਲਾਜ਼ਮਾਂ ਦਾ ਸਲਾਨਾ ਡੋਪ ਟੈਸਟ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਜਿੱਥੇ ਡਰੱਗ ਤਸਕਰਾਂ ਨੂੰ ਸਜ਼ਾ-ਏ-ਮੌਤ ਦੇਣ ਦੇ ਫੈਸਲੇ ਨੂੰ ਪ੍ਰਵਾਨਗੀ ਖਾਤਰ ਗ੍ਰਹਿ ਮੰਤਰੀ ਨੂੰ ਖ਼ਤ ਲਿਖਿਆ, ਉਥੇ ਪ੍ਰਕਾਸ਼ ਸਿੰਘ ਬਾਦਲ, ਭਗਵੰਤ ਮਾਨ, ਸੁਖਬੀਰ ਬਾਦਲ ਤੇ ਸੁਖਪਾਲ ਖਹਿਰਾ ਸਮੇਤ ਹੋਰ ਲੀਡਰਾਂ, ਜਥੇਬੰਦੀਆਂ ਤੇ ਜਨਤਾ ਨੇ ਵੀ ਅਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ ਕਿ ਸਾਰੇ ਸਿਆਸਤਦਾਨ ਵੀ ਡੋਪ ਟੈਸਟ ਲਾਜ਼ਮੀ ਕਰਵਾਉਣ।
‘ਆਪ’ ਦੇ ਵਿਧਾਇਕ ਅਮਨ ਅਰੋੜਾ ਤੇ ਕਾਂਗਰਸ ਦੇ ਜੋਗਿੰਦਰ ਪਾਲ ਨੇ ਸਭ ਤੋਂ ਪਹਿਲਾਂ ਕਰਵਾਇਆ ਡੋਪ ਟੈਸਟ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਿਹਾ ਕਿ ਜੇਕਰ ਸਰਕਾਰੀ ਕਰਮਚਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਦਾ ਡੋਪ ਟੈਸਟ ਕਰਨਾ ਲਾਜ਼ਮੀ ਹੈ ਤਾਂ ਉਥੇ ਹੀ ਪੰਜਾਬ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਤੇ ਸੰਸਦ ਮੈਂਬਰਾਂ ਦਾ ਵੀ ਡੋਪ ਟੈਸਟ ਲਾਜ਼ਮੀ ਹੋਣਾ ਚਾਹੀਦਾ ਹੈ। ਇਸਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਡੋਪ ਟੈਸਟ ਕਰਵਾ ਕੇ ਪਹਿਲ ਵੀ ਕਰ ਦਿੱਤੀ। ‘ਆਪ’ ਦੇ ਪੰਜਾਬ ਤੋਂ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਾਰਟੀ ਦੇ ਸਾਰੇ ਵਿਧਾਇਕ ਨੈਤਿਕਤਾ ਦੇ ਅਧਾਰ ‘ਤੇ ਡੋਪ ਟੈਸਟ ਕਰਵਾ ਲੈਣਗੇ। ਇਸੇ ਤਰ੍ਹਾਂ ਭੋਆ ਤੋਂ ਵਿਧਾਇਕ ਜੋਗਿੰਦਰ ਪਾਲ ਨੇ ਵੀ ਡੋਪ ਟੈਸਟ ਕਰਵਾਇਆ।
ਪੰਜਾਬ ਕੈਬਨਿਟ ਦਾ ਫੈਸਲਾ : ਨਸ਼ਾ ਤਸਕਰਾਂ ਨੂੰ ਸਜ਼ਾ-ਏ-ਮੌਤ
ਚੰਡੀਗੜ੍ਹ : ਨਸ਼ੇ ਖਿਲਾਫ ‘ਮਰੋ ਜਾਂ ਵਿਰੋਧ ਕਰੋ’ ਅਤੇ ‘ਚਿੱਟੇ ਖਿਲਾਫ ਕਾਲਾ ਹਫਤਾ’ ਮੁਹਿੰਮ ਦਾ ਅਸਰ ਹੈ ਕਿ ਪੰਜਾਬ ਸਰਕਾਰ ਹੁਣ ਕੇਂਦਰ ਤੋਂ ਨਸ਼ਾ ਸਮੱਗਲਿੰਗ ਮਾਮਲੇ ਵਿਚ ਮੌਤ ਦੀ ਸਜ਼ਾ ਚਾਹੁੰਦੀ ਹੈ। ਪੰਜਾਬ ਕੈਬਨਿਟ ਨੇ ਮਤਾ ਪਾਸ ਕਰਕੇ ਨਸ਼ਾ ਸਮੱਗਲਰਾਂ ਨੂੰ ਮੌਤ ਦੀ ਸਜ਼ਾ ਦੇਣ ਲਈ ਕਾਨੂੰਨ ਵਿਚ ਸੋਧ ਕਰਨ ਲਈ ਕੇਂਦਰ ਸਰਕਾਰ ਨੂੰ ਚਿੱਠੀ ਲਿਖਣ ਦਾ ਫੈਸਲਾ ਲਿਆ ਹੈ। ਕੈਪਟਨ ਦੀ ਪ੍ਰਧਾਨਗੀ ਹੇਠ ਇਕ ਕੈਬਨਿਟ ਸਬ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ ਜੋ ਕਿ ਡਰੱਗ ਮਾਮਲਿਆਂ ਦੀ ਹਫਤਾਵਾਰੀ ਸਮੀਖਿਆ ਕਰੇਗੀ।

Check Also

ਕੇਜਰੀਵਾਲ ਗ੍ਰਿਫ਼ਤਾਰ

ਈਡੀ ਨੇ ਦੋ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਦਿੱਲੀ ਸ਼ਰਾਬ ਘੋਟਾਲਾ ਮਾਮਲੇ ‘ਚ ਅਰਵਿੰਦ ਕੇਜਰੀਵਾਲ …