Breaking News
Home / ਕੈਨੇਡਾ / ਬਰੈਂਪਟਨ ਵੈਸਟ ਤੋਂ ਕਮਿਊਨਿਸਟ ਪਾਰਟੀ ਕੈਨੇਡਾ ਦੇ ਉਮੀਦਵਾਰ ਹਰਿੰਦਰਪਾਲ ਹੁੰਦਲ ਦੇ ਪੱਖ ਵਿੱਚ ਹੋਇਆ ਜਨਤਕ ਇਕੱਠ

ਬਰੈਂਪਟਨ ਵੈਸਟ ਤੋਂ ਕਮਿਊਨਿਸਟ ਪਾਰਟੀ ਕੈਨੇਡਾ ਦੇ ਉਮੀਦਵਾਰ ਹਰਿੰਦਰਪਾਲ ਹੁੰਦਲ ਦੇ ਪੱਖ ਵਿੱਚ ਹੋਇਆ ਜਨਤਕ ਇਕੱਠ

ਬਰੈਂਪਟਨ : ਕਮਿਊਨਿਸਟ ਪਾਰਟੀ ਕੈਨੇਡਾ ਦੇ ਬਰੈਮਟਨ ਵੈਸਟ ਤੋਂ ਉਮੀਦਵਾਰ ਹਰਿੰਦਰਪਾਲ ਹੁੰਦਲ ਦੇ ਪੱਖ ਵਿੱਚ ਲੰਘੇ ਐਤਵਾਰ ਬਰੈਂਪਟਨ ਵਿੱਚ ਇਕ ਪ੍ਰਭਾਵਸ਼ਾਲੀ ਜਨਤਕ ਇਕੱਠ ਆਯੋਜਿਤ ਕੀਤਾ ਗਿਆ ਅਤੇ ਹਰਿੰਦਰਪਾਲ ਹੁੰਦਲ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਨੂੰ ਹਲਕਾ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਇਕੱਠ ਨੂੰ ਕਮਿਊਨਿਸਟ ਪਾਰਟੀ ਦੀ ਲੀਡਰ ਕਾਮਰੇਡ ਲਿਜ਼ ਰੌਲੀ ਨੇ ਸੰਬੋਧਨ ਕੀਤਾ। ਕਾਮਰੇਡ ਲਿਜ਼ ਇਹਨਾਂ ਚੋਣਾਂ ਦੌਰਾਨ ਸਮੁੱਚੇ ਕੈਨੇਡਾ ਦੇ ਦੌਰੇ ‘ਤੇ ਹਨ। ਕਾਮਰੇਡ ਲਿਜ਼ ਨੇ ਕਿਹਾ ਕਿ ਜਿਵੇਂ ਅਸੀਂ ਚੋਣਾਂ ਵੱਲ ਵੱਧ ਰਹੇਂ ਹਾਂ ਕੈਨੇਡਾ ਆਰਥਿਕ ਮੰਦੀ ਵੱਲ ਵੱਧ ਰਿਹਾ ਹੈ, ਨਿਊਕਲੀਅਰ ਅਤੇ ਆਮ ਯੁੱਧ ਦੇ ਸੰਸਾਰ ਪੱਧਰ ‘ਤੇ ਖਤਰੇ ਵੱਧ ਰਹੇ ਹਨ, ਵਾਤਾਵਰਨ ਦਾ ਮਸਲਾ ਬੇਹੱਦ ਗੰਭੀਰ ਹੋ ਰਿਹਾ ਹੈ। ਸਰਮਾਏਦਾਰ ਪੱਖੀ ਸਰਕਾਰਾਂ ਵੱਲੋਂ ਲੋਕਾਂ ਦੇ ਹੱਕਾਂ ਅਤੇ ਸੇਵਾਵਾਂ ‘ਤੇ ਲਗਾਤਾਰ ਹਮਲਾ ਕੀਤਾ ਜਾ ਰਿਹਾ ਹੈ ਅਤੇ ਸੱਜੇ ਪੱਖੀ ਫਾਸ਼ੀਵਾਦੀ ਰਾਜਸੀ ਤਾਕਤਾਂ ਦੀ ਵਧਦੀ ਹਾਜ਼ਰੀ ਬੇਹੱਦ ਚਿੰਤਾਜਨਕ ਮਸਲਾ ਬਣ ਗਿਆ ਹੈ।
ਕਾਮਰੇਡ ਲਿਜ਼ ਨੇ ਕਿਹਾ ਇਹਨਾਂ ਚੋਣਾਂ ਵਿੱਚ ਮਿਹਨਤਕਸ਼ ਲੋਕਾਂ ਦੇ ਤਿੰਨ ਮੁੱਖ ਚਿੰਤਾਮਈ ਮਸਲੇ ਹਨ: ਰੋਜ਼ੀ ਰੋਟੀ, ਵਾਤਾਵਰਨ, ਸ਼ਾਂਤੀ ਤੇ ਵਿਦੇਸ਼ ਨੀਤੀ। ਪਿਛਲੀ ਪਿਛਾਂਹਖਿਚੂ ਲੋਕ ਅਤੇ ਵਾਤਾਵਰਨ ਵਿਰੋਧੀ ਕੰਸਰਵੇਟਿਵ ਹਾਰਪਰ ਸਰਕਾਰ ਨਾਲੋਂ ਲੋਕਾਂ ਨੂੰ ਲਗਦਾ ਸੀ ਟਰੂਡੋ ਦੀ ਲਿਬਰਲ ਸਰਕਾਰ ਇਹਨਾਂ ਤਿੰਨ ਮਸਲਿਆਂ ਪ੍ਰਤੀ ਕੋਈ ਵੱਖਰੀ ਪਹੁੰਚ ਅਪਣਾਏਗੀ ਪਰ ਇਸ ਤਰ੍ਹਾਂ ਨਹੀਂ ਹੈ। ਟਰੂਡੋ ਸਰਕਾਰ ਦੀ ਵਿਦੇਸ਼ ਨੀਤੀ ਹਾਰਪਰ ਸਰਕਾਰ ਵਾਂਗ ਹੀ ਦੂਸਰੇ ਦੇਸ਼ਾਂ ਪ੍ਰਤੀ ਧੌਂਸ ਅਤੇ ਉਹਨਾਂ ਦੇ ਅੰਦਰੂਨੀ ਮਸਲੀਆਂ ਵਿੱਚ ਦਖਲਅੰਦਾਜ਼ੀ ਵਾਲੀ ਹੈ। ਕੈਨੇਡਾ ਲਗਾਤਾਰ ਅਮਰੀਕਾ ਦੀਆਂ ਸਾਮਰਾਜੀ ਧੌਸਵਾਦੀ ਨੀਤੀਆਂ ਵਿੱਚ ਜੂਨੀਅਰ ਪਾਰਟਨਰ ਦੀ ਤਰ੍ਹਾਂ ਪੇਸ਼ ਆ ਰਿਹਾ ਹੈ। ਟਰੂਡੋ ਨੇ ਅਮਰੀਕਾ ਦੇ ਕਹਿਣ ਤੇ ਰੱਖਿਆ ਬਜਟ ਵਿੱਚ 73 ਫੀਸਦੀ ਦਾ ਵਾਧਾ ਕੀਤਾ ਹੈ ਜੋ ਬੇਹੱਦ ਨਿੰਦਣਯੋਗ ਹੈ। ਸਰਕਾਰ ਕਾਰਪੋਰੇਟਾਂ ਦੇ ਟੈਕਸ ਘਟਾ ਰਹੀ ਹੈ ਜਦਕਿ ਕਿ ਆਮ ਲੋਕਾਂ ਉਪਰ ਟੈਕਸਾਂ ਦਾ ਭਾਰ ਪਾ ਕੇ ਅਤੇ ਜ਼ਰੂਰੀ ਸੇਵਾਵਾਂ ਦੇ ਫੰਡ ਕੱਟ ਰਹੀ ਹੈ। ਵਾਤਾਵਰਨ ਦੇ ਮਸਲੇ ਨੂੰ ਸਰਕਾਰ ਲਗਾਤਾਰ ਸਿਰਫ ਨਜ਼ਰਅੰਦਾਜ਼ ਹੀ ਨਹੀ ਕਰ ਰਹੀ ਬਲਕਿ ਗੈਸ ਪਾਇਪਲਾਇਨ ਦੀ ਮਨਜ਼ੂਰੀ ਦੇ ਕੇ ਅਤੇ ਨੈਫਟਾ 2 ਰਾਹੀਂ ਕਾਰਪੋਰੇਟਾਂ ਨੂੰ ਵਾਤਾਵਰਨ ਦੀ ਹੋਰ ਤਬਾਹੀ ਕਰਨ ਦੀ ਖੁੱਲੀ ਛੁੱਟੀ ਦੇ ਰਹੀ ਹੈ।
ਕਾਰਪੋਰੇਟ ਪੱਖੀ ਨੀਤੀਆਂ ਰਾਹੀਂ ਕਿਸਾਨ ਤੇ ਆਮ ਮਿਹਨਤਕਸ਼ ਲੋਕਾਂ ਦਾ ਦਵਾਲੀਆਂ ਨਿਲਕ ਰਿਹਾ ਹੈ, ਪਲਾਂਟ ਬੰਦ ਹੋ ਰਹੇ ਹਨ, ਲੋਕ ਬੇਰੁਜਗਾਰ ਹੋ ਰਹੇ ਹਨ ਤੇ ਜਰੂਰੀ ਸੇਵਾਵਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਕਾਰਬਨ ਟੈਕਸ ਵਾਤਾਵਰਨ ਦੀ ਸੰਭਾਲ ਲਈ ਕੋਈ ਵੀ ਕਾਰਗਰ ਕਦਮ ਨਹੀਂ ਹੈ ਬਲਕਿ ਲੋਕਾਂ ਉਪਰ ਇੱਕ ਹੋਰ ਟੈਕਸ ਹੈ। ਉਹਨਾਂ ਨੇ ਲੋਕਾਂ ਨੂੰ ਸਾਵਧਾਨ ਕੀਤਾ ਕਿ ਲਿਬਰਲ ਦੀ ਸਰਕਾਰ ਦਾ ਬਦਲ ਸ਼ੀਅਰ ਦੀ ਸੱਜੇ ਪੱਖੀ, ਪਰਵਾਸੀਆਂ ਅਤੇ ਮੂਲ ਵਾਸੀਆਂ ਵਿਰੋਧੀ ਅਤੇ ਫਾਸ਼ੀਵਾਦੀ ਧਿਰਾਂ ਪੱਖੀ ਕੰਸਰਵੇਟਿਵ ਸਰਕਾਰ ਕਦੇ ਵੀ ਨਹੀਂ ਹੋ ਸਕਦੀ। ਕਾਮਰੇਡ ਲਿਜ਼ ਨੇ ਕਿਹਾ ਲੋਕਾਂ ਦੇ ਭਲੇ ਅਤੇ ਚੰਗੇ ਰੁਜ਼ਗਾਰ, ਵਾਤਾਵਰਨ ਪੱਖੀ ਸਰਕਾਰ ਲਈ ਸਾਨੂੰ ਕਮਿਉਨਿਸਟਾਂ ਸਮੇਤ ਵੱਧ ਤੋ ਵੱਧ ਅਗਾਂਹਵਧੂ ਤੇ ਲੋਕ ਪੱਖੀ ਉਮੀਦਵਾਰਾਂ ਨੂੰ ਚੁਨਣਾ ਚਾਹੀਦਾ ਹੈ। ਉਹਨਾਂ ਕਿਹਾ ਇਹਨਾਂ ਚੋਣਾਂ ਵਿੱਚ ਕਮਿਊਨਿਸਟ ਪਾਰਟੀ ਲੋਕਾਂ ਦੇ ਹੱਕ ਵਿੱਚ ਬਦਲਾਅ ਲਈ ਬੜਾ ਵਿਸ਼ਾਲ ਚੋਣ ਮੈਨੀਫੈਸਟੋ ਲੈ ਕੇ ਆਈ ਹੈ। ਜਿਸ ਦੇ ਮੁੱਖ ਪੱਖ ਹਨ: ਸੰਪੂਰਨ ਰੁਜ਼ਗਾਰ ਦੀ ਨੀਤੀ ਤਹਿਤ ਚੰਗੇ ਰੁਜ਼ਗਾਰ ਮੌਕੇ ਪੈਦਾ ਕਰਨਾਂ ਤੇ ਘੱਟੋ ਘੱਟ ਉਜਰਤ /20 ਕਰਨਾਂ, 1 ਮੀਲੀਅਨ ਸੋਸ਼ਲ ਹਾਉਸਿੰਗ ਘਰ ਫੋਰਨ ਤਿਆਰ ਕਰਨਾ, ਉਰਜਾ ਖੇਤਰ ਅਤੇ ਕੁਦਰਤੀ ਸੋਮੀਆਂ ਦਾ ਰਾਸ਼ਟਰੀ ਕਰਨ ਕਰਨਾਂ, ਰੱਖਿਆ ਬਜਟ 75 ਫੀਸਦੀ ਤੱਕ ਘਟਾਉਣਾ ਤੇ ਪੈਸਾ ਜਰੂਰੀ ਸਮਾਜਿਕ ਸੇਵਾਵਾਂ ਤੇ ਖਰਚਣਾ, ਟਾਰਸੈਂਡ ਅਤੇ ਪਾਇਪਲਾਇਨਾਂ ਨੂੰ ਬੰਦ ਕਰਕੇ ਵਾਤਾਵਰਨ ਪੱਖੀ ਤਕਨੀਕ ਵਿਕਸਤ ਕਰਨਾਂ, ਕਾਰਪੋਰੇਟ ਟੈਕਸ 15 ਫੀਸਦੀ ਤੋਂ ਦੂੱਗਣਾ ਕਰਨਾ ਤੇ ਆਮ ਲੋਕਾਂ ਦੀ ਚਾਲੀ ਹਜਾਰ ਤੱਕ ਆਮਦਨ ਟੈਕਸ ਮੁਕਤ ਕਰਨਾ, ਪੋਸਟ ਸੈਕੰਡਰੀ ਵਿਦਿਆ ਮੁਫਤ ਕਰਨਾ ਤੇ ਵਿਦਿਆਰਥੀਆਂ ਦੇ ਸਾਰੇ ਵਿਦਿਅਕ ਕਰਜੇ ਮਾਫ ਕਰਨਾ, ਪਬਲਿਕ ਸਿਹਤ ਸੇਵਾਵਾਂ ਦੇ ਵਿਸਥਾਰ ਤਹਿਤ ਦਵਾਇਆਂ, ਦੰਦ, ਅੱਖਾਂ, ਦਿਮਾਗੀ ਸਿਹਤ ਨੂੰ ਪਬਲਿਕ ਸਿਹਤ ਸੇਵਾਵਾਂ ਵਿੱਚ ਸ਼ਾਮਲ ਕਰਨਾਂ ਆਦਿ ਮੁੱਖ ਹਨ। ਕਮਿਊਨਿਸਟ ਪਾਰਟੀ ਕੈਨੇਡਾ ਦਾ ਵਿਸਥਾਰ ਨਾਲ ਚੋਣ ਪ੍ਰੋਗਰਾਮ ਦੇਖਣ ਲਈ votecommunist.com ਤ’ੇ ਜਾਇਆ ਜਾ ਸਕਦਾ ਹੈ। ਕਾਮਰੇਡ ਲਿਜ਼ ਨੇ ਹਲਕਾਂ ਬਰੈਂਪਟਨ ਵੈਸਟ ਤੋਂ ਹਰਿੰਦਰਪਾਲ ਹੁੰਦਲ ਨੂੰ ਵੋਟਾਂ ਪਾ ਕੇ ਕਾਮਯਾਬ ਕਰਕੇ ਲੋਕਾਂ ਦੇ ਹਿੱਤਾਂ ਲਈ ਦਮਦਾਰ ਅਵਾਜ਼ ਪਾਰਲੀਮੈਂਟ ਭੇਜਣ ਦੀ ਅਪੀਲ ਵੀ ਕੀਤੀ। ਹਾਜ਼ਰ ਲੋਕਾਂ ਨੂੰ ਊਮੀਦਵਾਰ ਹਰਿੰਦਰਪਾਲ ਹੁੰਦਲ ਨੇ ਵੀ ਸੰਬੋਧਨ ਵੀ ਕੀਤਾ। ਹਰਿੰਦਰਪਾਲ ਹੁੰਦਲ ਦੀ ਚੋਣ ਸਬੰਧੀ ਹੋਰ ਜਾਣਕਾਰੀ ਲਈ 647 818 6880 ਜਾਂ 416 704 0745 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …