-5.1 C
Toronto
Saturday, December 27, 2025
spot_img
Homeਹਫ਼ਤਾਵਾਰੀ ਫੇਰੀਸਿੱਖਾਂ ਵੱਲੋਂ ਪਾਏ ਲਾਸਾਨੀ ਯੋਗਦਾਨ ਤੋਂ ਸੇਧ ਲੈਣ ਦਾ ਸਮਾਂ ਆਇਆ :...

ਸਿੱਖਾਂ ਵੱਲੋਂ ਪਾਏ ਲਾਸਾਨੀ ਯੋਗਦਾਨ ਤੋਂ ਸੇਧ ਲੈਣ ਦਾ ਸਮਾਂ ਆਇਆ : ਪੌਲੀਏਵਰ

ਓਟਵਾ/ਬਿਊਰੋ ਨਿਊਜ਼ : ਸਿੱਖ ਹੈਰੀਟੇਜ ਮੰਥ ਦੌਰਾਨ ਕੰਸਰਵੇਟਿਵ ਪਾਰਟੀ ਦੇ ਆਗੂ ਅਤੇ ਵਿਰੋਧੀ ਧਿਰ ਦੇ ਲੀਡਰ ਪਇਏਰ ਪੌਲੀਏਵਰ ਨੇ ਆਖਿਆ ਕਿ ਸਾਡੇ ਦੇਸ਼ ਲਈ ਸਿੱਖ ਭਾਈਚਾਰੇ ਵੱਲੋਂ ਜਿਹੜਾ ਅਦੁੱਤੀ ਯੋਗਦਾਨ ਪਾਇਆ ਗਿਆ ਹੈ ਉਸ ਦੀ ਪਛਾਣ ਕਰਨ ਤੇ ਉਸ ਤੋਂ ਸੇਧ ਲੈਣ ਦਾ ਸਮਾਂ ਆ ਗਿਆ ਹੈ। ਜ਼ਿਕਰਯੋਗ ਹੈ ਕਿ ਹਰ ਸਾਲ ਅਪ੍ਰੈਲ ਦੇ ਮਹੀਨੇ ਨੂੰ ਕੈਨੇਡਾ ਵਿੱਚ ਸਿੱਖ ਹੈਰੀਟੇਜ ਮੰਥ ਵਜੋਂ ਮਨਾਇਆ ਜਾਂਦਾ ਹੈ।
ਉਨ੍ਹਾਂ ਆਖਿਆ ਕਿ 20ਵੀਂ ਸਦੀ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਸਿੱਖ ਕੈਨੇਡਾ ਆਉਣ ਲੱਗ ਗਏ ਸਨ ਤੇ ਆਪਣੇ ਨਾਲ ਉਹ ਆਪਣੇ ਇਤਿਹਾਸ, ਸੱਭਿਆਚਾਰ ਤੇ ਰਵਾਇਤਾਂ ਦਾ ਸਰਮਾਇਆ ਵੀ ਲੈ ਕੇ ਆਏ। ਇਸ ਨਾਲ ਸਾਡੀ ਜ਼ਮੀਨ ਵੀ ਸਰਾਸ਼ਾਰ ਹੋ ਗਈ ਤੇ ਵੰਨ-ਸੁਵੰਨਤਾ ਨੂੰ ਅਸੀਂ ਖੁੱਲ੍ਹ ਕੇ ਅਪਨਾਉਣ ਲੱਗ ਪਏ ਤੇ ਅਸੀਂ ਹੋਰਨਾਂ ਲਈ ਵੀ ਆਪਣੀਆਂ ਬਾਹਾਂ ਖੋਲ੍ਹ ਦਿੱਤੀਆਂ। ਪਇਏਰ ਨੇ ਆਖਿਆ ਕਿ ਪੰਜ ਦਰਿਆਵਾਂ ਦੀ ਧਰਤੀ ਨੂੰ ਛੱਡ ਕੇ ਆਏ ਸਿੱਖਾਂ ਨੇ ਨਾ ਸਿਰਫ ਆਪਣੇ ਲਈ ਸਗੋਂ ਆਪਣੇ ਬੱਚਿਆਂ ਤੇ ਹੋਰਨਾਂ ਲਈ ਵੀ ਨਵੀਆਂ ਜ਼ਿੰਦਗੀਆਂ ਦੇ ਰਾਹ ਖੋਲ੍ਹੇ। ਆਪਣੇ ਨਾਲ ਸਿੱਖ ਆਪਣੀਆਂ ਕਦਰਾਂ ਕੀਮਤਾਂ, ਪਿਆਰ, ਰਹਿਮ, ਚੈਰਿਟੀ ਤੇ ਵਫਾਦਾਰੀ ਵਰਗੇ ਗੁਣ ਵੀ ਲੈ ਕੇ ਆਏ। ਬਹੁਤ ਸਾਰੇ ਸਿੱਖ ਆਪਣੇ ਨਾਲ ਬਹੁਤ ਘੱਟ ਪੈਸੇ ਤੇ ਆਪਣੀ ਸੰਪਤੀ ਦੇ ਨਾਂ ਉੱਤੇ ਕੁੱਝ ਕੁ ਗਿਣਵੀਆਂ-ਚੁਣਵੀਆਂ ਚੀਜ਼ਾਂ ਹੀ ਲਿਆ ਸਕੇ। ਪਰ ਇੱਥੇ ਆ ਕੇ ਸਿੱਖਾਂ ਨੇ ਜਿਨ੍ਹਾਂ ਜਿਨ੍ਹਾਂ ਕਦਰਾਂ ਕੀਮਤਾਂ ਦਾ ਨਿਰਮਾਣ ਕੀਤਾ ਉਹ ਆਉਣ ਵਾਲੀਆਂ ਕਈ ਨਸਲਾਂ ਤੱਕ ਮਿਟ ਨਹੀਂ ਸਕਣਗੀਆਂ ਤੇ ਸਿੱਖਾਂ ਦੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ ਲਈ ਮਿਸਾਲ ਬਣਨਗੀਆਂ।
800,000 ਸਿੱਖ ਕੈਨੇਡਾ ਨੂੰ ਆਪਣਾ ਘਰ ਦੱਸਦੇ ਹਨ ਤੇ ਸਾਡੇ ਦੇਸ਼ ਨੂੰ ਮਾਣ ਹੈ ਕਿ ਦੁਨੀਆ ਦੇ ਕਿਸੇ ਵੀ ਕੋਨੇ ਨਾਲੋਂ ਸਾਡੇ ਕੋਲ ਐਨੀ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰਾ ਹੈ। ਸਾਡੇ ਦੇਸ਼ ਦੇ ਹਰ ਸੈਕਟਰ ਤੇ ਇੰਡਸਟਰੀ ਵਿੱਚ ਸਿੱਖਾਂ ਨੇ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ ਤੇ ਸਾਡੇ ਦੇਸ਼ ਦੇ ਵਿਕਾਸ ਵਿੱਚ ਵੀ ਸਿੱਖਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਪਿਛਲੇ 120 ਸਾਲਾਂ ਤੋਂ ਉਨ੍ਹਾਂ ਦੇ ਗੁਰਦੁਆਰੇ ਕਮਿਊਨਿਟੀਜ਼ ਲਈ ਚਾਨਣ ਮੁਨਾਰੇ ਬਣੇ ਹੋਏ ਹਨ, ਜਿੱਥੇ ਲੋੜਵੰਦਾਂ ਦੀ ਮਦਦ ਹਮੇਸ਼ਾਂ ਕੀਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਨਵੀਂ ਆਸ ਦੀ ਕਿਰਨ ਵਿਖਾਈ ਜਾਂਦੀ ਹੈ।
ਪਇਏਰ ਨੇ ਆਖਿਆ ਕਿ ਕੰਸਰਵੇਟਿਵ ਪਾਰਟੀ ਆਫ ਕੈਨੇਡਾ ਦੇ ਪੱਖ ਉੱਤੇ ਉਹ ਇਸ ਮਹੀਨੇ ਮਨਾਏ ਜਾਣ ਵਾਲੇ ਵਿਸਾਖੀ ਦੇ ਜਸ਼ਨਾਂ ਲਈ ਸਾਰੇ ਸਿੱਖ ਭਾਈਚਾਰੇ ਨੂੰ ਅਗਾਊਂ ਮੁਬਾਰਕਬਾਦ ਦਿੰਦੇ ਹਨ ਤੇ ਦੇਸ਼ ਲਈ ਪਾਏ ਗਏ ਲਾਸਾਨੀ ਯੋਗਦਾਨ ਵਾਸਤੇ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਉਹ ਸਾਰੇ ਕੈਨੇਡੀਅਨਜ਼ ਨੂੰ ਹੱਲਾਸ਼ੇਰੀ ਦਿੰਦੇ ਹਨ ਕਿ ਉਹ ਸਿੱਖਾਂ ਦੇ ਕਮਾਲ ਦੇ ਇਤਿਹਾਸ ਤੇ ਸਿੱਖਾਂ ਦੇ ਵਿਰਸੇ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਸਮਾਂ ਜ਼ਰੂਰ ਕੱਢਣ।

RELATED ARTICLES
POPULAR POSTS