Breaking News
Home / ਭਾਰਤ / ਅਟਲ ਬਿਹਾਰੀ ਵਾਜਪਾਈ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਅਟਲ ਬਿਹਾਰੀ ਵਾਜਪਾਈ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਅੰਤਿਮ ਯਾਤਰਾ ‘ਚ ਵੱਡੀ ਗਿਣਤੀ ਆਗੂ ਤੇ ਹੋਰ ਹਸਤੀਆਂ ਹੋਈਆਂ ਸ਼ਾਮਲ
ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਸ਼ੁੱਕਰਵਾਰ ਨੂੰ ਦਿੱਲੀ ‘ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੀ ਮੁਤਬੰਨੀ ਧੀ ਨਮਿਤਾ ਕੌਲ ਭੱਟਾਚਾਰੀਆ ਨੇ ਦਿਖਾਈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਜਿਉਂ ਹੀ ਤੋਪਾਂ ਨਾਲ ਸਲਾਮੀ ਦਿੱਤੀ ਦਿੱਤੀ ਗਈ ਤੇ ਮੌਕੇ ‘ਤੇ ਹਾਜ਼ਰ ਗਮਗੀਨ ਲੋਕਾਂ ਵਿੱਚ ਸ਼ਾਂਤੀ ਪਸਰ ਗਈ ਤੇ ਅੱਗ ਦੀਆਂ ਲਪਟਾਂ ਦੀ ਧੁਨੀ ਫਿਜ਼ਾ ਵਿੱਚ ਫੈਲਣ ਲੱਗੀ। ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਭਾਰੀ ਤਦਾਦ ਵਿੱਚ ਦੇਸ਼ ਭਰ ਵਿੱਚੋਂ ਆਗੂ ਤੇ ਹੋਰ ਹਸਤੀਆਂ ਸ਼ਾਮਲ ਹੋਈਆਂ। ਇਸ ਮੌਕੇ ਹਾਜ਼ਰ ਲੋਕਾਂ ਦੀ ਗਿਣਤੀ ਦਾ ਕੋਈ ਹਿਸਾਬ ਨਹੀਂ ਰਿਹਾ। ਜਿਉਂ ਹੀ ਅੱਗ ਦੀਆਂ ਲਾਟਾਂ ਅੰਬਰ ਨੂੰ ਛੂਹਣ ਲੱਗੀਆਂ ਤਾਂ ਫਿਜ਼ਾ ਵਿੱਚ ‘ਅਟਲ ਬਿਹਾਰੀ ਅਮਰ ਰਹੇ’ ਦੇ ਨਾਹਰੇ ਗੂੰਜਣ ਲੱਗੇ। ਯਮੁਨਾ ਕੰਢੇ ਰਾਸ਼ਟਰੀ ਸਮ੍ਰਿਤੀ ਸਥਲ ਉੱਤੇ ਉਨ੍ਹਾਂ ਦੇ ਸਸਕਾਰ ਵਿੱਚ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਸਣੇ ਦੇਸ਼ ਦੇ ਵੱਡੇ ਆਗੂ ਸ਼ਾਮਲ ਸਨ। ਦੇਖਦਿਆਂ ਹੀ ਦੇਖਦਿਆਂ ਦੇਸ਼ ਦੇ ਮਹਾਨ ਆਗੂ ਦਾ ਮ੍ਰਿਤਕ ਸਰੀਰ ਪੰਜ ਤੱਤਾਂ ਵਿੱਚ ਵਿਲੀਨ ਹੋ ਗਿਆ। ਇਸ ਸਥਾਨ ਉੱਤੇ ਹੀ ਮਹਾਤਮਾ ਗਾਂਧੀ, ਲਾਲ ਬਹਾਦਰ ਸ਼ਾਸਤਰੀ, ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਦੀਆਂ ਸਮਾਧੀਆਂ ਹਨ। ਸਾਬਕਾ ਪ੍ਰਧਾਨ ਮੰਤਰੀ ਜਿਨ੍ਹਾਂ ਦਾ ਵੀਰਵਾਰ ਨੂੰ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਵਿੱਚ ਦੇਹਾਂਤ ਹੋ ਗਿਆ ਸੀ, ਦਾ ਮ੍ਰਿਤਕ ਸਰੀਰ ਤਿਰੰਗੇ ਵਿੱਚ ਸਨਮਾਨਜਨਕ ਢੰਗ ਨਾਲ ਲਪੇਟ ਕੇ ਉਨ੍ਹਾਂ ਦੀ ਦੋਹਤੀ ਨਿਹਾਰਕਾ ਨੂੰ ਸੌਂਪਿਆ ਗਿਆ ਤਾਂ ਥੋੜ੍ਹੇ ਸਮੇਂ ਵਿੱਚ ਹੀ ਉਨ੍ਹਾਂ ਦੇ ਪ੍ਰਸੰਸਕਾਂ ਦਾ ਇੱਕਠ ਹੋਣਾ ਸ਼ੁਰੂ ਹੋ ਗਿਆ। ਇਸ ਮੌਕੇ ਮਾਹੌਲ ਅਤਿ ਗਮਗੀਨ ਸੀ ਤੇ ਪਲਾਂ ਵਿੱਚ ਹੀ ਤਿਰੰਗਾ ਹੰਝੂਆਂ ਨਾਲ ਪੂਰੀ ਤਰ੍ਹਾਂ ਭਿੱਜ ਗਿਆ। ਜਿਉਂ ਹੀ ਵਾਜਪਾਈ ਦੀ ਫੁੱਲਾਂ ਨਾਲ ਸਜਾਈ ਮ੍ਰਿਤਕ ਦੇਹ ਨੂੰ ਲੈ ਕੇ ਅੰਤਿਮ ਯਾਤਰਾ ਉਨ੍ਹਾਂ ਦੇ ਘਰ ਤੋਂ ਦੀਨ ਦਿਆਲ ਮਾਰਗ ਉੱਤੇ ਸਥਿਤ ਭਾਜਪਾ ਮੁੱਖ ਦਫਤਰ ਤੇ ਉਥੋਂ ਰਾਸ਼ਟਰੀ ਸਮ੍ਰਿਤੀ ਸਥਲ ਲਈ ਨਿਕਲੀ ਤਾਂ ਲੋਕ ਆਪ ਮੁਹਾਰੇ ਇਸ ਵਿੱਚ ਸ਼ਾਮਲ ਹੁੰਦੇ ਚਲੇ ਗਏ। ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣ ਲਈ ਲੋਕ ਦੌੜ ਰਹੇ ਸਨ, ਕਾਹਲੇ ਪੈਰੀਂ ਨਾਲ ਰਲਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਬਹੁਤ ਸਾਰੇ ਸ਼ਾਂਤ ਚਿੱਤ ਉਨ੍ਹਾਂ ਦੇ ਫੁੱਲਾਂ ਨਾਲ ਢਕੇ ਮ੍ਰਿਤਕ ਸਰੀਰ ਜੋ ਕਿ ਇੱਕ ਫੌਜੀ ਵਾਹਨ ਉੱਤੇ ਸਨਮਾਨਜਨਕ ਢੰਗ ਨਾਲ ਸਜਾਇਆ ਹੋਇਆ ਸੀ, ਦੇ ਪਿੱਛੇ ਪਿੱਛੇ ਤੇ ਨਾਲ ਨਾਲ ਚੱਲ ਰਹੇ ਸਨ। ਭਾਜਪਾ ਦਫਤਰ ਤੋਂ ਲੈ ਕੇ ਸਮ੍ਰਿਤੀ ਸਥਲ ਤੱਕ ਚਾਰੇ ਪਾਸ ਸੜਕਾਂ ਲੋਕਾਂ ਨਾਲ ਭਰੀਆਂ ਹੋਈਆਂ ਸਨ। ਸੁਰੱਖਿਆ ਮੁਲਾਜ਼ਮ ਪੂਰੀ ਮੁਸਤੈਦੀ ਨਾਲ ਸੰਜਮ ਵਿੱਚ ਰਹਿ ਕੇ ਲੋਕਾਂ ਨੂੰ ਅਨੁਸਾਸ਼ਨ ਵਿੱਚ ਰੱਖ ਰਹੇ ਸਨ।
ਕੈਪਟਨ ਅਮਰਿੰਦਰ ਸਿੰਘ ਵਲੋਂ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਭੇਟઠ
ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਦਿੱਲੀ ‘ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਰਿਹਾਇਸ਼ ‘ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੁੱਖ ਮੰਤਰੀ ਉੱਥੇ ਲਗਪਗ ਅੱਧਾ ਘੰਟਾ ਰਹੇ ਅਤੇ ਉਨ੍ਹਾਂ ਵਾਜਪਾਈ ਦੀ ਗੋਦ ਲਈ ਪੁੱਤਰੀ ਨਮਿਤਾ ਕੌਲ ਭੱਟਾਚਾਰੀਆ, ਦਾਮਾਦ ਰੰਜਨ ਭੱਟਾਚਾਰੀਆ ਅਤੇ ਦੂਸਰੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਵਿਜ਼ਟਰ ਬੁੱਕ ਵਿਚ ਅਮਰਿੰਦਰ ਸਿੰਘ ਨੇ ਵਾਜਪਾਈ ਬਾਰੇ ਆਪਣੀਆਂ ਭਾਵਨਾਵਾਂ ਲਿਖੀਆਂ ਜਿਨ੍ਹਾਂ ਨਾਲ ਉਨ੍ਹਾਂ ਨੇ ਪਹਿਲੀ ਵਾਰ 1970 ਵਿਚ ਮੁਲਾਕਾਤ ਕੀਤੀ ਸੀ। ਮੁੱਖ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਇਕ ਮਹਾਨ ਨੇਤਾ, ਵਧੀਆ ਸਿਆਸਤਦਾਨ ਅਤੇ ਇਕ ਚੰਗੇ ਇਨਸਾਨ ਵਜੋਂ ਯਾਦ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਇਕ ਖਲਾਅ ਪੈਦਾ ਹੋ ਗਿਆ ਜਿਸ ਨੂੰ ਭਰਨਾ ਕਾਫੀ ਮੁਸ਼ਕਿਲ ਹੈ।
ਪ੍ਰਕਾਸ਼ ਸਿੰਘ ਬਾਦਲ ਨੇ ਵਾਜਪਾਈ ਦੇ ਪਰਿਵਾਰਕ ਮੈਂਬਰਾਂ ਨਾਲ ਕੀਤਾ ਦੁੱਖ ਸਾਂਝਾ
ਨਵੀਂ ਦਿੱਲੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਮੰਗਲਵਾਰ ਨੂੰ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਨਵੀਂ ਦਿੱਲੀ ਵਿਖੇ ਰਿਹਾਇਸ਼ ‘ਤੇ ਪੁੱਜੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਬਾਦਲ ਨੇ ਵਾਜਪਾਈ ਨੂੰ ਪੰਜਾਬ ਅਤੇ ਪੰਜਾਬੀਆਂ ਦਾ ਦੋਸਤ ਕਰਾਰ ਦਿੱਤਾ। ਵਾਜਪਾਈ ਦੀ ਬੇਟੀ ਨਮਿਤਾ ਭੱਟਾਚਾਰੀਆ ਸਮੇਤ ਹੋਰ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਵਾਜਪਾਈ ਹੋਰਾਂ ਨੇ ਪੰਜਾਬ ਪ੍ਰਤੀ ਜੋ ਹਮਦਰਦੀ ਦਿਖਾਈ, ਉਸ ਨੂੰ ਪੰਜਾਬੀ ਹਮੇਸ਼ਾ ਯਾਦ ਰੱਖਣਗੇ। ਪ੍ਰਕਾਸ਼ ਸਿੰਘ ਬਾਦਲ ਨੇ ਦੱਸਿਆ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਨੇ ਕਾਰਗਿਲ ਦੀ ਲੜਾਈ ਸਮੇਂ ਵੀ ਇਕ ਫੌਲਾਦੀ ਇਰਾਦੇ ਵਾਲੇ ਆਗੂ ਦਾ ਸਬੂਤ ਦਿੱਤਾ ਸੀ।
ਵਾਜਪਾਈ ਦੀਆਂ ਅਸਥੀਆਂ ਬਿਆਸ ਵਿਖੇ ਜਲ ਪ੍ਰਵਾਹ
ਰਈਆ : ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀਆਂ ਅਸਥੀਆਂ ਲੈ ਕੇ ਬੁੱਧਵਾਰ ਨੂੰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਕੇਂਦਰੀ ਮੰਤਰੀ ਵਿਜੈ ਸਾਂਪਲਾ, ਸੂਬਾ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ ਵਿੱਚ ਕਾਫ਼ਲਾ ਡੇਰਾ ਰਾਧਾ ਸੁਆਮੀ ਬਿਆਸ ਦੇ ਅਸਥਘਾਟ ਪੁੱਜਾ। ਧਾਰਮਿਕ ਰਸਮਾਂ ਨਿਭਾਉਣ ਉਪਰੰਤ ਸਾਬਕਾ ਪ੍ਰਧਾਨ ਮੰਤਰੀ ਦੀਆਂ ਅਸਥੀਆਂ ਜਲ ਪ੍ਰਵਾਹ ਕੀਤੀਆਂ।

Check Also

ਮਹਿਲਾਵਾਂ ਦੇ ਸਨਮਾਨ ਸਬੰਧੀ ਲੋਕਾਂ ਦੀ ਜ਼ਮੀਰ ਜਗਾਉਣ ਦਾ ਵੇਲਾ : ਮੁਰਮੂ

ਰਾਸ਼ਟਰਪਤੀ ਨੇ ਸਾਰਿਆਂ ਨੂੰ ਅੰਤਰਝਾਤ ਮਾਰਦਿਆਂ ਆਪਣੇ ਆਪ ਤੋਂ ਤਿੱਖੇ ਸਵਾਲ ਪੁੱਛਣ ਦਾ ਦਿੱਤਾ ਹੋਕਾ …