Breaking News
Home / ਭਾਰਤ / ਕੇਰਲਾ ‘ਚ ਹੜ੍ਹਾਂ ਨੇ ਮਚਾਈ ਤਬਾਹੀ, 400 ਤੋਂ ਵੱਧ ਮੌਤਾਂ

ਕੇਰਲਾ ‘ਚ ਹੜ੍ਹਾਂ ਨੇ ਮਚਾਈ ਤਬਾਹੀ, 400 ਤੋਂ ਵੱਧ ਮੌਤਾਂ

ਛੇ ਲੱਖ ਤੋਂ ਵੱਧ ਲੋਕ ਰਾਹਤ ਕੈਂਪਾਂ ਪਹੁੰਚੇ
ਤਿਰੂਵਨੰਤਪੁਰਮ : ਕੇਰਲਾ ਵਿੱਚ ਹੜ੍ਹ ਮਾਰੇ ਖੇਤਰਾਂ ਵਿੱਚ ਘਿਰੇ ਲੋਕ ਜ਼ਿੰਦਾ ਰਹਿਣ ਲਈ ਜੱਦੋਜਹਿਦ ਕਰ ਰਹੇ ਹਨ। ਰਾਜ ਵਿੱਚ ਮੀਂਹਾਂ ਤੇ ਹੜ੍ਹਾਂ ਦੀ ਤਬਾਹੀ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 400 ਤੋਂ ਜ਼ਿਆਦਾ ਹੋ ਗਈ ਹੈ। ਮੌਨਸੂਨ ਦੇ ਦੂਜੇ ਗੇੜ ਤਹਿਤ ਪਿਛਲੇ ਦਸ ਦਿਨਾਂ ਦੌਰਾਨ ਮੌਤਾਂ ਦੀ ਗਿਣਤੀ ਵਧ ਕੇ 197 ਹੋ ਗਈ ਹੈ। ਅਲਾਪੁੜਾ, ਤ੍ਰਿਸੁਰ ਅਤੇ ਅਰਨਾਕੁਲਮ ਜ਼ਿਲ੍ਹਿਆਂ ਵਿੱਚ ਬਹੁਤ ਸਾਰੀਆਂ ਥਾਵਾਂ ‘ਤੇ ਹੜ੍ਹ ਦਾ ਪਾਣੀ ਫੈਲਿਆ ਹੋਇਆ ਹੈ ਤੇ ਲੋਕ ਆਪੋ-ਆਪਣੇ ਘਰਾਂ ਵਿੱਚ ਘਿਰੇ ਹੋਏ ਹਨ। ਸਭ ਤੋਂ ਵੱਧ ਮੌਤਾਂ ਇਡੁਕੀ ਜ਼ਿਲ੍ਹੇ ਵਿੱਚ ਹੋਈਆਂ ਹਨ ਜਿਥੇ ਸਰਕਾਰੀ ਅੰਕੜਿਆਂ ਅਨੁਸਾਰ ਹੁਣ ਤੱਕ 43 ਮੌਤਾਂ ਹੋ ਚੁੱਕੀਆਂ ਹਨ। ਮਾਲਾਪੁਰਮ ਵਿੱਚ 28 ਤੇ ਤ੍ਰਿਸੁਰ ਵਿੱਚ 27 ਮੌਤਾਂ ਹੋਈਆਂ ਹਨ। ਮਾਲੀਆ ਅਫ਼ਸਰਾਂ ਮੁਤਾਬਕ ਅਲਾਪੁੜਾ ਜ਼ਿਲ੍ਹੇ ਦੇ ਚੇਂਗਾਨੂਰ ਵਿੱਚ ਕਰੀਬ ਪੰਜ ਹਜ਼ਾਰ ਲੋਕ ਪਾਣੀ ਵਿੱਚ ਘਿਰੇ ਹੋਏ ਹਨ। ਰਾਜ ਭਰ ਵਿੱਚ ਛੇ ਲੱਖ ਤੋਂ ਜ਼ਿਆਦਾ ਲੋਕ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ। ਪਤਨਾਮਤਿੱਟਾ ਜ਼ਿਲੇ ਵਿੱਚ ਰਾਨੀ ਵਿਚਲੇ ਰਾਹਤ ਕੈਂਪ ਵਿੱਚ ਰਹਿ ਰਹੀ ਇਕ ਔਰਤ ਨੇ ਦੱਸਿਆ ”ਇਹ ਸਾਡਾ ਦੂਜਾ ਜਨਮ ਹੋਇਆ ਹੈ। ਸਾਨੂੰ ਚਾਰ ਦਿਨ ਖਾਣ ਲਈ ਕੁਝ ਨਹੀਂ ਮਿਲਿਆ ਤੇ ਸਾਡੇ ਚਾਰੇ ਪਾਸੇ ਠੋਢੀ ਤੱਕ ਪਾਣੀ ਹੀ ਪਾਣੀ ਸੀ।” ਅਰਨਾਕੁਲਮ ਜ਼ਿਲ੍ਹੇ ਵਿੱਚ ਪਾਰਾਵੁਰ ਵਿਖੇ ਇਕ ਗਿਰਜਾਘਰ ਦਾ ਇਕ ਹਿੱਸਾ ਢਹਿਣ ਕਾਰਨ ਛੇ ਜਣਿਆਂ ਦੇ ਮਾਰੇ ਜਾਣ ਦੀ ਸੂਚਨਾ ਹੈ ਪਰ ਸਰਕਾਰੀ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਖੇਤੀਬਾੜੀ ਮੰਤਰੀ ਵੀਐਸ ਸੁਨੀਲ ਕੁਮਾਰ ਨੇ ਕਿਹਾ ਕਿ ਕਰਿਵਾਨੁਰ ਨਦੀ ਦਾ ਰੁਖ਼ ਤਬਦੀਲ ਹੋਣ ਕਰ ਕੇ ਤ੍ਰਿਸੁਰ ਵਿੱਚ ਕੋਲੇ ਜਲਗਾਹ ਖੇਤਰ ਦੇ 42 ਪਿੰਡ ਪਾਣੀ ਵਿੱਚ ਘਿਰੇ ਹੋਏ ਹਨ। ਥਲ ਸੈਨਾ, ਨੇਵੀ, ਹਵਾਈ ਸੈਨਾ, ਕੋਸਟ ਗਾਰਡ ਅਤੇ ਐਨਡੀਆਰਐਫ ਦੇ ਕਰਮੀ ਤੇ ਸੈਂਕੜੇ ਮਛੇਰੇ ਤੇ ਮੁਕਾਮੀ ਲੋਕ ਬਚਾਓ ਤੇ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ।
7 ਲੱਖ ਤੋਂ ਵੱਧ ਲੋਕ ਹੋਏ ਬੇਘਰઠ
ਤਿਰੂਵੰਤਪੁਰਮ : ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਕੇਰਲ ਸੂਬੇ ਦੇ ਮੁੱਖ ਮੰਤਰੀ ਪੀ. ਵਿਜੇਅਨ ਨੇ ਦੱਸਿਆ ਕਿ 7 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੇਰਲ ਦੇ ਗਵਰਨਰ ਤੇ ਉਨ੍ਹਾਂ ਤੋਂ ਸੂਬੇ ਦੀ ਤਾਜ਼ਾ ਸਥਿਤੀ ਦੀ ਜਾਣਕਾਰੀ ਹਾਸਲ ਕੀਤੀ ਹੈ ਤੇ ਦੁੱਖ ਦੀ ਘੜੀ ਵਿਚ ਸੂਬੇ ਦੇ ਲੋਕਾਂ ਨਾਲ ਇਕਮੁੱਠਤਾ ਪ੍ਰਗਟਾਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 400 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 7.24 ਲੱਖ ਬੇਘਰ ਹੋਏ ਲੋਕਾਂ ਨੂੰ 5,645 ਰਾਹਤ ਕੈਂਪਾਂ ਵਿਚ ਰੱਖਿਆ ਗਿਆ ਹੈ।
ਮੋਦੀ ਵਲੋਂ ਕੇਰਲਾ ਦਾ ਹਵਾਈ ਸਰਵੇਖਣ, 500 ਕਰੋੜ ਰੁਪਏ ਦੀ ਰਾਹਤ ਦਾ ਐਲਾਨ
ਕੈਪਟਨ ਅਮਰਿੰਦਰ ਸਿੰਘ ਨੇ ਵੀ 10 ਕਰੋੜ ਰੁਪਏ ਦੀ ਭੇਜੀ ਸਹਾਇਤਾ
ਕੋਚੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੜ੍ਹਾਂ ਦੀ ਮਾਰ ਹੇਠ ਆਏ ਕੇਰਲਾ ਦਾ ਹਵਾਈ ਸਰਵੇਖਣ ਕੀਤਾ ਅਤੇ ਰਾਜ ਲਈ 500 ਕਰੋੜ ਰੁਪਏ ਦੀ ਅੰਤਰਿਮ ਰਾਹਤ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਰਾਜ ਅੰਦਰ ਹੜ੍ਹਾਂ ਕਾਰਨ ਹੋਏ ਜਾਨੀ ਤੇ ਮਾਲੀ ਨੁਕਸਾਨ ‘ਤੇ ਅਫ਼ਸੋਸ ਪ੍ਰਗਟ ਕੀਤਾ ਹੈ। ਸਰਵੇਖਣ ਦੌਰਾਨ ਰਾਜਪਾਲ ਜਸਟਿਸ ਸੇਵਾਮੁਕਤ ਪੀ ਸਦਾਸ਼ਿਵਮ ਅਤੇ ਮੁੱਖ ਮੰਤਰੀ ਪਿਨਾਰਾਈ ਵਿਜਿਅਨ ਤੇ ਕੇਂਦਰੀ ਸੈਰ ਸਪਾਟਾ ਮੰਤਰੀ ਕੇ. ਅਲਫੌਂਸ ਸ਼ਾਮਲ ਸਨ। ਪ੍ਰਧਾਨ ਮੰਤਰੀ ਨੇ ਰਾਜਪਾਲ, ਮੁੱਖ ਮੰਤਰੀ ਅਤੇ ਰਾਜ ਦੇ ਉਚ ਅਧਿਕਾਰੀਆਂ ਨਾਲ ਜਾਇਜ਼ਾ ਮੀਟਿੰਗ ਤੋਂ ਬਾਅਦ ਰਾਹਤ ਦਾ ਐਲਾਨ ਕੀਤਾ। ਮੁੱਖ ਮੰਤਰੀ ਵਿਜਅਨ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਹੜ੍ਹਾਂ ਕਾਰਨ 20000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਉਨ੍ਹਾਂ ਕੇਂਦਰ ਤੋਂ 2000 ਕਰੋੜ ਰੁਪਏ ਤੋਂ ਫੌਰੀ ਮਦਦ ਦੀ ਮੰਗ ਕੀਤੀ। ਇਸ ਦੌਰਾਨ, ਪੀਐਮਓ ਵੱਲੋਂ ਜਾਰੀ ਕੀਤੇ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਹੜ੍ਹਾਂ ਕਾਰਨ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਦੋ-ਦੋ ਲੱਖ ਰੁਪਏ ਦੀ ਮਦਦ ਤੇ ਗੰਭੀਰ ਰੂਪ ਵਿੱਚ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਪ੍ਰਧਾਨ ਮੰਤਰੀ ਰਾਹਤ ਕੋਸ਼ ਵਿੱਚੋਂ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੇਰਲਾ ਲਈ 10 ਕਰੋੜ ਰੁਪਏ ਭੇਜੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੀ ਵੱਡੀ ਪੱਧਰ ਰਾਹਤ ਕੇਰਲਾ ਦੇ ਹੜ੍ਹ ਪੀੜਤਾਂ ਲਈ ਭੇਜੀ ਜਾ ਰਹੀ ਹੈ।
‘ਖਾਲਸਾ ਏਡ’ ਨੇ ਕੇਰਲਾ ‘ਚ ਹੜ੍ਹ ਪੀੜਤਾਂ ਲਈ ਲਗਾਏ ਲੰਗਰઠ
ਲੰਡਨ : ਬਰਤਾਨੀਆ ਤੋਂ ਸ਼ੁਰੂ ਹੋਈ ਸਿੱਖ ਸਮਾਜ ਸੇਵੀ ਸੰਸਥਾ ‘ਖਾਲਸਾ ਏਡ’ ਵਿਸ਼ਵ ਭਰ ਵਿਚ ਮਨੁੱਖਤਾ ਦੀ ਸੇਵਾ ਕਰਨ ਵਾਲੀ ਸੰਸਥਾ ਵਜੋਂ ਜਾਣੀ ਜਾਂਦੀ ਹੈ। ਵਿਸ਼ਵ ਦੇ ਹਰ ਕੋਨੇ ਵਿਚ ਲੋੜਵੰਦਾਂ ਦੀ ਮਦਦ ਕਰਨ ਲਈ ‘ਖਾਲਸਾ ਏਡ’ ਦੇ ਸੇਵਾਦਾਰ ਪਹੁੰਚ ਜਾਂਦੇ ਹਨ। ਕੇਰਲ ਵਿਚ ਆਏ ਹੜ੍ਹਾਂ ਦੌਰਾਨ ‘ਖਾਲਸਾ ਏਡ’ ਦੇ ਸੇਵਾਦਾਰਾਂ ਵੱਲੋਂ ਪੀੜਤਾਂ ਦੀ ਮਦਦ ਲਈ ਲੰਗਰ ਲਗਾਏ ਗਏ ਹਨ। ਪਾਣੀ-ਪਾਣੀ ਹੋਏ ਕੇਰਲ ਵਿਚ ਹੜ੍ਹਾਂ ਦੀ ਮਾਰ ਨੇ ਬਹੁਤ ਸਾਰੀਆਂ ਜਾਨਾਂ ਲਈਆਂ ਤੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਬੇਘਰ ਕਰ ਦਿੱਤਾ ਹੈ। ਇਸ ਮੌਕੇ ‘ਖਾਲਸਾ ਏਡ’ ਦੇ ਕਾਰਕੁੰਨਾਂ ਨੇ ਪੀੜਤਾਂ ਨੂੰ ਲੰਗਰ, ਦਵਾਈਆਂ ਤੇ ਪਾਣੀ ਪਹੁੰਚਾਇਆ।

Check Also

ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ

ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …