Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ‘ਚ ਲਿਬਰਲ ਪਾਰਟੀ ਦੀ ਬਣੀ ਰਹੇਗੀ ਸਰਕਾਰ

ਕੈਨੇਡਾ ‘ਚ ਲਿਬਰਲ ਪਾਰਟੀ ਦੀ ਬਣੀ ਰਹੇਗੀ ਸਰਕਾਰ

ਲਿਬਰਲ ਪਹਿਲੇ, ਕੰਸਰਵੇਟਿਵ ਦੂਜੇ ਅਤੇ ਬਲਾਕ ਕਿਊਬਿਕ ਤੀਜੇ ਸਥਾਨ ‘ਤੇ, ਐਨਡੀਪੀ ਨੂੰ ਮਿਲੀਆਂ 7 ਸੀਟਾਂ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ 343 ਮੈਂਬਰੀ 45ਵੀਂ ਲੋਕ ਸਭਾ ਲਈ ਹੋਈਆਂ ਚੋਣਾਂ ਵਿਚ ਸੱਤਾਧਾਰੀ ਲਿਬਰਲ ਪਾਰਟੀ 168 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਲਈ ਲੋੜੀਂਦੀਆਂ 172 ਸੀਟਾਂ ਤੋਂ ਮਹਿਜ 4 ਸੀਟਾਂ ਨਾਲ ਖੁੰਝ ਗਈ ਹੈ। ਬੇਸ਼ੱਕ ਸੱਤਾਧਾਰੀ ਲਿਬਰਲ ਪਾਰਟੀ ਬਹੁਮਤ ਤੋਂ ਥੋੜ੍ਹਾ ਪਛੜ ਗਈ ਹੈ, ਪਰ ਸਭ ਤੋਂ ਵੱਧ ਸੀਟਾਂ ਮਿਲਣ ਕਰਕੇ ਉਸਦੇ ਆਗੂ ਮਾਰਕ ਕਾਰਨੀ ਆਪਣੀ ਸਰਕਾਰ ਬਣਾਈ ਰੱਖਣਗੇ। ਉਨ੍ਹਾਂ ਨੂੰ ਦੁਬਾਰਾ ਸਹੁੰ ਚੁੱਕਣ ਦੀ ਲੋੜ ਨਹੀਂ ਪਏਗੀ, ਪਰ ਮੰਤਰੀ ਮੰਡਲ ਵਿਚ ਫੇਰਬਦਲ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਸੀਟ ਵੱਡੇ ਫਰਕ ਨਾਲ ਜਿੱਤ ਲਈ ਹੈ, ਜਦਕਿ ਨਿਊ ਡੈਮੋਕਰੇਟਿਕ ਪਾਰਟੀ (ਐਨਡੀਪੀ) ਦੇ ਜਗਮੀਤ ਸਿੰਘ (ਬਰਨਬੀ ਸੈਂਟਰਲ) ਤੇ ਕੰਸਰਵੇਟਿਵ ਪਾਰਟੀ ਦੇ ਪੀਅਰ ਪੋਲੀਵਰ ਚੋਣ ਹਾਰ ਗਏ ਹਨ। ਜਗਮੀਤ ਸਿੰਘ ਨੇ ਐਨਡੀਪੀ ਨੂੰ ਚੋਣਾਂ ਵਿਚ ਲੱਗੇ ਵੱਡੇ ਖੋਰੇ ਅਤੇ ਖੁਦ ਚੋਣ ਨਾ ਜਿੱਤ ਸਕਣ ਕਰਕੇ ਪਾਰਟੀ ਆਗੂ ਵਜੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਹੁਣ ਤੱਕ ਦੇ ਪ੍ਰਾਪਤ ਨਤੀਜਿਆਂ ਅਨੁਸਾਰ ਸੱਤਾਧਾਰੀ ਲਿਬਰਲ ਪਾਰਟੀ ਨੂੰ 168, ਕੰਸਰਵੇਟਿਵ ਨੂੰ 144, ਬਲਾਕ ਕਿਊਬਿਕ ਨੂੰ 23, ਐਨਡੀਪੀ ਨੂੰ 7 ਅਤੇ ਗਰੀਨ ਪਾਰਟੀ ਨੂੰ ਇਕ ਸੀਟ ‘ਤੇ ਜਿੱਤ ਹਾਸਲ ਹੋਈ ਹੈ। ਰਾਜਸੀ ਮਾਹਿਰਾਂ ਮੁਤਾਬਕ ਇਹ ਅੰਕੜੇ ਲਗਪਗ ਅੰਤਿਮ ਹੀ ਹਨ, ਕਿਉਂਕਿ ਹੁਣ ਇਨ੍ਹਾਂ ਵਿਚ ਕੋਈ ਫੇਰਬਦਲ ਹੋਣ ਦੀ ਸੰਭਾਵਨਾ ਨਾਮਾਤਰ ਹੀ ਹੈ। ਇਸ ਤੋਂ ਪਹਿਲਾਂ 2019 ਅਤੇ 2022 ਵਿਚ ਵੀ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ ਤੇ ਲਿਬਰਲ ਪਾਰਟੀ, ਐਨਡੀਪੀ ਦੇ ਸਹਿਯੋਗ ਨਾਲ ਸਰਕਾਰ ਚਲਾਉਂਦੀ ਰਹੀ ਸੀ। ਇਸੇ ਸਾਲ ਜਨਵਰੀ ਮਹੀਨੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਮਗਰੋਂ 9 ਮਾਰਚ ਨੂੰ ਮਾਰਕ ਕਾਰਨੀ ਲਿਬਰਲ ਪਾਰਟੀ ਦੇ ਆਗੂ ਬਣ ਕੇ ਪ੍ਰਧਾਨ ਮੰਤਰੀ ਬਣੇ ਤੇ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਗਵਰਨਰ ਜਨਰਲ ਤੋਂ ਲੋਕ ਸਭਾ ਭੰਗ ਕਰਵਾ ਕੇ ਮੱਧਕਾਲੀ ਚੋਣਾਂ ਦਾ ਐਲਾਨ ਕਰਵਾ ਦਿੱਤਾ ਸੀ।
ਟਰੰਪ ਨੇ ਸਾਨੂੰ ਤੋੜਨ ਦੀ ਕੋਸ਼ਿਸ਼ ਕੀਤੀ: ਮਾਰਕ ਕਾਰਨੀ
ਟੋਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੰਸਦੀ ਚੋਣਾਂ ਵਿਚ ਲਿਬਰਲ ਪਾਰਟੀ ਨੂੰ ਮਿਲੀ ਜਿੱਤ ਮਗਰੋਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਉਨ੍ਹਾਂ ਦੇ ਮੁਲਕ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਓਟਵਾ ਵਿਚ ਜੇਤੂ ਤਕਰੀਰ ਦੌਰਾਨ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਾਰਨੀ ਨੇ ਵਾਸ਼ਿੰਗਟਨ ਦੀਆਂ ਧਮਕੀਆਂ ਦੇ ਸਾਹਮਣੇ ਕੈਨੇਡੀਅਨ ਲੋਕਾਂ ਦੇ ਏਕੇ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਅਮਰੀਕੀ ਵਿਸ਼ਵਾਸਘਾਤ ਦੇ ਸਦਮੇ ‘ਚੋਂ ਬਾਹਰ ਆ ਗਏ ਹਾਂ, ਪਰ ਸਾਨੂੰ ਕਦੇ ਵੀ ਸਬਕ ਨਹੀਂ ਭੁੱਲਣੇ ਚਾਹੀਦੇ। ਕਾਰਨੀ ਨੇ ਕਿਹਾ ਕਿ ਜਿਵੇਂ ਕਿ ਮੈਂ ਮਹੀਨਿਆਂ ਤੋਂ ਚੇਤਾਵਨੀ ਦੇ ਰਿਹਾ ਹਾਂ, ਅਮਰੀਕਾ ਸਾਡੀ ਜ਼ਮੀਨ, ਸਾਡੇ ਸਰੋਤ, ਸਾਡਾ ਪਾਣੀ, ਸਾਡਾ ਦੇਸ਼ ਚਾਹੁੰਦਾ ਹੈ। ਇਹ ਧਮਕੀਆਂ ਕੋਈ ਐਵੇਂ ਹੀ ਨਹੀਂ ਹਨ। ਰਾਸ਼ਟਰਪਤੀ ਟਰੰਪ ਸਾਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਅਮਰੀਕਾ ਸਾਡਾ ਮਾਲਕ ਬਣ ਸਕੇ। ਇਹ ਕਦੇ ਨਹੀਂ ਹੋਵੇਗਾ। ਪਰ ਸਾਨੂੰ ਇਸ ਹਕੀਕਤ ਨੂੰ ਵੀ ਪਛਾਣਨਾ ਚਾਹੀਦਾ ਹੈ ਕਿ ਸਾਡੀ ਦੁਨੀਆ ਬੁਨਿਆਦੀ ਤੌਰ ‘ਤੇ ਬਦਲ ਗਈ ਹੈ।
ਕੈਨੇਡੀਆਈ ਸੰਸਦ ‘ਚ ਪੰਜਾਬੀ ਮੂਲ ਦੇ 22 ਮੈਂਬਰ
ਕੈਨੇਡਾ ਦੀ ਸੰਸਦ ਵਿਚ ਪੰਜਾਬੀ ਮੂਲ ਦੇ 22 ਮੈਂਬਰ ਹੋਣਗੇ। ਬਹੁਤੇ ਹਲਕਿਆਂ ਵਿਚ ਪੰਜਾਬੀ ਉਮੀਦਵਾਰਾਂ ਦੇ ਹੀ ਆਪਸ ਵਿਚ ਮੁਕਾਬਲੇ ਹੋਏ। ਪ੍ਰਾਪਤ ਜਾਣਕਾਰੀ ਅਨੁਸਾਰ ਬਰਨਬੀ ਕੇਂਦਰੀ ਹਲਕੇ ਤੋਂ ਐਨਡੀਪੀ ਆਗੂ ਜਗਮੀਤ ਸਿੰਘ ਨੂੰ ਸਿਰਫ 18 ਫੀਸਦ ਵੋਟਾਂ ਮਿਲੀਆਂ। ਅਲਬਰਟਾ ਤੋਂ ਕੰਸਰਵੇਟਿਵ ਉਮੀਦਵਾਰਾਂ ਨੇ ਵੱਡੀ ਜਿੱਤ ਹਾਸਲ ਕੀਤੀ, ਜਿਨ੍ਹਾਂ ਵਿਚ ਕੈਲਗਰੀ ਪੂਰਬੀ ਹਲਕੇ ਤੋਂ ਜਸਰਾਜ ਹੱਲਣ, ਕੈਲਗਰੀ ਸਕਾਈਵਿਊ ਤੋਂ ਅਮਨਪ੍ਰੀਤ ਗਿੱਲ, ਐਡਮੰਟਨ ਗੇਟਵੇਅ ਤੋਂ ਟਿਮ ਉਪਲ, ਕੈਲਗਰੀ ਨਾਈਟ ਤੋਂ ਕੰਸਰਵੇਟਿਵ ਦਸਵਿੰਦਰ ਗਿੱਲ (ਸਾਰੇ ਕੰਸਰਵੇਟਿਵ) ਨੇ ਜੌਰਜ ਚਾਹਲ ਸਮੇਤ ਲਿਬਰਲ ਉਮੀਦਵਾਰਾਂ ਨੂੰ ਹਰਾਇਆ। ਐਡਮੰਟਨ ਦੱਖਣ ਪੂਰਬੀ ਹਲਕੇ ਤੋਂ ਜਗਸ਼ਰਨ ਸਿੰਘ ਮਾਹਲ ਨੇ ਸ਼ਹਿਰ ਦੇ ਮੇਅਰ ਅਮਰਜੀਤ ਸਿੰਘ ਸੋਹੀ ਨੂੰ ਹਰਾਇਆ। ਐਬਸਫੋਰਡ ਲੈਂਗਲੀ ਹਲਕੇ ਤੋਂ ਸੁਖਮਨ ਗਿੱਲ ਕੰਸਰਵੇਟਿਵ ਉਮੀਦਵਾਰ ਵਜੋਂ ਵੱਡੇ ਫਰਕ ਨਾਲ ਜਿੱਤੇ। ਸਰੀ ਕੇਂਦਰੀ ਤੋਂ ਰਣਦੀਪ ਸਿੰਘ ਸਰਾਏ ਨੇ ਸੁੱਖ ਪੰਧੇਰ ਅਤੇ ਸਰੀ ਨਿਊਟਨ ਤੋਂ ਸੁੱਖ ਧਾਲੀਵਾਲ ਨੇ ਹਰਜੀਤ ਸਿੰਘ ਗਿੱਲ (ਰੇਡੀਓ ਹੋਸਟ) ਨੂੰ ਹਰਾਇਆ। ਐਨਡੀਪੀ ਦੇ ਰਾਜ ਸਿੰਘ ਤੂਰ ਨੂੰ ਸਿਰਫ 7 ਫੀਸਦ ਵੋਟਾਂ ਹੀ ਮਿਲੀਆਂ। ਬਰੈਂਪਟਨ ਕੈਲੇਡਨ ਹਲਕੇ ਤੋਂ ਕੰਸਰਵੇਟਿਵ ਉਮੀਦਵਾਰ ਅਮਰਦੀਪ ਜੱਜ ਨੇ ਲਿਬਰਲ ਦੀ ਰੂਬੀ ਸਹੋਤਾ ਨੂੰ ਹਰਾਇਆ ਹੈ। ਬਰੈਂਪਟਨ ਦੱਖਣੀ ਦੇ ਫਸਵੇਂ ਮੁਕਾਬਲੇ ‘ਚ ਲਿਬਰਲ ਦੀ ਸੋਨੀਆ ਸਿੱਧੂ ਨੇ ਕੰਸਰਵੇਟਿਵ ਦੀ ਸੁਖਦੀਪ ਕੌਰ ਕੰਗ ਨੂੰ 372 ਵੋਟਾਂ ਨਾਲ ਹਰਾਇਆ। ਬਰੈਂਪਟਨ ਪੱਛਮੀ ਤੋਂ ਪਹਿਲੀ ਵਾਰ ਚੋਣ ਮੈਦਾਨ ‘ਚ ਨਿੱਤਰੇ ਅਮਰਜੀਤ ਸਿੰਘ ਗਿੱਲ ਨੇ ਇਸੇ ਹਲਕੇ ਤੋਂ ਤਿੰਨ ਵਾਰ ਦੀ ਜੇਤੂ ਸਾਬਕਾ ਕੇਂਦਰੀ ਮੰਤਰੀ ਕਮਲ ਖਹਿਰਾ ਨੂੰ ਹਰਾਇਆ। ਬਰੈਂਪਟਨ ਕੇਂਦਰੀ ਤੋਂ ਲਿਬਰਲ ਉਮੀਦਵਾਰ ਅਮਨਦੀਪ ਸਿੰਘ ਸੋਢੀ ਨੇ ਕੰਸਰਵੇਟਿਵ ਦੇ ਤਰਨ ਚਾਹਲ ਤੋਂ ਥੋੜ੍ਹੇ ਫਰਕ ਨਾਲ ਜਿੱਤ ਹਾਸਲ ਕੀਤੀ। ਸਾਬਕਾ ਰੱਖਿਆ ਮੰਤਰੀ ਅਨੀਤਾ ਅਨੰਦ ਨੇ ਓਕਵਿੱਲ ਸੀਟ ਤੋਂ ਮੁੜ ਜਿੱਤ ਹਾਸਲ ਕੀਤੀ।
ਕੈਨੇਡੀਅਨਾਂ ਦੇ ਹੱਕਾਂ ਲਈ ਲੜਦਾ ਰਹਾਂਗਾ : ਪੋਲਿਵਰ
ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲਿਵਰ ਨੇ ਕਿਹਾ ਕਿ ਉਹ ਚੋਣ ਹਾਰਨ ਦੇ ਬਾਵਜੁਦ ਕੈਨੇਡਾ ਦੇ ਲੋਕਾਂ ਦੇ ਹੱਕਾਂ ਲਈ ਲੜਦੇ ਰਹਿਣਗੇ। ਪੋਲਿਵਰ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਅਸੀਂ ਇਸ ਤੱਥ ਤੋਂ ਜਾਣੂ ਹਾਂ ਕਿ ਅਸੀਂ ਅਜੇ ਤੱਕ ਅੰਤਿਮ ਰੇਖਾ ਨੂੰ ਪਾਰ ਨਹੀਂ ਕੀਤਾ। ਅਸੀਂ ਜਾਣਦੇ ਹਾਂ ਕਿ ਤਬਦੀਲੀ ਦੀ ਲੋੜ ਹੈ, ਪਰ ਤਬਦੀਲੀ ਆਪਣੇ ਆਪ ਨਹੀਂ ਆਉਂਦੀ, ਇਸ ਲਈ ਮਿਹਨਤ ਕਰਨੀ ਪੈਂਦੀ ਹੈ। ਇਸ ਵਿੱਚ ਸਮਾਂ ਲੱਗਦਾ ਹੈ। ਅਤੇ ਇਸ ਲਈ ਸਾਨੂੰ ਅੱਜ ਰਾਤ ਦੇ ਸਬਕ ਸਿੱਖਣੇ ਪੈਣਗੇ ਤਾਂ ਜੋ ਅਗਲੀ ਵਾਰ ਜਦੋਂ ਕੈਨੇਡੀਅਨ ਦੇਸ਼ ਦਾ ਭਵਿੱਖ ਤੈਅ ਕਰਨ ਤਾਂ ਅਸੀਂ ਹੋਰ ਵੀ ਵਧੀਆ ਨਤੀਜਾ ਪ੍ਰਾਪਤ ਕਰ ਸਕੀਏ।
ਪ੍ਰਧਾਨ ਮੰਤਰੀ ਮੋਦੀ ਵੱਲੋਂ ਮਾਰਕ ਕਾਰਨੀ ਨੂੰ ਵਧਾਈ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕੈਨੇਡਿਆਈ ਹਮਰੁਤਬਾ ਮਾਰਕ ਕਾਰਨੀ ਤੇ ਉਨ੍ਹਾਂ ਦੀ ਪਾਰਟੀ ਨੂੰ ਸੰਘੀ ਚੋਣਾਂ ਵਿਚ ਮਿਲੀ ਜਿੱਤ ਲਈ ਵਧਾਈ ਦਿੱਤੀ ਹੈ। ਮੋਦੀ ਨੇ ਜਿੱਤ ‘ਤੇ ਵਧਾਈ ਦਿੰਦਿਆਂ ਕਿਹਾ ਕਿ ਉਹ ਭਾਰਤ-ਕੈਨੇਡਾ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਵਧੇਰੇ ਮੌਕੇ ਖੋਲ੍ਹਣ ਦੀ ਉਮੀਦ ਕਰ ਰਹੇ ਹਨ। ਮੋਦੀ ਨੇ ਐਕਸ ‘ਤੇ ਆਪਣੇ ਵਧਾਈ ਸੰਦੇਸ਼ ‘ਚ ਕਿਹਾ ਕਿ ਭਾਰਤ ਅਤੇ ਕੈਨੇਡਾ ਸਾਂਝੇ ਜਮਹੂਰੀ ਮੁੱਲਾਂ ਅਤੇ ਕਾਨੂੰਨ ਦੇ ਸ਼ਾਸਨ ਪ੍ਰਤੀ ‘ਦ੍ਰਿੜ ਵਚਨਬੱਧਤਾ’ ਨਾਲ ਬੱਝੇ ਹੋਏ ਹਨ। ਪ੍ਰਧਾਨ ਮੰਤਰੀ ਨੇ ਇਕ ਸੋਸ਼ਲ ਮੀਡੀਆ ਪੋਸਟ ‘ਚ ਕਿਹਾ, ”ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਤੁਹਾਡੀ ਚੋਣ ‘ਤੇ ਤੁਹਾਨੂੰ ਤੇ ਲਿਬਰਲ ਪਾਰਟੀ ਨੂੰ ਵਧਾਈਆਂ।”

Check Also

ਡੇਰਾਬੱਸੀ ਦੀ ਲੜਕੀ ਦੀ ਓਟਵਾ ‘ਚ ਭੇਤਭਰੀ ਮੌਤ

ਟੋਰਾਂਟੋ, ਡੇਰਾਬੱਸੀ/ਬਿਊਰੋ ਨਿਊਜ਼ ਡੇਰਾਬਸੀ ਤੋਂ ਕੈਨੇਡਾ ਪੜ÷ ਨ ਪਹੁੰਚੀ 21 ਸਾਲਾ ਲੜਕੀ ਦੀ ਭੇਤ-ਭਰੀ ਹਾਲਤ …