Breaking News
Home / ਹਫ਼ਤਾਵਾਰੀ ਫੇਰੀ / ਰਾਹੁਲ ਨੇ ਦਿੱਲੀ ਤੋਂ ਚੰਡੀਗੜ੍ਹ ਤੱਕ ਟਰੱਕ ‘ਚ ਕੀਤਾ ਸਫ਼ਰ

ਰਾਹੁਲ ਨੇ ਦਿੱਲੀ ਤੋਂ ਚੰਡੀਗੜ੍ਹ ਤੱਕ ਟਰੱਕ ‘ਚ ਕੀਤਾ ਸਫ਼ਰ

ਟਰੱਕ ਡਰਾਈਵਰਾਂ ਦੀਆਂ ਸੁਣੀਆਂ ਸਮੱਸਿਆਵਾਂ
ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਰੱਕ ਡਰਾਈਵਰਾਂ ਦੀਆਂ ਸਮੱਸਿਆਵਾਂ ਸੁਣਨ ਲਈ ਦਿੱਲੀ ਤੋਂ ਚੰਡੀਗੜ੍ਹ ਤੱਕ ਟਰੱਕ ‘ਚ ਸਫਰ ਕੀਤਾ। ਇਸ ਸੰਬੰਧੀ ਪਾਰਟੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸੋਮਵਾਰ ਰਾਤ ਨੂੰ ਯਾਤਰਾ ਕੀਤੀ ਤੇ ਵਿਜ਼ੂਅਲ ਤੇ ਵੀਡੀਓਜ਼ ‘ਚ ਸਾਬਕਾ ਕਾਂਗਰਸ ਪ੍ਰਧਾਨ ਆਪਣੀ ਟ੍ਰੇਡਮਾਰਕ ਚਿੱਟੀ ਟੀ-ਸ਼ਰਟ ਪਹਿਨੇ, ਇਕ ਟਰੱਕ ਦੇ ਅੰਦਰ ਬੈਠੇ, ਇਕ ਡਰਾਈਵਰ ਨਾਲ ਸਫ਼ਰ ਕਰਦੇ ਤੇ ਇਕ ਢਾਬੇ ‘ਤੇ ਡਰਾਈਵਰਾਂ ਨਾਲ ਗੱਲ ਕਰਦੇ ਦਿਖਾਈ ਦਿੰਦੇ ਹਨ। ਕਾਂਗਰਸ ਨੇ ਹਿੰਦੀ ‘ਚ ਕੀਤੇ ਇਕ ਟਵੀਟ ‘ਚ ਕਿਹਾ ਕਿ ਲੋਕਾਂ ਦੇ ਨੇਤਾ ਰਾਹੁਲ ਗਾਂਧੀ ਟਰੱਕ ਡਰਾਈਵਰਾਂ ਦੀਆਂ ਸਮੱਸਿਆਵਾਂ ਜਾਣਨ ਲਈ ਪਹੁੰਚੇ। ਰਾਹੁਲ ਨੇ ਇਕ ਟਰੱਕ ‘ਚ ਬੈਠ ਕੇ ਉਨ੍ਹਾਂ ਨਾਲ ਦਿੱਲੀ ਤੋਂ ਚੰਡੀਗੜ੍ਹ ਤੱਕ ਦਾ ਸਫਰ ਕੀਤਾ। ਰਾਹੁਲ ਗਾਂਧੀ ਮੰਗਲਵਾਰ ਸਵੇਰੇ ਅੰਬਾਲਾ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ‘ਤੇ ਅੰਬਾਲਾ ਸ਼ਹਿਰ ਦੇ ਇਕ ਗੁਰਦੁਆਰਾ ਸਾਹਿਬ ਨੇੜੇ ਵੀ ਰੁਕੇ ਤੇ ਉਥੇ ਮੱਥਾ ਟੇਕਿਆ। ਇਸ ਸੰਬੰਧੀ ਅੰਬਾਲਾ ਸ਼ਹਿਰ ਦੇ ਥਾਣਾ ਬਲਦੇਵ ਨਗਰ ਦੇ ਥਾਣੇਦਾਰ ਰਾਮ ਕੁਮਾਰ ਨੇ ਦੱਸਿਆ ਕਿ ਸਵੇਰੇ ਕਰੀਬ 4.30 ਵਜੇ ਰਾਹੁਲ ਗਾਂਧੀ ਜੀ.ਟੀ. ਰੋਡ ‘ਤੇ ਗੁਰਦੁਆਰਾ ਮੰਜੀ ਸਾਹਿਬ ਨੇੜੇ ਇਕ ਟਰੱਕ ਤੋਂ ਹੇਠ ਉਤਰੇ। ਉਨ੍ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਤੇ ਉਥੇ ਕੁਝ ਮਿੰਟ ਬਿਤਾਏ। ਕੁਮਾਰ ਨੇ ਦੱਸਿਆ ਕਿ ਰਾਹੁਲ ਨੇ ਗੁਰਦੁਆਰਾ ਸਾਹਿਬ ਦੇ ਲੰਗਰ ‘ਚ ਚਾਹ ਵੀ ਪੀਤੀ।
ਜਦੋਂ ਰਾਹੁਲ ਗਾਂਧੀ ਨੇ ਪੰਜਾਬ ਦੇ ਢਾਬੇ ‘ਤੇ ਖਾਧੇ ਆਲੂ ਪਿਆਜ਼ ਦੇ ਪਰੌਂਠੇ
ਲਾਲੜੂ : ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ‘ਤੇ ਪਿੰਡ ਸਰਸੀਣੀ ਨੇੜੇ ਸਥਿਤ ਮਯੂਰ ਢਾਬੇ ‘ਤੇ ਸਵੇਰੇ 5.40 ਵਜੇ ਅਚਾਨਕ ਇਕ ਟਰੱਕ ਰੁਕਿਆ, ਜਿਸ ‘ਚੋਂ ਚਿੱਟੀ ਟੀ-ਸ਼ਰਟ ਪਹਿਨੇ ਇਕ ਵਿਅਕਤੀ ਉਤਰਿਆ ਤੇ ਮੇਜ਼-ਕੁਰਸੀ ‘ਤੇ ਬੈਠ ਗਿਆ। ਉਸ ਸਮੇਂ ਢਾਬੇ ‘ਤੇ ਮੌਜੂਦ ਵਿਅਕਤੀ ਉਨ੍ਹਾਂ ਨੂੰ ਦੇਖ ਕੇ ਹੈਰਾਨ ਰਹਿ ਗਏ ਕਿਉਂਕਿ ਉਹ ਵਿਅਕਤੀ ਹੋਰ ਕੋਈ ਨਹੀਂ, ਬਲਕਿ ਕਾਂਗਰਸੀ ਆਗੂ ਰਾਹੁਲ ਗਾਂਧੀ ਸਨ। ਢਾਬੇ ‘ਤੇ ਕੁਰਸੀ ‘ਤੇ ਬੈਠੇ ਰਾਹੁਲ ਗਾਂਧੀ ਨੇ ਵੇਟਰ ਨੂੰ ਬੁਲਾਇਆ ਤੇ ਚਾਹ-ਪਰਾਂਠੇ ਦਾ ਆਰਡਰ ਦਿੱਤਾ। ਕੁਝ ਹੀ ਦੇਰ ‘ਚ ਰਾਹੁਲ ਗਾਂਧੀ ਦੀ ਸੁਰੱਖਿਆ ਵਾਲੇ ਵੀ ਕਈ ਗੱਡੀਆਂ ‘ਚ ਉੱਥੇ ਪਹੁੰਚ ਗਏ, ਜਿਸ ਤੋਂ ਬਾਅਦ ਉਥੇ ਹੌਲੀ-ਹੌਲੀ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਹਾਲਾਂਕਿ ਇਸ ਦੀ ਸਥਾਨਕ ਕਾਂਗਰਸੀ ਆਗੂਆਂ ਨੂੰ ਕੋਈ ਭਿਣਕ ਨਹੀਂ ਲੱਗੀ। ਢਾਬੇ ਦੇ ਕਾਰੀਗਰ ਰਾਧੇ ਸ਼ਿਆਮ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਚਾਹ ਪੀਤੀ ਤੇ ਆਲੂ ਤੇ ਪਿਆਜ਼ ਦੇ ਦੋ ਪਰਾਂਠੇ ਖਾਧੇ।
ਬਾਅਦ ‘ਚ ਰਾਹੁਲ ਗਾਂਧੀ ਨੇ ਢਾਬੇ ਦੇ ਕਾਰੀਗਰਾਂ, ਵੇਟਰਾਂ ਤੇ ਬੱਚਿਆਂ ਸਮੇਤ ਕੁਝ ਗਾਹਕਾਂ ਨਾਲ ਸੈਲਫੀ ਵੀ ਖਿਚਵਾਈ, ਜਿਸ ਤੋਂ ਬਾਅਦ ਉਹ ਰਵਾਨਾ ਹੋ ਗਏ। ਢਾਬੇ ਦੇ ਮਾਲਕ ਅਨੁਸਾਰ 10 ਪਰਾਂਠਿਆਂ ਸਮੇਤ 30 ਕੱਪ ਚਾਹ ਤੇ ਹੋਰ ਸਾਮਾਨ ਦਾ ਬਿੱਲ 1400 ਰੁ. ਬਣਿਆ ਸੀ, ਜਿਸ ਦਾ ਭੁਗਤਾਨ ਰਾਹੁਲ ਗਾਂਧੀ ਨੇ ਖੁਦ ਕੀਤਾ।

Check Also

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਬੰਦ ਹੋਣਗੇ

ਮਈ ਮਹੀਨੇ ‘ਚ ਆਰੰਭ ਹੋਈ ਸੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅੰਮ੍ਰਿਤਸਰ/ਬਿਊਰੋ ਨਿਊਜ਼ : …