ਗ੍ਰਿਫ਼ਤਾਰ ਵਿਅਕਤੀਆਂ ਕੋਲੋਂ ਨਕਲੀ ਪਛਾਣ ਪੱਤਰ, ਨਸ਼ੇ ਤੇ ਹੋਰ ਚੋਰੀ ਦਾ ਸਮਾਨ ਬਰਾਮਦ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਬਰੈਂਪਟਨ ਇਲਾਕੇ ‘ਚ ਪੁਲਿਸ ਨੇ ਪ੍ਰਮੁੱਖ ਤੌਰ ‘ਤੇ ਡਾਕ (ਆਨਲਾਈਨ ਸ਼ੌਪਿੰਗ ਦੀਆਂ ਡਲਿਵਰੀਆਂ ਦਾ ਸਾਮਾਨ) ਚੋਰੀ ਕਰਨ ਅਤੇ ਕੁਝ ਹੋਰ ਨਿੱਕੇ ਅਪਰਾਧਾਂ ‘ਚ ਸ਼ਾਮਿਲ 16 ਪੰਜਾਬੀ ਗ੍ਰਿਫਤਾਰ ਕਰਕੇ ਚਾਰਜ ਕਰਨ ਦਾ ਦਾਅਵਾ ਕੀਤਾ ਹੈ ਅਤੇ 140 ਮਾਮਲੇ ਦਰਜ ਕੀਤੇ ਹਨ।
ਡੇਢ ਕੁ ਮਹੀਨਾ ਚੱਲੀ ਜਾਂਚ ‘ਚ ਕੈਨੇਡਾ ਦਾ ਡਾਕ ਮਹਿਕਮਾ (ਕੈਨੇਡਾ ਪੋਸਟ) ਤੇ ਹੋਰ ਖੇਤਰੀ ਅਤੇ ਪ੍ਰਾਂਤਕ ਪੁਲਿਸ ਦੇ ਅਧਿਕਾਰੀ ਵੀ ਸ਼ਾਮਲ ਸਨ। ਸ਼ੱਕੀਆਂ ਤੋਂ ਚੋਰੀ ਕੀਤਾ ਸਾਮਾਨ, ਨਕਲੀ ਪਛਾਣ ਪੱਤਰ, ਨਸ਼ੇ ਤੇ ਚੋਰੀ ਕੀਤੇ ਕਰੈਡਿਟ ਕਾਰਡ ਡੈਟਾ, ਵਗੈਰਾ ਬਰਾਮਦ ਕੀਤੇ ਗਏ ਹਨ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਰੈਂਪਟਨ ਮਿਸੀਸਾਗਾ ਅਤੇ ਕੈਲੇਡਨ ਤੋਂ ਇਸ ਸਾਲ ਦੇ ਲੰਘੇ ਛੇ ਕੁ ਮਹੀਨਿਆਂ ਦੌਰਾਨ ਹੀ ਡਾਕ ਚੋਰੀ ਦੀਆਂ 100 ਤੋਂ ਵੱਧ ਰਿਪੋਰਟਾਂ ਪ੍ਰਾਪਤ ਹੋ ਚੁੱਕੀਆਂ ਹਨ। ਪਤਾ ਲੱਗਾ ਹੈ ਕਿ ਡਲਿਵਰੀ ਦੌਰਾਨ ਸਾਮਾਨ ਵਿਅਕਤੀ ਦੇ ਘਰ ਅੱਗੇ ਰੱਖ ਕੇ ਬਾਅਦ ਵਿਚ ਡਾਕੀਏ ਵਲੋਂ ਆਪ ਹੀ (ਚੁੱਕ, ਚੋਰੀ ਕਰ) ਲਿਆ ਜਾਂਦਾ ਹੈ ਜਾਂ ਆਪਣੇ ਗੈਂਗ ਮੈਂਬਰਾਂ ਤੋਂ ਚੁਕਵਾ ਦਿੱਤਾ ਜਾਂਦਾ ਹੈ। ਜਾਂਚ ਦੌਰਾਨ ਪੁਲਿਸ ਦਾ ਸ਼ੱਕ ਬਰੈਂਪਟਨ, ਮਿਸੀਸਾਗਾ ਤੇ ਕੁਝ ਹੋਰ ਨੇੜਲੇ ਸ਼ਹਿਰਾਂ ਦੇ ਵਾਸੀ ਸ਼ੱਕੀਆਂ ‘ਤੇ ਪਿਆ ਜਿਨ੍ਹਾਂ ਵਿਚ ਗੁਰਦੀਪ ਬੈਂਸ (46), ਹਰਤਿੰਦਰ ਰੰਧਾਵਾ (37), ਤਰਨਜੀਤ ਵਿਰਕ (37), ਹਰਮੀਤ ਖੱਖ (28), ਗੁਰਦੀਪ ਸਿੰਘ (28), ਹਰਜਿੰਦਰ ਸਿੰਘ (31), ਗੁਰਕਮਲ ਮਹਿਮੀ (38), ਗੁਰਵਿੰਦਰ ਕੰਗ (38), ਗੁਰਪ੍ਰੀਤ ਸਿੰਘ (21), ਵਰਿੰਦਰਪਾਲ ਕੂਨਰ (43), ਸੁਹੇਲ ਕੁਮਾਰ (21), ਰਤਨ ਪ੍ਰੀਤਮ (26), ਰੁਪਿੰਦਰ ਸ਼ਰਮਾ (25), ਜੋਗਾ ਸਿੰਘ (30), ਹਰਮਨ ਸਿੰਘ (21), ਕੁਲਦੀਪ ਸੰਧਾੜਾ (27) ਸ਼ਾਮਿਲ ਹਨ। ਇਨ੍ਹਾਂ ਵਿਚ ਦਰਜਨ ਦੇ ਕਰੀਬ ਸ਼ੱਕੀ ਬਰੈਂਪਟਨ ਦੇ ਹੀ ਵਾਸੀ ਹਨ।
ਨਸ਼ੇ ਬਰਾਮਦਗੀ ਦੇ ਮਾਮਲੇ ‘ਚ ਲੰਘੇ ਹਫ਼ਤੇ ਵੀ 9 ਪੰਜਾਬੀਆਂ ਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ
ਚੰਡੀਗੜ੍ਹ : ਟੋਰਾਂਟੋ ਪੁਲਿਸ ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਵੱਡੇ ਰੈਕੇਟ ਦਾ ਪਰਦਾਫਾਸ਼ ਕਰਦਿਆਂ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ 9 ਪੰਜਾਬੀ ਮੂਲ ਦੇ ਵਿਅਕਤੀ ਹਨ। ਪੁਲਿਸ ਨੇ ਵਿਸ਼ੇਸ਼ ਅਪਰੇਸ਼ਨ ਤਹਿਤ ਕਾਰਵਾਈ ਕਰਕੇ ਟ੍ਰੇਲਰਾਂ ਰਾਹੀਂ ਮੈਕਸੀਕੋ ਰਸਤੇ ਕੈਲੀਫੋਰਨੀਆ ਤੋਂ ਕੈਨੇਡਾ ਲਿਜਾਈ ਜਾ ਰਹੀ 1000 ਕਿੱਲੋ ਤੋਂ ਵੱਧ ਕੋਕੀਨ, ਕ੍ਰਿਸਟਲ ਮੈਥ ਅਤੇ ਚਰਸ ਜ਼ਬਤ ਕੀਤੀ ਹੈ। ਟੋਰਾਂਟੋ ਪੁਲਿਸ ਮੁਤਾਬਕ ਬਰਾਮਦਗੀ ਵਿੱਚ 444 ਕਿਲੋਗ੍ਰਾਮ ਕੋਕੀਨ, 182 ਕਿਲੋ ਕ੍ਰਿਸਟਲ ਮੈਥ, 427 ਕਿਲੋ ਚਰਸ, 300 ਆਕਸੀਕੋਡਨ ਗੋਲੀਆਂ, 966,020 ਡਾਲਰ ਕੈਨੇਡੀਅਨ ਕਰੰਸੀ, 21 ਵਾਹਨ, 5 ਟਰੈਕਟਰ ਟ੍ਰੇਲਰ ਅਤੇ ਇੱਕ ਹਥਿਆਰ ਸ਼ਾਮਲ ਹਨ। ਟੋਰਾਂਟੋ ਪੁਲਿਸ ਨੇ ਕਿਹਾ, ‘ਜ਼ਬਤ ਕੀਤੇ ਨਸ਼ੇ ਦੀ ਕੀਮਤ 61 ਮਿਲੀਅਨ ਡਾਲਰ ਤੋਂ ਵੱਧ ਹੈ ਅਤੇ ਇਹ ਉਨ੍ਹਾਂ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਨਸ਼ਾ ਬਰਾਮਦਗੀ ਹੈ। ਮੁਲਜ਼ਮਾਂ ਵਿੱਚ ਨੌਂ ਪੰਜਾਬੀ ਮੂਲ ਵਿਅਕਤੀਆਂ ਵਿਚੋਂ ਬਰੈਂਪਟਨ ਦਾ 37 ਸਾਲਾ ਗੁਰਬਖਸ਼ ਸਿੰਘ ਗਰੇਵਾਲ, ਕੈਲੇਡਨ ਦਾ 25 ਸਾਲਾ ਅਮਰਬੀਰ ਸਿੰਘ ਸਰਕਾਰੀਆ, ਕੈਲੇਡਨ ਦਾ 46 ਸਾਲਾ ਹਰਬਲਜੀਤ ਸਿੰਘ ਤੂਰ, ਕੈਲੇਡਨ ਦੀ ਹਰਵਿੰਦਰ ਭੁੱਲਰ 43, ਕਿਚਨਰ ਦਾ ਸਾਰਜੰਟ ਸਿੰਘ ਧਾਲੀਵਾਲ 37, ਗੁਰਵੀਰ ਧਾਲੀਵਾਲ 26, ਗੁਰਮਨਪ੍ਰੀਤ ਗਰੇਵਾਲ 26, ਬਰੈਂਪਟਨ ਦਾ ਸੁਖਵੰਤ ਬਰਾੜ 37 ਤੇ ਪਰਮਿੰਦਰ ਗਿੱਲ ਸ਼ਾਮਲ ਹਨ। ਮੁਲਜ਼ਮਾਂ ਵਿਚੋਂ ਦੋ ਅਜੇ ਤੱਕ ਫਰਾਰ ਹਨ।