Breaking News
Home / ਹਫ਼ਤਾਵਾਰੀ ਫੇਰੀ / ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਨਿਕਲੇ ਵੱਖੋ-ਵੱਖ ਸਿਆਸੀ ਦਲਾਂ ਦੇ ਲੀਡਰਾਂ ਨੂੰ ਪੰਜਾਬ ਦੇ ਵੋਟਰ ਘੇਰ-ਘੇਰ ਕੇ ਪੁੱਛਣ ਲੱਗੇ ਸਵਾਲ

ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਨਿਕਲੇ ਵੱਖੋ-ਵੱਖ ਸਿਆਸੀ ਦਲਾਂ ਦੇ ਲੀਡਰਾਂ ਨੂੰ ਪੰਜਾਬ ਦੇ ਵੋਟਰ ਘੇਰ-ਘੇਰ ਕੇ ਪੁੱਛਣ ਲੱਗੇ ਸਵਾਲ

ਪੰਜਾਬ ਪੁੱਛਦਾ ਤੁਸੀਂ ਸਾਡੇ ਲਈ ਕੀ ਕੀਤਾ
…ਤੂੰ ਵੋਟਾਂ ਮੰਗ ਅਸੀਂ ਜਵਾਬ ਮੰਗਦੇ ਹਾਂ
ੲ ਬੀਬੀ ਭੱਠਲ ਨੇ ਸਵਾਲ ਪੁੱਛਣ ਵਾਲੇ ਨੂੰ ਥੱਪੜ ਜੜਿਆ
ੲ ਹਰਸਿਮਰਤ ਕੌਰ ਬਾਦਲ ਨੇ ਸਵਾਲ ਪੁੱਛਣ ਵਾਲੇ ਤੋਂ ਖਿਸਕ ਕੇ ਜਾਨ ਛੁਡਾਈ
ੲ ਰਾਜਾ ਵੜਿੰਗ ਦੇ ਸਮਰਥਕਾਂ ਨੇ ਸਵਾਲ ਪੁੱਛਣ ਵਾਲੇ ਦਾ ਕੀਤਾ ਕੁਟਾਪਾ
ੲ ਭਗਵੰਤ ਤੇ ਖਹਿਰਾ ਨੂੰ ਵੀ ਘੇਰ ਕੇ ਲੋਕ ਪੁੱਛ ਰਹੇ ਸਵਾਲ
ਚੰਡੀਗੜ੍ਹ/ਦੀਪਕ ਸ਼ਰਮਾ ਚਨਾਰਥਲ : ਪੰਜਾਬ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਰਗਰਮੀਆਂ ਤੇਜ਼ ਹੋ ਗਈਆਂ ਹਨ, ਉਥੇ ਮੌਸਮ ਵਿਚ ਵੀ ਗਰਮੀ ਵਧ ਗਈ ਹੈ, ਜਿਸ ਦਾ ਸਿੱਧਾ ਅਸਰ ਵੋਟਾਂ ਮੰਗਣ ਆਏ ਲੀਡਰਾਂ ‘ਤੇ ਸਾਫ਼ ਦਿਖਾਈ ਦੇਣ ਲੱਗਾ ਹੈ। ਲੀਡਰ ਆਪਣੀ ਹੀ ਗੱਲ ਸੁਣਾਉਣੀ ਚਾਹੁੰਦੇ ਹਨ ਪਰ ਉਹ ਅਵਾਮ ਦੀ ਅਵਾਜ਼ ਸੁਣਨ ਲਈ ਤਿਆਰ ਨਹੀਂ। ਪਰ ਇਸ ਵਾਰ ਦਾ ਚੋਣ ਮਾਹੌਲ ਕੁਝ ਬਦਲਿਆ ਬਦਲਿਆ ਹੈ ਜਾਂ ਇੰਝ ਆਖ ਲਓ ਕਿ ਪੰਜਾਬ ਦਾ ਵੋਟਰ ਜਾਗ ਪਿਆ ਹੈ। ਉਹ ਆਪਣੇ ਪਿੰਡ ਆਏ, ਆਪਣੇ ਮਹੱਲੇ ‘ਚ ਆਏ, ਆਪਣੇ ਦਰ ‘ਤੇ ਆਏ ਲੀਡਰਾਂ ਨੂੰ ਸਵਾਲ ਪੁੱਛਣ ਲੱਗਾ ਹੈ, ਪੰਜਾਬ ਦਾ ਵੋਟਰ ਪੁੱਛ ਰਿਹਾ ਹੈ ਤੁਸੀਂ ਸਾਡੇ ਲਈ ਕੀ ਕੀਤਾ? ਤੁਸੀਂ ਕਿਹੜੇ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ? ਤੁਸੀਂ ਸਾਡੇ ਇਲਾਕੇ ਦਾ ਕੀ ਵਿਕਾਸ ਕੀਤਾ? ਤੁਸੀਂ ਧਰਮ ਦੇ ਨਾਂ ‘ਤੇ ਸਾਡੇ ਨਾਲ ਧੋਖੇ ਕਿਉਂ ਕੀਤੇ? ਅਜਿਹੇ ਸਵਾਲਾਂ ਤੋਂ ਅੱਜ ਪੰਜਾਬ ਵਿਚ ਸਿਆਸਤਦਾਨ ਭੱਜਦੇ ਵੀ ਨਜ਼ਰ ਆਏ, ਤਲਖ ਹੁੰਦੇ ਵੀ ਨਜ਼ਰ ਆਏ, ਤੇ ਗੁੱਸੇ ਵਿਚ ਆਪਾ ਗੁਆਉਂਦੇ ਵੀ ਨਜ਼ਰ ਆਏ। ਪਰ ਇਹ ਚੰਗਾ ਸੰਕੇਤ ਹੈ ਕਿ ਨਸ਼ਿਆਂ ਦੀ ਦਲ-ਦਲ ਵਿਚ ਫਸਿਆ ਨੌਜਵਾਨ ਉਸ ਝਮੇਲੇ ‘ਚੋਂ ਨਿਕਲ ਕੇ ਆਪਣੇ ਹੱਕਾਂ ਲਈ ਲੀਡਰਾਂ ਨੂੰ ਘੇਰਨ ਲੱਗਾ ਹੈ, ਖੁਦਕੁਸ਼ੀਆਂ ਦੇ ਰਾਹ ਪਿਆ ਕਿਸਾਨ ਹੁਣ ਨਮੋਸ਼ੀ ‘ਚੋਂ ਬਾਹਰ ਨਿਕਲ ਕੇ ਸਿਆਸਤਦਾਨਾਂ ਨੂੰ ਸਵਾਲ ਕਰਨ ਲੱਗਾ ਹੈ। ਲੀਡਰਾਂ ਲਈ ਔਖਾਈ ਜ਼ਰੂਰ ਹੈ ਪਰ ਪੰਜਾਬ ਲਈ ਤੇ ਲੋਕਤੰਤਰ ਲਈ ਇਹ ਚੰਗਾ ਸੁਨੇਹਾ ਹੈ। ਅੱਜ ਨਹੀਂ ਤਾਂ ਕੱਲ੍ਹ ਲੀਡਰਾਂ ਨੂੰ ਜਵਾਬਦੇਹ ਬਣਨਾ ਪਵੇਗਾ।
ਸਵਾਲਦਾ ਜਵਾਬਤਾਂ ਨਹੀਂ ਮਿਲਿਆ ਥੱਪੜਜ਼ਰੂਰ ਮਿਲਿਆ
ਹਲਕਾ ਸੰਗਰੂਰ ਵਿਚ ਬੀਬੀ ਭੱਠਲ ਨੂੰ ਜਦੋਂ ਇਕ ਨੌਜਵਾਨ ਨੇ ਸਵਾਲ ਕੀਤਾ ਕਿ ਤੁਸੀਂ ਹੁਣ ਤੱਕ ਕੀ ਕੀਤਾ ਹੈ ਤਾਂ ਬੀਬੀ ਭੱਠਲ ਕੋਲ ਜਵਾਬ ਤਾਂ ਨਹੀਂ ਸੀ, ਗੁੱਸੇ ‘ਚ ਉਸ ਨੇ ਨੌਜਵਾਨ ਦੇ ਥੱਪੜ ਮਾਰ ਦਿੱਤਾ। ਇਸੇ ਤਰ੍ਹਾਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਦੋਂ ਇਕ ਬਜ਼ੁਰਗ ਨੇ ਬੇਅਦਬੀਆਂ ਦੇ ਮਾਮਲੇ ‘ਤੇ ਸਵਾਲ ਪੁੱਛਿਆ ਤਾਂ ਬੀਬੀ ਇਹ ਆਖ ਕੇ ਹੁਣ ਤਾਂ ਵੋਟਾਂ ਮੰਗਣ ਦੇ ਦਿਨ ਹਨ ਸਵਾਲਾਂ ਦੇ ਦਿਨ ਨਹੀਂ, ਮੌਕਾ ਬਚਾਅ ਖਿਸਕ ਗਈ। ਇਸੇ ਤਰ੍ਹਾਂ ਰਾਜਾ ਵੜਿੰਗ ਦੇ ਸਮਰਥਕਾਂ ਨੇ ਵੀ ਇਕ ਸਵਾਲ ਪੁੱਛਣ ਦੇ ਬਦਲੇ ਨੌਜਵਾਨ ਦਾ ਕੁਟਾਪਾ ਕੀਤਾ। ਹੋਰ ਵੀ ਕਈ ਥਾਂਈਂ ਲੀਡਰਾਂ ਨੂੰ ਸਵਾਲ ਪੁੱਛਣ ‘ਤੇ ਲੀਡਰ ਔਖੇ ਤੇ ਖਿਸਕਦੇ ਨਜ਼ਰ ਆਏ।
ਰੋਡਸ਼ੋਅਮੌਕੇ ਲੀਡਰਾਂ ‘ਤੇ ਵੋਟਰਾਂ ਦੇ ਰਹਿਮੋਕਰਮ : ਕਿਤੇ ‘ਚੁੰਮੀ’ ਕਿਤੇ ‘ਚਾਂਟਾ’
{ਰੋਡ ਸ਼ੋਅ ਦੌਰਾਨ ਸੰਨੀ ਦਿਓਲ ਨੂੰ ਇਕ ਮਹਿਲਾ ਨੇ ਕੀਤਾ ‘ਕਿੱਸ’
ਗੁਰਦਾਸਪੁਰ : 2ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਵਲੋਂ ਬਟਾਲਾ ‘ਚ ਕੀਤੇ ਗਏ ਰੋਡ ਸ਼ੋਅ ਦੌਰਾਨ ਇਕ ਮਹਿਲਾ ਵਲੋਂ ਉਨ੍ਹਾਂ ਨੂੰ ‘ਕਿੱਸ’ ਕੀਤੇ ਜਾਣ ਦੀ ਵੀਡੀਓ ਸਵਾਦ ਲੈ ਕੇ ਫੈਲਾਈ ਜਾ ਰਹੀ ਹੈ। ਇਸ ਸਬੰਧੀ ਸੰਨੀ ਦਿਓਲ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਗੁਰਦਾਸਪੁਰ ਹਲਕੇ ਵਿਚ ਉਸ ਨੂੰ ਚਾਹੁਣ ਵਾਲੇ ਉਸਦੇ ਬਹੁਤ ਜ਼ਿਆਦਾ ਭੈਣ-ਭਰਾ ਹਨ। ਜਦ ਕਿਸੇ ਭੈਣ ਨੇ ਉਸ ਨੂੰ ਭਰਾ ਸਮਝ ਕੇ ‘ਕਿੱਸ’ ਕਰ ਲਿਆ ਤਾਂ ਉਸ ਵਿਚ ਕੀ ਬੁਰਾਈ ਹੈ। ਸੰਨੀ ਨੇ ਕਿਹਾ ਕਿ ਕਲਾਕਾਰਾਂ ਨਾਲ ਅਜਿਹੀਆਂ ਗੱਲਾਂ ਆਮ ਹੁੰਦੀਆਂ ਰਹਿੰਦੀਆਂ ਹਨ। ਧਿਆਨ ਰਹੇ ਕਿ ਬਟਾਲਾ ਵਿਚ ਰੋਡ ਸ਼ੋਅ ਦੌਰਾਨ ਇਕ ਮਹਿਲਾ ਸੰਨੀ ਦਿਓਲ ਦੇ ਰੋਡ ਸ਼ੋਅ ਵਾਲੇ ਟਰੱਕ ‘ਤੇ ਬੜੀ ਤੇਜ਼ੀ ਨਾਲ ਚੜ੍ਹ ਗਈ ਤੇ ਉਸ ਨੇ ਸੰਨੀ ਨੂੰ ‘ਕਿੱਸ’ ਕਰ ਲਿਆ ਸੀ ਤੇ ਸੰਨੀ ਦਿਓਲ ਨੇ ਵੀ ਇਸ ਗੱਲ ਦਾ ਬੁਰਾ ਨਹੀਂ ਮਨਾਇਆ।
ਕੇਜਰੀਵਾਲ ਨੂੰ ਰੋਡ ਸ਼ੋਅ ਦੌਰਾਨ ਪਿਆ ਥੱਪੜ
ਨਵੀਂ ਦਿੱਲੀ : ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਕ ਨੌਜਵਾਨ ਨੇ ਉਦੋਂ ਥੱਪੜ ਮਾਰ ਦਿੱਤਾ ਜਦੋਂ ਕੇਜਰੀਵਾਲ ਨਵੀਂ ਦਿੱਲੀ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਬ੍ਰਿਜੇਸ਼ ਗੋਇਲ ਲਈ ਮੋਤੀ ਨਗਰ ਵਿਚ ਰੋਡ ਸ਼ੋਅ ਕੱਢ ਰਹੇ ਸਨ। ਕੇਜਰੀਵਾਲ ਖੁੱਲ੍ਹੀ ਜੀਪ ‘ਤੇ ਸਵਾਰ ਸਨ ਤਾਂ ਲਾਲ ਕਮੀਜ਼ ਵਾਲਾ ਇਕ ਨੌਜਵਾਨ ਤੇਜ਼ੀ ਨਾਲ ਜੀਪ ‘ਤੇ ਚੜ੍ਹਿਆ ਅਤੇ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ। ਉਸ ਨੂੰ ਤੁਰੰਤ ‘ਆਪ’ ਕਾਰਕੁਨਾਂ ਨੇ ਫੜ ਲਿਆ ਅਤੇ ਪੁਲਿਸ ਨੇ ਨੌਜਵਾਨ ਨੂੰ ਭੀੜ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਨੌਜਵਾਨ ਦੀ ਪਛਾਣ ਕੈਲਾਸ਼ ਪਾਰਕ ਵਾਸੀ ਸੁਰੇਸ਼ (33) ਵਜੋਂ ਹੋਈ ਹੈ ਜੋ ਗੱਡੀਆਂ ਦੇ ਕਲ-ਪੁਰਜ਼ਿਆਂ ਦਾ ਕਾਰੋਬਾਰੀ ਹੈ। ਪੁਲਿਸ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਕਰ ਰਹੀ ਹੈ। ਨੌਜਵਾਨ ਕੇਜਰੀਵਾਲ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਉਸ ਨੇ ਇਹ ਕਦਮ ਉਠਾਇਆ। ‘ਆਪ’ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਸੁਰੱਖਿਆ ਵਿਚ ਕੋਤਾਹੀ ਹੈ।
ਵੋਟਰਾਂ ਨੇ ਇੰਝ ਵੀ ਕੱਢਿਆ ਗੁੱਸਾ
ਪੋਸਟਰ ‘ਤੇ ਕਰ ਦਿੱਤਾ ਸੁਖਬੀਰ ਦਾ ਮੂੰਹ ਕਾਲਾ
ਫਰੀਦਕੋਟ : ਬੇਅਦਬੀ ਮਾਮਲਿਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਰੀਦਕੋਟ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਚੋਣ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਏ ਗਏ ਪੋਸਟਰਾਂ ਉੱਪਰ ਅਣਪਛਾਤੇ ਵਿਅਕਤੀਆਂ ਨੇ ਕਾਲਖ਼ ਮਲ ਕੇ ਸੁਖਬੀਰ ਬਾਦਲ ਦਾ ਮੂੰਹ ਕਾਲਾ ਕਰ ਦਿੱਤਾ। ਇਨ੍ਹਾਂ ਪੋਸਟਰਾਂ ਉੱਪਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਅਤੇ ਸਥਾਨਕ ਅਕਾਲੀ ਆਗੂਆਂ ਦੀਆਂ ਤਸਵੀਰਾਂ ‘ਤੇ ਵੀ ਕਾਲਖ ਮਲੀ ਗਈ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …