ਸਾਨੂੰ ਆਪਣੀ ਰਣਨੀਤੀ ਬਦਲਣ ਦੀ ਲੋੜ ਨਹੀਂ : ਮਾਰਕ ਕਾਰਨੀ
ਓਟਵਾ/ਪਰਵਾਸੀ ਨਿਊਜ਼ : ਕੈਨੇਡਾ ਦੀ ਅਮਰੀਕਾ ਨਾਲ ਵਪਾਰਕ ਗੱਲਬਾਤ ‘ਕਾਫੀ ਸਖਤ’ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਅਮਰੀਕਾ ਨਾਲ ਵਪਾਰਕ ਗੱਲਬਾਤ ਵਿੱਚ ਕੈਨੇਡਾ ਦਾ ਰੁਖ ਪਹਿਲਾਂ ਹੀ ‘ਕਾਫ਼ੀ ਸਖ਼ਤ’ ਹੈ ਅਤੇ ਸਾਨੂੰ ਇਸ ਵੇਲੇ ਆਪਣੀ ਰਣਨੀਤੀ ਬਦਲਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਵਾਰਤਾ ਉਸਾਰੂ ਢੰਗ ਨਾਲ ਜਾਰੀ ਹੈ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ 19 ਅਗਸਤ ਤੋਂ ਕੈਨੇਡਾ ਤੋਂ ਆਉਣ ਵਾਲੇ ਕਈ ਉਤਪਾਦਾਂ ‘ਤੇ 50 ਫੀਸਦੀ ਨਵੇਂ ਟੈਰਿਫ਼ ਲਗਾਉਣ ਦੀ ਧਮਕੀ ਦਿੱਤੀ ਹੈ। ਇਸ ਮਾਮਲੇ ‘ਤੇ ਕਾਰਨੀ ਨੇ ਕਿਹਾ ਕਿ ਅਜੇ ਵੀ ਗੱਲਬਾਤ ਲਈ ਸਮਾਂ ਹੈ ਅਤੇ ਦੋਵੇਂ ਪੱਖ ਕਈ ਮੁੱਦਿਆਂ ‘ਤੇ ਲਗਾਤਾਰ ਚਰਚਾ ਕਰ ਰਹੇ ਹਨ। ਕਾਰਨੀ ਨੇ ਦੱਸਿਆ ਕਿ ਕੈਨੇਡਾ ਦੇ ਅਮਰੀਕਾ ਨਾਲ ਵਪਾਰ ਸਬੰਧੀ ਮੰਤਰੀ ਡੋਮਿਨਿਕ ਲੇਬਲਾਂਕ ਅਤੇ ਮੁੱਖ ਵਪਾਰ ਵਾਰਤਾਕਾਰ ਜੈਨਿਸ ਸ਼ਾਰੇਟ ਇਸ ਸਮੇਂ ਵਾਸ਼ਿੰਗਟਨ ਵਿੱਚ ਅਮਰੀਕੀ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਰਹੇ ਹਨ, ਤਾਂ ਜੋ ਵਪਾਰਕ ਵਿਵਾਦ ਦਾ ਹੱਲ ਲੱਭਿਆ ਜਾ ਸਕੇ। ਅਮਰੀਕਾ ਦਾ ਕਹਿਣਾ ਹੈ ਕਿ ਨਵੇਂ ਟੈਰਿਫ਼ ਕੈਨੇਡਾ ਦੀਆਂ ਸ਼ਰਾਬ ਸਬੰਧੀ ਪ੍ਰੋਵਿੰਸ਼ੀਅਲ ਪਾਬੰਦੀਆਂ, ਡੇਅਰੀ ਸਪਲਾਈ ਮੈਨੇਜਮੈਂਟ ਪ੍ਰਣਾਲੀ ਅਤੇ ਕੁਝ ਆਟੋ-ਮੋਬਾਈਲ ਕੋਟਿਆਂ ਦੇ ਜਵਾਬ ਵਜੋਂ ਲਗਾਏ ਜਾ ਰਹੇ ਹਨ। ਇਸ ਦੌਰਾਨ ਕੈਨੇਡਾ ਦੀ ਕੋਸ਼ਿਸ਼ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੀ ਗੱਲਬਾਤ ਰਾਹੀਂ ਸਟੀਲ ਅਤੇ ਐਲੂਮੀਨੀਅਮ ਸਮੇਤ ਵੱਖ-ਵੱਖ ਖੇਤਰਾਂ ‘ਤੇ ਲੱਗੇ ਟੈਰਿਫ਼ ਘਟਾਏ ਜਾਣ। ਕਾਰਨੀ ਨੇ ਸੰਭਾਵਿਤ ਜਵਾਬੀ ਕਦਮਾਂ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਦਿੱਤੀ, ਪਰ ਕਿਹਾ ਕਿ ਕੈਨੇਡਾ ਕੋਲ ਆਪਣੇ ਹਿੱਤਾਂ ਦੀ ਰੱਖਿਆ ਲਈ ਕਈ ਬਦਲ ਮੌਜੂਦ ਹਨ।
ਕੈਨੇਡਾ-ਅਮਰੀਕਾ ਵਪਾਰ 1.9 ਬਿਲੀਅਨ ਡਾਲਰ ਘਟਿਆ
ਓਟਵਾ : ਕੈਨੇਡਾ ਅਤੇ ਅਮਰੀਕਾ ਦਰਮਿਆਨ ਵਪਾਰਕ ਗਤੀਵਿਧੀਆਂ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਗਿਰਾਵਟ ਦਰਜ ਕੀਤੀ ਗਈ ਹੈ। 2026 ਦੀ ਪਹਿਲੀ ਤਿਮਾਹੀ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਵਸਤੂਆਂ ਅਤੇ ਸੇਵਾਵਾਂ ਦਾ ਕੁੱਲ ਵਪਾਰ 2024 ਦੀ ਇਸੇ ਮਿਆਦ ਦੇ ਮੁਕਾਬਲੇ ਕਰੀਬ 1.9 ਬਿਲੀਅਨ ਡਾਲਰ (0.6 ਫ਼ੀਸਦੀ) ਘੱਟ ਰਿਹਾ। ਇਹ ਜਾਣਕਾਰੀ ਗਲੋਬਲ ਅਫੇਅਰਜ਼ ਕੈਨੇਡਾ ਦੀ ਬੁਲਾਰਨ ਰੇਚਲ ਡੋਲਣ ਨੇ ਦਿੱਤੀ। ਅੰਕੜਿਆਂ ਮੁਤਾਬਕ, 2026 ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਕੈਨੇਡਾ ਅਤੇ ਅਮਰੀਕਾ ਵਿਚਕਾਰ ਵਸਤੂਆਂ ਅਤੇ ਸੇਵਾਵਾਂ ਦਾ ਕੁੱਲ ਵਪਾਰ 322.8 ਬਿਲੀਅਨ ਡਾਲਰ ਰਿਹਾ। ਇਸ ਵਿੱਚ 169.6 ਬਿਲੀਅਨ ਡਾਲਰ ਦੇ ਕੈਨੇਡੀਅਨ ਨਿਰਯਾਤ ਅਤੇ 153.1 ਬਿਲੀਅਨ ਡਾਲਰ ਦੇ ਅਮਰੀਕਾ ਤੋਂ ਆਯਾਤ ਸ਼ਾਮਲ ਹਨ। ਰਿਪੋਰਟ ਅਨੁਸਾਰ, ਇਸ ਮਿਆਦ ਦੌਰਾਨ ਕੈਨੇਡਾ ਦੀਆਂ ਅਮਰੀਕਾ ਵੱਲ ਨਿਰਯਾਤਾਂ ਵਿੱਚ 2.8 ਬਿਲੀਅਨ ਡਾਲਰ (1.6 ਫ਼ੀਸਦੀ) ਦੀ ਕਮੀ ਆਈ, ਜਦਕਿ ਅਮਰੀਕਾ ਤੋਂ ਕੈਨੇਡਾ ਦੇ ਆਯਾਤ ਵਿੱਚ 935 ਮਿਲੀਅਨ ਡਾਲਰ (0.6 ਫ਼ੀਸਦੀ) ਦਾ ਵਾਧਾ ਦਰਜ ਕੀਤਾ ਗਿਆ। ਰੇਚਲ ਡੋਲਣ ਨੇ ਦੱਸਿਆ ਕਿ ਜੇ 2024 ਅਤੇ 2026 ਦੀ ਪਹਿਲੀ ਤਿਮਾਹੀ ਦੀ ਤੁਲਨਾ ਕੀਤੀ ਜਾਵੇ ਤਾਂ ਕੀਮਤੀ ਪੱਥਰਾਂ ਅਤੇ ਕੀਮਤੀ ਧਾਤਾਂ ਦੇ ਦੁਵੱਲੇ ਵਪਾਰ ਵਿੱਚ 2.8 ਬਿਲੀਅਨ ਡਾਲਰ ਦਾ ਸਭ ਤੋਂ ਵੱਡਾ ਵਾਧਾ ਹੋਇਆ ਹੈ। ਇਸ ਦੇ ਉਲਟ ਮੋਟਰ ਵਾਹਨਾਂ ਅਤੇ ਉਨ੍ਹਾਂ ਦੇ ਪੁਰਜ਼ਿਆਂ ਦਾ ਵਪਾਰ ਸਭ ਤੋਂ ਵੱਧ ਪ੍ਰਭਾਵਿਤ ਰਿਹਾ, ਜਿਸ ਵਿੱਚ 18.9 ਫ਼ੀਸਦੀ ਜਾਂ 6.7 ਬਿਲੀਅਨ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ। ਇਹ ਅੰਕੜੇ ਉਸ ਸਮੇਂ ਸਾਹਮਣੇ ਆਏ ਹਨ ਜਦੋਂ ਕੈਨੇਡਾ-ਅਮਰੀਕਾ-ਮੈਕਸੀਕੋ ਵਪਾਰ ਸਮਝੌਤੇ ਦੀ ਸਮੀਖਿਆ ਲਈ ਰਸਮੀ ਗੱਲਬਾਤਾਂ ਦੀ ਤਿਆਰੀ ਚੱਲ ਰਹੀ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੈਨੇਡੀਅਨ ਵਸਤੂਆਂ ‘ਤੇ ਨਵੇਂ ਟੈਰਿਫ਼ ਲਗਾਉਣ ਦੀ ਚਿਤਾਵਨੀ ਨੇ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧਾਂ ਨੂੰ ਲੈ ਕੇ ਚਿੰਤਾ ਹੋਰ ਵਧਾ ਦਿੱਤੀ ਹੈ।
ਕੈਨੇਡਾ ਦੀ ਅਮਰੀਕਾ ਨਾਲ ਵਪਾਰਕ ਗੱਲਬਾਤ ‘ਕਾਫ਼ੀ ਸਖਤ’
RELATED ARTICLES

