9.4 C
Toronto
Friday, May 1, 2026
spot_img
Homeਹਫ਼ਤਾਵਾਰੀ ਫੇਰੀਮਾਰਕ ਕਾਰਨੀ ਵਲੋਂ ਸਰਕਾਰ ਦੀ ਪਹਿਲੀ ਸਪਰਿੰਗ ਆਰਥਿਕ ਅੱਪਡੇਟ ਪੇਸ਼

ਮਾਰਕ ਕਾਰਨੀ ਵਲੋਂ ਸਰਕਾਰ ਦੀ ਪਹਿਲੀ ਸਪਰਿੰਗ ਆਰਥਿਕ ਅੱਪਡੇਟ ਪੇਸ਼

ਵਿੱਤੀ ਹਾਲਤ, ਰੋਜ਼ਗਾਰ, ਪੈਨਸ਼ਨ ਅਤੇ ਸਹੂਲਤਾਂ ਸਮੇਤ ਕਈ ਮਹੱਤਵਪੂਰਨ ਐਲਾਨ ਕੀਤੇ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਵਿੱਤ ਮੰਤਰੀ ਫ੍ਰੈਂਸੁਆ ਫਿਲਿਪ ਸ਼ੈਂਪੇਨ ਵੱਲੋਂ ਲਿਬਰਲ ਸਰਕਾਰ ਦੀ ਪਹਿਲੀ ਸਪਰਿੰਗ ਆਰਥਿਕ ਅੱਪਡੇਟ ਪੇਸ਼ ਕੀਤੀ ਗਈ, ਜਿਸ ਵਿੱਚ ਵਿੱਤੀ ਹਾਲਤ, ਰੋਜ਼ਗਾਰ, ਪੈਨਸ਼ਨ, ਸਹੂਲਤਾਂ ਅਤੇ ਠੱਗੀ ਰੋਕੂ ਕਦਮਾਂ ਸਮੇਤ ਕਈ ਮਹੱਤਵਪੂਰਨ ਐਲਾਨ ਕੀਤੇ ਗਏ। ਆਮ ਤੌਰ ‘ਤੇ ਇਸ ਸਮੇਂ ਬਜਟ ਪੇਸ਼ ਕੀਤਾ ਜਾਂਦਾ ਹੈ, ਪਰ ਕਾਰਨੀ ਸਰਕਾਰ ਨੇ ਇਸ ਵਾਰ ਆਰਥਿਕ ਅੱਪਡੇਟ ਨਾਲ ਹੀ ਆਪਣੀ ਤਰਜੀਹਾਂ ਸਪੱਸ਼ਟ ਕੀਤੀਆਂ ਹਨ।
ਸਰਕਾਰ ਮੁਤਾਬਕ, ਫ਼ੈਡਰਲ ਘਾਟਾ ਉਮੀਦ ਤੋਂ ਘੱਟ ਰਿਹਾ ਹੈ। ਨਵੰਬਰ ਵਿੱਚ ਜਿੱਥੇ ਘਾਟਾ 78.3 ਬਿਲੀਅਨ ਡਾਲਰ ਅੰਦਾਜ਼ਾ ਲਾਇਆ ਗਿਆ ਸੀ, ਉੱਥੇ ਹੁਣ ਇਹ 66.9 ਬਿਲੀਅਨ ਡਾਲਰ ਰਿਹਾ ਹੈ। ਵਧੀਆਂ ਆਮਦਨਾਂ ਖਾਸ ਕਰਕੇ ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਸਰਕਾਰ ਨੂੰ ਕਰੀਬ 60 ਬਿਲੀਅਨ ਡਾਲਰ ਵਾਧੂ ਪ੍ਰਾਪਤ ਹੋਏ। ਇਸਦੇ ਨਾਲ ਹੀ 37.5 ਬਿਲੀਅਨ ਡਾਲਰ ਦੇ ਨਵੇਂ ਪ੍ਰੋਗਰਾਮਾਂ ‘ਤੇ ਖਰਚ ਦੀ ਯੋਜਨਾ ਵੀ ਬਣਾਈ ਗਈ ਹੈ। ਸਰਕਾਰ ਦਾ ਟੀਚਾ ਹੈ ਕਿ ਅਗਲੇ ਤਿੰਨ ਸਾਲਾਂ ਵਿੱਚ ਰੋਜ਼ਾਨਾ ਦੇ ਖਰਚੇ ਲਈ ਘਾਟਾ ਖਤਮ ਕੀਤਾ ਜਾਵੇ, ਹਾਲਾਂਕਿ ਕੁੱਲ ਘਾਟਾ ਕੁਝ ਸਾਲਾਂ ਤੱਕ 50 ਬਿਲੀਅਨ ਡਾਲਰ ਤੋਂ ਵੱਧ ਰਹਿ ਸਕਦਾ ਹੈ।
ਹੁਨਰਮੰਦ ਕਿੱਤਿਆਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਵੱਡਾ ਪੈਕੇਜ ਐਲਾਨਿਆ ਹੈ। 2030-31 ਤੱਕ 80,000 ਤੋਂ 100,000 ਨਵੇਂ ਸਕਿਲਡ ਵਰਕਰ ਤਿਆਰ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਲਈ ਪੰਜ ਸਾਲਾਂ ਵਿੱਚ 6 ਬਿਲੀਅਨ ਡਾਲਰ ਖਰਚੇ ਜਾਣਗੇ। ਅਪ੍ਰੈਂਟਿਸ ਵਿਦਿਆਰਥੀਆਂ ਨੂੰ ਹਫ਼ਤੇ ਦੇ 400 ਡਾਲਰ ਵਾਧੂ ਮਿਲਣਗੇ ਅਤੇ ਰੈੱਡ ਸੀਲ ਪੂਰੀ ਕਰਨ ਵਾਲਿਆਂ ਨੂੰ 5,000 ਡਾਲਰ ਦਾ ਬੋਨਸ ਦਿੱਤਾ ਜਾਵੇਗਾ। ਰੁਜ਼ਗਾਰਦਾਤਾਵਾਂ ਲਈ ਵੀ ਪ੍ਰੋਤਸਾਹਨ ਰਾਸ਼ੀ ਦਾ ਪ੍ਰਬੰਧ ਕੀਤਾ ਗਿਆ ਹੈ।
ਕੈਨੇਡਾ ਪੈਨਸ਼ਨ ਪਲਾਨ ਵਿੱਚ ਵੀ ਤਬਦੀਲੀ ਦਾ ਐਲਾਨ ਕੀਤਾ ਗਿਆ ਹੈ। ਯੋਗਦਾਨ ਦਰ 9.9% ਤੋਂ ਘਟਾ ਕੇ 9.5% ਕਰਨ ਦੀ ਯੋਜਨਾ ਹੈ, ਜਿਸ ਨਾਲ ਮੱਧਵਰਗ ਨੂੰ ਕੁਝ ਰਾਹਤ ਮਿਲੇਗੀ। ਉਦਾਹਰਣ ਵਜੋਂ, 70,000 ਡਾਲਰ ਕਮਾਉਣ ਵਾਲੇ ਵਿਅਕਤੀ ਨੂੰ ਸਾਲਾਨਾ ਕਰੀਬ 133 ਡਾਲਰ ਦੀ ਬਚਤ ਹੋਵੇਗੀ।
ਹਵਾਈ ਯਾਤਰੀਆਂ ਦੀਆਂ ਸ਼ਿਕਾਇਤਾਂ ਨੂੰ ਜਲਦੀ ਨਿਪਟਾਉਣ ਲਈ ਨਵਾਂ ਪ੍ਰਬੰਧ ਲਿਆਂਦਾ ਜਾ ਰਿਹਾ ਹੈ। ਮੌਜੂਦਾ ਸਮੇਂ ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਕੋਲ ਕਰੀਬ 95,000 ਮਾਮਲਿਆਂ ਦਾ ਬੈਕਲੌਗ ਹੈ, ਜਿਸਨੂੰ ਘਟਾਉਣ ਲਈ ਤੀਜੀ ਧਿਰ ਦੀ ਸੇਵਾ ਲੈਣ ਦੀ ਯੋਜਨਾ ਬਣਾਈ ਗਈ ਹੈ। ਡਿਸਏਬਿਲਟੀ ਟੈਕਸ ਕਰੈਡਿਟ ਲਈ ਅਰਜ਼ੀ ਪ੍ਰਕਿਰਿਆ ਨੂੰ ਵੀ ਆਸਾਨ ਬਣਾਉਣ ਦਾ ਐਲਾਨ ਕੀਤਾ ਗਿਆ ਹੈ। 40 ਤੋਂ ਵੱਧ ਲੰਬੇ ਸਮੇਂ ਦੀਆਂ ਬਿਮਾਰੀਆਂ ਲਈ ਘੱਟ ਕਾਗਜ਼ੀ ਕਾਰਵਾਈ ਦੀ ਲੋੜ ਹੋਵੇਗੀ ਅਤੇ ਨਵੇਂ ਮਾਹਰਾਂ ਨੂੰ ਪ੍ਰਮਾਣਿਕਤਾ ਦੇਣ ਦੀ ਆਗਿਆ ਦਿੱਤੀ ਜਾਵੇਗੀ।
ਖੇਡਾਂ ਦੇ ਵਿਕਾਸ ਲਈ ਸਰਕਾਰ ਨੇ ਅਗਲੇ ਪੰਜ ਸਾਲਾਂ ਵਿੱਚ 755 ਮਿਲੀਅਨ ਡਾਲਰ ਦੇ ਫੰਡ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਹਰ ਸਾਲ 188 ਮਿਲੀਅਨ ਡਾਲਰ ਖਰਚੇ ਜਾਣਗੇ। ਇਸ ਰਾਸ਼ੀ ਦਾ ਵੱਡਾ ਹਿੱਸਾ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੋਤਸਾਹਿਤ ਕਰਨ ਲਈ ਵਰਤਿਆ ਜਾਵੇਗਾ।
ਇਸ ਤੋਂ ਇਲਾਵਾ, ਠੱਗੀ ਨੂੰ ਰੋਕਣ ਲਈ ਸਰਕਾਰ ਕ੍ਰਿਪਟੋ ਏਟੀਐਮ ਮਸ਼ੀਨਾਂ ‘ਤੇ ਪਾਬੰਦੀ ਲਗਾਉਣ ਦੀ ਯੋਜਨਾ ਵੀ ਬਣਾ ਰਹੀ ਹੈ। 2024 ਵਿੱਚ ਇਨ੍ਹਾਂ ਰਾਹੀਂ ਹੋਈ ਠੱਗੀ ਕਾਰਨ ਲੋਕਾਂ ਨੂੰ ਕਰੀਬ 14.2 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਸੀ। ਕੁੱਲ ਮਿਲਾ ਕੇ, ਇਹ ਸਪਰਿੰਗ ਆਰਥਿਕ ਅੱਪਡੇਟ ਕਾਰਨੀ ਸਰਕਾਰ ਦੀਆਂ ਆਰਥਿਕ ਤਰਜੀਹਾਂ ਨੂੰ ਦਰਸਾਉਂਦੀ ਹੈ, ਜਿਸ ਵਿੱਚ ਵਿੱਤੀ ਸੰਤੁਲਣ, ਰੋਜ਼ਗਾਰ ਵਾਧਾ ਅਤੇ ਜਨਹਿੱਤ ਨੀਤੀਆਂ ‘ਤੇ ਖਾਸ ਧਿਆਨ ਦਿੱਤਾ ਗਿਆ ਹੈ।

 

 

RELATED ARTICLES
POPULAR POSTS