ਭਾਰਤ ਵਿਚ ਵਿਕਸਤ ਕਰ ਦਿੱਤੇ 80 ਜੰਗਲ
ਲੁਧਿਆਣਾ ਵਿਚ ਹੀ 25-26 ਅਜਿਹੇ ਸ਼ਹਿਰੀ ਜੰਗਲ ਬਣੇ
ਲੁਧਿਆਣਾ : ਆਈਆਰਐਸ ਅਫਸਰ ਰੋਹਿਤ ਮੇਹਰਾ ਵਾਤਾਵਰਣ ਬਚਾਉਣ ਦੀ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਨੂੰ ਤਿੰਨ ਸਾਲ ਪਹਿਲਾਂ ਬੇਟੇ ਨੇ ਦੱਸਿਆ ਕਿ ਪ੍ਰਦੂਸ਼ਣ ਕਾਰਨ ਸਕੂਲ ਵਿਚ ਛੁੱਟੀਆਂ ਕਰ ਦਿੱਤੀਆਂ ਹਨ। ਇਹੀ ਜਵਾਬ ਉਨ੍ਹਾਂ ਲਈ ਟਰਨ ਪੁਆਇੰਟ ਬਣ ਗਿਆ। ਵਾਤਾਵਰਣ ਬਚਾਉਣ ਦੀ ਮੁਹਿੰਮ ਸ਼ੁਰੂ ਕੀਤੀ ਤਾਂ ਨਵੀਂ ਤਕਨੀਕ ਦਾ ਪਤਾ ਲੱਗਾ। ਉਨ੍ਹਾਂ ਨੇ ਭਾਰਤੀ ਸੰਸਕ੍ਰਿਤੀ ਨਾਲ ਜੁੜੀਆਂ ਕਈ ਕਿਤਾਬਾਂ ਪੜ੍ਹੀਆਂ ਤਾਂ ਉਨ੍ਹਾਂ ਨੂੰ ਆਯੁਰਵੈਦ ਦੀ ਅਹਿਮੀਅਤ ਦਾ ਪਤਾ ਲੱਗਾ। ਫਿਰ ਜੰਗਲ ਤਿਆਰ ਕਰਨ ਦਾ ਸੁਝਾਅ ਦਿਮਾਗ ‘ਚ ਆਇਆ। ਜਿਸ ਨਾਲ ਸ਼ਹਿਰੀ ਇਲਾਕਿਆਂ ‘ਚ ਘੱਟ ਹੁੰਦੀ ਦਰੱਖਤਾਂ ਦੀ ਗਿਣਤੀ ਵਧਾਈ ਜਾ ਸਕਦੀ ਸੀ। ਤਿੰਨ ਸਾਲਾਂ ‘ਚ ਦੇਸ਼ ਭਰ ਵਿਚ 80 ਮਾਈਕਰੋ ਜੰਗਲ ਤਿਆਰ ਕਰਵਾ ਦਿੱਤੇ। ਲੁਧਿਆਣਾ ‘ਚ ਹੀ 25-26 ਅਜਿਹੇ ਸ਼ਹਿਰੀ ਜੰਗਲ ਬਣ ਗਏ ਹਨ।
ਐਨਜੀਟੀ ਨੇ ਮੇਹਰਾ ਦੀ ਮੁਹਿੰਮ ਨਾਲ ਜੁੜਨ ਦੀ ਕੀਤੀ ਪੇਸ਼ਕਸ਼
ਫਾਰਮ ਹਾਊਸਾਂ ਤੇ ਫੈਕਟਰੀਆਂ ਦੇ ਨੇੜੇ ਬਣਵਾ ਰਹੇ ਹਨ ਜੰਗਲ
ਮੇਹਰਾ ਦੱਸਦੇ ਹਨ ਕਿ ਜੇਕਰ ਪੌਦੇ ਇਕੋ ਸਮੇਂ ਲਗਾਏ ਜਾਣ ਤਾਂ ਜਲਦੀ ਵਿਕਸਿਤ ਹੋਣ ਦੇ ਨਾਲ-ਨਾਲ ਇਕ-ਦੂਜੇ ਨੂੰ ਬਚਾਉਂਦੇ ਵੀ ਹਨ। ਅਰਬਨ ਫੌਰੈਸਟ ਤਕਨੀਕ ਵਿਚ ਡੇਢ ਤੋਂ ਦੋ ਫੁੱਟ ਦੀ ਦੂਰੀ ‘ਤੇ ਪੌਦੇ ਲਗਾਉਂਦੇ ਹਨ। ਲੁਧਿਆਣਾ ਵਿਚ ਲੋਕ ਫਾਰਮ ਹਾਊਸ ਤੋਂ ਇਲਾਵਾ ਧਾਰਮਿਕ ਸਥਾਨਾਂ ਅਤੇ ਫੈਕਟਰੀ ਦੇ ਨੇੜੇ ਜੰਗਲ ਤਿਆਰ ਕਰਵਾ ਰਹੇ ਹਨ। ਇਸ ਨੂੰ ਤਿਆਰ ਕਰਨ ਵਿਚ ਜ਼ਿਆਦਾ ਤੋਂ ਜ਼ਿਆਦਾ 20-25 ਹਜ਼ਾਰ ਰੁਪਏ ਦਾ ਖਰਚ ਆਉਂਦਾ ਹੈ। ਇਕ ਜੰਗਲ 300 ਫੁੱਟ ਤੋਂ ਲੈ ਕੇ 3 ਏਕੜ ਤੱਕ ਦੀ ਜਗ੍ਹਾ ਵਿਚ ਲੱਗ ਜਾਂਦਾ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਨੇ ਸੰਪਰਕ ਕਰਕੇ ਉਸ ਨਾਲ ਜੁੜਨ ਲਈ ਮਤਾ ਭੇਜਿਆ ਹੈ। ਫਿਲਹਾਲ ਬੁੱਢੇ ਨਾਲੇ ਨੇੜੇ ਜੰਗਲ ਤਿਆਰ ਕਰਨ ਨੂੰ ਲੈ ਕੇ ਉਹ ਨਗਰ ਨਿਗਮ ਨਾਲ ਤਾਲਮੇਲ ਕਰਕੇ ਮੁਹਿੰਮ ਅੱਗੇ ਵਧਾ ਰਹੇ ਹਨ। ਹੁਣ ਤੱਕ ਉਥੇ 13 ਮਾਈਕਰੋ ਫੌਰੈਸਟ ਤਿਆਰ ਹੋ ਚੁੱਕੇ ਹਨ। ਕੁੱਲ 300 ਜੰਗਲ ਲਗਾਉਣ ਦਾ ਟੀਚਾ ਹੈ। ਇਨ੍ਹਾਂ ਜੰਗਲਾਂ ਵਿਚ ਡੇਅਰੀ ਵਿਚੋਂ ਨਿਕਲਦੇ ਗੋਬਰ ਅਤੇ ਰੋਜ਼ ਗਾਰਡਨ ਵਿਚੋਂ ਮਿਲੇ ਐਗਰੋ ਵੇਸਟ ਨਾਲ ਖਾਦ ਤਿਆਰ ਕਰਵਾਈ। ਉਥੇ, ਪੌਦੇ ਨਿਗਮ ਦੀ ਨਰਸਰੀ ਵਿਚੋਂ ਮਿਲਦੇ ਹਨ।