ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਸਵੀਰ ਵਾਲੇ ਕੱਪ ‘ਚ ਸਾਂਪਲਾ ਨੇ ਭਰੀਆਂ ਚਾਹ ਦੀਆਂ ਘੁੱਟਾਂ
ਹੁਸ਼ਿਆਰਪੁਰ/ਬਿਊਰੋ ਨਿਊਜ਼ : ਪੰਜਾਬ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਤੇ ਮੋਦੀ ਕੈਬਨਿਟ ਦੇ ਮੰਤਰੀ ਵਿਜੇ ਸਾਂਪਲਾ ਨੇ ਬਜਰ ਗੁਨਾਹ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਸਵੀਰ ਵਾਲੇ ਕੱਪ ਵਿਚ ਚਾਹ ਦੀਆਂ ਘੁੱਟਾਂ ਭਰੀਆਂ।
ਇਹ ਮਾਮਲਾ ਮੀਡੀਆ ‘ਚ ਆਉਣ ਤੋਂ ਬਾਅਦ ਉਨ੍ਹਾਂ ਖਿਮਾ ਵੀ ਮੰਗੀ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਵਿਜੇ ਸਾਂਪਲਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਗੁਰਦੁਆਰੇ ਦੀ ਫ਼ੋਟੋ ਵਾਲੇ ਕੱਪ ਵਿੱਚ ਚਾਹ ਪੀਂਦੇ ਨਜ਼ਰ ਆਏ ਅਤੇ ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਫ਼ੋਟੋ ਵਿੱਚ ਸਾਂਪਲਾ ਆਪਣੇ ਘਰ ਕਿਸੇ ਨਾਲ ਗੱਲਬਾਤ ਕਰਦਿਆਂ ਇਸ ਗੁਰੂ ਗ੍ਰੰਥ ਸਾਹਿਬ ਦੀ ਤਸਵੀਰ ਲੱਗੇ ਕੱਪ ਵਿਚ ਚਾਹ ਪੀਂਦੇ ਨਜ਼ਰ ਆ ਰਹੇ ਹਨ। ਸਾਂਪਲਾ ਨੇ ਇਸ ਨੂੰ ਬੇਧਿਆਨੀ ਨਾਲ ਹੋਈ ਘਟਨਾ ਦੱਸਦਿਆਂ ਇਸ ਨੂੰ ਤੂਲ ਨਾ ਦਿੱਤੇ ਜਾਣ ਦੀ ਗੱਲ ਆਖੀ ਹੈ ਪਰ ਵਿਰੋਧੀਆਂ ਨੇ ਇਸ ਅਣਗਹਿਲੀ ਲਈ ਸਾਂਪਲਾ ਦੀ ਕਾਫੀ ਨੁਕਤਾਚੀਨੀ ਕੀਤੀ। ਇੱਥੋਂ ਤੱਕ ਕਿ ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂਆਂ ਨੇ ਵੀ ਇਸ ਗੱਲ ਦੀ ਨਿੰਦਾ ਕੀਤੀ ਹੈ।
ਗੁਰੂਘਰ ਜਾ ਕੇ ਬਖਸ਼ਾਈ ਭੁੱਲ
ਵਿਜੇ ਸਾਂਪਲਾ ਨੇ ਗੁਰੂਘਰ ਵਿਚ ਨਤਮਸਤਕ ਹੋ ਕੇ ਭੁੱਲ ਬਖਸ਼ਾਈ। ਉਨ੍ਹਾਂ ਕਿਹਾ ਕਿ ਭੁਲੇਖੇ ਵਿਚ ਹੀ ਉਨ੍ਹਾਂ ਕੋਲੋਂ ਅਜਿਹੀ ਗਲਤੀ ਹੋਈ ਹੈ, ਜਿਸ ਲਈ ਉਨ੍ਹਾਂ ਨੂੰ ਅਫਸੋਸ ਹੈ ਅਤੇ ਉਹ ਸਮੂਹ ਸਿੱਖ ਸੰਗਤ ਕੋਲੋਂ ਮੁਆਫੀ ਮੰਗਦੇ ਹਨ। ਉਨ੍ਹਾਂ ਭੁੱਲ ਬਖਸ਼ਾਉਂਦਿਆਂ ਖਿਮਾ ਦੀ ਅਰਦਾਸ ਵੀ ਕੀਤੀ।
ਇਹ ਵੀ ਬੇਅਦਬੀ :ਮੋਦੀ ਕੈਬਨਿਟ ਦੇ ਮੰਤਰੀ ਤੇ ਹੁਸ਼ਿਆਰਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਵਿਜੇ ਸਾਂਪਲਾ ਨੇ ਕੀਤਾ ਬਜਰ ਗੁਨਾਹ, ਫਿਰ ਮੰਗੀ ਮੁਆਫ਼ੀ
RELATED ARTICLES