13,237 ਸਰਪੰਚਾਂ ਅਤੇ 83,437 ਪੰਚਾਂ ਦੀ ਹੋਵੇਗੀ ਚੋਣ, ਸੂਬੇ ਵਿਚ ਚੋਣ ਜ਼ਾਬਤਾ ਲਾਗੂ = ਬੈਲੇਟ ਪੇਪਰ ਨਾਲ ਹੋਣਗੀਆਂ ਚੋਣਾਂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਪੰਚਾਇਤੀ ਚੋਣਾਂ 15 ਅਕਤੂਬਰ 2024 ਦਿਨ ਮੰਗਲਵਾਰ ਨੂੰ ਹੋਣ ਜਾ ਰਹੀਆਂ ਹਨ ਅਤੇ ਉਸੇ ਦਿਨ ਸ਼ਾਮ ਨੂੰ ਨਤੀਜੇ ਵੀ ਐਲਾਨ ਦਿੱਤੇ ਜਾਣਗੇ। ਇਹ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪਾਈਆਂ ਜਾ ਸਕਣਗੀਆਂ । ਇਸ ਸਬੰਧੀ ਐਲਾਨ ਪੰਜਾਬ ਦੇ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਕਰ ਦਿੱਤਾ ਹੈ।
ਇਸਦੇ ਨਾਲ ਹੀ 25 ਸਤੰਬਰ ਦਿਨ ਬੁੱਧਵਾਰ ਤੋਂ ਹੀ ਪੰਜਾਬ ਵਿਚ ਚੋਣ ਜ਼ਾਬਤਾ ਵੀ ਲਾਗੂ ਹੋ ਗਿਆ ਹੈ। ਇਸਦੇ ਚੱਲਦਿਆਂ 27 ਸਤੰਬਰ ਨੂੰ ਚੋਣਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ ਅਤੇ ਇਸੇ ਦਿਨ ਤੋਂ ਹੀ ਉਮੀਦਵਾਰ ਨਾਮਜ਼ਦਗੀ ਫਾਰਮ ਭਰ ਸਕਣਗੇ। ਨਾਮਜ਼ਦਗੀਆਂ ਭਰਨ ਦਾ 4 ਅਕਤੂਬਰ ਨੂੰ ਆਖਰੀ ਦਿਨ ਹੋਵੇਗਾ।
ਪੰਜਾਬ ਰਾਜ ਦੇ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਪੰਚਾਇਤ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ। ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣ ਦਾ ਅਮਲ 27 ਸਤੰਬਰ (11 ਵਜੇ ਤੋਂ ਤਿੰਨ ਵਜੇ ਤੱਕ) ਨੂੰ ਸ਼ੁਰੂ ਹੋਵੇਗਾ ਅਤੇ ਚਾਹਵਾਨ ਉਮੀਦਵਾਰ 4 ਅਕਤੂਬਰ ਤੱਕ ਕਾਗ਼ਜ਼ ਦਾਖਲ ਕਰ ਸਕਣਗੇ। ਉਨ੍ਹਾਂ ਦੱਸਿਆ ਕਿ 28 ਸਤੰਬਰ ਨੂੰ ਛੁੱਟੀ ਹੋਣ ਕਰਕੇ ਨਾਮਜ਼ਦਗੀ ਪੱਤਰ ਨਹੀਂ ਲਏ ਜਾਣਗੇ।
ਪੰਜ ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 7 ਅਕਤੂਬਰ (ਬਾਅਦ ਦੁਪਹਿਰ ਤਿੰਨ ਵਜੇ ਤੱਕ) ਤੱਕ ਉਮੀਦਵਾਰ ਆਪਣੇ ਕਾਗ਼ਜ਼ ਵਾਪਸ ਲੈ ਸਕਣਗੇ।
ਪੰਚਾਇਤ ਚੋਣਾਂ ਤੋਂ ਪਹਿਲਾਂ ਜ਼ਿਲ੍ਹਿਆਂ ਵਿਚ ਸਰਪੰਚਾਂ ਦੇ ਰਾਖਵੇਂਕਰਨ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਸੀ।
ਰਾਖਵੇਂਕਰਨ ਦੀ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਹੀ ਪੰਚਾਇਤ ਚੋਣਾਂ ਦਾ ਐਲਾਨ ਹੋਇਆ ਹੈ। ਪੰਜਾਬ ਸਰਕਾਰ ਨੇ ਪਿਛਲੇ ਸਾਲ 10 ਅਗਸਤ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਪੰਚਾਇਤੀ ਸੰਸਥਾਵਾਂ ਭੰਗ ਕਰ ਦਿੱਤੀਆਂ ਸਨ ਅਤੇ ਮਾਮਲਾ ਹਾਈਕੋਰਟ ਵਿਚ ਜਾਣ ਕਰਕੇ ਸਰਕਾਰ ਨੇ ਫ਼ੈਸਲਾ ਵਾਪਸ ਲੈ ਲਿਆ ਸੀ। ਮਗਰੋਂ ਮਿਆਦ ਪੁਗਾ ਚੁੱਕੀਆਂ ਪੰਚਾਇਤਾਂ ਨੂੰ ਭੰਗ ਕਰਕੇ ਪ੍ਰਬੰਧਕ ਲਗਾ ਦਿੱਤੇ ਸਨ। ਸੂਬਾਈ ਚੋਣ ਕਮਿਸ਼ਨਰ ਚੌਧਰੀ ਨੇ ਦੱਸਿਆ ਕਿ ਪੰਚਾਇਤ ਚੋਣਾਂ ਬੈਲੇਟ (ਮਤਪੱਤਰ) ਨਾਲ ਹੋਣਗੀਆਂ ਅਤੇ ਸਰਪੰਚੀ ਲਈ ਬੈਲੇਟ ਪੇਪਰ ਗੁਲਾਬੀ ਰੰਗ ਅਤੇ ਪੰਚਾਂ ਲਈ ਬੈਲੇਟ ਪੇਪਰ ਸਫ਼ੈਦ ਰੰਗ ਦਾ ਹੋਵੇਗਾ। ਬੈਲੇਟ ਪੇਪਰ ਵਿਚ ‘ਨੋਟਾ’ (ਉਪਰੋਕਤ ‘ਚੋਂ ਕੋਈ ਵੀ ਨਹੀਂ) ਦਾ ਬਦਲ ਵੀ ਹੋਵੇਗਾ।
ਉਨ੍ਹਾਂ ਦੱਸਿਆ ਕਿ ਸੂਬੇ ਦੀਆਂ 13,237 ਗਰਾਮ ਪੰਚਾਇਤਾਂ ਦੇ ਸਰਪੰਚਾਂ ਅਤੇ ਪੰਚਾਂ ਲਈ ਵੋਟਾਂ ਪੈਣਗੀਆਂ ਅਤੇ ਵੋਟਾਂ ਲਈ 19110 ਪੋਲਿੰਗ ਬੂਥ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ 23 ਸੀਨੀਅਰ ਆਈਏਐੱਸ ਅਤੇ ਪੀਸੀਐੱਸ ਅਧਿਕਾਰੀਆਂ ਨੂੰ ਜਨਰਲ ਆਬਜ਼ਰਵਰ ਵਜੋਂ ਤਾਇਨਾਤ ਕੀਤਾ ਜਾਵੇਗਾ। ਇਨ੍ਹਾਂ ਚੋਣਾਂ ‘ਚ 13,237 ਸਰਪੰਚ ਅਤੇ 83,437 ਪੰਚ ਚੁਣੇ ਜਾਣੇ ਹਨ। ਸੂਬੇ ਵਿਚ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਇਨ੍ਹਾਂ ਚੋਣਾਂ ਵਿਚ 1,33,97,922 ਵੋਟਰ ਆਪਣੇ ਵੋਟ ਦਾ ਹੱਕ ਇਸਤੇਮਾਲ ਕਰਨਗੇ। ਇਨ੍ਹਾਂ ਵਿਚ 70,51,722 ਪੁਰਸ਼ ਵੋਟਰ ਅਤੇ 63,46,008 ਮਹਿਲਾ ਵੋਟਰਾਂ ਤੋਂ ਇਲਾਵਾ 192 ਅਦਰਜ਼ ਵੀ ਸ਼ਾਮਲ ਹਨ। ਚੋਣ ਪ੍ਰਕਿਰਿਆ ਮੁਕੰਮਲ ਕਰਾਉਣ ਲਈ 96 ਹਜ਼ਾਰ ਚੋਣ ਅਮਲਾ ਤਾਇਨਾਤ ਕੀਤਾ ਜਾਵੇਗਾ। ਪੰਚਾਇਤ ਚੋਣਾਂ ਲੜਨ ਲਈ ਉਮਰ ਹੱਦ 25 ਸਾਲ ਰੱਖੀ ਗਈ ਹੈ। ਪੰਚਾਇਤ ਚੋਣਾਂ ਲਈ ਜ਼ਮਾਨਤ ਰਾਸ਼ੀ 100 ਰੁਪਏ ਰੱਖੀ ਗਈ ਹੈ ਜਦੋਂ ਕਿ ਐੱਸਸੀ ਉਮੀਦਵਾਰਾਂ ਲਈ ਇਹ ਰਾਸ਼ੀ 50 ਰੁਪਏ ਹੋਵੇਗੀ। ਪੰਚਾਇਤਾਂ ਚੋਣਾਂ ਲੜਨ ਵਾਲੇ ਸਰਪੰਚੀ ਦੇ ਉਮੀਦਵਾਰਾਂ ਲਈ ਚੋਣ ਖ਼ਰਚ ਹੱਦ 40 ਹਜ਼ਾਰ ਰੁਪਏ ਤੈਅ ਕੀਤੀ ਗਈ ਹੈ ਅਤੇ ਪੰਚੀ ਦੇ ਉਮੀਦਵਾਰਾਂ ਲਈ ਖ਼ਰਚ ਹੱਦ 30 ਹਜ਼ਾਰ ਰੁਪਏ ਰੱਖੀ ਗਈ ਹੈ।
ਚੋਣ ਕਮਿਸ਼ਨ ਨੇ ਚੋਣ ਨਿਸ਼ਾਨਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ ਜਿਸ ਤਹਿਤ ਕੁੱਲ 173 ਚੋਣ ਨਿਸ਼ਾਨ ਰੱਖੇ ਗਏ ਹਨ। ਸਰਪੰਚਾਂ ਲਈ 38 ਚੋਣ ਨਿਸ਼ਾਨ ਅਤੇ ਪੰਚਾਂ ਲਈ 70 ਚੋਣ ਨਿਸ਼ਾਨ ਰੱਖੇ ਗਏ ਹਨ। ਬੈਲਟ ਪੇਪਰ ਵਿਚ ਨੋਟਾ ਵੀ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਨਿਰਪੱਖ ਤੇ ਸੁਤੰਤਰ ਚੋਣਾਂ ਕਰਾਉਣ ਲਈ ਸਭ ਪ੍ਰਬੰਧ ਮੁਕੰਮਲ ਕਰ ਲਏ ਹਨ। ਪੰਚਾਇਤ ਚੋਣਾਂ ਲਈ ਸਰਪੰਚਾਂ ਦੇ ਅਹੁਦੇ ਦਾ ਰਾਖਵੇਂਕਰਨ ਐਤਕੀਂ ਬਲਾਕ ਨੂੰ ਇਕਾਈ ਮੰਨ ਕੇ ਨਵਾਂ ਰੋਸਟਰ ਤਿਆਰ ਕਰਕੇ ਕੀਤਾ ਗਿਆ ਹੈ ਜਿਸ ਵਾਸਤੇ ਪੰਜਾਬ ਵਿਧਾਨ ਸਭਾ ‘ਚ ਪੰਚਾਇਤੀ ਰਾਜ ਐਕਟ ਸੋਧ ਬਿੱਲ ਲਿਆਂਦਾ ਗਿਆ ਸੀ। ਪੰਚਾਇਤੀ ਰਾਜ ਰੂਲਜ਼ ਵਿਚ ਸੋਧ ਕਰਨ ਮਗਰੋਂ ਐਤਕੀਂ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ‘ਤੇ ਚੋਣ ਨਹੀਂ ਲੜ ਸਕਣਗੇ।
Check Also
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਜਥੇਦਾਰ ਗਿਆਨੀ ਰਘਬੀਰ ਸਿੰਘ, ਐਡਵੋਕੇਟ ਧਾਮੀ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹੋਈਆਂ ਸ਼ਾਮਲ ਅੰਮ੍ਰਿਤਸਰ/ਬਿਊਰੋ ਨਿਊਜ਼ …