Breaking News
Home / ਹਫ਼ਤਾਵਾਰੀ ਫੇਰੀ / ਵੱਡੇ ਲੀਡਰਾਂ ਨੇ ਸਿਆਸਤ ਦੀ ਭੱਠੀ ‘ਚ ਝੋਕੇ ਆਪਣੇ ਮਾਸੂਮ ਧੀਆਂ-ਪੁੱਤ

ਵੱਡੇ ਲੀਡਰਾਂ ਨੇ ਸਿਆਸਤ ਦੀ ਭੱਠੀ ‘ਚ ਝੋਕੇ ਆਪਣੇ ਮਾਸੂਮ ਧੀਆਂ-ਪੁੱਤ

ਸੁਖਬੀਰ ਤੇ ਹਰਸਿਮਰਤ ਬਾਦਲ ਦਾ ਬੇਟਾ ਅਨੰਤਵੀਰ ਬਾਦਲ, ਰਾਜਾ ਵੜਿੰਗ ਦੀ ਧੀ ਏਕਮ ਕੌਰ ਵੜਿੰਗ, ਮਨਪ੍ਰੀਤ ਬਾਦਲ ਦਾ ਮੁੰਡਾ ਅਰਜਨ ਬਾਦਲ, ਸੁਖਪਾਲ ਖਹਿਰਾ ਦਾ ਪੁੱਤਰ ਮਹਿਤਾਬ ਖਹਿਰਾ ਤੇ ਧੀ ਸਿਮਰ ਖਹਿਰਾ ਅਤੇ ਬਾਦਲ ਦੀ ਪੋਤੀ ਹਰਕੀਰਤ ਕੌਰ ਬਾਦਲ ਚੋਣ ਪਿੜ ‘ਚ

ਚੰਡੀਗੜ੍ਹ : ਭੱਠੀ ਨੂੰ ਮਘਾਉਣ ਲਈ ਝੋਕਾ ਲਾਉਣਾ ਹੀ ਪੈਂਦਾ ਹੈ ਤੇ ਸਾਡੇ ਲੀਡਰ ਸਿਆਸਤ ਦੀ ਭੱਠੀ ਨੂੰ ਮਘਾਉਣ ਲਈ ਹਰ ਹੀਲਾ ਵਰਤਦੇ ਹਨ। ਪੰਜਾਬ ਅੰਦਰ ਲੋਕ ਸਭਾ ਚੋਣਾਂ ਦੇ ਪਿੜ ਵਿਚ ਨਿੱਤਰੇ ਵੱਡੇ ਘਰਾਣਿਆਂ ਨੇ ਤੇ ਵੱਡੇ ਲੀਡਰਾਂ ਨੇ ਹੁਣ ਆਪਣੇ ਧੀਆਂ-ਪੁੱਤਰਾਂ ਨੂੰ ਏ.ਸੀ. ਕਮਰਿਆਂ ‘ਚੋਂ ਕੱਢ ਕੇ ਸਿਆਸਤ ਦੀ ਭੱਠੀ ਵਿਚ ਝੋਕ ਦਿੱਤਾ। ਏ. ਸੀ. ਕਾਰਾਂ ਤੇ ਏ. ਸੀ. ਘਰਾਂ ‘ਚ ਰਹਿਣ ਦੇ ਆਦੀ ਜਵਾਕ ਹੁਣ 40 ਤੋਂ 42 ਡਿਗਰੀ ਦੇ ਤਾਪਮਾਨ ‘ਚ ਪਿੰਡ ਦੀਆਂ ਗਲੀਆਂ ਵਿਚ ਪਸੀਨੋ-ਪਸੀਨੀ ਹੋਏ ਆਪਣੇ ਮਾਂ-ਬਾਪ ਲਈ ਜਿੱਥੇ ਵੋਟਾਂ ਮੰਗ ਰਹੇ ਹਨ, ਉਥੇ ਨੱਕ ਜਿਹਾ ਚੜ੍ਹਾ ਕੇ ਸਟੀਲ ਦੇ ਗਲਾਸਾਂ ‘ਚ ਚਾਹ ਦੀ ਚੁਸਕੀਆਂ ਵੀ ਭਰ ਲੈਂਦੇ ਹਨ। ਪਸੀਨੋ-ਪਸੀਨੀ ਹੋਏ ਇਨ੍ਹਾਂ ਵੱਡੇ ਘਰਾਂ ਦੇ ਜਵਾਕਾਂ ਨੂੰ ਕਈ ਵਾਰ ਮਜਬੂਰੀ ਵਸ ਬਿਨਾ ਆਰ ਓ ਵਾਲਾ ਪਾਣੀ ਵੀ ਗਲ ਹੇਠ ਉਤਾਰਨਾ ਹੀ ਪੈਂਦਾ ਹੈ। ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਦੀ ਧੀ ਹਰਕੀਰਤ ਕੌਰ ਤੇ ਪੁੱਤ ਅਨੰਤਵੀਰ ਸਿੰਘ ਬਾਦਲ ਜਿੱਥੇ ਅਕਾਲੀ ਦਲ ਦੇ ਚੋਣ ਦਫ਼ਤਰਾਂ ਦੇ ਉਦਘਾਟਨ ਕਰਕੇ ਵੋਟਾਂ ਦੀ ਅਪੀਲ ਕਰ ਰਹੇ ਹਨ, ਉਥੇ ਸਿਰੋਪੇ ਵੀ ਇਕੱਤਰ ਕਰ ਰਹੇ ਹਨ। ਇਸੇ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਦੀ ਧੀ ਸਿਮਰ ਖਹਿਰਾ ਤੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਬਠਿੰਡਾ ‘ਚ ਚੋਣ ਕਮਾਨ ਸੰਭਾਲੀ ਹੋਈ ਹੈ। ਮਨਪ੍ਰੀਤ ਬਾਦਲ ਦਾ ਪੁੱਤਰ ਤਾਂ ਚੋਣ ਬੈਠਕਾਂ ਨੂੰ ਵੀ ਸੰਬੋਧਨ ਕਰ ਲੈਂਦਾ ਹੈ। ਅਰਜਨ ਬਾਦਲ ਅੱਜ ਕੱਲ੍ਹ ਆਪਣੀ ਮਾਂ ਨਾਲ ਬਠਿੰਡਾ ਹਲਕੇ ਤੋਂ ਖੜ੍ਹੇ ਰਾਜਾ ਵੜਿੰਗ ਲਈ ਵੋਟਾਂ ਮੰਗ ਰਿਹਾ ਹੈ। ਜਦੋਂਕਿ ਸੁਖਬੀਰ ਦਾ ਪੁੱਤਰ ਅਨੰਤਵੀਰ ਬਾਦਲ ਗੁਲਜ਼ਾਰ ਸਿੰਘ ਰਣੀਕੇ ਲਈ ਵੀ ਰਿਬਨ ਕੱਟ ਰਿਹਾ ਹੈ। ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਬੇਟਾ ਇਮਾਨ ਸਿੰਘ (10) ਅਤੇ ਬੇਟੀ ਏਕਮ ਕੌਰ (13) ਛੋਟੇ ਹੋਣ ਕਰਕੇ ਚੋਣ ਪ੍ਰਚਾਰ ਨਹੀਂ ਕਰ ਰਹੇ ਪਰ ਉਹ ਆਪਣੇ ਮੰਮੀ-ਪਾਪਾ ਨਾਲ ਕਿਸੇ-ਕਿਸੇ ਚੋਣ ਜਲਸੇ ‘ਚ ਨਜ਼ਰ ਜ਼ਰੂਰ ਆਉਂਦੇ ਹਨ। ਪਾਰਟੀ ਵਰਕਰ ਜਿੱਥੇ ਆਪੋ-ਆਪਣੀ ਪਾਰਟੀ ਦੇ ਪ੍ਰਮੁੱਖ ਲੀਡਰਾਂ ਦੇ ਧੀਆਂ-ਪੁੱਤਾਂ ਨੂੰ ਜੀ ਆਇਆਂ ਆਖ ਰਹੇ ਹਨ, ਉਥੇ ਬੈਠਕਾਂ ਤੇ ਰੈਲੀਆਂ ਆਦਿ ਖਤਮ ਹੋਣ ਤੋਂ ਬਾਅਦ ਆਪਣੇ ਰਾਜਦਾਰ ਨਾਲ ਨੁਕਤਾ ਵੀ ਸਾਂਝਾ ਕਰਦੇ ਸੁਣਾਈ ਪੈਂਦੇ ਹਨ ਕਿ ਭਾਈ ਰਾਜ ਤਾਂ ਇਨ੍ਹਾਂ ਨੇ ਹੀ ਕਰਨਾ ਹੈ। ਪਹਿਲਾਂ ਪਿਓ-ਦਾਦੇ ਕਰਗੇ ਹੁਣ ਆਉਂਦੇ ਸਮੇਂ ਆਹ ਜਵਾਕ ਕਰਨਗੇ। ਆਪਾਂ ਤਾਂ ਦਰੀਆਂ ਹੀ ਝਾੜਨੀਆਂ ਨੇ ਝਾੜੀ ਜਾਓ। ਇਸ ਵਿਚ ਕੋਈ ਦੋ ਰਾਏ ਨਹੀਂ ਕਿ ਸਿਆਸਤਦਾਨਾਂ ਦੀ ਇਸ ਪਨੀਰੀ ਵਿਚੋਂ ਕੁਝ ਬੂਟੇ ਆਉਂਦੀਆਂ ਵਿਧਾਨ ਸਭਾ ਚੋਣਾਂ ‘ਚ ਤੇ ਕੁਝ ਬਾਅਦ ਦੀਆਂ ਚੋਣਾਂ ਵਿਚ ਸਿਆਸੀ ਵਿਹੜੇ ‘ਚ ਉਗ ਪੈਣਗੇ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …