Breaking News
Home / ਭਾਰਤ / ਸ਼ਾਹੀਨ ਬਾਗ ਮੋਰਚੇ ‘ਚ ਪਹੁੰਚਣ ਲੱਗੇ ਪੰਜਾਬੀ

ਸ਼ਾਹੀਨ ਬਾਗ ਮੋਰਚੇ ‘ਚ ਪਹੁੰਚਣ ਲੱਗੇ ਪੰਜਾਬੀ

ਭਾਈਚਾਰਕ ਸਾਂਝ ਦੇ ਨਾਅਰਿਆਂ ਨਾਲ ਧਰਨੇ ਦੀ ਸ਼ਾਨੋ-ਸ਼ੌਕਤ ਬਰਕਰਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ‘ਹਿੰਦੂ, ਮੁਸਲਿਮ, ਸਿੱਖ, ਇਸਾਈ-ਆਪਸ ‘ਚ ਹਨ ਭਾਈ-ਭਾਈ’ ਦੇ ਗੂੰਜਦੇ ਨਾਅਰਿਆਂ ਦੌਰਾਨ ਦੱਖਣੀ ਦਿੱਲੀ ਦੇ ਸ਼ਾਹੀਨ ਬਾਗ਼ ਵਿਚ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ 15 ਦਸੰਬਰ ਤੋਂ ਲਾਇਆ ਧਰਨਾ ਪੂਰੀ ਸ਼ਾਨੋ-ਸ਼ੌਕਤ ਨਾਲ ਜਾਰੀ ਹੈ। ਮੰਗਲਵਾਰ ਨੂੰ ਪੰਜਾਬ ਤੋਂ ਪਹੁੰਚੇ ਆਗੂਆਂ ਨੇ ਮੁੜ ਇਸ ਪ੍ਰਦਰਸ਼ਨ ਵਿਚ ਸ਼ਿਰਕਤ ਕੀਤੀ। ਆਲ ਇੰਡੀਆ ਕਿਸਾਨ ਮਹਾਂ ਸਭਾ (ਏਆਈਕੇਐੱਮਐੱਸ) ਦੀ ਇਕਾਈ ਪੰਜਾਬ ਕਿਸਾਨ ਯੂਨੀਅਨ, ਸੀਪੀਆਈ (ਐੱਮਐੱਲ) ਲਿਬਰੇਸ਼ਨ ਦੀ ਕੇਂਦਰੀ ਕਮੇਟੀ ਦੇ ਮੈਂਬਰ ਸੁਖਦਰਸ਼ਨ ਸਿੰਘ ਨੱਤ ਅਤੇ ਹੋਰ ਆਗੂਆਂ ਦੀ ਅਗਵਾਈ ਹੇਠ ਕਿਸਾਨ ਧਰਨੇ ‘ਚ ਸ਼ਾਮਲ ਹੋਏ। ਨੱਤ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਕਾਰਨ ਭਾਜਪਾ ਆਗੂ ਰਾਜਧਾਨੀ ਅੰਦਰ ਸ਼ਾਹੀਨ ਬਾਗ਼ ਦੇ ਨਾਂ ‘ਤੇ ਜ਼ਹਿਰੀਲੇ ਭਾਸ਼ਣ ਦੇ ਕੇ ਦੇਸ਼ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ ਪਰ ਇਸ ਰੋਸ ਪ੍ਰਦਰਸ਼ਨ ਦੌਰਾਨ ਆਪਸੀ ਭਾਈਚਾਰੇ ਦੇ ਸੰਦੇਸ਼ ਦਿੱਤੇ ਜਾ ਰਹੇ ਹਨ। ਆਪਸੀ ਭਾਈਚਾਰੇ ਦੇ ਨਾਅਰੇ ਲਾ ਕੇ ਕੱਟੜਤਾ ਫੈਲਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੀ ਪਾਬੰਦੀ ਦੇ ਬਾਵਜੂਦ ਭਾਜਪਾ ਆਗੂਆਂ ‘ਤੇ ਕੋਈ ਅਸਰ ਨਹੀਂ ਹੈ ਤੇ ਭੜਕਾਊ ਭਾਸ਼ਣ ਦੇਣ ਲਈ ਕਪਿਲ ਮਿਸ਼ਰਾ, ਅਨੁਰਾਗ ਠਾਕੁਰ ਤੇ ਪ੍ਰਵੇਸ਼ ਵਰਮਾ ਖ਼ਿਲਾਫ਼ ਸੰਵਿਧਾਨ ਦੀ ਧਾਰਾ 295ਏ ਤਹਿਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਚੋਣ ਕਮਿਸ਼ਨ ਦੀ ਭੂਮਿਕਾ ਨੂੰ ਇਕ ਪਾਸੜ ਦੱਸਿਆ।
ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਭਾਜਪਾ ਵੱਲੋਂ ਆਰਐੱਸਐੱਸ ਦੇ ਏਜੰਡੇ ਨੂੰ ਲਾਗੂ ਕਰ ਕੇ ਬੇਰੁਜ਼ਗਾਰੀ, ਮਹਿੰਗਾਈ, ਆਰਥਿਕਤਾ ਦੇ ਮੁੱਦੇ ਜਾਣ-ਬੁੱਝ ਕੇ ਪਿੱਛੇ ਸੁੱਟੇ ਜਾ ਰਹੇ ਹਨ ਕਿਉਂਕਿ ਕੇਂਦਰ ਕੋਲ ਇਨ੍ਹਾਂ ਮੁੱਦਿਆਂ ‘ਤੇ ਕੋਈ ਜਵਾਬ ਨਹੀਂ ਹੈ। ਰਾਮਫਲ ਸਿੰਘ ਚੱਕਅਲੀਸ਼ੇਰ ਨੇ ਕਿਹਾ ਕਿ ਜਾਮੀਆ ਤੇ ਸ਼ਾਹੀਨ ਬਾਗ਼ ਵਿਚ ਸ਼ਾਂਤਮਈ ਪ੍ਰਦਰਸ਼ਨਾਂ ਮੌਕੇ ਹਿੰਸਾ ਕਰਨ ਵਾਲਿਆਂ ਦਾ ਪੁੱਜਣਾ ਖ਼ਦਸ਼ੇ ਪੈਦਾ ਕਰਦਾ ਹੈ। ਸੁਰਜੀਤ ਸਿੰਘ ਕੋਟਧਰਮੂ ਨੇ ਕਿਹਾ ਕਿ ਸੰਵਿਧਾਨਕ ਉਲੰਘਣਾ ਕਰ ਕੇ ਮੋਦੀ ਸਰਕਾਰ ਨੇ ਇਹ ਐਕਟ ਪਾਸ ਕੀਤਾ ਹੈ। ਮੋਹਨ ਸਿੰਘ ਰੋਡੂਕੇ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਦਾ ਧਰਮ ਨਿਰਪੱਖ ਤਾਣਾ-ਬਾਣਾ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਗੁਰਜੰਟ ਸਿੰਘ ਨੇ ਕਿਹਾ ਕਿ ਸ਼ਾਹੀਨ ਬਾਗ਼ ਬਾਰੇ ਜੋ ਤੱਥ ਭਾਜਪਾਈ ਪੇਸ਼ ਕਰ ਰਹੇ ਹਨ, ਹਕੀਕਤ ਉਸ ਤੋਂ ਅੱਡ ਹੈ। ਇਨ੍ਹਾਂ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਨਿੰਦਾ ਕੀਤੀ ਕਿ ਉਨ੍ਹਾਂ ਨ।
ਹਰਸਿਮਰਤ ਕੌਰ ਦੀ ਵਜ਼ੀਰੀ ਖ਼ਾਤਰ ਭਾਜਪਾ ਅੱਗੇ ਗੋਡੇ ਟੇਕੇ। ਨੱਤ ਨੇ ਕਿਹਾ ਕਿ ਉਹ ਇਹ ਦੱਸਣ ਆਏ ਹਨ ਕਿ ਅਕਾਲੀ ਹੀ ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦੇ, ਸਗੋਂ ਹੋਰ ਸਿੱਖ ਤੇ ਪੰਜਾਬੀ ਵੀ ਹਨ, ਜੋ ਧਰਮ ਨਿਰਪੱਖ ਤਾਕਤਾਂ ਦੇ ਨਾਲ ਖੜ੍ਹੇ ਹਨ। ਇਨਕਲਾਬੀ ਨੌਜਵਾਨ ਸਭਾ ਵੱਲੋਂ ਬਲਵਿੰਦਰ ਸਿੰਘ ਅਲਖ਼, ਸੁਖਜੀਤ ਸਿੰਘ ਰਾਮਾਨੰਦੀ ਤੇ ਆਇਸਾ ਤੋਂ ਸਕੱਤਰ (ਪੰਜਾਬ) ਵੀ ਧਰਨੇ ‘ਚ ਸ਼ਾਮਲ ਹੋਏ। ਕਿਸਾਨਾਂ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਲੰਗਰ ਵੀ ਲਾਇਆ।

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …